ਕਰੋਨਾ ਬਨਾਮ ਸਿਆਸੀ ਤੇ ਪ੍ਰਬੰਧਕੀ ਢਾਂਚਾ
16 ਅਪਰੈਲ ਵਾਲੇ ਲੇਖ ‘ਜੇ ਲੌਕਡਾਊਨ ਹੀ ਹੱਲ ਹੈ ਤਾਂ ਸਿੱਖਿਆ ਕੀ?’ ਵਿਚ ਡਾ. ਸ਼ਿਆਮ ਸੁੰਦਰ ਦੀਪਤੀ ਨੇ ਠੀਕ ਫ਼ਰਮਾਇਆ ਹੈ ਕਿ ਲੋਕਾਂ ਦੇ ਮਨਾਂ ਵਿਚੋਂ ਡਰ ਕੱਢਿਆ ਜਾਵੇ ਅਤੇ ਨਾਲ ਹੀ ਇਹ ਸਿਖਾਇਆ ਜਾਵੇ ਕਿ ਕਰੋਨਾ ਫੈਲਣ ਤੋਂ ਕਿਵੇਂ ਰੋਕਣਾ ਹੈ। ਲੌਕਡਾਊਨ ਜਾਂ ਡਰਾਵੇ, ਸਿਹਤ-ਸੇਵਾਵਾਂ ਦੀ ਮੁਸਤੈਦੀ ਅਤੇ ਤਿਆਰੀ ਲਈ ਜ਼ਰੂਰੀ ਨਹੀਂ ਸਗੋਂ ਲੋਕਾਂ ਅੰਦਰ ਸਮਝਦਾਰੀ ਜ਼ਰੂਰੀ ਹੈ। ਅਸਲ ਵਿਚ ਸਾਡਾ ਮੌਜੂਦਾ ਸਿਆਸੀ ਅਤੇ ਪ੍ਰਬੰਧਕੀ ਢਾਂਚਾ ਇਹ ਚਾਹੁੰਦਾ ਹੀ ਨਹੀਂ ਕਿ ਲੋਕ ਸਿਆਣੇ ਅਤੇ ਜਾਗਰੂਕ ਹੋਣ। ਇਹ ਢਾਂਚਾ ਚਲਾ ਰਹੇ ਲੋਕ ਚਾਹੁੰਦੇ ਹਨ ਕਿ ਜਨਤਾ ਡਰੀ ਰਹੇ ਅਤੇ ਉਨ੍ਹਾਂ ਦੇ ਮਗਰ ਮਗਰ ‘ਬੈਂਗਣ ਅੱਛਾ ਹੈ’ ਜਾਂ ‘ਬੈਂਗਣ ਬੁਰਾ ਹੈ’ ਕਹਿੰਦੀ ਰਹੇ। ਸਿਹਤ ਬਾਰੇ ਜਾਂ ਕਰੋਨਾ ਤੋਂ ਰੱਖਿਆ ਬਾਰੇ ਦੱਸਣ ਤੇ ਪ੍ਰਚਾਰਨ ਲਈ ਬ੍ਰਾਂਡ ਅੰਬੈਸਡਰ ਕਿੱਥੋਂ ਆਉਣ ਜਦੋਂ ਸਾਰੇ ਹੀ ਨੇਤਾ ਦੋਗ਼ਲੇ ਹਨ। ਬਹੁਤ ਪਹਿਲਾਂ ਮੁਲਕ ਵਿਚ ਅੰਨ ਦੀ ਕਮੀ ਨਾਲ ਜੂਝਦਿਆਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਹਫ਼ਤੇ ਵਿਚ ਹਰ ਸੋਮਵਾਰ ਸਾਰੇ ਭਾਰਤੀਆਂ ਨੂੰ ਸ਼ਾਮ ਦਾ ਖਾਣਾ ਛੱਡ ਕੇ ਸਰਬੱਤ ਦੇ ਭਲੇ ਲਈ ਪ੍ਰੇਰਿਆ ਸੀ। ਸਰਬੱਤ ਦੇ ਭਲੇ ਲਈ ਅਜਿਹੀ ਬ੍ਰਾਂਡ ਅੰਬੈਸਡਰੀ ਹੁਣ ਕੌਣ ਕਰਦਾ ਹੈ?
