ਪੈਰ ਜਮਾਉਣ ਦੀ ਕਵਾਇਦ
ਤਿੰਨ ਜੂਨ ਨੂੰ ਸਫ਼ਾ ਦੋ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਦਾ ਬਿਆਨ ਛਪਿਆ ਹੈ ਜਿਸ ਵਿਚ ਉਨ੍ਹਾਂ ਦੱਸਿਆ ਕਿ ਜੂਨ ਚੁਰਾਸੀ ਦੇ ਘੱਲੂਘਾਰੇ ਵੇਲੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਸ ਸਰੂਪ ਵਿਚ ਗੋਲੀਆਂ ਵੱਜੀਆਂ ਸਨ ਅਤੇ ਉਸ ਮੌਕੇ ਗੋਲੀਆਂ ਨਾਲ ਨੁਕਸਾਨੇ ਸੋਨੇ ਦੇ ਪੱਤਰਿਆਂ ਨੂੰ ਸੰਗਤਾਂ ਦੇ ਖੁੱਲ੍ਹੇ ਦਰਸ਼ਨਾਂ ਲਈ ਰੱਖਿਆ ਜਾਵੇਗਾ। ਇਤਿਹਾਸਕ ਨਜ਼ਰੀਏ ਤੋਂ ਇਹ ਫ਼ੈਸਲਾ ਦਰੁਸਤ ਹੈ ਪਰ ਇਸ ਦੇ ਪਿਛੋਕੜ ਨੂੰ ਗਹੁ ਨਾਲ ਦੇਖਣ ਅਤੇ ਮੌਜੂਦਾ ਸਿੱਖ ਸਿਆਸਤ ਬਾਰੇ ਸਰਸਰੀ ਜਾਣਕਾਰੀ ਰੱਖਣ ਵਾਲੇ ਪਾਰਖੂ ਜਾਣਦੇ ਹਨ ਕਿ ਇਹ ਫ਼ੈਸਲਾ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਅਕਾਲੀ ਦਲ ਦੇ ਬੇਅਦਬੀ ਕਾਂਡ ਕਾਰਨ ਉੱਖੜੇ ਹੋਏ ਪੈਰ ਮੁੜ ਜਮਾਉਣ ਦੀ ਕਵਾਇਦ ਹੀ ਹੈ। ਕੁਝ ਦਿਨ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲ ਤਖਤ ਦੇ ਜਥੇਦਾਰ ਨਾਲ ‘ਬੰਦ ਕਮਰਾ’ ਮੀਟਿੰਗ ਕੀਤੀ ਸੀ, ਮੀਟਿੰਗ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਮੀਟਿੰਗ ਬੁਲਾ ਕੇ ਇਹ ਫ਼ੈਸਲੇ ਕੀਤੇ ਹਨ। ਕੋਈ ਸ਼ੱਕ?
