ਸਾਂਝ ਦਾ ਪੁਲ
ਬੁੱਧਵਾਰ 14 ਅਪਰੈਲ ਦੇ ਇੰਟਰਨੈੱਟ ਪੰਨੇ ਪੰਜਾਬੀ ਪੈੜਾਂ ਵਿਚ ਇਕਬਾਲ ਮਾਹਲ ਦਾ ਮਰਹੂਮ ਗਾਇਕ ਸ਼ੌਕਤ ਅਲੀ ਬਾਰੇ ਲੇਖ ਪੜ੍ਹਨ ਨੂੰ ਮਿਲਿਆ। ਲੇਖ ਤੋਂ ਇਹ ਪਤਾ ਲੱਗਿਆ ਕਿ ਸ਼ੌਕਤ ਅਲੀ ਪੰਜਾਬੀ ਬੋਲੀ ਦੀ ਕਿੰਨੀ ਇੱਜ਼ਤ ਕਰਨ ਵਾਲਾ ਫ਼ਨਕਾਰ ਹੋਣ ਦੇ ਨਾਲ ਨਾਲ ਦੋਵਾਂ ਪੰਜਾਬਾਂ ਵਿਚਕਾਰ ਸਾਂਝ ਦਾ ਪੁਲ ਵੀ ਸੀ।
ਰਾਜਨਦੀਪ ਕੌਰ ਮਾਨ, ਈਮੇਲ
ਕਰੋਨਾ ਸਿਆਸਤ
14 ਅਪਰੈਲ ਦਾ ਸੰਪਾਦਕੀ ‘ਤਰਕ, ਨਿਸ਼ਠਾ ਤੇ ਰਿਆਸਤ’ ਕੇਂਦਰ ਸਰਕਾਰ ਅਤੇ ਕੇਂਦਰ ਅਧੀਨ ਆਉਂਦੀ ਦਿੱਲੀ ਪੁਲੀਸ ਵੱਲੋਂ ਕਰੋਨਾ ਦੇ ਬਹਾਨੇ ਹੇਠ ਖੇਡੀ ਜਾ ਰਹੀ ਸਿਆਸਤ ਦਾ ਪਰਦਾਫ਼ਾਸ਼ ਕਰਦਾ ਹੈ। ਕਿਸੇ ਵੀ ਕੁਦਰਤੀ ਆਫ਼ਤ ਜਾਂ ਕਰੋਨਾ ਮਹਾਮਾਰੀ ਵਰਗੀ ਸਮੱਸਿਆ ਦੌਰਾਨ ਸਰਕਾਰ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਧਾਰਮਿਕ ਤੌਰ ਤੇ ਪੱਖਪਾਤ ਕੀਤੇ ਜਾਣ ਨੂੰ ਮਨੁੱਖਤਾ ਦਾ ਘਾਣ ਹੀ ਆਖਿਆ ਜਾ ਸਕਦਾ ਹੈ। ਪਿਛਲੇ ਸਾਲ ਕਰੋਨਾ ਮਹਾਮਾਰੀ ਦੌਰਾਨ ਦਿੱਲੀ ਵਿਚ ਤਬਲੀਗੀ ਜਮਾਤ ਦੇ ਇਕੱਠ ਨੂੰ ਕੇਂਦਰ ਸਰਕਾਰ ਅਤੇ ਪੱਖਪਾਤੀ ਮੀਡੀਆ ਨੇ ਕਰੋਨਾ ਲਾਗ ਫੈਲਾਉਣ ਦਾ ਪ੍ਰਚਾਰ ਕਰਕੇ ਦੇਸ਼ ਦੇ ਖਾਸ ਘੱਟ ਗਿਣਤੀ ਫ਼ਿਰਕੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਹੀ ਪਹੁੰਚ ਹੁਣ ਅਪਣਾਈ ਜਾ ਰਹੀ ਹੈ। ਸਰਕਾਰ ਨੂੰ ਇਸ ਦੀ ਥਾਂ ਆਪਸੀ ਸਾਂਝ ਦਾ ਸੁਨੇਹਾ ਦੇਣਾ ਚਾਹੀਦਾ ਹੈ।