ਪ੍ਰੋ. ਕਮਲੇਸ਼ ਉੱਪਲ, ਪਟਿਆਲਾ
ਵਿਦੇਸ਼ ਜਾ ਰਿਹਾ ਪੈਸਾ ਤੇ ਜਵਾਨੀ
17 ਅਪਰੈਲ ਨੂੰ ਨਜ਼ਰੀਆ ਪੰਨੇ ’ਤੇ ਡਾ. ਸੁਖਦੇਵ ਸਿੰਘ ਦਾ ਲੇਖ ‘ਆਈਲੈਟਸ : ਪੰਜਾਬੀਆਂ ਦੀ ਵਿਦੇਸ਼ਾਂ ਨੂੰ ਲੱਗੀ ਦੌੜ’ ਪੜ੍ਹਿਆ। ਨਿਸ਼ਚਿਤ ਰੂਪ ਵਿਚ ਪੰਜਾਬੀਆਂ ਨੂੰ ਪੱਕਾ ਆਵਾਸ ਦੇਣ ਦਾ ਲਾਲਚ ਦੇ ਕੇ ਵਿਕਸਿਤ ਮੁਲਕਾਂ ਨੇ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਆਪਣੇ ਵੱਲ ਖਿੱਚਣ ਦੇ ਨਾਲ ਨਾਲ ਪੰਜਾਬ ਦੇ ਸਮਾਜਿਕ ਤੇ ਆਰਥਿਕ ਸਰੂਪ ਵਿਚ ਵੀ ਤਬਦੀਲੀ ਲਿਆ ਦਿੱਤੀ ਹੈ। ਪਿੰਡਾਂ ਵਿਚ ਹੁਣ ਨੌਜਵਾਨ ਉਮੀਦਵਾਰ ਹੀ ਨਹੀਂ ਮਿਲ ਰਹੇ। ਪਿੰਡਾਂ ਵਿਚੋਂ ਨੌਜਵਾਨ ਸ਼ਹਿਰ ਵਿਚ ਸਿਰਫ਼ ਆਈਲੈਟਸ ਦੀ ਤਿਆਰੀ ਕਰਨ ਹੀ ਆਉਂਦੇ ਹਨ। ਜੋ ਨੌਜਵਾਨ ਇਹ ਟੈਸਟ ਪਾਸ ਨਹੀਂ ਕਰ ਸਕਦੇ, ਉਹ ਤਿਕੜਮਬਾਜ਼ੀ ਰਾਹੀਂ ਵਿਦੇਸ਼ ਪਹੁੰਚਣ ਲਈ ਪੈਸੇ ਖ਼ਰਾਬ ਕਰਦੇ ਹਨ। ਇਉਂ ਖਾਲੀ ਹੋ ਰਹੇ ਪੰਜਾਬ ਨੂੰ ਬਚਾਉਣ ਵੱਲ ਕਿਸੇ ਪਾਰਟੀ ਦਾ ਧਿਆਨ ਨਹੀਂ। ਸਿਆਸਤਦਾਨਾਂ ਤੋਂ ਨਵੀਂ ਪੀੜ੍ਹੀ ਦਾ ਵਿਸ਼ਵਾਸ ਉੱਠ ਚੁੱਕਾ ਹੈ। ਵਕਤ ਅਜੇ ਵੀ ਵਿਦੇਸ਼ ਜਾ ਰਹੇ ਪੈਸੇ ਅਤੇ ਜਵਾਨੀ ਸੰਭਾਲਣ ਦਾ ਹੋਕਾ ਦੇ ਰਿਹਾ ਹੈ ਪਰ ਇਸ ਵਰਤਾਰੇ ਨੂੰ ਸਮਝਣ ਦੀ ਵਿਹਲ ਸ਼ਾਇਦ ਕਿਸੇ ਕੋਲ ਨਹੀਂ ਹੈ।