ਤਰਲੋਚਨ ਸਿੰਘ ਦੁਪਾਲਪੁਰ, ਕੈਲੀਫੋਰਨੀਆ (ਅਮਰੀਕਾ)
(2)
ਜੂਨ 1984 ਵਿਚ ਵਾਪਰਿਆ ਘੱਲੂਘਾਰਾ ਆਮ ਸਿੱਖ ਲਈ ਵੱਡਾ ਦੁਖਾਂਤ ਹੈ। ਜਗੀਰ ਕੌਰ ਜੀ ਇਹ ਵੀ ਦੱਸਣ ਕਿ ਇਸ ਘੱਲੂਘਾਰੇ ਦੇ ਕਾਰਨਾਂ ਲਈ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਦੀ ਕਾਂਗਰਸ ਸਰਕਾਰ ਨਾਲੋਂ ਵੱਡੀ ਗ਼ੈਰਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਸੀ ਜਾਂ ਨਹੀਂ? ਅਕਾਲੀ ਲੀਡਰਸ਼ਿਪ ’ਤੇ ਵੀ ਨਿਗ੍ਹਾ ਮਾਰ ਸਕਦੇ ਹਾਂ। ਉਦੋਂ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿੰਦਿਆਂ ਲੋਕ ਸਭਾ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ ਕਿ ਕਾਂਗਰਸ ਵਿਚ ਮੁੜ ਕਦੇ ਨਹੀਂ ਆਉਣਗੇ ਲੇਕਿਨ 14 ਸਾਲ ਬਾਅਦ ਕਾਂਗਰਸ ਵਿਚ ਆ ਗਏ। ਨਾਰਵੇ ਦੇ ਉਸ ਸਮੇਂ ਰਾਜਦੂਤ ਹਰਿੰਦਰ ਸਿੰਘ ਖਾਲਸਾ ਨੇ ਰੋਸ ਵਜੋਂ ਅਸਤੀਫ਼ਾ ਦਿੱਤਾ ਲੇਕਿਨ ਫਿਰ ਸਾਕਾ ਨੀਲਾ ਤਾਰਾ ਦਾ ਸਵਾਗਤ ਕਰਨ ਵਾਲੀ ਭਾਜਪਾ ਦੇ ਮੈਂਬਰ ਵੀ ਬਣ ਗਏ। ਕਿਉਂ? ਦਰਅਸਲ ਜਗੀਰ ਕੌਰ ਜੀ 10 ਮਹੀਨਿਆਂ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਅਜਿਹਾ ਕਰ ਰਹੇ ਹਨ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਲੋਕਾਂ ਦਾ ਸ਼ਾਇਰ
ਤਿੰਨ ਜੂਨ ਦੇ ਇੰਟਰਨੈੱਟ ਪੰਨੇ ਅਦਬੀ ਸਾਂਝ ਉੱਤੇ ਜਸਵੰਤ ਗਿੱਲ ਸਮਾਲਸਰ ਨੇ ਇਨਕਲਾਬੀ ਸ਼ਾਇਰ ਮਹਿੰਦਰ ਸਾਥੀ ਦੇ ਜੀਵਨ ਅਤੇ ਸਾਹਿਤਕ ਸਫ਼ਰ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੀਆਂ ਗ਼ਜ਼ਲਾਂ ਅਤੇ ਲਿਖਤਾਂ ਵੀ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਦੀਆਂ ਇਨਕਲਾਬੀ ਲਿਖਤਾਂ ਸਾਥੀ ਜੀ ਨੂੰ ਅਮਰ ਕਰ ਗਈਆਂ ਹਨ।
ਅਮਰਜੀਤ ਸਿੰਘ ਫ਼ੌਜੀ, ਪਿੰਡ ਦੀਨਾ ਸਾਹਿਬ (ਮੋਗਾ)
ਹਰ ਵਰਗ ਦੁਖੀ
