ਅਧਿਆਪਕਾਂ ਦੀ ਬੇਵਸੀ
11 ਮਈ ਦੇ ਨਜ਼ਰੀਆ ਪੰਨੇ ’ਤੇ ਛਪਿਆ ਮਿਡਲ ‘ਸਿਵਲ ਵਰਕਸ ਅਧਿਆਪਕ’ ਉਨ੍ਹਾਂ ਸਾਰੇ ਅਧਿਆਪਕਾਂ ਦੀ ਬੇਵਸੀ ਬਿਆਨ ਕਰਦਾ ਹੈ ਜੋ ਗ਼ੈਰ-ਵਿੱਦਿਅਕ ਕੰਮਾਂ ’ਚ ਨਹੀਂ ਸਗੋਂ ਵਿਦਿਆਰਥੀਆਂ ਨੂੰ ਪੜ੍ਹਾਉਣ ਵਿਚ ਵਧੇਰੇ ਦਿਲਚਸਪੀ ਰੱਖਦੇ ਹਨ। ਅਜਿਹੀ ਹਾਲਤ ਦਾ ਮੁਕਾਬਲਾ ਨਾ ਸਿਰਫ਼ ਸਰਕਾਰੀ ਸਕੂਲ ਦੇ ਅਧਿਆਪਕਾਂ ਨੂੰ ਕਰਨਾ ਪੈਂਦਾ ਹੈ ਸਗੋਂ ਪ੍ਰਾਈਵੇਟ ਸਕੂਲਾਂ ’ਚ ਹਾਲਾਤ ਹੋਰ ਵੀ ਮਾੜੇ ਹਨ। ਹੁਣ ਤਰਾਸਦੀ ਇਹ ਹੈ ਕਿ ਪੜ੍ਹਾਈ ਨਾਲੋਂ ਵੱਧ ਜ਼ੋਰ ਫੋਟੋਆਂ, ਹੋਰ ਸਰਗਰਮੀਆਂ, ਕਾਗਜ਼ੀ ਕੰਮਾਂ, ਰਿਪੋਰਟਾਂ ਬਣਾਉਣ ਤੇ ਫਿਰ ਉਨ੍ਹਾਂ ਦੀ ਪੇਸ਼ਕਾਰੀ (ਪੀਪੀਟੀ) ’ਤੇ ਦਿੱਤਾ ਜਾਂਦਾ ਹੈ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਅਧਿਆਪਕ ਚਾਹੁੰਦੇ ਹੋਏ ਵੀ ਨਾ ਤਾਂ ਵਿਦਿਆਰਥੀਆਂ ਨੂੰ ਪੂਰਾ ਸਮਾਂ ਦੇ ਸਕਦੇ ਹਨ ਤੇ ਨਾ ਹੀ ਆਪਣੀ ਤਸੱਲੀ ਨਾਲ ਉਨ੍ਹਾਂ ਨੂੰ ਪੜ੍ਹਾ ਸਕਦੇ ਹਨ। ਅੰਗਰੇਜ਼ੀ ਵਾਲੇ ਅਧਿਆਪਕ ਤੋਂ ਉਸ ਦੀ ਕਾਰਗੁਜ਼ਾਰੀ ਦੀ ਰਿਪੋਰਟ ਮੰਗਣ ਦੀ ਬਜਾਏ ਚੰਗਾ ਹੋਵੇਗਾ ਜੇਕਰ ਉਸ ਦੇ ਪੜ੍ਹਾਏ ਵਿਦਿਆਰਥੀਆਂ ਨਾਲ ਅੰਗਰੇਜ਼ੀ ’ਚ ਗੱਲਬਾਤ ਕਰ ਕੇ ਉਨ੍ਹਾਂ ਦੀ ਕਾਰਗੁਜ਼ਾਰੀ ਦੇਖੀ ਜਾਵੇ। ਜਿੱਥੋਂ ਤਕ ਰਿਪੋਰਟਾਂ ਦੀ ਗੱਲ ਹੈ, ਉਹ ਤਾਂ ਬਹੁਤ ਕੁਝ ਕਹਿੰਦੀਆਂ ਹਨ।
ਰਤਿਕਾ ਓਬਰਾਏ, ਪੋਹੀੜ (ਲੁਧਿਆਣਾ)
ਸਵਾਲਾਂ ਦੇ ਜਵਾਬ
