ਕੁਲਵੰਤ ਸਿਘ ਵਿਰਕ ਦੇ ਰੰਗ
20 ਮਈ ਨੂੰ ਉੱਘੇ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੇ ਸ਼ਤਾਬਦੀ ਜਨਮ ਵਰ੍ਹੇ ਉੱਤੇ ਗੁਲਜ਼ਾਰ ਸਿੰਘ ਸੰਧੂ ਦਾ ਲੇਖ ਚੰਗਾ ਲੱਗਿਆ। ਲੇਖ ਵਿਚ ਵਿਰਕ ਦੇ ਬਹੁਤ ਸਾਰੇ ਰੰਗ ਉਘਾੜੇ ਹਨ। ਇਹ ਲੇਖ ਇਕ ਤਰ੍ਹਾਂ ਨਾਲ ਪੰਜਾਬੀ ਕਹਾਣੀ ਦੀ ਵਰਕਸ਼ਾਪ ਹੀ ਹੋ ਨਬਿੜਿਆ। ਉਨ੍ਹਾਂ ਦੀ ਲੇਖਣੀ ਦੇ ਧੁਰ ਅੰਦਰ ਪੰਜਾਬ ਵਸਿਆ ਹੋਇਆ ਹੈ। ਅਜਿਹੀਆਂ ਲਿਖਤਾਂ ਨਵੇਂ ਲੇਖਕਾਂ ਅਤੇ ਪਾਠਕਾਂ ਨੂੰ ਨਰੋਆ ਸਾਹਿਤ ਲਿਖਣ ਅਤੇ ਪੜ੍ਹਨ ਲਈ ਪ੍ਰੇਰਦੀਆਂ ਹਨ।
ਕੰਵਲਜੀਤ ਹਰੀਨੌ, ਐਡਮਿੰਟਨ (ਕੈਨੇਡਾ)
ਮਾਲੇਰਕੋਟਲਾ ਦੀ ਹੱਦ
26 ਮਈ ਦੇ ਨਜ਼ਰੀਆ ਸਫ਼ੇ ਉੱਤੇ ਭਾਈ ਅਸ਼ੋਕ ਸਿੰਘ ਬਾਗੜੀਆਂ ਦੇ ਮਾਲੇਰਕੋਟਲਾ ਬਾਰੇ ਲਿਖੇ ਲੇਖ ਵਿਚ ਸਤਰ ‘ਸੰਤਾਲੀ ਦੀ ਵੰਡ ਵੇਲੇ ਮਾਲੇਰਕੋਟਲੇ ਦੀ ਸਰਹੱਦ ਵਿਚ ਆਏ ਕਿਸੇ ਵੀ ਮੁਸਲਮਾਨ ਦਾ ਕੋਈ ਨੁਕਸਾਨ ਨਹੀਂ ਕੀਤਾ ਗਿਆ ਜਾਂ ਹੋਣ ਨਹੀਂ ਦਿੱਤਾ ਗਿਆ’ ਪੜ੍ਹ ਕੇ ਸੰਤਾਲੀ ਦੇ ਖ਼ੂਨੀ ਦੌਰ ਦੀਆਂ ਗੱਲਾਂ ਸੁਣਾਉਂਦੇ ਸਰਹਿੰਦ ਇਲਾਕੇ ਦੇ ਜਾਣੂ ਬਜ਼ੁਰਗ ਮੂੰਹੋਂ ਸੁਣੀ ਗੱਲ ਯਾਦ ਆ ਗਈ। ਉਸ ਸਮੇਂ ਹੱਥਾਂ ਵਿਚ ਕਿਰਪਾਨਾਂ ਬਰਛੇ ਲਈ ਫਿਰਦੇ ਇਕ ਪੇਂਡੂ ਜਥੇ ਨੇ ਨਹਿਰ ਦੀ ਪਟੜੀ ’ਤੇ ਤੁਰਿਆ ਜਾਂਦਾ ਮੁਸਲਮਾਨ ਦੇਖਿਆ, ਜਿਸ ਨੇ ਡਰਦਿਆਂ ਨਹਿਰ ਵਿਚ ਛਾਲ ਮਾਰ ਦਿੱਤੀ। ਜਥੇ ਵਾਲੀ ਵੀ ਨਹਿਰ ਦੀ ਪਟੜੀ ਛੱਡ ਕੇ ਹਥਿਆਰ ਸੰਭਾਲ਼ਦੇ ਨਹਿਰ ਦੇ ਕੰਢੇ ’ਤੇ ਆ ਗਏ। ਮੁਸਲਿਮ ਭਰਾ ਪਾਣੀ ਵਿਚ ਤਰਦਾ ਤਰਦਾ ਲੰਮਾ ਗੋਤਾ ਮਾਰ ਕੇ ਅੱਗੇ ਦੀ ਅੱਗੇ ਜਾ ਨਿਕਲਦਾ। ਪਲ ਦੀ ਪਲ ਸਾਹ ਲੈ ਕੇ ਫਿਰ ਚੁੱਭੀ ਮਾਰ ਕੇ ਤਿੰਨ ਚਾਰ ਗਜ਼ ਅੱਗੇ ਜਾ ਨਿਕਲਦਾ। ਖ਼ੂਨ ਦਾ ਪਿਆਸਾ ਜਥਾ ਵੀ ਲਲਕਾਰੇ ਮਾਰਦਾ ਕੰਢੇ ’ਤੇ ਉਹਦੇ ਮਗਰੇ ਮਗਰ ਤੁਰਿਆ ਰਿਹਾ। ਕੁਝ ਚਿਰ ਇਸ ਲੁਕਣ-ਮੀਚੀ ਤੋਂ ਬਾਅਦ ਮੁਸਲਿਮ ਵੀਰ ਹੰਭ ਕੇ ਕੰਢੇ ਵੱਲ ਆ ਗਿਆ ਤਾਂ ਜਥੇ ਦੇ ਬਰਛੇ ਵਾਲੇ ਨੇ ਉਹਨੂੰ ਲਲਕਾਰਦਿਆਂ ਆਪਣਾ ਹਥਿਆਰ ਉਲਾਰਿਆ ਹੀ ਸੀ ਕਿ ਪਿੱਛੇ ਖੜ੍ਹਾ ਜਥੇ ਦਾ ਹੀ ਇਕ ਹੋਰ ਮੈਂਬਰ ਗਰਜਿਆ- ‘ਓਏ ਫਲਾਣਾ ਸਿਆਂ, ਪਿੱਛੇ ਹਟ…ਹਰਗਿਜ਼ ਨਾ ਬਰਛਾ ਮਾਰੀਂ।’ ਬਰਛੇ ਵਾਲੇ ਨੇ ਪਿੱਛੇ ਨਜ਼ਰ ਘੁਮਾਈ ਤਾਂ ਉਸ ਨੂੰ ਵਰਜਣ ਵਾਲਾ ਸਿੰਘ ਨਹਿਰ ਕੰਢੇ ਗੱਡੇ ਹੋਏ ਮੀਲ-ਪੱਥਰ ਵੱਲ ਇਸ਼ਾਰਾ ਕਰ ਰਿਹਾ ਸੀ, ਕਿਉਂਕਿ ਉਸ ਨੂੰ ਮੀਲ-ਪੱਥਰ ਉੱਤੇ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਸੀ: ‘ਇੱਥੋਂ ਮਾਲੇਰਕੋਟਲਾ ਦੀ ਹੱਦ ਸ਼ੁਰੂ ਹੁੰਦੀ ਹੈ!’
ਤਰਲੋਚਨ ਸਿੰਘ ‘ਦੁਪਾਲਪੁਰ’, ਕੈਲੀਫੋਰਨੀਆ (ਅਮਰੀਕਾ)
ਮਾੜੇ ਵਰਤਾਰੇ ਦੀ ਨਿਸ਼ਾਨਦੇਹੀ
21 ਮਈ ਦੇ ਨਜ਼ਰੀਆ ਪੰਨੇ ’ਤੇ ਜਗਦੀਪ ਸਿੱਧੂ ਦਾ ਮਿਡਲ ‘ਸ਼ਿਕਾਰੀ’ ਆਵੇਗਾ…’ ਬਿਮਾਰੀ ਦੀ ਜੜ੍ਹ ਪਛਾਣ ਕੇ ਅਮਲੀ ਤੌਰ ’ਤੇ ਇਲਾਜ ਕਰਨ ਦੀ ਬਜਾਇ ਉਸ ਦੇ ਨੁਸਖ਼ੇ ਨੂੰ ਰੱਟਾ ਲਾਉਣ ਦੇ ਸਾਡੇ ਵਰਤਾਰੇ ਦੀ ਨਿਸ਼ਾਨਦੇਹੀ ਕਰਦਾ ਹੈ। ਰਚਨਾ ਵਿਚ ਸ਼ਾਮਲ ਸੁਰਿੰਦਰ ਧੰਜਲ ਦੀ ਕਵਿਤਾ ਹੀ ਚਿੰਨ੍ਹਾਤਮਿਕ ਤੌਰ ’ਤੇ ਸਭ ਕੁਝ ਸਮਝਾਉਣ ਲਈ ਕਾਫ਼ੀ ਹੈ।
ਦਰਸ਼ਨ ਸਿੰਘ, ਈਮੇਲ
ਦਰੁਸਤੀ