2 ਜੂਨ ਨੂੰ ਰਛਪਾਲ ਸਿੰਘ ਦਾ ਲੇਖ ‘ਕਿਸਾਨ ਘੋਲ : ਸੱਚ ਦੇ ਸੰਗਰਾਮ ਨੇ ਹਰਨਾ ਨਹੀਂ’ ਪੜ੍ਹਿਆ। ਭਾਜਪਾ ਨੇ ਭਾਵੇਂ ਕੂੜ ਪ੍ਰਚਾਰ ਕਰ ਕੇ ਕੇਂਦਰ ਵਿਚ ਸਰਕਾਰ ਬਣਾ ਲਈ ਪਰ ਇਸ ਸਰਕਾਰ ਤੋਂ ਅੱਜ ਹਰ ਵਰਗ ਦੁਖੀ ਹੈ। ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਹਰ ਪੱਖ ਤੋਂ ਵਧੀਕੀ ਕੀਤੀ ਜਾ ਰਹੀ ਹੈ। ਸਰਕਾਰ ਸ਼ਾਇਦ ਇਸ ਭੁਲੇਖੇ ਵਿਚ ਹੋਵੇ ਕਿ ਕਿਸਾਨ ਥੱਕ ਹਾਰ ਕੇ ਘਰ ਪਰਤ ਜਾਣਗੇ ਪਰ ਅਜਿਹਾ ਹੋਵੇਗਾ ਨਹੀਂ। ਸਰਕਾਰ ਨੂੰ ਚਾਹੀਦਾ ਹੈ ਕਿ ਇਹ ਤਿੰਨੇ ਖੇਤੀ ਕਾਲੇ ਕਾਨੂੰਨ ਰੱਦ ਕਰ ਕੇ ਕਿਸਾਨਾਂ ਨਾਲ ਨਿਆਂ ਕਰੇ।
ਹਰਜਿੰਦਰ ਸਿੰਘ ਭਗੜਾਣਾ, ਭਗੜਾਣਾ (ਫਤਿਹਗੜ੍ਹ ਸਾਹਿਬ)
ਵਾਤਾਵਰਨ ਦੀ ਸੰਭਾਲ
ਪਹਿਲੀ ਜੂਨ ਨੂੰ ਡਾ. ਗੁਰਿੰਦਰ ਕੌਰ ਦਾ ਲੇਖ ‘ਸਮੁੰਦਰੀ ਆਫ਼ਤਾਂ ਤੋਂ ਬਚਾਅ ਕਿਵੇਂ ਹੋਵੇ’ ਤੂਫ਼ਾਨਾਂ ਬਾਰੇ ਜਾਣਕਾਰੀ ਦਿੰਦਾ ਚੌਕਸ ਕਰਦਾ ਹੈ ਕਿ ਇਹ ਸਭ ਤਾਪਮਾਨ ਵਧਣ ਕਰ ਕੇ ਹੈ ਜੋ ਵਾਤਾਵਰਨ ਦੀ ਯੋਗ ਸੰਭਾਲ ਤੇ ਕਰਨ ਨਾ ਕਰਨ ਕਰ ਕੇ ਹੋਇਆ ਹੈ। ਇਹ ਸਭ ਸੜਕਾਂ, ਪੁਲ ਅਤੇ ਵਿਸ਼ਾਲ ਇਮਾਰਤਾਂ ਬਣਾਉਣ ਦੇ ਚੱਕਰ ’ਚ ਬਨਸਪਤੀ ਅਤੇ ਜ਼ਮੀਨ ਦੀ ਕੱਟ-ਕਟਾਈ ਹੋਣ ਕਰ ਕੇ ਹੀ ਹੋਇਆ ਹੈ। ਅਜਿਹੇ ਵਿਕਾਸ ਦੀ ਬਜਾਇ ਦੇਸ਼ ਵਾਸੀਆਂ ਦੀਆਂ ਲੋੜਾਂ ਜਿਵੇਂ ਬੇਰੁਜ਼ਗਾਰੀ, ਗ਼ਰੀਬਾਂ ਮਜ਼ਦੂਰਾਂ ਕਿਸਾਨਾਂ ਦੀਆਂ ਮੰਗਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।
ਜਸਬੀਰ ਕੌਰ, ਅੰਮ੍ਰਿਤਸਰ
ਮੁਹੱਬਤ ਦੇ ਦੋ ਬੋਲ
ਪਹਿਲੀ ਜੂਨ ਦਾ ਮਿਡਲ ‘ਮੈਲਾ’ (ਲੇਖਕ ਅਮਨ ਫ਼ਲਕ) ਪੜ੍ਹਿਆ। ਜੇ ਸਮਾਜ ਵਿਚ ਹਰ ਇਕ ਨਾਲ ਪਿਆਰ ਤੇ ਸਨੇਹ ਨਾਲ ਰਲ ਮਿਲ ਕੇ ਜ਼ਿੰਦਗੀ ਬਤੀਤ ਕੀਤੀ ਜਾਵੇ ਤਾਂ ਸਮਾਜ ਕਿੰਨਾ ਸੋਹਣਾ ਬਣ ਜਾਵੇਗਾ। ਜੇ ਕਿਸੇ ਗ਼ਰੀਬ ਜਾਂ ਸਮਾਜ ਵੱਲੋਂ ਅਣਡਿੱਠ ਕੀਤੇ ਸ਼ਖ਼ਸ ਨਾਲ ਹਮਦਰਦੀ ਵਜੋਂ ਦੋ ਸ਼ਬਦ ਪਿਆਰ ਨਾਲ ਬੋਲ ਲਏ ਜਾਣ ਤਾਂ ਉਸ ਦਾ ਜਿਊਣ ਦਾ ਨਜ਼ਰੀਆ ਹੀ ਬਦਲ ਜਾਂਦਾ ਹੈ।
ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)
ਕਿੱਥੇ ਹੈ ਨਰੋਆ ਪੰਜਾਬ ?
