ਬੇਜ਼ਮੀਨੇ ਕਿਸਾਨ ਤੇ ਮਜ਼ਦੂਰ
4 ਅਕਤੂਬਰ ਨੂੰ ਨਜ਼ਰੀਆ ਪੰਨੇ ’ਤੇ ਸੰਪਾਦਕੀ ਤੇ ਬਾਕੀ ਲੇਖ ਲਾਜਵਾਬ ਸਨ। ਸੁੱਚਾ ਸਿੰਘ ਗਿੱਲ ਦਾ ਮੁੱਖ ਲੇਖ ਬੇਜ਼ਮੀਨੇ ਕਿਸਾਨਾਂ ਦੀਆਂ ਤੰਗੀਆਂ ਤੁਰਸ਼ੀਆਂ ਦੇ ਇਰਦ-ਗਿਰਦ ਘੁੰਮਦਾ ਨਜ਼ਰ ਆਇਆ। ਛੋਟੀ ਕਿਸਾਨੀ ਤੇ ਖੇਤ ਮਜ਼ਦੂਰਾਂ ਨੂੰ ਸਰਮਾਏਦਾਰੀ ਵੱਲੋਂ ਆਪਣੇ ਘੇਰੇ ਵਿਚ ਲੈਣ, ਕਰਜ਼ਾ, ਖ਼ੁਦਕੁਸ਼ੀਆਂ ਅਤੇ ਧਰਤੀ ਬੰਜਰ ਕਰਨ ਤਕ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਤੀਜੇ ਹਿੱਸੇ ਦੀ ਜ਼ਮੀਨ ਲਈ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿਚ ਬੇਜ਼ਮੀਨੇ ਕਿਸਾਨ-ਮਜ਼ਦੂਰ ਲੜਾਈ ਲੜ ਰਹੇ ਹਨ। ਇਸੇ ਸਫ਼ੇ ’ਤੇ ਮਿਡਲ ‘ਪਾਪ ਪੁੰਨ ਅਤੇ ਰੋਜ਼ੀ ਰੋਟੀ’ ਦੇ ਸਵਾਲ ਵਿਚ ਜਗਰੂਪ ਸਿੰਘ ਨੇ ਸਕੂਲੀ ਜੀਵਨ ਦੇ ਤਜਰਬੇ ਨੂੰ ਤਾਜ਼ਾ ਕੀਤਾ ਹੈ। ਉਨ੍ਹਾਂ ਆਪਣੇ ਅਧਿਆਪਕਾਂ ਦੇ ਸੁਭਾਅ ਤੋਂ ਜਾਣੂੰ ਕਰਵਾਉਂਦਿਆਂ ਸੰਸਕ੍ਰਿਤ ਵਿਸ਼ਾ ਪੜ੍ਹਾਉਣ ਤੇ ਜਾਤੀ ਵਿਵਸਥਾ ਦਾ ਵਰਨਣ ਕਰਦਿਆਂ ਦਲਿਤਾਂ ਦੇ ਅਧਿਕਾਰ ਖੇਤਰ ਅਤੇ ਪਾਪ ਪੁੰਨ ਦੀ ਸਮਾਨਤਾ ਦਾ ਜ਼ਿਕਰ ਕੀਤਾ। ਨੀਰਾ ਚੰਢੋਕ ਨੇ ਵੀ ਆਪਣੇ ਲੇਖ ਵਿਚ ਸਮਾਜ ਵਿਚ ਗ਼ੈਰ-ਬਰਾਬਰੀ ਅਤੇ ਮਹਿਰੂਮੀ ’ਤੇ ਵਿਚਾਰ ਸਾਂਝੇ ਕੀਤੇ।
ਮਨਮੋਹਨ ਸਿੰਘ, ਨਾਭਾ
ਪੰਜ ਸੌ ਨਹੀਂ, ਪੰਜ ਹਜ਼ਾਰ
