ਵਾਤਾਵਰਨ ਦੇ ਵਿਗਾੜ
5 ਜੂਨ ਨੂੰ ਵਾਤਾਵਰਨ ਦਿਵਸ ਮੌਕੇ ਡਾ. ਹਿਮੇਂਦਰ ਭਾਰਤੀ ਦਾ ਲੇਖ ‘ਵਾਤਾਵਰਨ ਪ੍ਰਣਾਲੀ ਨੂੰ ਦਰਪੇਸ਼ ਸੰਕਟ’ ਧਿਆਨ ਮੰਗਦਾ ਹੈ। ਤਕਰੀਬਨ ਇਕ ਦਰਜਨ ਵਿਗਿਆਨੀਆਂ ਦੇ ਹਵਾਲਿਆਂ ਨਾਲ ਉਨ੍ਹਾਂ ਜੋ ਤੱਥ ਸਾਹਮਣੇ ਰੱਖੇ ਹਨ, ਉਹ ਸਰਕਾਰਾਂ ਅਤੇ ਪੂਰੀ ਮਨੁੱਖਤਾ ਨੂੰ ਚੌਕਸ ਕਰਨ ਵਾਲੇ ਹਨ। ਇਹ ਸਿਤਮਜ਼ਰੀਫ਼ੀ ਹੈ ਕਿ ਸਾਡੀਆਂ ਸਰਕਾਰਾਂ ਅਤੇ ਪ੍ਰਬੰਧਕੀ ਅਦਾਰੇ ਵਾਤਾਵਰਨ ਵਿਗਾੜਾਂ ਵੱਲ ਧਿਆਨ ਨਹੀਂ ਦੇ ਰਹੇ। ਸਰਕਾਰਾਂ ਨੂੰ ਸਵਾਰਥ ਛੱਡ ਕੇ ਅੱਗੇ ਆਉਣਾ ਪਵੇਗਾ।
ਲਾਲ ਸਿੰਘ ਕਲਸੀ, ਫਰੀਦਕੋਟ
‘ਜ਼ਖ਼ਮੀ’ ਤੇ ‘ਸ਼ਹੀਦ’ ਬੀੜ ?
ਜਿਵੇਂ ਅਪਾਹਜ ਨੂੰ ਰੇਹੜੀ ਵਿਚ ਬਿਠਾ ਕੇ ਧੱਕੀ ਫਿਰਨ ਨਾਲ ਮੰਗਤੇ ਕਾਫ਼ੀ ਦਾਨ ਲੈ ਲੈਂਦੇ ਹਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸੇ ਤਰ੍ਹਾਂ ‘ਜ਼ਖ਼ਮੀ’ ਤੇ ‘ਸ਼ਹੀਦ’ ਬੀੜਾਂ ਦਿਖਾ ਦਿਖਾ ਕੇ ਸਿੱਖਾਂ ਤੋਂ ਪੈਸੇ ਤੇ ਵੋਟਾਂ ਮੰਗਣ ਲੱਗ ਪਈ ਹੈ ਜੋ ਅਤਿ ਘ੍ਰਿਣਾਜਨਕ ਅਤੇ ਪੰਥ ਲਈ ਅਪਮਾਨਜਨਕ ਤਮਾਸ਼ਾ ਹੈ (4 ਜੂਨ)। ਹਰ ਜ਼ਿੰਮੇਵਾਰ ਸ਼ਖ਼ਸ/ਅਦਾਰੇ ਨੂੰ ਇਸ ਦੀ ਨਿਖੇਧੀ ਕਰਨੀ ਚਾਹੀਦੀ ਹੈ। ਕੀ ਗੁਰੂ ਗ੍ਰੰਥ ਦੀ ਬੀੜ ਜ਼ਖ਼ਮੀ ਜਾਂ ਸ਼ਹੀਦ ਹੋ ਸਕਦੀ ਹੈ? 