ਪਹਿਲੀ ਜੂਨ ਦੇ ਪੰਨਾ ਨੰਬਰ 5 ’ਤੇ ਨਵਾਂ ਨਰੋਆ ਪੰਜਾਬ ਵਾਲਾ ਇਸ਼ਤਿਹਾਰ ਪੜ੍ਹਨ ਨੂੰ ਮਿਲਿਆ। ਨਰੋਆ ਪੰਜਾਬ ਕਿੱਥੇ ਹੈ? ਇਹ ਤਾਂ ਸਰਕਾਰਾਂ ਚਲਾਉਣ ਵਾਲਿਆਂ ਦੀਆਂ ਗ਼ਲਤ ਨੀਤੀਆਂ ਕਾਰਨ ਕਰਜ਼ਈ ਹੋ ਚੁੱਕਾ ਹੈ। ਇੰਨੇ ਵੱਡੇ ਵੱਡੇ ਇਸ਼ਤਿਹਾਰਾਂ ਰਾਹੀਂ ਸਰਕਾਰੀ ਪੈਸੇ ਦੀ ਵਰਤੋਂ ਨਿੰਦਣਯੋਗ ਹੈ। ਕਿੰਨਾ ਚੰਗਾ ਹੁੰਦਾ ਕਿ ਜਿੰਨੀ ਰਕਮ ਇਸ਼ਤਿਹਾਰਬਾਜ਼ੀ ’ਤੇ ਖ਼ਰਚ ਕੀਤੀ ਜਾ ਰਹੀ ਹੈ, ਲੋਕ ਭਲਾਈ ਸਕੀਮਾਂ ਵਿਚ ਖ਼ਰਚੀ ਜਾਂਦੀ।
ਪਵਨ ਕੁਮਾਰ, ਸੋਗਲਪੁਰ (ਪਟਿਆਲਾ)
ਸਰਕਾਰੀ ਦਖ਼ਲ
ਹਮੀਰ ਸਿੰਘ ਦੀ ਰਚਨਾ ‘ਮੌਜੂਦਾ ਸੰਕਟ: ਵੱਧ ਸਰਕਾਰੀ ਦਖ਼ਲ ਦੀ ਲੋੜ’ (6 ਮਈ) ’ਚ ਸਰਕਾਰਾਂ ਦੀ ਜ਼ਿੰਮੇਵਾਰੀ ਦੀ ਗੱਲ ਕਰਦੀ ਹੈ। ਭਾਜਪਾ ਸਰਕਾਰ ਨੇ ਕਾਰਪੋਰੇਟ ਜਗਤ ਅੱਗੇ ਗੋਡੇ ਟੇਕਦਿਆਂ ਅਵਾਮ ਨੂੰ ਤਬਾਹੀ ਦੇ ਕੰਢੇ ਲਿਆ ਖੜ੍ਹਾ ਕਰ ਦਿੱਤਾ ਹੈ।
ਯੋਗਰਾਜ ਭਾਗੀ ਵਾਂਦਰ (ਬਠਿੰਡਾ)
ਲਾਹੌਰ ਫੇਰੀ ਅਤੇ ਮਹਾਰਾਜਾ ਰਣਜੀਤ ਸਿੰਘ