6 ਅਕਤੂਬਰ ਦੇ ਨਜ਼ਰੀਆ ਸਫ਼ੇ ’ਤੇ ਦਰਸ਼ਨ ਸਿੰਘ ਭੰਮੇ ਦਾ ਮਿਡਲ ‘ਬਾਈ ਜੀ ਪੰਜ ਸੌ ਤਾਂ ਦੇਣਾ’ ਵਿਚ ਲੇਖਕ ਨੇ ਬੜੇ ਸੰਕੋਚਵੇਂ ਲਫ਼ਜ਼ਾਂ ਵਿਚ ਅਜੋਕੇ ਅਖੌਤੀ ਵੱਡਿਆਂ ਤੇ ਉੱਚਿਆਂ ਦੀ ਕਰੂਰ ਤਸਵੀਰ ਪੇਸ਼ ਕੀਤੀ ਹੈ। ਇਉਂ ਹੇੜ੍ਹਾਂ ਬੰਨ੍ਹ ਕੇ ਵਿਆਹਾਂ-ਸ਼ਾਦੀਆਂ ਵਿਚ ਜਾਣ ਦਾ ਰੁਝਾਨ ਅੱਜਕੱਲ੍ਹ ਆਮ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਤੋਂ ਅੱਗੇ ਹੁਣ ਤਾਂ ਲੋਕ ਆਪਣੇ ਦੋਸਤਾਂ-ਮਿੱਤਰਾਂ ਨੂੰ ਵੀ ਨਾਲ ਲੈ ਤੁਰਦੇ ਹਨ। ਇਸ ਤਰ੍ਹਾਂ ਜਿੱਥੇ ਅਸੀਂ ਮੇਜ਼ਬਾਨ ਸੱਜਣ ਦੇ ਮੋਢਿਆਂ ਦਾ ਭਾਰ ਬਣਦੇ ਹਾਂ, ਓਥੇ ਉਤੋੜਿੱਤੀ ਠੰਡਾ-ਤੱਤਾ ਖਾ-ਪੀ ਕੇ ਭੈੜੇ ਰੋਗ ਵੀ ਮੁੱਲ ਸਹੇੜਦੇ ਹਾਂ। ਪੰਜ ਸੌ ਦਾ ਲਾਹਾ ਲੈਣ ਦੀ ਕੋਹਝੀ ਬਿਰਤੀ ਸਾਡੀ ਜੇਬ ਵਿਚਲਾ ਪੰਜ ਹਜ਼ਾਰ ਡਾਕਟਰ ਦੇ ਕਾਊਂਟਰ ਵੱਲ ਧੱਕ ਦਿੰਦੀ ਹੈ।
ਹਰਵਿੰਦਰ ਸਿੰਘ ਰੋਡੇ (ਈਮੇਲ)
(2)
ਦਰਸ਼ਨ ਸਿੰਘ ਭੰਮੇ ਦਾ ਲੇਖ ਪੜ੍ਹ ਕੇ ਪਤਾ ਲੱਗਦਾ ਹੈ ਕਿ ਸਾਡੇ ਸਮਾਜ ਵਿਚ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਲਈ ਸਮਾਜਿਕ ਭਾਈਚਾਰਾ ਵੀ ਇਕ ਵਪਾਰ ਹੀ ਹੁੰਦਾ ਹੈ। ਪਹਿਲੇ ਸਮਿਆਂ ਵਿਚ ਜੋ ਨਿਰਸਵਾਰਥ ਸਾਂਝਾਂ ਹੁੰਦੀਆਂ ਸਨ, ਉਹ ਹੌਲੀ ਹੌਲੀ ਅਲੋਪ ਹੋ ਰਹੀਆਂ ਹਨ। ਇਸ ਲੇਖ ਦਾ ਮੁੱਖ ਪਾਤਰ ਆਪਣੇ ਦੋਸਤ ਦੀ ਬੇਟੀ ਦੇ ਵਿਆਹ ’ਤੇ ਪੰਜ ਸੌ ਰੁਪਏ ਦਾ ਸ਼ਗਨ ਦੇ ਕੇ ਕੋਈ ਘਾਟੇ ਵਾਲਾ ਸੌਦਾ ਨਹੀਂ ਕਰਨਾ ਚਾਹੁੰਦਾ। ਉਹ ਆਪਣੇ ਪਰਿਵਾਰ ਦੇ ਜੀਆਂ ਨੂੰ ਵੱਧ ਤੋਂ ਵੱਧ ਖਾਣ ਦੀ ਹਦਾਇਤ ਕਰਦਾ ਹੈ ਤਾਂ ਜੋ ਪੰਜ ਸੌ ਰੁਪਏ ਦਾ ਦਿੱਤਾ ਹੋਇਆ ਸ਼ਗਨ ਘਾਟੇ ਵਾਲਾ ਸੌਦਾ ਸਾਬਤ ਨਾ ਹੋਵੇ।