3 ਜੂਨ ਨੂੰ ਸੁਖਦੇਵ ਸਿੰਘ ਮਾਨ ਦਾ ਮਿਡਲ ‘ਬੁਝਦੇ ਚਿਰਾਗ਼ ਦੀ ਲੋਅ’ ਪੜ੍ਹਿਆ। ਲੇਖਕ ਆਪਣੇ ਵੱਲੋਂ ਹਠੀ ਇਨਕਲਾਬੀ ਦੀ ਬੀਰਤਾ ਬਿਆਨ ਕਰ ਰਿਹਾ ਹੈ ਪਰ ਗੱਲ ਆਸ਼ੇ ਦੇ ਉਲਟ ਨਿਰਾਸ਼ਤਾ ਵੱਲ ਤੁਰੀ ਜਾ ਰਹੀ ਹੈ। ਸਿੱਖ ਗੁਰਦੁਆਰਾ ਸੰਸਥਾ ਕਿਸੇ ਵੱਖਰੀ ਤਰ੍ਹਾਂ ਦੇ ਇਨਕਲਾਬ ਦਾ ਫ਼ਲ ਹੈ ਪਰ ਬੋਘਾ ਉੱਥੋਂ ਲਿਆਂਦੀ ਰੋਟੀ ਨਹੀਂ ਖਾਂਦਾ। ਜਦ ਲੇਖਕ ਰਵਿਦਾਸ ਫੁਲਵਾੜੀ ਦੇ ਭਰਾਵਾਂ ਤੋਂ ਮਦਦ ਦਿਵਾਉਣ ਦੀ ਗੱਲ ਕਰਦਾ ਹੈ ਤਾਂ ਬੋਘੇ ਨੂੰ ਇਤਰਾਜ਼ ਨਹੀਂ। ਇੱਥੇ ਬੋਘੇ ਦਾ ਇਨਕਲਾਬ ਬ੍ਰਾਹਮਣਵਾਦ ਵਿਚ ਬਦਲ ਜਾਂਦਾ ਹੈ ਜਿੱਥੇ ਗੁਰਦੁਆਰੇ ਨਾਲੋਂ ਰਵਿਦਾਸ ਭਾਈਚਾਰਾ ਠੀਕ ਹੈ।
ਡਾ. ਹਰਪਾਲ ਸਿੰਘ ਪੰਨੂ, ਪਟਿਆਲਾ
ਅਰਥਚਾਰੇ ’ਤੇ ਅਸਰ
ਡਾ. ਗਿਆਨ ਸਿੰਘ ਦਾ ਲੇਖ ‘ਆਰਥਿਕ ਵਾਧਾ ਦਰ ਤੇ ਅਵਾਮ’ (4 ਜੂਨ) ਤਾਜ਼ਾ ਤੱਥ ਬਿਆਨ ਕਰਦਾ ਹੈ। ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਦੇਸ਼ ਦਾ ਅਰਥਚਾਰਾ ਮੂਧੇ ਮੂੰਹ ਡਿੱਗਿਆ ਹੈ। ਉਂਜ ਦੋ ਸਾਲ ਪਹਿਲਾਂ ਹੀ ਅਰਥਚਾਰਾ ਡਗਮਗਾ ਗਿਆ ਸੀ ਜਿਸ ਕਾਰਨ ਵੱਖ ਵੱਖ ਖੇਤਰਾਂ ਵਿਚ ਰੁਜ਼ਗਾਰ ਦੇ ਮੌਕੇ ਘਟ ਗਏ। ਹੁਣ ਤਾਂ ਰਿਜ਼ਰਵ ਬੈਂਕ ਨੇ ਵੀ ਕਿਹਾ ਹੈ ਕਿ ਅਰਥਚਾਰੇ ’ਤੇ ਮਹਾਮਾਰੀ ਦਾ ਅਸਰ ਕਾਫ਼ੀ ਚਿਰ ਰਹੇਗਾ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਰਥਚਾਰੇ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰਾਂ ਨਾਲ ਮਿਲ ਕੇ ਯਤਨ ਕਰੇ।
