ਰਾਖਵਾਂਕਰਨ ਅਤੇ ਸਮਾਜ
6 ਮਈ ਦੇ ਸੰਪਾਦਕੀ ‘ਮਰਾਠਾ ਰਾਖਵਾਂਕਰਨ ਤੇ ਸੁਪਰੀਮ ਕੋਰਟ’ ਵਿਚ ਕੀਤਾ ਵਿਸ਼ਲੇਸ਼ਣ ਧਿਆਨ ਯੋਗ ਹੈ। ਦਰਅਸਲ ਜਾਤ ਪਾਤ ਦੇ ਆਧਾਰ ’ਤੇ ਰਾਖਵਾਂਕਰਨ ਹੁਣ ਤਕ ਲੋਕਾਂ ਦੇ ਜੀਵਨ ਪੱਧਰ ਵਿਚ ਉਸ ਪੱਧਰ ਤਕ ਬਰਾਬਰੀ ਨਹੀ ਲਿਆ ਸਕਿਆ ਹੈ। ਸਰਕਾਰਾਂ ਨੇ ਆਜ਼ਾਦੀ ਤੋਂ ਬਾਅਦ ਜਿਸ ਮੰਤਵ ਨੂੰ ਮੁੱਖ ਰੱਖ ਕੇ ਇਹ ਰਾਖਵਾਂਕਰਨ ਸ਼ੁਰੂ ਕੀਤਾ ਸੀ, ਉਸ ਦਾ ਉਦੇਸ਼ ਸਮਾਜ ਦੇ ਪਿਛੜੇ ਤੇ ਗ਼ਰੀਬ ਲੋਕਾਂ ਨੂੰ ਬਰਾਬਰੀ ਦੇ ਪੱਧਰ ’ਤੇ ਲਿਆਉਣਾ ਸੀ, ਫਿਰ ਹੌਲੀ ਹੌਲੀ ਰਾਖਵੇਂਕਰਨ ਦੀ ਇਸ ਨੀਤੀ ਨੂੰ ਘੱਟ ਕਰ ਕੇ ਬੰਦ ਕਰ ਦੇਣ ਦਾ ਸੀ ਪਰ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਪਰਨਾਲਾ ਤਕਰੀਬਨ ਉੱਥੇ ਦਾ ਉੱਥੇ ਹੀ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਜਾਤਾਂ ’ਤੇ ਆਧਾਰਤ ਰਾਖਵਾਂਕਰਨ ਬੰਦ ਕਰ ਕੇ ਆਮਦਨ ਦੇ ਪੱਧਰ ’ਤੇ ਰਾਖਵਾਂਕਰਨ ਸ਼ੁਰੂ ਕੀਤਾ ਜਾਵੇ।
ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)
ਗੁਰਬਾਣੀ ਨਹੀਂ, ਤੁਲਸੀ ਦੀ ਰਚਨਾ…
12 ਮਈ ਵਾਲੇ ‘ਪੰਜਾਬੀ ਪੈੜਾਂ’ ਸਫ਼ੇ ਉੱਤੇ ਗੁਰਚਰਨ ਥਿੰਦ ਦੀ ਕਹਾਣੀ ‘ਧੀਆਂ ਦੀ ਮਾਂ’ ਜ਼ਬਰਦਸਤ ਸੁਨੇਹਾ ਦੇਣ ਵਿਚ ਤਾਂ ਸਫ਼ਲ ਰਹੀ ਹੈ ਪਰ ਇਸ ਵਿਚ ਇਕ ਗ਼ਲਤ ਬਿਆਨੀ ਬਹੁਤ ਰੜਕੀ। ਕਹਾਣੀ ਦੇ ਚੌਥੇ ਪਹਿਰੇ ਵਿਚ ਲੇਖਕ ਗੁਰਦੁਆਰੇ ਅੰਦਰ ਕਥਾ ਸੁਣਨ ਦਾ ਜ਼ਿਕਰ ਕਰਦਿਆਂ ਲਿਖਦੀ ਹੈ ਕਿ ਕਥਾਵਾਚਕ ‘ਜਨਨੀ ਜਨੈ ਤ ਭਗਤ ਜਨ ਕੈ ਦਾਤਾ ਕੈ ਸੂਰ, ਨਹੀ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਹਰਿ ਨੂਰ’ ਦੇ ‘ਗੁਰਵਾਕ’ ਦੀ ਵਿਆਖਿਆ ਕਰ ਰਿਹਾ ਸੀ। ਥੋੜ੍ਹਾ ਅੱਗੇ ਜਾ ਕੇ ਇਸ ਵਾਰ ਫਿਰ ਇਸ ਦੋਹਿਰੇ ਨੂੰ ‘ਗੁਰਬਚਨਾਂ ਦੀ ਵਿਆਖਿਆ’ ਲਿਖਿਆ ਹੈ ਜਦਕਿ ਦੋਹਿਰਾ ਗੁਰਵਾਕ ਜਾਂ ਗੁਰਬਾਣੀ ਨਹੀਂ ਹੈ, ਇਹ ਹਿੰਦੀ ਕਵੀ ਤੁਲਸੀ ਜੀ ਦੀ ਲਿਖਤ ਹੈ। ਹੋ ਸਕਦਾ ਹੈ, ਕਿਸੇ ਕੱਚਘਰੜ ਕਥਾਵਾਚਕ ਨੇ ਇਹ ਗ਼ਲਤ ਬਿਆਨੀ ਕੀਤੀ ਹੋਵੇ, ਭਾਵ ਤੁਲਸੀ ਦੇ ਦੋਹੇ ਨੂੰ ਗੁਰਵਾਕ ਵਜੋਂ ਪ੍ਰਚਾਰਿਆ ਹੋਵੇ ਪਰ ਕਹਾਣੀ ਲੇਖਕ ਨੂੰ ਸਿੱਖ ਸਾਹਿਤ ਦੀ ਕਾਫ਼ੀ ਸੋਝੀ ਜਾਪਦੀ ਹੈ, ਉਨ੍ਹਾਂ ਨੂੰ ਕਹਾਣੀ ਲਿਖਣ ਲੱਗਿਆਂ ਇੰਨੀ ਕੁ ਖੇਚਲ ਜ਼ਰੂਰ ਕਰ ਲੈਣੀ ਚਾਹੀਦੀ ਸੀ।
ਤਰਲੋਚਨ ਸਿੰਘ ਦੁਪਾਲਪੁਰ, ਕੈਲੀਫੋਰਨੀਆ (ਅਮਰੀਕਾ)
ਖੁਸ਼ੀਆਂ ਦਾ ਝੁਰਮਟ
12 ਮਈ ਨੂੰ ਨਜ਼ਰੀਆ ਪੰਨੇ ਉੱਤੇ ਪ੍ਰਕਾਸ਼ ਸਿੰਘ ਜੈਤੋ ਦਾ ਮਿਡਲ ‘ਭੂਆ ਦਾ ਟੇਪ ਰਿਕਾਰਡਰ’ ਬਹੁਤ ਪ੍ਰੇਰਨਾ ਵਾਲਾ ਲੱਗਿਆ। ਪਿਛਲੇ ਸਮੇਂ ਵਿਚ ਲੋਕ ਜਿੱਥੇ ਕੋਈ ਸਸਤਾ ਸਮਾਨ ਖ਼ਰੀਦ ਕੇ ਹੀ ਬਹੁਤ ਖੁਸ਼ ਹੋ ਜਾਂਦੇ ਸਨ, ਉੱਥੇ ਅੱਜ ਦੇ ਦੌਰ ਵਿਚ ਤਾਂ ਕਈ ਲੋਕ ਭਾਵੇਂ ਮਹਿੰਗੀ ਤੋਂ ਮਹਿੰਗੀ ਚੀਜ਼ ਲੈ ਲੈਣ, ਫਿਰ ਵੀ ਉਹ ਖੁਸ਼ ਨਹੀਂ ਹੁੰਦੇ। ਸਾਨੂੰ ਆਪਣੀ ਜ਼ਿੰਦਗੀ ਦਾ ਹਰ ਪਲ ਖੁਸ਼ੀ ਨਾਲ ਜਿਊਣਾ ਚਾਹੀਦਾ ਹੈ।