ਵਿਸ਼ਵਦੀਪ ਬਰਾੜ, ਮਾਨਸਾ
ਵੰਡ ਵਾਲੇ ਦੁਖੜੇ
ਸਾਂਵਲ ਧਾਮੀ ਦਾ ਸਤਰੰਗ ਪੰਨੇ ਵਾਲਾ ਕਾਲਮ ‘ਵੰਡ ਦੇ ਦੁਖੜੇ’ ਦਰਦ ਨਾਲ ਭਰਿਆ ਹੁੰਦਾ ਹੈ। 17 ਅਪਰੈਲ ਵਾਲਾ ਲੇਖ ‘ਨਫ਼ਰਤ ਦਾ ਭਾਰ’ ਅਜਿਹੇ ਪਰਿਵਾਰ ਦੀ ਕਹਾਣੀ ਹੈ ਜਿਸ ਦਾ ਇਕ ਜੀਅ ਆਪਣੀ ਮਿੱਟੀ ਦੇ ਮੋਹ ਕਾਰਨ ਪਿੰਡ ਛੱਡਣ ਲਈ ਤਿਆਰ ਨਹੀਂ। ਉਹ ਆਪਣੇ ਪਿੰਡ ਹੀ ਰਹਿ ਗਿਆ ਪਰ ਉਸ ਨੂੰ ਆਪਣੀ ਜਾਨ ਬਚਾਉਣ ਲਈ ਆਪਣਾ ਧਰਮ ਛੱਡ ਕੇ ਮੁਸਲਮਾਨ ਬਣਨਾ ਪਿਆ। ਉਸ ਦਾ ਨਿਕਾਹ ਉਸ ਇਸਤਰੀ ਨਾਲ ਹੋਇਆ ਜੋ ਵੰਡ ਤੋਂ ਬਾਅਦ ਪੱਛਮੀ ਪੰਜਾਬ ਪਹੁੰਚੀ ਸੀ ਅਤੇ ਉਸ ਦੇ ਪਰਿਵਾਰ ਦੇ ਸਭ ਜੀਆਂ ਨੂੰ ਧਾੜਵੀਆਂ ਨੇ ਉਸ ਦੀਆਂ ਅੱਖਾਂ ਸਾਹਮਣੇ ਕਤਲ ਕਰ ਦਿੱਤਾ ਸੀ। ਉਹ ਵੀ ਬਲੋਚ ਮਿਲਟਰੀ ਦੇ ਮੌਕੇ ’ਤੇ ਪਹੁੰਚਣ ਕਾਰਨ ਬਚ ਗਈ ਸੀ। ਉਸ ਨੂੰ ਸਿੱਖਾਂ ਨਾਲ ਨਫ਼ਰਤ ਸੀ ਕਿਉਂਕਿ ਉਸ ਦੇ ਪਰਿਵਾਰ ਨੂੰ ਕਤਲ ਕਰਨ ਵਾਲੇ ਸਿੱਖਾਂ ਦੇ ਭੇਸ ਵਿਚ ਸਨ ਪਰ ਜਿਸ ਨੇਕ ਇਨਸਾਨ ਨਾਲ ਉਸ ਦਾ ਨਿਕਾਹ ਹੋਇਆ ਸੀ, ਉਹ ਵੀ ਪਹਿਲਾਂ ਸਿੱਖ ਸੀ। ਸੁਰਿੰਦਰਪਾਲ ਸਿੰਘ ਦੇ ਫ਼ੋਨ ’ਤੇ ਆਖੇ ਇਹ ਬੋਲ, ‘‘ਉਹ ਤਾਂ ਲੁਟੇਰੇ ਸਨ ਚਾਚੀ’’, ਬੜੇ ਭਾਵਪੂਰਤ ਹਨ। ਸੱਚੀ ਗੱਲ ਹੈ, ਲੁਟੇਰਿਆਂ ਦਾ ਕੋਈ ਧਰਮ ਨਹੀਂ ਹੁੰਦਾ।
ਦਲਬਾਰ ਸਿੰਘ, ਚੱਠੇ ਸੇਖਵਾਂ (ਸੰਗਰੂਰ)
ਮਾਇਆ ਜਾਲ