ਮਾਨ ਸਿੰਘ ਅਨਪੜ੍ਹ, ਈਮੇਲ
ਡਾ. ਅੰਬੇਡਕਰ ਦਾ ਸੰਘਰਸ਼
ਡਾ. ਲਕਸ਼ਮੀ ਨਰਾਇਣ ਭੀਖੀ ਨੇ ‘ਡਾ. ਭੀਮ ਰਾਓ ਅੰਬੇਡਕਰ ਦਾ ਸੰਘਰਸ਼’ ਲੇਖ (14 ਅਪਰੈਲ) ’ਚ ਉਨ੍ਹਾਂ ਦੇ ਜਨਮ, ਬਚਪਨ ਤੇ ਸਿੱਖਿਆ ਦੇ ਨਾਲ ਨਾਲ ਉਨ੍ਹਾਂ ਦੀਆਂ ਪੁਸਤਕਾਂ ਬਾਰੇ ਵੀ ਚਰਚਾ ਕੀਤੀ। ਲੇਖਕ ਨੇ ਡਾ. ਅੰਬੇਡਕਰ ਦੀ ਵਿਚਾਰਧਾਰਾ ਬਾਰੇ ਚਰਚਾ ਕਰਦਿਆਂ ਸਮਾਜਵਾਦ ਨੂੰ ਆਧਾਰ ਬਣਾਇਆ। ਸਾਡਾ ਸਮਾਜ ਜਾਤ-ਪਾਤ ਦੀ ਜਕੜ ਵਿਚ ਹੈ, ਡਾ. ਅੰਬੇਡਕਾਰ ਜਾਤ-ਪਾਤ ਦੇ ਬੰਧਨਾਂ ਤੋਂ ਪਾਰ ਸਮਾਜ ਦੀ ਇੱਛਾ ਰੱਖਦੇ ਸਨ।
ਅਮਨਦੀਪ ਕੌਰ, ਪਟਿਆਲਾ
(2)
ਡਾ. ਲਕਸ਼ਮੀ ਨਰਾਇਣ ਭੀਖੀ ਨੇ ਡਾ. ਅੰਬੇਡਕਰ ਦੇ ਜੀਵਨ ਸੰਘਰਸ਼, ਬੌਧਿਕ ਪ੍ਰਤਿਭਾ, ਸਿਆਸੀ ਅਤੇ ਸਮਾਿਜਕ ਸਰੋਕਾਰਾਂ ਦੇ ਕਾਰਨ ਅਤੇ ਬੁਰਾਈਆਂ ਦੇ ਸਟੀਕ ਹੱਲ ਪੇਸ਼ ਕੀਤੇ ਹਨ। ਇੰਨੇ ਵੱਡੇ ਦਾਰਸ਼ਨਿਕ, ਪ੍ਰਬੁੱਧ ਗਿਆਨੀ ਅਤੇ ਵਿਸ਼ਵ ਆਰਥਿਕਤਾ ਦਾ ਗਹਿਰਾ ਅਧਿਐਨ ਕਰਨ ਵਾਲੇ ਮਹਾਂ ਨਾਇਕ ਦੀ ਸੰਪੂਰਨ ਯੋਗਤਾ ਨੂੰ ਇਸ ਦੇਸ਼ ਨੇ ਪੂਰਾ ਨਹੀਂ ਵਰਤਿਆ। ਉਹ ਇਕੱਲੇ ਦਲਿਤਾਂ ਦੇ ਹੀ ਮਸੀਹਾ ਨਹੀਂ ਸਗੋਂ ਦੇਸ਼ ਦੀ ਆਜ਼ਾਦੀ ਦੇ ਬਾਅਦ ਸਿੰਜਾਈ, ਯੋਜਨਾ ਕਮਿਸ਼ਨ, ਬੈਂਕ ਸੁਧਾਰਾਂ ਅਤੇ ਮੂਲ ਕਾਰਜਾਂ ਦੇ ਸਿਰਜਕ ਵੀ ਸਨ। ਔਰਤ ਦੀ ਪੜ੍ਹਾਈ ਅਤੇ ਸਮਾਜਿਕ ਬਿਹਤਰੀ ਲਈ ਬਹੁਤ ਦਰਦ ਰੱਖਦੇ ਸਨ। ਅਗਲੀ ਪੀੜ੍ਹੀ ਨੂੰ ਅਮੁੱਕ ਸੰਘਰਸ਼ ਲਈ ਕਹਿ ਜਾਣਾ, ਉੁਨ੍ਹਾਂ ਦੇ ਅਮਰ ਬੋਲ ਹਨ।