ਰੁਪਿੰਦਰ ਕੌਰ, ਸੱਦੋ ਮਾਜਰਾ (ਫ਼ਤਹਿਗੜ੍ਹ ਸਾਹਿਬ)
ਗੁਮਰਾਹ ਕਰਨ ਵਾਲੀ ਲਿਖਤ
11 ਮਈ ਨੂੰ ਲੋਕ ਸੰਵਾਦ ਸਫ਼ੇ ਉੱਤੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਦੀ ਲਿਖਤ ‘ਕਰੋਨਾ ਦੀ ਦੂਸਰੀ ਲਹਿਰ: ਅਸਲ ਤਸਵੀਰ ਤੇ ਗ਼ਲਤ ਧਾਰਨਾਵਾਂ’ ਤੱਥਾਂ ’ਤੇ ਆਧਾਰਿਤ ਨਹੀਂ। 17 ਮਾਰਚ ਵਾਲੀ ਮੀਟਿੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਵਕਤ ਕੀਤੀ ਜਦ ਸੁਨਾਮੀ ਵਾਂਗ ਚੜ੍ਹੀ ਆਉਂਦੀ ਕਰੋਨਾ ਦੀ ਦੂਸਰੀ ਲਹਿਰ ਭਾਰਤ ਦੇ ਬੂਹੇ ’ਤੇ ਢੁੱਕ ਪਈ ਸੀ। ਉਸ ਵਕਤ ਇਹ ਮੀਟਿੰਗ ਕੁਵੇਲੇ ਦੀਆਂ ਟੱਕਰਾਂ ਤੋਂ ਸਿਵਾਏ ਕੁਝ ਵੀ ਨਹੀਂ ਸੀ। ਸਰਕਾਰ ਦੀ ਲੋਕਾਂ ਪ੍ਰਤੀ ਅਸੰਵੇਦਨਸ਼ੀਲਤਾ ਦਾ ਪਤਾ ਇੱਥੋਂ ਲੱਗਦਾ ਹੈ ਕਿ ਇਸ ਮੀਟਿੰਗ ਤੋਂ ਥੋੜ੍ਹੇ ਦਿਨ ਬਾਅਦ ਹੀ ਪ੍ਰਧਾਨ ਮੰਤਰੀ ਬੰਗਾਲ ’ਚ ਲੋਕਾਂ ਨਾਲ ਤੁੰਨ ਕੇ ਭਰੀ ਰੈਲੀ ਨੂੰ ਬਿਨਾਂ ਮਾਸਕ ਸੰਬੋਧਨ ਕਰਦਿਆਂ ਆਖਦੇ ਹਨ ਕਿ ਉਹ ਜਿੱਥੇ ਦੇਖ ਰਹੇ ਹਨ, ਉਨ੍ਹਾਂ ਨੂੰ ਕੇਵਲ ਲੋਕ ਹੀ ਲੋਕ ਨਜ਼ਰ ਆ ਰਹੇ ਹਨ। ਲੋਕਾਂ ਦੀ ਨੁਮਾਇੰਦਗੀ ਕਰਨ ਵਾਲਾ ਨੇਤਾ ਭਰੇ ਇਕੱਠ ’ਚ ਮਾਸਕ ਪਾ ਕੇ ਆਖ਼ਿਰ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ? ਕੇਵਲ ਪ੍ਰਧਾਨ ਮੰਤਰੀ ਹੀ ਨਹੀਂ, ਉਨ੍ਹਾਂ ਦੀ ਬਾਕੀ ਟੀਮ ਵੀ ਸਿਆਸੀ ਹਿੱਤਾਂ ਲਈ ਲੋਕਾਂ ਨੂੰ ਅਵੇਸਲਾ ਕਰਨ ’ਤੇ ਲੱਗੀ ਹੋਈ ਸੀ। ਅਸਾਮ ਦੇ ਮੌਜੂਦਾ ਮੁੱਖ ਮੰਤਰੀ ਅਤੇ ਸਾਬਕਾ ਸਿਹਤ ਮੰਤਰੀ ਹਿਮੰਤ ਬਿਸਵਾ ਸਰਮਾ 4 ਅਪਰੈਲ ਨੂੰ ਬਿਆਨ ਦੇ ਰਹੇ ਸਨ ਕਿ ਅਸਾਮ ਵਿਚ ਹੁਣ ਕੋਈ ਕਰੋਨਾ ਨਹੀਂ, ਇਸ ਲਈ ਲੋਕ ਮਾਸਕ ਲਾਹ ਸੁੱਟਣ। ਭਾਰਤ ਦੇ ਸਿਹਤ ਮੰਤਰੀ ਹਰਸ਼ ਵਰਧਨ 7 ਮਾਰਚ ਨੂੰ ਆਖ ਰਹੇ ਸਨ ਕਿ ਭਾਰਤ ਵਿਚ ਕਰੋਨਾ ਆਖ਼ਰੀ ਸਾਹਾਂ ’ਤੇ ਹੈ ਅਤੇ 30 ਮਾਰਚ ਨੂੰ ਦਾਅਵਾ ਕਰ ਰਹੇ ਸਨ ਕਿ ਹਾਲਤ ਕੰਟਰੋਲ ਵਿਚ ਹੈ। 21 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਕੁੰਭ ਮੇਲੇ ਦੇ ਸ਼ਰਧਾਲੂਆਂ ਦਾ ਦਿਲੋਂ ਸਵਾਗਤ ਕਰ ਰਹੇ ਸਨ। ਇਹ ਤੱਥ ਲੋਕਾਂ ਕੋਲੋਂ ਲੁਕੋ ਕੇ ਸ੍ਰੀ ਜਾਵੜੇਕਰ ਪਾਠਕਾਂ ਨੂੰ ਗੁਮਰਾਹ ਕਰ ਰਹੇ ਹਨ।
ਪ੍ਰੋ. ਗੁਰਪ੍ਰਵੇਸ਼ ਸਿੰਘ ਢਿੱਲੋਂ, ਬਰਨਾਲਾ
ਸੰਘਰਸ਼, ਸਿਦਕ ਤੇ ਸਬਰ
5 ਮਈ ਨੂੰ ਨਜ਼ਰੀਆ ਪੰਨੇ ’ਤੇ ਲਾਲ ਚੰਦ ਸਿਰਸੀਵਾਲਾ ਦਾ ਮਿਡਲ ‘ਸਿਦਕ’ ਪਿਛਲੇ ਛੇ ਮਹੀਨਿਆਂ ਤੋਂ ਦਿੱਲੀ ਦੇ ਬਾਹਰਵਾਰ ਚੱਲ ਰਹੇ ਕਿਸਾਨ ਸੰਘਰਸ਼ ਅਤੇ ਇਸ ਦੇ ਨਾਲ ਹੀ ਕੇਂਦਰ ਸਰਕਾਰ ਦੀ ਨਾਲਾਇਕੀ ਬਾਰੇ ਬਿਆਨ ਕਰਦਾ ਹੈ। ਜਿਸ ਸਿਦਕ ਅਤੇ ਸਬਰ ਨਾਲ ਇਹ ਲੋਕ ਰੋਹ ਦੁਨੀਆ ਵਿਚ ਫੈਲ ਗਿਆ ਹੈ; ਅਜਿਹੇ ਸੰਘਰਸ਼ਾਂ ਨੂੰ ਦਿਲੋਂ ਸਲਾਮ ਹੈ।
ਯੋਗਰਾਜ ਭਾਗੀ ਵਾਂਦਰ (ਬਠਿੰਡਾ)
ਦਿਨ-ਦਿਹਾੜਿਆਂ ਦਾ ਸੱਚ