16 ਅਪਰੈਲ ਨੂੰ ਕਮਲਜੀਤ ਬਨਵੈਤ ਦਾ ਮਿਡਲ ‘ਜਗਤਾ-ਭਗਤਾ’ ਬਿਆਨ ਕਰਦਾ ਹੈ ਕਿ ਮਨੁੱਖ ਆਪਣੀ ਜ਼ਿੰਦਗੀ ਦੇ ਖ਼ੂਬਸੂਰਤ ਵਰ੍ਹੇ ਆਪਣੇ ਆਲੇ ਦੁਆਲੇ ਮਾਇਆ ਰੂਪੀ ਜਾਲ ਬੁਣਨ ਵਿਚ ਲਗਾ ਦਿੰਦਾ ਹੈ ਅਤੇ ਫਿਰ ਇਸ ਜਾਲ ਵਿਚ ਫਸਿਆ ਮਹਿਸੂਸ ਕਰਦਾ ਹੈ, ਛਟਪਟਾਉਂਦਾ ਹੈ, ਅੰਤ ਇਸ ਜਾਲ ਵਿਚੋਂ ਬਾਹਰ ਨਿਕਲ ਕੇ ਹੀ ਸੁਖੀ ਹੁੰਦਾ ਹੈ। ਇਸੇ ਦਿਨ ਸਿਹਤ ਪੰਨੇ ਉੱਤੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਜੇ ਲੌਕਡਾਊਨ ਹੀ ਹੱਲ ਹੈ ਤਾਂ ਫਿਰ ਸਿੱਖਿਆ ਕੀ?’ ਦਰਸਾਉਂਦਾ ਹੈ ਕਿ ਸਾਡੀਆਂ ਸਰਕਾਰਾਂ ਆਪਣੇ ਨਾਗਰਿਕਾਂ ਲਈ ਕਿੰਨੀਆਂ ਕੁ ਜ਼ਿੰਮੇਵਾਰ ਹਨ। ਇਹ ਕਰੋਨਾ ਨੂੰ ਹਊਆ ਬਣਾ ਕੇ ਆਪਣਾ ਉੱਲੂ ਸਿੱਧਾ ਕਰਨ ਵਿਚ ਲੱਗੀਆਂ ਹਨ।
ਪੂਨਮ ਬਲਿੰਗ, ਈਮੇਲ
(2)
ਕਮਲਜੀਤ ਸਿੰਘ ਬਨਵੈਤ ਦੀ ਰਚਨਾ ‘ਜਗਤਾ-ਭਗਤਾ’ ਪੜ੍ਹੀ। ਦੋਹਾਂ ਦੀ ਕਰੜੀ ਮਿਹਨਤ ਦਾ ਸਿੱਟਾ ਉਨ੍ਹਾਂ ਦੀਆਂ ਕੋਠੀਆਂ ਹਨ ਪਰ ਅਗਲੀ ਪੀੜ੍ਹੀ ਨੇ ਉਨ੍ਹਾਂ ਨਾਲ ਜੱਗੋਂ ਤੇਰਵੀਂ ਕੀਤੀ। ਲਾਡ ਪਿਆਰ ਸਾਡੇ ਬੱਚਿਆਂ ਨੂੰ ਕੋਈ ਸੇਧ ਨਹੀਂ ਦਿੰਦਾ, ਵਿਗਾੜਦਾ ਹੀ ਹੈ। ਇਸ ਲਈ ਔਲਾਦ ਨੂੰ ਸਿੱਖਿਆ ਸਿਹਤ ਦੇ ਨਾਲ ਨਾਲ ਆਪਣੇ ਕੰਮਕਾਰ ਨਾਲ ਵੀ ਜੋੜਨਾ ਚਾਹੀਦਾ ਹੈ।
ਰਮੇਸ਼ਵਰ ਸਿੰਘ, ਪਟਿਆਲਾ