ਕਿਸਾਨੀ ਜੀਵਨ
5 ਮਈ ਦੇ ਨਜ਼ਰੀਆ ਪੰਨੇ ’ਤੇ ਲਾਲ ਚੰਦ ਸਿਰਸੀਵਾਲਾ ਦੀ ਰਚਨਾ ‘ਸਿਦਕ’ ਕਿਸਾਨ ਜੀਵਨ ਬਾਰੇ ਚਾਨਣਾ ਪਾਉਂਦੀ ਹੈ। ਲੋਕਾਈ ਦਾ ਭਲਾ ਮੰਗਣ ਅਤੇ ਕੁੱਲ ਲੋਕਾਈ ਦਾ ਢਿੱਡ ਭਰਨ ਵਾਲਾ ਕਿਸਾਨ ਅੱਜ ਰਵਾਇਤੀ ਸਿਆਸੀ ਪਾਰਟੀਆਂ ਦੀ ਮਾੜੀ ਸਿਆਸਤ ਅਤੇ ਸਵਾਰਥਾਂ ਕਰ ਕੇ ਦਿੱਲੀ ਦੇ ਬਾਰਡਰਾਂ ਅਤੇ ਹੋਰ ਅਨੇਕਾਂ ਥਾਈਂ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ ਤੇ ਰੁਲ਼ ਰਿਹਾ ਹੈ ਪਰ ਸਰਕਾਰਾਂ ਦੇ ਕੰਨਾਂ ’ਤੇ ਜੂੰ ਨਹੀਂ ਸਰਕਦੀ। ਸਰਕਾਰਾਂ ਨੂੰ ਚਾਹੀਦਾ ਹੈ ਕਿ ਅੰਨਦਾਤੇ ਦੀ ਹੋਰ ਪ੍ਰੀਖਿਆ ਨਾ ਲਵੇ।
ਜਗਜੀਤ ਸਿੰਘ, ਈਮੇਲ
ਰਮਣੀਕ ਸਥਾਨ
5 ਮਈ ਦੇ ਇੰਟਰਨੈੱਟ ਅੰਕ ਪੰਜਾਬੀ ਪੈੜਾਂ ਵਿਚ ਹਰਜੀਤ ਅਟਵਾਲ ਦਾ ਲੇਖ ‘ਬਾਕਸ ਹਿੱਲ, ਅਦਭੁਤ ਰਮਣੀਕ ਸਥਾਨ’ ਰੌਚਿਕ ਲੱਗਿਆ। ਇਸੇ ਹੀ ਅੰਕ ਵਿਚ ਅਮਰਜੀਤ ਕੌਰ ਪੰਨੂ ਦੀ ਕਹਾਣੀ ‘ਨਵਾਂ ਸੂਰਜ’ ਔਰਤ ਦੀ ਜ਼ਿੰਦਗੀ ਦੇ ਕੌੜੇ ਯਥਾਰਥ ਦੀਆਂ ਪਰਤਾਂ ਉਧੇੜਨ ਵਾਲੀ ਹੈ।
ਰਾਜਨਦੀਪ ਕੌਰ ਮਾਨ, ਈਮੇਲ
ਕਾਰਪੋਰੇਟ ਖੇਤਰ ਅਤੇ ਅਰਥਚਾਰਾ
5 ਮਈ ਨੂੰ ਨਜ਼ਰੀਆ ਪੰਨੇ ਉੱਤੇ ਰਿਪੁਦਮਨ ਸਿੰਘ ਰੂਪ ਦਾ ਲੇਖ ‘ਕਿਸਾਨ ਸੰਘਰਸ਼ ਦੀਆਂ ਜੜ੍ਹਾਂ ਡੂੰਘੀਆਂ ਲਹਿ ਗਈਆਂ’ ਪੜ੍ਹਿਆ। ਕਾਰਪੋਰੇਟ ਸੈਕਟਰ ਰੂਪੀ ਨਾਗ ਭਾਰਤੀ ਅਰਥਚਾਰੇ ਨੂੰ ਵਲੇਵਾਂ ਮਾਰ ਬੈਠਾ ਹੈ ਅਤੇ ਹਰ ਭਾਰਤੀ ਦੇ ਸਾਹ ਸੂਤੀ ਰੱਖਣ ਲਈ ਕਾਹਲਾ ਹੈ ਪਰ ਸਾਡੀ ਜਨਤਾ ਧਰਮ ਦੇ ਨਾਮ ’ਤੇ ਇਨ੍ਹਾਂ ਦੇ ਮਗਰ ਲੱਗੀ ਹੋਈ ਹੈ। ਜਨਤਾ ਨੂੰ ਇਨ੍ਹਾਂ ਦੀਆਂ ਅਜਿਹੀਆਂ ਚਾਲਾਂ ਤੋਂ ਸੁਚੇਤ ਹੋ ਜਾਣਾ ਚਾਹੀਦਾ ਹੈ।
ਹਰਨੇਕ ਸਿੰਘ, ਮੰਡੀ ਗੋਬਿੰਦਗੜ੍ਹ
ਮੁਫ਼ਤ ਸਹੂਲਤਾਂ ’ਤੇ ਸਵਾਲ
4 ਮਈ ਦੇ ਨਜ਼ਰੀਆ ਪੰਨ ’ਤੇ ਜਸਵਿੰਦਰ ਕੌਰ ਮਾਨਸਾ ਦਾ ਲੇਖ ‘ਸੌ ਦਾ ਦਾਨ’ ਪੜ੍ਹਿਆ। ਲੇਖਕ ਨੇ ਔਰਤ ਹੁੰਦਿਆਂ ਵੀ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿਚ ਔਰਤਾਂ ਦੀ ਮੁਫ਼ਤ ਸਫ਼ਰ ਸਹੂਲਤ ਬਾਰੇ ਅਨੇਕਾਂ ਸਵਾਲ ਖੜ੍ਹੇ ਕੀਤੇ ਹਨ। ਚੰਗਾ ਹੁੰਦਾ ਜੇ ਸਰਕਾਰ ਸਮੂਹ ਔਰਤਾਂ ਦੇ ਮੁਫ਼ਤ ਸਫ਼ਰ ਸਹੂਲਤ ਦੀ ਬਜਾਏ ਸਰਵੇਖਣ ਕਰਵਾ ਕੇ ਆਰਥਿਕ ਤੌਰ ’ਤੇ ਗ਼ਰੀਬ ਲੋਕਾਂ ਨੂੰ ਇਹ ਸਹੂਲਤ ਦਿੰਦੀ, ਜਾਂ ਫਿਰ ਬੇਰੁਜ਼ਗਾਰੀ ਦੀ ਭੱਠੀ ਵਿਚ ਸੜਦੇ ਲਾਚਾਰ ਨੌਜਵਾਨਾਂ ਨੂੰ ਦਿੰਦੀ। ਸਵਰਾਜਬੀਰ ਦਾ ਲੇਖ ‘2021 ਦਾ ਚੋਣ ਦੰਗਲ ; ਦੀਦੀ ਦੀ ਦ੍ਰਿੜ੍ਹਤਾ’ ਵੀ ਚੰਗਾ ਲੱਗਿਆ।
ਬਲਬੀਰ ਜਲਾਲਾਬਾਦੀ, ਪਟਿਆਲਾ
ਮੁਲਕ ਦੇ ਹਾਲਾਤ
29 ਅਪਰੈਲ ਨਜ਼ਰੀਆ ਪੰਨੇ ’ਤੇ ਜਗਰੂਪ ਸਿੰਘ ਦਾ ਲੇਖ ‘ਯਤੀਮਖਾਨਾ’ ਪੜ੍ਹਿਆ। ਹਾਈਕੋਰਟ ਦੀ ਟਿੱਪਣੀ ਸਵਾਲ ਬਣ ਗਈ ਹੈ। ਸਰਕਾਰੀ ਕਰਮਚਾਰੀਆਂ ਦੇ ਹੱਥ ਬੰਨ੍ਹ ਦਿੱਤੇ ਗਏ ਹਨ। ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੀ ਉਨ੍ਹਾਂ ਨੂੰ ਚੱਲਣਾ ਪੈਂਦਾ ਹੈ। ਕੋਵਿਡ-19 ਮਹਾਮਾਰੀ ਤੋਂ ਛੁਟਕਾਰਾ ਜ਼ਰੂਰੀ ਹੈ ਨਾ ਕਿ ‘ਜਿਸ ਤਰ੍ਹਾਂ ਦੇ ਹਾਲਾਤ ਹਨ, ਅਸੀਂ ਸਾਰੇ ਜਾਣਦੇ ਹਾਂ ਕਿ ਇਸ ਮੁਲਕ ਨੂੰ ਰੱਬ ਹੀ ਚਲਾ ਰਿਹਾ ਹੈ’ ਵਰਗੀਆਂ ਟਿੱਪਣੀਆਂ ਕਰ ਪੱਲਾ ਝਾੜ ਦੇਣਾ। ਹਾਈਕੋਰਟ ਹੀ ਜੇਕਰ ਰੱਬ ਆਸਰੇ ਹੈ ਤਾਂ ਦਿਨ ਪ੍ਰਤੀ ਦਿਨ ਹੋ ਰਹੀਆਂ ਮੌਤਾਂ, ਆਕਸੀਜਨ ਦੀ ਕਮੀ, ਬੈੱਡਾਂ ਦੀ ਦਿੱਕਤ ਅਤੇ ਵੈਕਸੀਨ ਦਾ ਅਜਾਈਂ ਜਾਣਾ ਆਦਿ ਸਮੱਸਿਆਵਾਂ ਦਾ ਹੱਲ ਹੋਰ ਕੋਈ ਨਹੀਂ ਕਰ ਸਕਦਾ। ਲੇਖਕ ਦਾ ਉਸ ਸੂਰਤ ਦੇ ਯਤੀਮਖਾਨੇ ਦੀ ਹਾਲਤ ਨੂੰ ਦੇਸ਼ ਦੀ ਹਾਲਤ ਨਾਲ ਜੋੜਨਾ ਵਾਜਬਿ ਲੱਗਦਾ ਹੈ।
ਨਵਜੀਤ ਨੂਰ, ਹਮੀਦੀ (ਬਰਨਾਲਾ)
ਹਾਸੇ ਵੇਲੇ ਭੁਲੇਖੇ
3 ਮਈ ਦੇ ਨਜ਼ਰੀਆ ਪੰਨੇ ’ਤੇ ਪ੍ਰੋ. ਮੋਹਣ ਸਿੰਘ ਦਾ ਮਿਡਲ ‘ਭੁਲੇਖਾ’ ਦਿਲਚਸਪ ਸੀ। ਜ਼ਿੰਦਗੀ ਵਿਚ ਕਈ ਵਾਰ ਅਜਿਹੇ ਹਾਸੇ ਵਾਲੇ ਭੁਲੇਖੇ ਪੈ ਜਾਂਦੇ ਹਨ ਪਰ ਭੁਲੇਖਾ ਵੇਲੇ ਸਿਰ ਦੂਰ ਹੋ ਜਾਣਾ ਚਾਹੀਦਾ ਹੈ। ਆਪਣੀ ਕਾਰਜ ਕੁਸ਼ਲਤਾ ਵਧਾਉਣ ਲਈ ਨੌਕਰੀ ਦੌਰਾਨ ਕੋਰਸ ਵਾਲੀ ਦੀ ਗੱਲ ਵਧੀਆ ਲੱਗੀ। ਸਿੱਖਣ ਦੀ ਚਾਹ ਰੱਖਣ ਵਾਲਾ ਮਨੁੱਖ ਹੀ ਵਧੀਆ ਗਿਆਨ ਦੇ ਸਕਦਾ ਹੈ।
ਮਨਦੀਪ ਕੌਰ, ਲੁਧਿਆਣਾ
ਭਾਜਪਾ ਅਤੇ ਬੰਗਾਲ