ਸਾਲ ਵਿਚ ਬਹੁਤ ਸਾਰੇ ਦਿਨ ਮਨਾਏ ਜਾਂਦੇ ਹਨ। ਸੋਸ਼ਲ ਮੀਡੀਆ ਉੱਪਰ ਲੋਕ ਬਹੁਤ ਕੁਝ ਸਾਂਝਾ ਕਰਦੇ ਹਨ। ਪਿਛਲੇ ਦਿਨੀਂ ਮਾਂ ਦਿਵਸ ਮਨਾਇਆ ਗਿਆ। ਲੋਕਾਂ ਨੇ ਆਪਣੀਆਂ ਮਾਵਾਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ, ਉਨ੍ਹਾਂ ਨੂੰ ਤੋਹਫ਼ੇ ਦਿੱਤੇ ਅਤੇ ਹੋਰ ਵੀ ਬਹੁਤ ਕੁਝ ਪਰ ਸਵਾਲ ਹੈ ਕਿ ਬਾਕੀ ਦਿਨ ਸਾਡੇ ਲਈ ਕੀ ਹਨ? ਜੇਕਰ ਸਭ ਨੂੰ ਸਹੀ ਮਾਇਨਿਆਂ ਵਿਚ ਅਹਿਸਾਸ ਹੋਵੇ ਤਾਂ ਕੋਈ ਦਿਨ ਵੀ ਅਜਿਹਾ ਨਾ ਹੋਵੇ, ਜਿਸ ਦਿਨ ਉਹ ਆਪਣੀਆਂ ਕਦਰਾਂ-ਕੀਮਤਾਂ ਨੂੰ ਭੁਲਾਉਣ। ਜੇਕਰ ਇੱਦਾਂ ਹੁੰਦਾ ਤਾਂ ਕੋਈ ਵੀ ਬਿਰਧ ਆਸ਼ਰਮ ਨਾ ਹੁੰਦਾ ਤੇ ਨਾਲ ਹੀ ਸਾਡਾ ਸਮਾਜ ਬਹੁਤ ਸੋਹਣਾ ਹੁੰਦਾ।
ਜਸਦੀਪ ਕੌਰ, ਮੋਰਕਰੀਮਾਂ (ਲੁਧਿਆਣਾ)
ਕੋਵਿਡ-19 ਟੈਸਟ ਬਾਰੇ ਨਾਲਾਇਕੀ
ਪੰਜਾਬ ਸਰਕਾਰ ਬੜੇ ਜ਼ੋਰ ਸ਼ੋਰ ਨਾਲ ਥਾਂ ਥਾਂ ’ਤੇ ਆਰਟੀਪੀਸੀਆਰ ਦੇ ਸੈਂਪਲ ਕੋਵਿਡ-19 ਨੂੰ ਟੈਸਟ ਕਰਨ ਲਈ ਲਾ ਰਹੀ ਹੈ। ਲੋਕ ਵੀ ਕਤਾਰਾਂ ਵਿਚ ਲੱਗ ਲੱਗ ਕੇ ਸੈਂਪਲ ਦੇ ਰਹੇ ਹਨ ਪਰ ਸਾਰੀ ਮਿਹਨਤ ਦਾ ਨਤੀਜਾ ਕੋਈ ਨਹੀਂ ਨਿਕਲ ਰਿਹਾ, ਸੈਂਪਲ ਦਾ ਨਤੀਜਾ ਹੀ ਨਹੀਂ ਦਿੱਤਾ ਜਾ ਰਿਹਾ। ਸਿਰਫ਼ ਟੈਕਸਟ ਮੈਸੇਜ ਆਉਂਦਾ ਹੈ ਕਿ ਸੈਂਪਲ ਲੈ ਲਿਆ ਹੈ। ਜਨਤਾ ਨੂੰ ਪਤਾ ਨਹੀਂ ਲੱਗ ਰਿਹਾ ਕਿ ਨਤੀਜਾ ਕਿੱਥੋਂ ਮਿਲੇਗਾ। ਮੇਰੀ ਨੂੰਹ ਨੇ 4 ਅਤੇ 7 ਮਈ ਨੂੰ, ਦੋ ਵਾਰੀ ਸੈਂਪਲ ਦਿੱਤਾ ਪਰ ਨਤੀਜਾ ਕਿਸੇ ਦਾ ਵੀ ਨਹੀਂ ਮਿਲਿਆ।
ਜਗਦੀਸ਼ ਸਿੰਘ ਜੱਸਲ, ਜਲੰਧਰ