20 ਮਈ ਵੀਰਵਾਰ ਨੂੰ ਨਜ਼ਰੀਆ ਪੰਨੇ ’ਤੇ ਮੇਰਾ ਲੇਖ ‘ਪੰਜਾਬ ਦੇ ਪਾਣੀਆਂ ਦਾ ਮਸਲਾ : ਇਕ ਨਜ਼ਰ’ ਛਪਿਆ ਸੀ। ਲੇਖ ਵਿਚ ਇਕ ਥਾਂ ਗ਼ਲਤੀ ਨਾਲ ਛਪ ਗਿਆ ਕਿ ‘ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਨੇ 1990 ਵਿਚ ਨਹਿਰ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਸੀ। ਤੱਥ ਇਹ ਹੈ ਕਿ ਉਸ ਸਮੇਂ ਪੰਜਾਬ ਵਿਚ ਰਾਸ਼ਟਰਪਤੀ ਰਾਜ ਸੀ।
ਪਰਵਿੰਦਰ ਸਿੰਘ ਢੀਂਡਸਾ, ਪਿੰਡ ਉੱਭਾਵਾਲ (ਸੰਗਰੂਰ)
ਕੇਰਲ ਮੰਤਰੀ ਮੰਡਲ
ਕੇਰਲ ਦਾ ਨਵਾਂ ਮੰਤਰੀ ਮੰਡਲ ਨਵੇਂ ਅਤੇ ਨੌਜਵਾਨ ਚਿਹਰਿਆਂ ਵਾਲਾ ਹੈ। 20 ਮਈ ਦੇ ਸੰਪਾਦਕੀ ‘ਕੇਰਲ ਮੰਤਰੀ ਮੰਡਲ’ ਵਿਚ ਇਸ ਫ਼ੈਸਲੇ ਦੀ ਪ੍ਰੋੜ੍ਹਤਾ ਕਰ ਕੇ ਉਨ੍ਹਾਂ ਬਹੁਤਿਆਂ ਦਾ ਭੁਲੇਖਾ ਕੱਢ ਦਿੱਤਾ ਹੈ ਜਿਹੜੇ ਇਸ ਫ਼ੈਸਲੇ ਨੂੰ ਮੁੱਖ ਮੰਤਰੀ ਪਿਨਰਾਈ ਵਿਜਯਨ ਦੀ ਡਿਕਟੇਟਰਸ਼ਿਪ ਵਜੋਂ ਉਭਾਰਨ ਲੱਗੇ ਸਨ। ਸੰਪਾਦਕੀ ਵਿਚ ਸੀਪੀਐੱਮ ਦੇ ਇਸ ਫ਼ੈਸਲੇ ਨੂੰ ਭਾਰਤੀ ਸਿਆਸਤ ਵਿਚ ਚੰਗੀ ਪਹਿਲਕਦਮੀ ਵਜੋਂ ਸਲਾਹਿਆ ਗਿਆ ਹੈ। ਮੁੱਖ ਮੰਤਰੀ ਦੇ ਦਾਮਾਦ ਨੂੰ ਮੰਤਰੀ ਮੰਡਲ ਵਿਚ ਲੈਣ ਤੋਂ ਥੋੜ੍ਹਾ ਬਚਣ ਦਾ ਵੀ ਇਸ਼ਾਰਾ ਹੈ ਪਰ ਇਸ ਦਾ ਦੂਜਾ ਪੱਖ ਇਹ ਵੀ ਹੈ ਕਿ ਮੁੱਖ ਮੰਤਰੀ ਦਾ ਦਾਮਾਦ ਹੋਣ ਕਰ ਕੇ ਮੁਹੰਮਦ ਰਿਆਸ ਦੀਆਂ ਸੇਵਾਵਾਂ ਤੋਂ ਪਾਰਟੀ ਅਤੇ ਸੂਬੇ ਨੂੰ ਵਾਂਝਾ ਰੱਖਣਾ ਵੀ ਠੀਕ ਨਹੀਂ ਸੀ ਰਹਿਣਾ। ਸੀਪੀਐੱਮ ਦੇ ਇਸ ਫ਼ੈਸਲੇ ਨੂੰ ਸੀਪੀਆਈ ਨੇ ਵੀ ਲਾਗੂ ਕਰ ਲਿਆ ਹੈ। ਕੀ ਅਕਾਲੀ ਦਲ, ਕਾਂਗਰਸ ਅਤੇ ਹੋਰ ਪਾਰਟੀਆਂ ਵੀ ਅਜਿਹਾ ਕਰ ਸਕਦੀਆਂ ਹਨ?