10 ਮਈ ਦੇ ਪਰਵਾਜ਼ ਪੰਨੇ ’ਤੇ ਐੱਸਪੀ ਸਿੰਘ ਨੇ ਆਪਣੇ ਲੇਖ ‘ਸਮਾਜ ਨੂੰ ਮੁੜ ਪ੍ਰੀਭਾਸ਼ਤ ਕਰ ਰਿਹਾ ਹੈ ਕਰੋਨਾ’ ਵਿਚ ਦਰਦ ਵਿੰਨ੍ਹੇ ਲੋਕਾਂ ਦੀਆਂ ਚੀਕਾਂ ਕਲਮਬੰਦ ਕੀਤੀਆਂ ਹਨ। ਇਕ ਤਰਫ਼ ਤਾਂ ਅਸੀਂ ਵਿਸ਼ਵ ਗੁਰੂ ਕਹਾਉਣ ਦੀ ਦੌੜ ’ਚ ਹਾਂ, ਦੂਜੇ ਬੰਨੇ ਆਪਣੇ ਨਾਗਰਿਕਾਂ ਦੀ ਸਾਹਾਂ ਦੀ ਰਾਖੀ ਵੀ ਨਹੀਂ ਕਰ ਸਕਦੇ। ਸਰਕਾਰਾਂ ਨੇ ਬਹੁਤ ਆਸਾਨੀ ਨਾਲ ਕਹਿ ਦਿੱਤਾ ਕਿ ਹਾਲਾਤ ਸਾਡੇ ਵੱਸੋਂ ਬਾਹਰ ਹਨ ਪਰ ‘ਲੋਕ ਅਦਾਲਤਾਂ’ ਸਰਕਾਰਾਂ ਨੂੰ ਕਦੇ ਨਹੀਂ ਬਖ਼ਸ਼ਦੀਆਂ ਹੁੰਦੀਆਂ। ਇਹ ਤਾਰੀਖ਼ ਸਾਰਾ ਪਸਾਰਾ ਦੇਖਦੀ ਹੈ ਤੇ ਭਵਿੱਖ ਨੇ ਜਮਹੂਰੀਅਤ ਦੇ ਇਨ੍ਹਾਂ ਸਵਾਲਾਂ ਦੇ ਜਵਾਬ ਜ਼ਰੂਰ ਮੰਗਣੇ ਹਨ।
ਦੀਪ ਰੰਗਰੇਜ਼, ਧੂਰੀ
(2)
ਐਸਪੀ ਸਿੰਘ ਨੇ ‘ਲਿਖਤੁਮ ਬਾਦਲੀਲ’ ਕਾਲਮ ’ਚ ਦੱਸਿਆ ਕਿ ਦੁਨੀਆ ਕਰੋਨਾ ਮਹਾਮਾਰੀ ਤੋਂ ਉੱਭਰ ਰਹੀ ਹੈ ਪਰ ਅਸੀਂ ਇਸ ਦੀ ਲਪੇਟ ’ਚ ਆ ਰਹੇ ਹਾਂ। ਸਾਡਾ ਸਿਸਟਮ ਫੇਲ੍ਹ ਹੋ ਚੁੱਕਾ ਹੈ, ਸਰਕਾਰ ਲੋੜੀਂਦੇ ਪ੍ਰਬੰਧ ਨਹੀਂ ਕਰ ਰਹੀ। ਉਲਟਾ, ਕਰੋਨਾ ਦੇ ਬਹਾਨੇ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਵਿਚ ਲੱਗੀ ਹੋਈ ਹੈ। ਸਾਰੀ ਹਾਲਤ ਨੂੰ ਘੋਖਣ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਇਲਾਜ ਘੱਟ ਤੇ ਸਿਆਸਤ ਜ਼ਿਆਦਾ ਕਰ ਰਹੀ ਹੈ। ਨਜ਼ਰੀਆ ਪੰਨੇ ਉੱਤੇ ਰਣਜੀਤ ਲਹਿਰਾ ਦਾ ਮਿਡਲ ‘ਕਰੋਨਾ ਨਾਲ ਮੁਲਾਕਾਤ’ ਦੱਸਦਾ ਹੈ ਕਿ ਬਿਮਾਰੀ ਤੋਂ ਘਬਰਾਉਣ ਦੀ ਬਜਾਇ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਮੁਕਾਬਲਾ ਕਰਨਾ ਚਾਹੀਦਾ ਹੈ।
ਸੁਖਦੇਵ ਸਿੰਘ ਭੁੱਲੜ, ਬਠਿੰਡਾ
ਸਵਾਲ-ਦਰ-ਸਵਾਲ
8 ਮਈ ਨੂੰ ਨਜ਼ਰੀਆ ਪੰਨੇ ਉੱਤੇ ਰਾਣਾ ਗੁਰਮੀਤ ਸਿੰਘ ਸੋਢੀ ਦਾ ਲੇਖ ‘ਮੱਧਕਾਲੀ ਚੋਣਾਂ ਵੱਲ ਵੱਧ ਰਿਹੈ ਭਾਰਤ’ ਪੜ੍ਹਿਆ। ਚੰਗਾ ਲੱਗਿਆ ਪਰ ਕਈ ਸਵਾਲ ਪੈਦਾ ਕਰ ਗਿਆ। ਬਿਨਾਂ ਸ਼ੱਕ ਸਾਨੂੰ ਅਜਿਹੇ ਸਿਸਟਮ ਦੀ ਜ਼ਰੂਰਤ ਹੈ ਜੋ ਸਮਾਜ ਦਾ ਸੰਤੁਲਨ ਬਣਾ ਕੇ ਰੱਖ ਸਕੇ ਪਰ ਹੈਰਾਨੀ ਹੁੰਦੀ ਹੈ ਕਿ ਰਾਣਾ ਗੁਰਮੀਤ ਸਿੰਘ ਅੱਜ ਖ਼ੁਦ ਸਰਕਾਰ ਦਾ ਹਿੱਸਾ ਹਨ। ਕੀ ਇਹ ਸਾਰੇ ਸਵਾਲ ਸਹੀ ਪਲੇਟਫਾਰਮ ’ਤੇ ਚੁੱਕੇ ਹਨ? ਪੰਜਾਬ ਵਿਚ ਬੇਰੁਜ਼ਗਾਰੀ ਦੀ ਬਹੁਤ ਵੱਡੀ ਸਮੱਸਿਆ ਹੈ। ਪਟਿਆਲਾ ਸ਼ਹਿਰ ਜੋ ਫੁਲਕਾਰੀ ਲਈ ਜਾਣਿਆ ਜਾਂਦਾ ਸੀ, ਅੱਜ ਉਸੇ ਸ਼ਹਿਰ ਵਿਚ ਸਾਡੀਆਂ ਜਵਾਨ ਬੱਚੀਆਂ ਦੀ ਫੁਲਕਾਰੀ ਲੀਰੋ-ਲੀਰ ਹੋ ਰਹੀ ਹੈ। ਜਿਨ੍ਹਾਂ ਡਾਂਗਾਂ ਨਾਲ ਅੱਜ ਡੰਗਰ ਵੀ ਨਹੀਂ ਕੁੱਟੇ ਜਾਂਦੇ, ਉਹ ਡਾਂਗਾਂ ਪੁਲੀਸ ਦੇ ਹੱਥ ਦਿੱਤੀਆਂ ਹੋਈਆਂ ਹਨ। ਰਾਣਾ ਜੀ ਪਹਿਲਾਂ ਆਪ ਮਹਿਲਾਂ ਵਿਚੋਂ ਨਿਕਲਣ। ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ। ਪੂਰੀ ਤਰ੍ਹਾਂ ਸਹਿਮਤ ਹਾਂ ਕਿ ਹੁਣ ਜਾਤਾਂ-ਪਾਤਾਂ ਧਰਮਾਂ ਦੇ ਨਾਂ ’ਤੇ ਜ਼ਿਆਦਾ ਚਿਰ ਰਾਜਭਾਗ ਨਹੀਂ ਹੋਣੇ। ਕਿਸਾਨਾਂ ਨੇ ਇਕ ਰਸਤਾ ਵਿਖਾਇਆ ਹੈ, ਆਓ ਕੁਝ ਸਿੱਖ ਕੇ ਅੱਗੇ ਤੁਰੀਏ।