ਸੰਜੀਵ ਸਿੰਘ ਸੈਣੀ, ਮੁਹਾਲੀ
ਸਿਹਤ ਦਾ ਖਿਆਲ
4 ਜੂਨ ਨੂੰ ਸੰਜੀਵ ਕੁਮਾਰ ਸ਼ਰਮਾ ਦੀ ਰਚਨਾ ‘ਸਾਸ ਬਿਨਾ ਜਿਉ ਦੇਹੁਰੀ ਕਤ ਸੋਭਾ ਪਾਵੇ’ ਜਾਣਕਾਰੀ ਭਰਪੂਰ ਸੀ। ਕਰੋਨਾ ਮਹਾਮਾਰੀ ਦੌਰਾਨ ਉਹ ਸਹੀ ਸਮੇਂ ’ਤੇ ਸਹੀ ਜਾਣਕਾਰੀ ਦਿੱਤੀ ਹੈ। ਮੌਜੂਦਾ ਸਮੇਂ ਵਿਚ ਅਸੀਂ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਹਸਪਤਾਲ ਜਾਣ ਤੋਂ ਬਚ ਸਕਦੇ ਹਾਂ ਅਤੇ ਦੂਜਿਆਂ ਨੂੰ ਵੀ ਬਚਾ ਸਕਦੇ ਹਾਂ।
ਸੁਰਿੰਦਰ ਕੌਰ, ਈਮੇਲ
ਅਧੂਰੇ ਇਨਕਲਾਬ
3 ਜੂਨ ਦੇ ਅੰਕ ਵਿਚ ਸੁਖਦੇਵ ਸਿੰਘ ਮਾਨ ਦਾ ਮਿਡਲ ‘ਬੁਝਦੇ ਚਿਰਾਗ਼ ਦੀ ਲੋਅ’ ਵਧੀਆ ਲੱਗਿਆ। ਚਾਨਣ ਲੱਭਣ ਤੁਰੇ ਕਾਫ਼ਲਿਆਂ ਨੇ ਕਦੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ, ਇਹ ਸੈਂਕੜੇ ਬੋਘਿਆਂ ਦੀ ਮਾਣਮੱਤੀ ਕਹਾਣੀ ਹੈ ਪਰ ਲਾਲ ਝੰਡੇ ਵਾਲਿਆਂ ਕਦੇ ਕੇਸਰੀ ਝੰਡੇ ਦੇ ਫ਼ਲਸਫ਼ੇ ਨੂੰ ਵਿਦੇਸ਼ੀ ਐਨਕ ਲਾਹ ਕੇ ਨਹੀਂ ਦੇਖਿਆ। ਇਸੇ ਲਈ ਉਹ ਸਿਰਜੇ ਭਰਮ ਅਨੁਸਾਰ ਅਧੂਰੇ ਇਨਕਲਾਬ ਲਈ ਟੱਕਰਾਂ ਮਾਰਦੇ ਰਹੇ। ਪੰਜਾਬ ਦੀ ਧਰਤੀ ਦਾ ਜ਼ੱਰਾ ਜ਼ੱਰਾ ਇਨਕਲਾਬ ਨਾਲ ਲਬਰੇਜ਼ ਰਿਹਾ ਹੈ ਪਰ ਲਾਲ ਕੇਸਰੀ ਰੰਗਾਂ ਵਿਚ ਉਲਝੇ ਝੰਡੇਬਰਦਾਰ ਸਦਾ ਅਸਫ਼ਲ ਰਹੇ। ਸੰਸਥਾਵਾਂ ਦੇ ਕਰਤਿਆਂ ਧਰਤਿਆਂ ਦੀਆਂ ਗ਼ਲਤੀਆਂ ਤੇ ਗੁਨਾਹਾਂ ਦਾ ਦੋਸ਼ ਫ਼ਲਸਫ਼ਿਆਂ ਸਿਰ ਮੜ੍ਹਨਾ ਅਧੂਰੇ ਅਧਿਐਨ ਦੀ ਨਿਸ਼ਾਨੀ ਹੈ। ਉਂਜ ਪੈਨਸ਼ਨ ਨਾਲੋਂ ਗੁਰੂਘਰ ਦਾ ਲੰਗਰ ਪਰੋਲੇਤਾਰੀ ਦਾ ਵੱਡਾ ਚਿੰਨ੍ਹ ਹੈ।