ਸੁੱਚਾ ਸਿੰਘ ਖੱਟੜਾ, ਸ੍ਰੀ ਆਨੰਦਪੁਰ ਸਾਹਿਬ
ਘੋਰ ਨਾਲਾਇਕੀ
15 ਮਈ ਦੇ ਸਤਰੰਗ ਅੰਕ ਵਿਚ ਡਾ. ਸਾਹਿਬ ਸਿੰਘ ਦੇ ਲੇਖ ‘ਘੁੰਮਣਘੇਰੀ ਜਾਰੀ ਹੈ’ ਵਿਚ ਕਰੋਨਾ ਦੇ ਸਮਿਆਂ ਵਿਚ ਆਮ ਲੋਕਾਂ ਦੀ ਮੰਦਹਾਲੀ, ਬੇਵਸੀ ਅਤੇ ਉਨ੍ਹਾਂ ਨਾਲ ਕੀਤੇ ਜਾ ਰਹੇ ਜ਼ੁਲਮ ਨੂੰ ਨਾਟਕੀ ਰੂਪ ਵਿਚ ਬਿਆਨ ਕੀਤਾ ਗਿਆ ਹੈ। ਸਰਕਾਰਾਂ ਦੀ ਨਾਲਾਇਕੀ ਕਾਰਨ ਮਰੀਜ਼ ਬੈੱਡਾਂ, ਆਕਸੀਜਨ, ਵੈਂਟੀਲੇਟਰ, ਦਵਾਈਆਂ, ਵੈਕਸੀਨ, ਐਂਬੂਲੈਂਸ ਅਤੇ ਡਾਕਟਰੀ ਅਮਲੇ ਦੀ ਘਾਟ ਕਾਰਨ ਗ਼ੈਰ-ਕੁਦਰਤੀ ਮੌਤ ਅਤੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਪਰ ਇਹ ਸਰਕਾਰਾਂ ਜਨਤਾ ਨੂੰ ਸਿਰਫ਼ ਮਾਸਕ ਪਾਉਣ, ਸੈਨੇਟਾਈਜ਼ਰ ਵਰਤਣ, ਆਪਸੀ ਦੂਰੀ ਬਣਾਉਣ ਅਤੇ ਲੌਕਡਾਊਨ ਦੀਆਂ ਸਖ਼ਤ ਪਾਬੰਦੀਆਂ ਤੇ ਜੁਰਮਾਨੇ ਲਗਾਉਣ ਦੀਆਂ ਰਵਾਇਤੀ ਹਦਾਇਤਾਂ ਦੇਣ ਤਕ ਸੀਮਤ ਹਨ। ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਨਦੀਆਂ ਵਿਚ ਕਰੋਨਾ ਪੀੜਤਾਂ ਦੀਆਂ ਰੁੜ੍ਹਦੀਆਂ ਲਾਸ਼ਾਂ ਅਤੇ ਸ਼ਮਸ਼ਾਨਘਾਟਾਂ ਵਿਚ ਲੰਮੀਆਂ ਕਤਾਰਾਂ ‘ਆਤਮਨਿਰਭਰ’ ਭਾਰਤ ਦੀ ਮੂੰਹ ਬੋਲਦੀ ਤਸਵੀਰ ਹਨ।
ਸੁਮੀਤ ਸਿੰਘ, ਅੰਮ੍ਰਿਤਸਰ
ਕੁਦਰਤ ਅਤੇ ਮਨੁੱਖ
15 ਮਈ ਦੇ ਨਜ਼ਰੀਆ ਪੰਨੇ ’ਤੇ ਪ੍ਰੀਤਮਾ ਦੋਮੇਲ ਦੀ ਰਚਨਾ ‘ਲਾਲ ਫੁੱਲਾਂ ਵਾਲਾ ਬੂਟਾ’ ਕੁਦਰਤ ਅਤੇ ਮਨੁੱਖਤਾ ਦੇ ਰਿਸ਼ਤੇ ਦੀ ਪੁਸ਼ਟੀ ਕਰਦੀ ਹੈ। ਕੁਦਰਤ ਦੇ ਨਿਯਮ ਅਤੇ ਸੁਭਾਅ ਮਨੁੱਖੀ ਵਲਵਲਿਆਂ ਨੂੰ ਸਮਾਪਤ ਕਰਨ ਦੀ ਸਮਰੱਥਾ ਰੱਖਦੇ ਹਨ। ਮਨੁੱਖ ਨੂੰ ਆਪਣੀ ਸੋਚੀ ਨੂੰ ਇਕ ਤਰਫ਼ ਰੱਖ ਕੇ ਕੁਦਰਤ ਦੇ ਕ੍ਰਿਸ਼ਮਿਆਂ ਨੂੰ ਸਿਜਦਾ ਕਰਨਾ ਚਾਹੀਦਾ ਹੈ।
ਦੀਪ ਰੰਗਰੇਜ਼, ਧੂਰੀ (ਸੰਗਰੂਰ)