ਸੱਜਣ ਸਿੰਘ, ਸਕੱਤਰ, ਆਰਐਮਪੀਆਈ, ਚੰਡੀਗੜ੍ਹ-ਮੁਹਾਲੀ
(2)
ਪੰਜਾਬ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁਲਕ ਦੀ ਭੱਦੀ ਤਸਵੀਰ ਦਾ ਸ਼ੀਸ਼ਾ ਵਿਖਾ ਕੇ ਭਾਰਤ ਵਾਸੀਆਂ ਦੀ ਵੇਦਨਾ ਬਿਆਨੀ ਹੈ। ਲਿਖਤ ਦਾ ਹਰ ਸ਼ਬਦ ਮੌਜੂਦਾ ਹਾਲਾਤ ਬਿਆਨ ਕਰਦਾ ਹੈ। ਉਂਜ, ਤਸਵੀਰ ਦਾ ਦੂਜਾ ਪਾਸਾ ਵੀ ਕਾਫੀ ਭੱਦਾ ਹੈ; ਜਿਵੇਂ ਕਹਿੰਦੇ ਨੇ ‘ਦੀਵੇ ਥੱਲੇ ਹਨੇਰਾ’, ਪੰਜਾਬ ਸਰਕਾਰ ਦੇ ਭਾਗੀਦਾਰ ਮੰਤਰੀ ਜੀ ਇਹ ਦੱਸਣ ਦੀ ਖੇਚਲ ਕਰਨਗੇ ਕਿ ਕੈਪਟਨ ਸਰਕਾਰ ਨੇ ਲੋਕ ਮਸਲੇ, ਵਾਅਦੇ ਅਤੇ ਚੋਣ ਮੈਨੀਫੈਸਟੋ ਅਨੁਸਾਰ ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਹਨ? ਹੋਰਾਂ ਦੇ ਨੁਕਸ ਦੱਸਣੇ ਸੁਖਾਲੇ ਹਨ ਪਰ ਸੱਚ ਇਹ ਹੈ ਕਿ ਕੈਪਟਨ ਸਰਕਾਰ ਵੀ ਹਰ ਫਰੰਟ ’ਤੇ ਫੇਲ੍ਹ ਹੋਈ ਹੈ। 8 ਮਈ ਨੂੰ ਹੀ ਛਪਿਆ ਸੰਪਾਦਕੀ ‘ਤੇਲ ਕੀਮਤਾਂ ’ਚ ਵਾਧਾ’ ਪੜ੍ਹਿਆ। ਹੈਰਾਨੀ ਹੋਈ ਕਿ ਲੋਕ ਕਰੋਨਾ ਕਾਰਨ ਜ਼ਿੰਦਗੀ-ਮੌਤ ਨਾਲ ਜੂਝ ਰਹੇ ਹਨ ਤੇ ਕੇਂਦਰ ਸਰਕਾਰ ਦੀ ਸਰਪ੍ਰਸਤੀ ਹੇਠ ਭਾਰਤੀ ਤੇਲ ਕੰਪਨੀਆਂ ਨਿੱਤ ਦਿਨ ਤੇਲ ਦੀਆਂ ਕੀਮਤਾਂ ਵਧਾ ਕੇ ਦੇਸ਼ ਵਾਸੀਆਂ ਉਪਰ ਬੋਝ ਪਾ ਰਹੀਆਂ ਹਨ। ਇਹ ਵਾਧਾ ਨਾ ਤਾਂ ਤਰਕਸੰਗਤ ਹੈ ਅਤੇ ਨਾ ਹੀ ਸਹਿਣਯੋਗ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