ਕੇਵਲ ਸਿੰਘ ਰੱਤੜਾ, ਕਪੂਰਥਲਾ
ਰਿਸ਼ਤਿਆਂ ਦੀ ਬਾਤ
8 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਵਿਜੈ ਕੁਮਾਰ ਦਾ ਲੇਖ ‘ਮੁਨਾਫ਼ੇ ਵਾਲਾ ਘਾਟਾ’ ਪ੍ਰੇਰਨਾ ਦੇਣ ਵਾਲਾ ਹੈ। ਸਭ ਨੂੰ ਸਬਕ ਸਿੱਖਣਾ ਚਾਹੀਦਾ ਹੈ ਕਿ ਕਦੇ ਵੀ ਕਿਸੇ ਰਿਸ਼ਤੇ ਨੂੰ ਗੁੱਸੇ ਵਿਚ ਆ ਕੇ ਖ਼ਤਮ ਨਹੀਂ ਕਰਨਾ ਚਾਹੀਦਾ ਸਗੋਂ ਨਿਭਾਉਣ ਦੀ ਕੋਸਿ਼ਸ਼ ਕਰਨੀ ਚਾਹੀਦੀ ਹੈ। ਜ਼ਰੂਰਤ ਪੈਣ ਤੇ ਝੁਕ ਵੀ ਜਾਣਾ ਚਾਹੀਦਾ ਹੈ।
ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ
ਸਿਆਸੀ ਦਾਬੇ ’ਤੇ ਕਰਾਰੀ ਚੋਟ
6 ਅਪਰੈਲ ਨੂੰ ਨਜ਼ਰੀਆ ਪੰਨੇ ਉੱਤੇ ਜਗਦੀਸ਼ ਕੌਰ ਮਾਨ ਦਾ ਲੇਖ ‘ਹੱਕ ਸੱਚ ਦੇ ਪੁਜਾਰੀ’ ਪੜ੍ਹਿਆ। ਲੇਖਕ ਨੇ ਸੁਚੱਜੇ ਢੰਗ ਨਾਲ ਸਿਆਸੀ ਦਾਬੇ ’ਤੇ ਕਰਾਰੀ ਚੋਟ ਮਾਰੀ ਹੈ। ਕਿਸ ਤਰ੍ਹਾਂ ਸੱਤਾ ਦੇ ਨਸ਼ੇ ਵਿਚ ਚੂਰ ਅਖੌਤੀ ਲੀਡਰ ਸਿਆਸੀ ਪੁਸ਼ਤ-ਪਨਾਹੀ ਹੇਠ ਲੋਕਤੰਤਰ ਦਾ ਘਾਣ ਕਰ ਰਹੇ ਹਨ ਪਰ ਕੁਝ ਜਾਗਦੀ ਜ਼ਮੀਰ ਵਾਲੇ ਅਫ਼ਸਰ ਆਪਣੇ ਆਪ ਨੂੰ ਮੁਸ਼ਕਿਲ ਵਿਚ ਪਾ ਕੇ ਵੀ ਅਜਿਹੇ ਲੋਕਾਂ ਦਾ ਸਾਹਮਣਾ ਕਰ ਕੇ ਲੋਕਤੰਤਰ ਦੀ ਰੱਖਿਆ ਕਰਦੇ ਹਨ। ਅਜਿਹੇ ਅਧਿਕਾਰੀਆਂ ਨੂੰ ਸਲਾਮ ਹੈ।
ਬਨਾਰਸੀ ਦਾਸ, ਈਮੇਲ
(2)
ਜਗਦੀਸ਼ ਕੌਰ ਮਾਨ ਦਾ ਮਿਡਲ ‘ਹੱਕ ਸੱਚ ਦੇ ਪੁਜਾਰੀ’ ਪ੍ਰੇਰਨਾ ਅਤੇ ਸਿੱਖਿਆ ਦੇਣ ਵਾਲਾ ਸੀ। ਆਪੋ-ਆਪਣੇ ਜਵਾਕਾਂ ਦੀਆਂ ਜਾਨ ਦੀ ਚਿੰਤਾ ਛੱਡ ਕੇ ਸੱਚ ਦਾ ਸਾਥ ਨਿਭਾਉਣ ਵਾਲਾ ਇਨਸਾਨ ਆਦਰ ਮਾਣ ਦਾ ਹੱਕਦਾਰ ਹੈ।
ਅਨਿਲ ਕੌਸ਼ਿਕ, ਪਿੰਡ ਕਿਉੜਕ (ਕੈਥਲ, ਹਰਿਆਣਾ)
ਬੇਜ਼ਬਾਨਾਂ ਦੀ ਸਿਆਣਪ
2 ਅਪਰੈਲ ਨੂੰ ਛਪਿਆ ਮਿਡਲ ‘ਬੇਜ਼ਬਾਨਾਂ ਦੀਆਂ ਬਾਤਾਂ’ ਵਿਚ ਪ੍ਰੀਤਮਾ ਦੋਮੇਲ ਨੇ ਬੜੇ ਵਧੀਆ ਤਰੀਕੇ ਨਾਲ ਬੇਜ਼ਬਾਨ ਪੰਛੀਆਂ ਦੀ ਸਮਝ ਬਾਰੇ ਦੱਸਿਆ ਹੈ ਕਿ ਮਨੁੱਖਾਂ ਦੇ ਮੁਕਾਬਲੇ ਵਿਚ ਇਹ ਬੇਜ਼ਬਾਨ ਕਈ ਗੁਣਾਂ ਵੱਧ ਸਹਿਣਸ਼ੀਲ ਹੁੰਦੇ ਹਨ। ਇਹ ਬੇਸ਼ੱਕ ਆਪਣੀਆਂ ਭਾਵਨਾਵਾਂ ਬੋਲ ਕੇ ਨਹੀਂ ਦੱਸ ਸਕਦੇ ਪਰ ਇਸ਼ਾਰਿਆਂ ਰਾਹੀਂ ਸਾਨੂੰ ਬਹੁਤ ਕੁਝ ਸਮਝਣ ਲਈ ਕਹਿੰਦੇ ਹਨ।
ਲਖਵੀਰ ਸਿੰਘ, ਉਦੇਕਰਨ (ਸ੍ਰੀ ਮੁਕਤਸਰ ਸਾਹਿਬ)
ਗੰਭੀਰ ਵਕਤਾਂ ਦਾ ਬਿਆਨ
12 ਅਪਰੈਲ ਦੇ ਪਰਵਾਜ਼ ਪੰਨੇ ਉੱਤੇ ਐੱਸਪੀ ਸਿੰਘ ਨੇ ਆਪਣੇ ਲੇਖ ‘ਹਾਏ ਰੱਬਾ, ਕਰ ਦਿੱਤਾ ਈ ਨਾ ਮੁੜ ਪਹਿਲੇ ਵਰਗਾ’ ਵਿਚ ਤੱਥਾਂ ਦੀ ਸਹਾਇਤਾ ਨਾਲ ਸਮੇਂ ਦੀ ਗੰਭੀਰਤਾ ਨੂੰ ਬਾਖੂ਼ਬੀ ਬਿਆਨ ਕੀਤਾ ਹੈ। ਸੱਚਮੁੱਚ ਇੰਝ ਹੀ ਜਾਪਦਾ ਹੈ ਕਿ ਪਿਛਲੇ ਵਰ੍ਹੇ ਹੰਢਾਈਆਂ ਕਠਿਨਾਈਆਂ ਨੂੰ ਦੁਬਾਰਾ ਸੱਦਾ ਦਿੱਤਾ ਜਾ ਰਿਹਾ ਹੈ। ਇਸ ਸੰਤਾਪ ਦੇ ਚਸ਼ਮਦੀਦ (ਪਰਵਾਸੀ ਕਾਮਿਆਂ) ਦੀਆਂ ਆਪ ਬੀਤੀਆਂ ਨੂੰ ਦੁਹਰਾਇਆ ਜਾਣਾ ਹੈ। ਹੁਣ ਜਨਤਾ ਦਾ ਇਹ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਉਸ ਨੇ ਆਉਣ ਵਾਲੇ ਹਾਲਾਤ ਅਤੇ ਸਿਆਸੀ ਚੁਸਤੀਆਂ ਨਾਲ ਕਿਵੇਂ ਮੱਥਾ ਲਾਉਣਾ ਹੈ।
ਦੀਪ ਰੰਗਰੇਜ਼, ਧੂਰੀ (ਸੰਗਰੂਰ)