ਪ੍ਰਿੰਸੀਪਲ ਫ਼ਕੀਰ ਸਿੰਘ, ਦਸੂਹਾ
ਬੇਜ਼ਮੀਨੇ ਮਜ਼ਦੂਰ ਤੇ ਖੇਤੀਬਾੜੀ
4 ਅਕਤੂਬਰ ਦੇ ਅੰਕ ਵਿਚ ਸੁੱਚਾ ਸਿੰਘ ਗਿੱਲ ਦਾ ਲੇਖ ‘ਖੇਤੀ ਤੋਂ ਬਾਹਰ ਧੱਕੇ ਜਾ ਰਹੇ ਛੋਟੇ ਕਿਸਾਨ’ ਸਮੱਸਿਆ ਦੀ ਸਹੀ ਵਿਆਖਿਆ ਕਰਦਾ ਹੈ। ਇਹ ਵੀ ਦਰੁਸਤ ਹੈ ਕਿ ਕੋਈ ਹੋਰ ਗੁਜ਼ਾਰੇ ਯੋਗ ਰੁਜ਼ਗਾਰ ਹਾਸਿਲ ਨਾ ਹੋਣ ਕਾਰਨ ਮਜਬੂਰਨ ਨਾਂਮਾਤਰ ਬੱਚਤ (ਦਰਅਸਲ ਖ਼ੁਦ ਆਪਣੇ ਤੇ ਪਰਿਵਾਰ ਦੀ ਕਿਰਤ ਨੂੰ ਆਹਰੇ ਲਾਈ ਰੱਖਣ ਦੇ ਮੰਤਵ ਨਾਲ) ਦੇ ਬਾਵਜੂਦ ਬੇਜ਼ਮੀਨੇ ਮਜ਼ਦੂਰ ਠੇਕੇ ਉੱਤੇ ਜ਼ਮੀਨ ਲੈ ਕੇ ਖੇਤੀ ਕਰਨ ਵੱਲ ਪਰਤ ਰਹੇ ਹਨ। ਪਰ ਲੇਖਕ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਹਵਾਲੇ ਨਾਲ ਮਜ਼ਦੂਰਾਂ ਵੱਲੋਂ ਆਪਣੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਉੱਤੇ ਮਿਲ ਕੇ ਖੇਤੀ ਕਰਨ ਦੇ ਜਿਸ ਰੁਝਾਨ ਦਾ ਜ਼ਿਕਰ ਕੀਤਾ ਹੈ, ਉਸ ਦੇ ਫੈਲਣ ਦੀ ਸੰਭਾਵਨਾ ਇਸ ਕਰਕੇ ਬਹੁਤ ਸੀਮਤ ਹੈ ਕਿਉਂਕਿ ਕੁਝ ਕੁ ਪਿੰਡਾਂ ਨੂੰ ਛੱਡ ਕੇ ਬਾਕੀ ਵਿਚ ਇਹ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਐਨੀ ਘੱਟ ਹੈ, ਜਿਸ ਉੱਤੇ ਪਿੰਡ ਦੇ ਸੈਂਕੜੇ ਮਜ਼ਦੂਰਾਂ ਵੱਲੋਂ ਚਾਹੁਣ ਦੇ ਬਾਵਜੂਦ ਸਾਂਝੀ ਖੇਤੀ ਕਰਨਾ ਸੰਭਵ ਹੀ ਨਹੀਂ। ਇਸ ਲਈ ਜਿੱਥੇ ਜ਼ਮੀਨ ਹੱਦਬੰਦੀ ਦੀ ਮੌਜੂਦਾ ਸੀਮਾ ਤੋਂ ਵਾਧੂ ਜ਼ਮੀਨ ਵਿਚ ਟਿਕਾਊ ਸਹਿਕਾਰੀ ਖੇਤੀ ਫਾਰਮ ਬਣਾਏ ਜਾਣ ਦੀ ਜ਼ਰੂਰਤ ਹੈ, ਉੱਥੇ ਜ਼ਮੀਨ ਹੱਦਬੰਦੀ ਦੀ ਹੱਦ ਵੀ ਤਰਕਸੰਗਤ ਹੱਦ ਤਕ ਘੱਟ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ‘ਇਕ ਪਰਿਵਾਰ, ਇਕ ਧੰਦਾ’ ਦਾ ਸੰਕਲਪ ਵੀ ਉਭਾਰਿਆ ਜਾਣਾ ਚਾਹੀਦਾ ਹੈ।