ਗਗਨਦੀਪ ਸਿੰਘ ਬੁਗਰਾ, ਪਿੰਡ ਬੁਗਰਾ (ਸੰਗਰੂਰ)
(2)
‘ਬੁਝਦੇ ਚਿਰਾਗ਼ ਦੀ ਲੋਅ’ (ਸੁਖਦੇਵ ਸਿੰਘ ਮਾਨ) ਪੜ੍ਹਿਆ। ਜਦੋਂ ਰਾਜ ਕਰਨ ਵਾਲੀਆਂ ਧਿਰਾਂ ਕਿਸੇ ਖ਼ਿੱਤੇ (ਸੂਬੇ) ਦੀ ਸਿਆਸੀ ‘ਵਿਸ਼ੇਸ਼ ਧਾਰਮਿਕ ਪਛਾਣ’ ਦਾ ਰੋਮਾਂਸ ਸਿਰਜ ਕੇ ਸਿਆਸੀ ਹਿੱਤ ਸਾਧਣ ਲੱਗ ਜਾਣ ਤਾਂ ਇਸ ਨਾਲ ਉਸ ਵਿਸ਼ੇਸ਼ ਧਰਮ ਦੀਆਂ ਮਹਾਨ ਵਿਚਾਰ ਰੱਖਣ ਵਾਲੀਆਂ ਸੰਸਥਾਵਾਂ ਪਲੀਤ ਹੋ ਜਾਂਦੀਆਂ ਹਨ ਜਾਂ ਕਰ ਦਿੱਤੀਆਂ ਜਾਂਦੀਆਂ ਹਨ। ਪਿੰਡ ਦੀ ਇਕਾਈ ਦੀਆਂ ਉਨ੍ਹਾਂ ਧਾਰਮਿਕ ਸੰਸਥਾਵਾਂ ’ਤੇ ਕਾਬਜ਼ ਧਿਰ ਦੀ ਚੇਤਨਾ, ਉਸ ਧਰਮ ਦੀ ਅਸਲ ਸਪਿਰਟ ਨੂੰ ਖੁੰਢਾ ਕਰ ਦਿੰਦੀ ਹੈ। ਬੋਘਾ ਕਾਮਰੇਡ ਇਸ ਤੋਂ ਸੁਚੇਤ ਹੈ। ਉਹ ਸਾਰੀ ਉਮਰ ਇਸ ਚੀਜ਼ ਨੂੰ ਗਹੁ ਨਾਲ ਦੇਖਦਾ ਹੈ ਅਤੇ ਆਪਣਾ ਰਸਤਾ ਚੁਣਦਾ ਹੈ। ‘ਬੰਦਾ ਬੰਦੇ ਦੀ ਦਾਰੂ’, ਬੋਘੇ ਦੀ ਚੁੱਪ ਰਵਿਦਾਸ ਫੁਲਵਾੜੀ ਵੱਲੋਂ ਮਦਦ ਸਵੀਕਾਰ ਕਰਦੀ ਹੈ। ਸੁਖਦੇਵ ਸਿੰਘ ਮਾਨ ਨੇ ਪਿੰਡ ਦੇ ਉਸ ਕੋਨੇ ਵੱਲ ਵਿਚਾਰਧਾਰਕ ਅਤੇ ਸੰਵੇਦਨਾ ਨਾਲ ਨਿਗ੍ਹਾ ਮਾਰੀ ਹੈ, ਜਿੱਧਰ ਅਕਸਰ ਸਸਤੀ ਦਿਹਾੜੀ ’ਤੇ ਬੰਦਾ ਲੱਭਣ ਲਈ ਮੱਧਵਰਗ ਅਤੇ ਕਿਸਾਨੀ ਦਾ ਧਿਆਨ ਜਾਂਦਾ ਹੈ।
ਜਸਪਾਲ ਸਿੰਘ, ਮੌੜ ਕਲਾਂ (ਬਠਿੰਡਾ)
ਹਾਅ ਦਾ ਨਾਅਰਾ