4 ਮਈ ਦੇ ਨਜ਼ਰੀਆ ਪੰਨੇ ਉੱਤੇ ਸਵਰਾਜਬੀਰ ਦਾ ਲੇਖ ‘2021 ਦਾ ਚੋਣ ਦੰਗਲ : ਦੀਦੀ ਦੀ ਦ੍ਰਿੜਤਾ’ ਪੜ੍ਹਿਆ। ਇਹ ਸੱਚ ਹੈ ਕਿ ਭਾਜਪਾ ਭਾਵੇਂ ਬੰਗਾਲ ਵਿਚ ਚੋਣਾਂ ਹਾਰ ਗਈ ਹੈ ਪਰ ਉਹ ਪਿਛਲੀਆਂ ਤਿੰਨ ਸੀਟਾਂ ਦੇ ਮੁਕਾਬਲੇ 77 ਸੀਟਾਂ ਜਿੱਤਣ ਵਿਚ ਕਾਮਯਾਬ ਹੋ ਗਈ ਹੈ। ਉਹ ਬੰਗਾਲ ਦੀ ਧਰਤੀ ’ਤੇ ਆਪਣੀ ਵੰਡ ਪਾਊ ਸੋਚ ਦੇ ਬੀਜ ਬੀਜਣ ਵਿਚ ਵੀ ਕਾਮਯਾਬ ਹੋਈ ਹੈ। ਇਸ ਲਈ ਹੁਣ ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਨੂੰ ਵੰਡ ਪਾਊ ਤਾਕਤਾਂ ਨੂੰ ਰੋਕਣ ਲਈ ਇਕਜੁਟ ਹੋਣਾ ਪਵੇਗਾ। ਇਸੇ ਦਿਨ ਐਮਪੀ ਸਿੰਘ ਪਾਹਵਾ ਦਾ ਲੇਖ ‘ਪੁਲੀਸ ਹੱਥਕੜੀ ਲਾ ਸਕਦੀ ਹੈ ਜਾਂ ਨਹੀਂ’ ਪੜ੍ਹ ਕੇ ਕਾਨੂੰਨ ਬਾਰੇ ਚੰਗੀ ਜਾਣਕਾਰੀ ਮਿਲੀ। ਜਸਵਿੰਦਰ ਕੌਰ ਮਾਨਸਾ ਦਾ ਮਿਡਲ ‘ਸੌ ਦਾ ਦਾਨ’ ਨੇ ਸਚਮੁੱਚ ਉਨ੍ਹਾਂ ਦਿਨਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਜਦੋਂ ਵਿਦਿਆਰਥੀਆਂ ਨੂੰ ਖੜ੍ਹੇ ਦੇਖ ਕੇ ਬੱਸਾਂ ਵਾਲੇ ਬੱਸਾਂ ਭਜਾ ਲੈਂਦੇ ਹਨ। ਪੰਜਾਬ ਸਰਕਾਰ ਦਾ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਸਿਰਫ਼ ਚੋਣ ਸਟੰਟ ਹੈ। ਜੇਕਰ ਸਰਕਾਰ ਸਚਮੁੱਚ ਗੰਭੀਰ ਹੈ ਤਾਂ ਨੌਜਵਾਨ ਨੂੰ ਸਰਕਾਰੀ ਨੌਕਰੀ ਦੇਵੇ।
ਜਸਲੀਨ ਕੌਰ ਛਿੱਬਰ, ਮੋਰਿੰਡਾ (ਰੂਪਨਗਰ)