ਸੁਖਦਰਸ਼ਨ ਸਿੰਘ ਨੱਤ, ਮਾਨਸਾ
ਪਹੁ ਫੁਟਾਲਾ
ਰਾਮ ਸਵਰਨ ਲੱਖੇਵਾਲੀ ਦਾ ਮਿਡਲ ‘ਪਹੁ ਫੁਟਾਲਾ’ (3 ਅਕਤੂਬਰ) ਅਜੋਕੀ ਜ਼ਿੰਦਗੀ ਦੇ ਹਰ ਖ਼ਾਸ ਪਹਿਲੂ ’ਤੇ ਝਾਤ ਮਾਰਦਾ ਹੈ। ਲੇਖਕ ਨੇ ਕੁਝ ਕੁ ਸਤਰਾਂ ’ਚ ਹਰ ਸਮਾਜਿਕ ਬੁਰਾਈ ਜਿਵੇਂ ਬੇਰੁਜ਼ਗਾਰੀ, ਮੁਫ਼ਤਖ਼ੋਰੀ, ਸੋਸ਼ਲ ਮੀਡੀਆ ਦੀ ਦੁਰਵਰਤੋਂ, ਸੰਵੇਦਨਸ਼ੀਲਤਾ ਦੀ ਕਮੀ, ਅਧਿਆਪਕਾਂ ਤੋਂ ਵਾਧੂ ਦੇ ਕੰਮ ਆਦਿ ਜਿਹੇ ਪੱਖਾਂ ਨੂੰ ਛੋਹਿਆ। ਕਿਸਾਨੀ ਅੰਦੋਲਨ ਇਸ ਗੱਲ ਦਾ ਸਬੂਤ ਹੋ ਨਬਿੜੇ ਕਿ ਏਕੇ ਤੇ ਜੁਝਾਰੂ ਸ਼ਕਤੀ ਨਾਲ ਕਿਸੇ ਵੀ ਲੋਕ ਮਾਰੂ ਫ਼ੈਸਲੇ ਨੂੰ ਰੱਦ ਕਰਵਾਇਆ ਜਾ ਸਕਦਾ ਹੈ।
ਅਮਨਦੀਪ ਕੌਰ, ਭੁੱਚੋ ਮੰਡੀ (ਬਠਿੰਡਾ)
ਔਰਤਾਂ ਲਈ ਮੁਫ਼ਤ ਸਫ਼ਰ
ਪਿਛਲੀ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿਚ ਔਰਤਾਂ ਲਈ ਮੁਫ਼ਤ ਸਫ਼ਰ ਦਾ ਐਲਾਨ ਮੌਜੂਦਾ ਪੰਜਾਬ ਸਰਕਾਰ ਅਤੇ ਪੀਆਰਟੀਸੀ ਵਰਕਰਾਂ ਲਈ ਜਿੱਥੇ ਗਲੇ ਦੀ ਹੱਡੀ ਬਣ ਚੁੱਕਾ ਹੈ, ਉੱਥੇ ਔਰਤਾਂ ਲਈ ਵੀ ਇਹ ਸਕੀਮ ਸਾਰਥਿਕ ਪੱਧਰ ਉੱਤੇ ਨਿਗੂਣੀ ਜਾਪਦੀ ਹੈ। ਇਸ ਸਕੀਮ ਕਾਰਨ ਹਰ ਰੋਜ਼ ਔਰਤਾਂ ਅਤੇ ਪੀਆਰਟੀਸੀ ਦੇ ਬੱਸ ਡਰਾਈਵਰਾਂ, ਕੰਡਕਟਰਾਂ ਵਿਚ ਹੁੰਦੀਆਂ ਲੜਾਈਆਂ ਸ਼ਰਮਨਾਕ ਹਨ। ਔਰਤਾਂ ਨੂੰ ਦੇਖ ਕੇ ਬੱਸ ਡਰਾਈਵਰਾਂ ਦਾ ਬੱਸਾਂ ਭਜਾਉਣਾ, ਘਟੀਆ ਸ਼ਬਦਾਲੀ ਦੀ ਵਰਤੋਂ ਹਰ ਰੋਜ਼ ਆਮ ਵਰਤਾਰਾ ਹੋ ਗਿਆ ਹੈ। ਦੂਜੇ ਪਾਸੇ ਕਈ ਵਾਰ ਬੀਬੀਆਂ ਵੀ ਝੁੰਡਾਂ ਵਿਚ ਬੇਲੋੜਾ ਸਫ਼ਰ ਕਰਦੀਆਂ ਤੇ ਬਸ ਮੁਲਾਜ਼ਮਾਂ ਦੀ ਸਿਰਦਰਦੀ ਬਣਦੀਆਂ ਨਜ਼ਰ ਆਉਂਦੀਆਂ ਹਨ। ਇਸ ਸਭ ਦਾ ਖਮਿਆਜ਼ਾ ਕਿਤੇ ਨਾ ਕਿਤੇ ਕੰਮਕਾਜੀ ਔਰਤਾਂ ਨੂੰ ਭੁਗਤਣਾ ਪੈ ਰਿਹਾ ਹੈ, ਕਿਉਂਕਿ ਬਹੁਤੇ ਥਾਵਾਂ ਉੱਤੇ ਸਵੇਰ ਦੇ ਆਉਣ ਅਤੇ ਸ਼ਾਮ ਜਾਣ ਵੇਲੇ ਪੀਆਰਟੀਸੀ ਬੱਸਾਂ ਦੇ ਟਾਈਮ ਹੋਣ ਕਰਕੇ ਸਭ ਨੂੰ ਇੱਕੋ ਰੱਸੇ ਫਾਹੇ ਦਿੱਤਾ ਜਾ ਰਿਹਾ ਹੈ।
ਜਸਵਿੰਦਰ ਕੌਰ ਦੱਧਾਹੂਰ (ਈਮੇਲ)
ਕਾਰਪੋਰੇਟ ਪੱਖੀ ਸਰਕਾਰਾਂ
30 ਸਤੰਬਰ ਦੇ ਮਿਡਲ ‘ਕਰਮਯੋਗੀ’ ਵਿਚ ਜਿਨ੍ਹਾਂ ਅਧਿਆਪਕਾਂ ਬਾਰੇ ਲੇਖਕ ਨੇ ਜ਼ਿਕਰ ਕੀਤਾ ਹੈ, ਉਹ ਦਾਨਿਸ਼ਮੰਦ ਅਤੇ ਸਮਰਪਣ ਦੀ ਭਾਵਨਾ ਵਾਲੇ ਵਿਰਲੇ ਵਿਰਲੇ ਇਨਸਾਨ ਹੀ ਹੁੰਦੇ ਹਨ। ਕਰਮਯੋਗੀ ਲੈਕਚਰਾਰ ਸੁਨੀਲ ਕੁਮਾਰ ਦੀ ਮਿਹਨਤ ਹੌਸਲਾ ਕਾਬਿਲੇ ਤਾਰੀਫ਼ ਹੈ। ਇਸੇ ਤਰ੍ਹਾਂ 29 ਸਤੰਬਰ ਦਾ ਸੰਪਾਦਕੀ ‘ਗ਼ਰੀਬੀ ਹਟਾਉਣਾ ਹੀ ਹੱਲ’ ਪੜ੍ਹ ਕੇ ਸਮਝ ਪੈਂਦੀ ਹੈ ਕਿ ਸਰਕਾਰਾਂ ਕਾਰਪੋਰੇਟਾਂ ਦਾ ਪੱਖ ਪੂਰਨ ਲਈ ਹੀ ਲੋਕ ਲੁਭਾਊ/ਮੁਫ਼ਤ ਸਕੀਮਾਂ ਬਣਾਉਂਦੀਆਂ ਹਨ। ਲਪੱਕੀਆਂ ਨੌਕਰੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ। ਜਦੋਂ ਫ਼ੌਜ ਵਿਚ ਭਰਤੀ ਠੇਕਾ ਆਧਾਰ ’ਤੇ ਹੋ ਰਹੀ ਹੈ ਤਾਂ ਫਿਰ ਹੋਰ ਖੇਤਰਾਂ ’ਚ ਪੱਕੇ ਰੁਜ਼ਗਾਰ ਦੇ ਮੌਕੇ ਖ਼ਤਮ ਹੀ ਸਮਝੋ।
ਬਲਬੀਰ ਸਿੰਘ, ਰਾਮਪੁਰਾ ਫੂਲ (ਬਠਿੰਡਾ)