ਸਾਨੂੰ ਕਿਤਾਬਾਂ ਤੋਂ ਦੂਰ ਤਾਂ ਨਹੀਂ ਕੀਤਾ ਜਾ ਰਿਹਾ?
16 ਅਪਰੈਲ ਦੇ ਮੁੱਖ ਸਫ਼ੇ ’ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਿਨਾਂ ਇਮਤਿਹਾਨ ਤੋਂ ਬੱਚਿਆਂ ਨੂੰ ਪਾਸ ਕਰਨ ਬਾਰੇ ਛਪੀ ਖ਼ਬਰ ਪੜ੍ਹ ਕੇ ਲੱਗਿਆ ਕਿ ਸਰਕਾਰਾਂ ਸਾਨੂੰ ਪੜ੍ਹਾਈ ਤੋਂ ਦੂਰ ਕਰਨ ਲੱਗੀਆਂ ਹਨ। ਕਾਲਜਾਂ ਅਤੇ ਯੂਨੀਵਰਸਿਟੀਆਂ ਨੇ ਆਪਣੇ ਵਿਦਿਆਰਥੀਆਂ ਦੀਆਂ ਰਹਿੰਦੀਆਂ ਪ੍ਰੀਖਿਆਵਾਂ ਆਨਲਾਈਨ ਲੈ ਲਈਆਂ ਹਨ ਪਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਜਿਹਾ ਕਿਉਂ ਨਹੀਂ ਕੀਤਾ ਗਿਆ, ਜਦੋਂ ਕਿ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਵੀ ਦਿੱਤੇ ਗਏ ਸਨ ਜਾਂ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ। ਜਦੋਂ ਚੋਣਾਂ, ਰਾਜਨੀਤਕ ਵੱਡੀਆਂ ਵੱਡੀਆਂ ਰੈਲੀਆਂ ਹੋ ਸਕਦੀਆਂ ਹਨ ਤਾਂ ਵਿਦਿਆਰਥੀਆਂ ਦੇ ਇਮਤਿਹਾਨ ਕਿਉਂ ਨਹੀਂ ਹੋ ਸਕਦੇ। ਸੋਚਣ ਵਾਲੀ ਗੱਲ ਹੈ ਕਿ ਸਾਨੂੰ ਗਿਆਨ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਕਰੋਨਾ ਦੇ ਬਹਾਨੇ ਸਾਨੂੰ ਕਿਤਾਬਾਂ ਤੋਂ ਦੂਰ ਕਰ ਕੇ ਮੋਬਾਈਲ ਨਾਲ ਜੋੜ ਦਿੱਤਾ ਹੈ ਜੋ ਸਾਡੇ ਭਵਿੱਖ ਲਈ ਖ਼ਤਰਨਾਕ ਹੋਵੇਗਾ।
ਮੇਘਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)
ਕਰੋਨਾ ਤੇ ਸਿਆਸਤ
16 ਅਪਰੈਲ ਦਾ ਸੰਪਾਦਕੀ ‘ਵਿਰੋਧਾਭਾਸਾਂ ਦਾ ਦੌਰ’ ਕਰੋਨਾ ਮਹਾਮਾਰੀ ਦੀ ਆੜ ਹੇਠ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਦੋਗ਼ਲੀ ਸਿਆਸਤ ਨੂੰ ਨੰਗਾ ਕਰਦਾ ਹੈ, ਕਿਉਂਕਿ ਜਿੱਥੇ ਕਰੋਨਾ ਦਾ ਲਾਹਾ ਲੈਂਦਿਆਂ ਕੇਂਦਰ ਸਰਕਾਰ ਨੇ ਖੇਤੀ ਮਾਰੂ ਤੇ ਲੋਕ ਵਿਰੋਧੀ ਕਾਨੂੰਨ ਪਾਸ ਕੀਤੇ, ਉੱਥੇ ਪਿਛਲੇ ਸਾਲ ਕਰੋਨਾ ਲਾਗ ’ਤੇ ਕਾਬੂ ਪਾਉਣ ਦੇ ਦਾਅਵਿਆਂ ਦੇ ਬਾਵਜੂਦ ਸਿਹਤ ਨੀਤੀਆਂ ’ਚ ਕੋਈ ਸੁਧਾਰ ਨਹੀਂ ਲਿਆਂਦਾ। ਜੇ ਕਰੋਨਾ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਤਾਂ ਹੁਣ ਹਸਪਤਾਲਾਂ ਵਿਚ ਵੈਂਟੀਲੇਟਰਾਂ ਅਤੇ ਬੈੱਡਾਂ ਦੀ ਘਾਟ ਦਾ ਸਾਹਮਣਾ ਨਾ ਕਰਨਾ ਪੈਂਦਾ। ਇਕ ਪਾਸੇ ਕਰੋਨਾ ਦੇ ਮੁੜ ਫੈਲਣ ਕਾਰਨ ਤਾਲਾਬੰਦੀ ਵਰਗੀਆਂ ਪਾਬੰਦੀਆਂ ਤੇ ਕਰਫ਼ਿਊ ਲਾਇਆ ਜਾ ਰਿਹਾ ਹੈ, ਦੂਜੇ ਪਾਸੇ ਜਿੱਥੇ ਲੱਖਾਂ ਦੇ ਇਕੱਠ ਵਾਲੀਆਂ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ।
ਮਨੋਹਰ ਸਿੰਘ ਸੱਗੂ, ਧੂਰੀ
ਵਾਤਾਵਰਨ ਸੰਕਟ
16 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਡਾ. ਗੁਰਿੰਦਰ ਕੌਰ ਦਾ ਲੇਖ ‘ਵਾਤਾਵਰਨ ਸੰਕਟ ਅਤੇ ਵੱਖ ਵੱਖ ਮੁਲਕਾਂ ਦੀ ਪਹੁੰਚ’ ਜਾਣਕਾਰੀ ਭਰਪੂਰ ਹੈ। ਦੁਨੀਆਂ ਦੇ ਸਭ ਤੋਂ ਵੱਧ ਸ਼ਕਤੀਸ਼ਾਲੀ ਦੇਸ਼ ਅਮਰੀਕਾ ਅਤੇ ਚੀਨ ਵਾਤਾਵਰਨ ਅੰਦਰ ਛੱਡੀ ਜਾ ਰਹੀ ਕੁੱਲ ਕਾਰਬਨ ਦਾ 43 ਫ਼ੀਸਦੀ ਛੱਡਦੇ ਹੋਏ, ਬਾਕੀ ਦੁਨੀਆਂ ਦੀ ਕੋਈ ਪ੍ਰਵਾਹ ਨਹੀਂ ਕਰ ਰਹੇ, ਸਗੋਂ ਭਾਰਤ ਵਰਗੇ ਗ਼ਰੀਬ ਦੇਸ਼ਾਂ ਨੂੰ ਘੂਰ ਰਹੇ ਹਨ। ਅਸੀਂ ਕਿੰਨੇ ਹੀ ਕੁਦਰਤੀ ਜੀਵ ਜੰਤੂਆਂ ਤੋਂ ਹੱਥ ਧੋ ਬੈਠੇ ਹਾਂ, ਮਨੁੱਖ ਸਮੇਤ ਬਾਕੀਆਂ ਨੂੰ ਜਿਉਂਦੇ ਰੱਖਣ ਲਈ ਵਾਵਾਤਰਨ ਸੰਕਟ ਨੂੰ ਐਮਰਜੈਂਸੀ ਪੱਧਰ ’ਤੇ ਹੱਲ ਕਰਨ ਦੀ ਲੋੜ ਹੈ।
ਜਗਰੂਪ ਸਿੰਘ ਉੱਭਾਵਾਲ (ਸੰਗਰੂਰ)
ਸਾਂਝੇ ਪਰਿਵਾਰਾਂ ਦੀ ਸਾਂਝ
16 ਅਪਰੈਲ ਦਾ ਕਮਲਜੀਤ ਸਿੰਘ ਬਨਵੈਤ ਦਾ ਮਿਡਲ ‘ਜਗਤਾ ਭਗਤਾ’ ਬਹੁਤ ਭਾਵਨਾਤਮਕ ਲੱਗਿਆ। ਸਾਡੇ ਅਜੋਕੇ ਸਮਾਜ ਵਿਚ ਹੁਣ ਛੋਟੇ ਪਰਿਵਾਰ ਹੀ ਜ਼ਿਆਦਾ ਰਹਿ ਗਏ ਹਨ। ਪਿਛਲੇ ਸਮੇਂ ਵਿਚ ਜ਼ਿਆਦਾਤਰ ਸੰਯੁਕਤ ਪਰਿਵਾਰ ਹੁੰਦੇ ਸਨ, ਜਿੱਥੇ ਆਪਸੀ ਭਾਈਚਾਰਾ, ਬਜ਼ੁਰਗਾਂ ਦਾ ਪਿਆਰ ਉਨ੍ਹਾਂ ਦਾ ਅਸ਼ੀਰਵਾਦ, ਘਰ ਦੇ ਵਿਹੜੇ ਵਿਚ ਬੱਚਿਆਂ ਦੀਆਂ ਰੌਣਕਾਂ ਲੱਗਦੀਆਂ ਸਨ ਪਰ ਹੁਣ ਪਦਾਰਥਕ ਰੁਚੀਆਂ ਨੂੰ ਸਾਂਝੇ ਪਰਿਵਾਰਾਂ ਨੂੰ ਤੋੜ ਦਿੱਤਾ ਹੈ ਤੇ ਉਨ੍ਹਾਂ ਦੀ ਸਾਂਝ ਖ਼ਤਮ ਕਰ ਦਿੱਤੀ ਹੈ।
ਗਗਨਦੀਪ ਸਿੰਘ, ਫਤਹਿਗੜ੍ਹ ਸਾਹਿਬ।
ਮੈਂ ਸਿੰਘੂ ਬਾਰਡਰ ਜਾਣਾ
ਅਜਾਇਬ ਸਿੰਘ ਟਿਵਾਣਾ ਦਾ ਮਿਡਲ ‘ਪਾਪਾ, ਮੈਂ ਸਿੰਘੂ ਬਾਰਡਰ ਜਾਣਾ’ (9 ਅਪਰੈਲ) ਨੇ ਦਿਲ ਨੂੰ ਟੁੰਬਿਆ। ਇਸ ਰਚਨਾ ਨੇ ਜਿੱਥੇ ਸਰਕਾਰ ਦੇ ਲੋਕ ਪੱਖੀ ਸੰਘਰਸ਼ਾਂ ਪ੍ਰਤੀ ਨਾਂਹ ਪੱਖੀ ਨਜ਼ਰੀਏ ਨੂੰ ਨੰਗਾ ਕੀਤਾ ਹੈ, ਉੱਥੇ ਸਰਕਾਰੀ ਪ੍ਰਬੰਧ ਉੱਪਰ ਵੀ ਕਰਾਰੀ ਚੋਟ ਲਾਈ, ਜੋ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਪ੍ਰਤੀ ਜਾਗਰੂਕ ਨਹੀਂ ਕਰ ਸਕਿਆ। ਪਰਮਵੀਰ ਵਰਗੇ ਹੀਰੇ ਜਿਨ੍ਹਾਂ ਨੇ ਦੇਸ਼ ਦੀ ਸੇਵਾ ਕਰਨੀ ਹੁੰਦੀ ਹੈ, ਭਵਿੱਖ ਦੇ ਚਿਰਾਗਾਂ ਨੂੰ ਅਜਾਈਂ ਜਾਨ ਤੋਂ ਹੱਥ ਧੋਣ ਲਈ ਮਜਬੂਰ ਕੀਤਾ ਜਾਂਦਾ ਹੈ।
ਅਮਰੀਕ ਸਿੰਘ (ਡਾ.), ਪਟਿਆਲਾ
ਪਟਵਾਰੀਆਂ ਦੇ ਨਿੱਜੀ ਕਰਿੰਦੇ
ਪੂਰੇ ਪੰਜਾਬ ਵਿਚ ਮਾਲ ਵਿਭਾਗ ਦੇ ਕੁਝ ਪਟਵਾਰੀਆਂ ਨੇ ਬਿਨਾਂ ਕਿਸੇ ਪ੍ਰਵਾਨਗੀ ਦੇ ਆਪਣੀ ਮਰਜ਼ੀ ਨਾਲ ਹੀ ਆਪਣੇ ਨਿੱਜੀ ਸਹਾਇਕ ਮੁੰਡੇ/ਕਰਿੰਦੇ ਰੱਖੇ ਹੋਏ ਹਨ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹ ਸਿਲਸਿਲਾ ਕਾਫ਼ੀ ਲੰਮੇ ਸਮੇਂ ਤੋਂ ਬਿਨਾਂ ਕਿਸੇ ਰੋਕ ਟੋਕ ਦੇ ਨਿਰਵਿਘਨ ਚੱਲ ਰਿਹਾ ਹੈ। ਸਵਾਲ ਇਹ ਹੈ ਕਿ ਕੀ ਇਸ ਬਾਰੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕੋਈ ਪਤਾ ਨਹੀਂ? ਜਾਂ ਸਭ ਕੁਝ ਪਤਾ ਹੋਣ ਦੇ ਬਾਵਜੂਦ ਇਹ ਗੋਰਖਧੰਦਾ ਚੱਲ ਰਿਹਾ ਹੈ? ਪਟਵਾਰੀਆਂ ਵੱਲੋਂ ਰੱਖੇ ਕਰਿੰਦੇ ਪਿੰਡਾਂ ਦੇ ਭੋਲੇ ਭਾਲੇ ਲੋਕਾਂ ਦੀ ਬਹੁਤ ਲੁੱਟ ਕਰਦੇ ਹਨ ਤੇ ਹੋਰ ਕਈ ਤਰ੍ਹਾਂ ਦਾ ਭ੍ਰਿਸ਼ਟਾਚਾਰ ਵੀ ਕਰਦੇ ਹੋਣਗੇ। ਇਸ ਤੋਂ ਪਹਿਲਾਂ ਕਿ ਇਸ ਕਾਰਨ ਕੋਈ ਵੱਡੀ ਗੜਬੜ ਹੋ ਜਾਵੇ, ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਅੰਗਰੇਜ਼ ਸਿੰਘ ਵਿੱਕੀ, ਕੋਟਗੁਰੂ (ਬਠਿੰਡਾ)