31 ਮਈ ਨੂੰ ਲਾਹੌਰ ਦੀ ਯਾਤਰਾ ਬਾਰੇ ਡਾ. ਮਨਜੀਤ ਸਿੰਘ ਬਲ ਦਾ ਮਿਡਲ ‘ਲਾਹੌਰ ਵਾਲਾ ਪਰਸ’ ਪੜ੍ਹਿਆ, ਚੰਗਾ ਲੱਗਾ। ਮੈਂ 1993 ਦੀ ਵਿਸਾਖੀ ਨੂੰ ਪਹਿਲੀ ਵਾਰ ਪਾਕਿਸਤਾਨ ਗਿਆ ਸਾਂ। ਬੀਵੀ ਬੱਚਿਆਂ ਸਣੇ ਸਾਰਾ ਦਿਨ ਲਾਹੌਰ ਦੇਖਦੇ ਦੇਖਦੇ ਥੱਕ ਗਏ ਅਤੇ ਵਾਪਸੀ ਵਕਤ ਆਉਂਦੇ ਟਾਂਗੇ ਨੂੰ ਰੁਕਣ ਦਾ ਇਸ਼ਾਰਾ ਕੀਤਾ, ਲਗ਼ਾਮ ਖਿੱਚਦਿਆਂ ਟਾਂਗੇ ਵਾਲੇ ਨੇ ਪੁੱਛਿਆ- ਕਿੱਥੇ ਲਿਚੱਲਾਂ ਸਰਦਾਰੋ? ਮੈਂ ਕਿਹਾ- ਮਹਾਰਾਜਾ ਰਣਜੀਤ ਸਿੰਘ ਦੇ ਕਿਲ੍ਹੇ। ਕਹਿੰਦਾ- ਉਹ ਕਿਹਦਾ ਮੁੰਡਾ ਏ ਜੀ? … ਮੈਂ ਚੁੱਪ ਕਰ ਗਿਆ। ਉਹ ਹੱਸਿਆ- ਇੱਥੇ ਕੋਈ ਨੀ ਜਾਣਦਾ ਜੀ ਰਣਜੀਤ ਸਿਉਂ ਨੂੰ। ਇਧਾ ਨਾਂ ਯਾਦਗਾਰ ਏ ਹੁਣ। ਹਿੰਦੂ ਆਂਹਦੇ ਸਣ ਇਹ ਕਿਲ੍ਹਾ ਸਾਡੇ ਸ਼ਾਹਜ਼ਾਦੇ ਲਵ ਨੇ ਬਣਾਇਆ ਸੀ। ਮੁਗ਼ਲ ਆਏ, ਆਂਹਦੇ ਸਾਡਾ ਇਆ ਕਿਲ੍ਹਾ। ਸਿੱਖ ਕਹਿੰਦੇ, ਸਾਡਾ ਵੇ। ਅੰਗਰੇਜ਼ ਕਹਿੰਦੇ ਸਾਡਾ ਇਆ। ਅਸਾਂ ਗੱਲ ਮੁਕਾ ਦਿੱਤੀ- ਇਹ ਸਭਦਾ ਏ, ਸਭ ਦੀ ਯਾਦਗਾਰ ਜਾਂ ਆਖੋ ਕਿਸੇ ਦਾ ਵੀ ਨਹੀਂ। ਅੱਜਕੱਲ੍ਹ ਰਣਜੀਤ ਸਿੰਘ ਨੂੰ ਲਾਹੌਰ ਵਿਚ ਕੋਈ ਨੀ ਜਾਣਦਾ ਜੀ।
ਡਾ. ਹਰਪਾਲ ਸਿੰਘ ਪੰਨੂ, ਪਟਿਆਲਾ