26 ਮਈ ਨੂੰ ਨਜ਼ਰੀਆ ਪੰਨੇ ਉੱਪਰ ‘ਹਾਅ ਦਾ ਨਾਅਰਾ’ ਲੇਖ (ਲੇਖਕ ਭਾਈ ਅਸ਼ੋਕ ਸਿੰਘ ਬਾਗੜੀਆਂ) ਪੜ੍ਹਿਆ, ਚੰਗਾ ਲੱਗਿਆ ਕਿ ਮੇਰੇ ਖੇਤਰ ਦੇ ਗੁਣਾਂ ਦੀ ਚਰਚਾ ਕੀਤੀ ਗਈ ਹੈ। ਪੰਜਾਬ ਦਾ 23ਵਾਂ ਜ਼ਿਲ੍ਹਾ ਮਾਲੇਰਕੋਟਲਾ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਦੇਸ਼ ਦੀ ਵੰਡ ਸਮੇਂ ਬਹੁਤ ਸਾਰੇ ਮੁਸਲਮਾਨਾਂ ਨੇ ਆਪਣੀ ਜਾਨ ਬਚਾਉਣ ਲਈ ਮਾਲੇਰਕੋਟਲੇ ਦੀ ਸ਼ਰਨ ਲਈ ਸੀ।
ਨਵਜੀਤ ਕੌਰ, ਸੁਲਤਾਨਪੁਰ
ਮਹਿਲਾ ਪੰਚ-ਸਰਪੰਚ ਬਨਾਮ ਚੌਧਰ
4 ਜੂਨ ਦੇ ਪੰਨਾ ਨੰਬਰ 3 ਉੱਤੇ ਮਹਿਲਾ ਪੰਚਾਂ ਸਰਪੰਚਾਂ ਬਾਰੇ ਜੋ ਖ਼ਬਰ ‘ਹੁਣ ਫ਼ੋਕੀ ਚੌਧਰ ਨਹੀਂ ਕਰ ਸਕਣਗੇ ਮਹਿਲਾ ਸਰਪੰਚਾਂ ਦੇ ਪਤੀ’ ਲੱਗੀ ਹੈ, ਉਹ ਸ਼ਲਾਘਾਯੋਗ ਹੈ। ਜੇ ਔਰਤਾਂ ਨੇ ਮੀਟਿੰਗਾਂ ਵਿਚ ਆਪਣੀ ਥਾਂ ’ਤੇ ਪਰਿਵਾਰ ਦੇ ਕਿਸੇ ਹੋਰ ਜੀਅ ਨੂੰ ਹੀ ਭੇਜਣਾ ਤਾਂ ਉਨ੍ਹਾਂ ਨੂੰ 33 ਫ਼ੀਸਦੀ ਦਾ ਕੋਟਾ ਦੇਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਇਸੇ ਦਿਨ ਪੰਨਾ 9 ਉੱਤੇ ਬੀਬੀ ਮਨਦੀਪ ਕੌਰ ਨਾਗਰਾ ਵੱਲੋਂ ਸੜਕਾਂ ਦੇ ਉਦਘਾਟਨ ਦੀ ਖ਼ਬਰ ਵੀ ਲੱਗੀ ਹੈ। ਬੀਬੀ ਨਾਗਰਾ ਕੋਲ ਕਿਹੜਾ ਅਹੁਦਾ ਹੈ ਜੋ ਉਹ ਆਪਣੇ ਵਿਧਾਇਕ ਪਤੀ ਕੁਲਜੀਤ ਸਿੰਘ ਨਾਗਰਾ ਦੀ ਥਾਂ ਉਦਘਾਟਨ ਕਰਦੇ ਫਿਰਦੇ ਹਨ। ਦੋਨੋਂ ਖ਼ਬਰਾਂ ਇਕ ਦੂਜੇ ਦੀਆਂ ਵਿਰੋਧੀ ਹਨ।
ਗੁਰਮੁਖ ਸਿੰਘ, ਪਿੰਡ ਬਾਸੀਆਂ (ਫਤਹਿਗੜ੍ਹ ਸਾਹਿਬ)