ਪਾਕਿਸਤਾਨ ਦਾ ਯੂ-ਟਰਨ
5 ਅਪਰੈਲ ਦੇ ਪਰਵਾਜ਼ ਅੰਕ ਵਿਚ ‘ਵਾਹਗਿਓਂ ਪਾਰ’ ਫ਼ੀਚਰ ਵਿਚ ਕਪਾਹ ਤੇ ਖੰਡ ਬਾਰੇ ਪਾਕਿਸਤਾਨ ਦੇ ਯੂ-ਟਰਨ ਸਬੰਧੀ ਪੜ੍ਹ ਕੇ ਦੁੱਖ ਜਿਹਾ ਹੋਇਅ ਕਿ ਜੇ ਦੋਵਾਂ ਗੁਆਂਢੀ ਦੇਸ਼ਾਂ ਦਾ ਆਪਸ ਵਿਚ ਮਿਲਵਰਤਣ ਤੇ ਵਪਾਰ ਹੋਵੇ ਤਾਂ ਦੋਹਾਂ ਦੇਸ਼ਾਂ ਦੀ ਆਰਥਿਕਤਾ ’ਚ ਵਾਧਾ ਹੋ ਸਕਦਾ ਹੈ। ਗੁਆਂਢੀ ਦੇਸ਼ ਨੇ ਲੱਖਾਂ ਟਨ ਕਣਕ ਹੋਰ ਦੇਸ਼ਾਂ ਤੋਂ ਮੰਗਵਾਈ, ਉਹ ਵੀ ਮਹਿੰਗੇ ਭਾਅ ਪਰ ਸਾਡੇ ਕੋਲ ਕਣਕ ਦੇ ਢੇਰ ਗਲ਼ ਸੜ ਰਹੇ ਹਨ। ਇਸੇ ਤਰ੍ਹਾਂ ਚੀਨ ਅਮਰੀਕਾ ਤੋਂ ਕਪਾਹ ਮੰਗਵਾਉਂਦਾ ਹੈ, ਪਰ ਸਾਡੇ ਦੇਸ਼ ਵਿਚ ਕਪਾਹ ਦੀ ਬਹੁਤਾਤ ਹੈ। ਆਪਸ ਵਿਚ ਬਣਦੀ ਹੋਵੇ ਤਾਂ ਇਹ ਲੋੜ ਗੁਆਂਢੋਂ ਪੂਰੀ ਹੋ ਸਕਦੀ ਹੈ। ਅਕਸਰ ਹਕੂਮਤਾਂ ਦੀਆਂ ਮਾੜੀਆਂ ਨੀਤਆਂ ਅਤੇ ਅੜੀਆਂ ਕਾਰਨ ਨੁਕਸਾਨ ਆਮ ਲੋਕਾਂ ਨੂੰ ਉਠਾਉਣਾ ਪੈਂਦਾ ਹੈ।
ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)
ਕੇਂਦਰ ਵੱਲੋਂ ਕਿਸਾਨਾਂ ’ਤੇ ਗ਼ਲਤ ਦੋਸ਼
6 ਅਪਰੈਲ ਦੀ ਸੰਪਾਦਕੀ ‘ਗ਼ਲਤ ਦੋਸ਼/ਬੇਵਕਤੀ ਸੁਰ’ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਪੰਜਾਬੀ ਕਿਸਾਨ ’ਤੇ ਇਹ ਦੋਸ਼ ਲਾਉਂਦੀ ਲਿਖੀ ਚਿੱਠੀ ਕਿ ਪਰਵਾਸੀ ਮਜ਼ਦੂਰਾਂ ਨੂੰ ਬੰਧੂਆ ਬਣਾ ਕੇ ਅਤੇ ਘੱਟ ਮਜ਼ਦੂਰੀ ’ਤੇ ਕੰਮ ਕਰਾਇਆ ਜਾਂਦਾ ਹੈ, ਬਾਰੇ ਸਹੀ ਟਿੱਪਣੀ ਕਰਦੀ ਹੈ। ਸਮਝ ਨਹੀਂ ਆਉਂਦਾ ਬੀਐੱਸਐੱਫ਼ ਕਦੋਂ ਤੋਂ ਸੀਮਾ ਸੁਰੱਖਿਆ ਛੱਡ ਕੇ ਕਿਸਾਨ-ਮਜ਼ਦੂਰ ਸਬੰਧਾਂ ਦੀ ਤਫ਼ਤੀਸ਼ ਕਰਨ ਲੱਗ ਪਈ ਹੈ। ਚਿੱਠੀ ਸਹੀ ਮਾਅਨਿਆਂ ਵਿਚ ਕਿਸਾਨ ਵਿਰੋਧੀ ਹੀ ਨਹੀਂ, ਪੰਜਾਬ ਵਿਰੋਧੀ ਵੀ ਹੈ।
ਜਗਰੂਪ ਸਿੰਘ, ਉੱਭਾਵਾਲ (ਸੰਗਰੂਰ)
ਹੱਕ ਸੱਚ ਦੇ ਪੁਜਾਰੀ
6 ਅਪਰੈਲ ਦੇ ਨਜ਼ਰੀਆ ਸਫ਼ੇ ’ਤੇ ਜਗਦੀਸ਼ ਕੌਰ ਮਾਨ ਨੇ ਮਿਡਲ ‘ਹੱਕ ਸੱਚ ਦੇ ਪੁਜਾਰੀ’ ਰਾਹੀਂ ਅਜੋਕੇ ਸਮੇਂ ਦੇ ਸਮਾਜਿਕ ਯਥਾਰਥ ਤੇ ਮਨੁੱਖਾ ਜੀਵਨ ਵਿਚ ਵਧ ਰਹੀ ਚਾਪਲੂਸੀ, ਰਿਸ਼ਵਤਖ਼ੋਰੀ, ਗੁੰਡਾਗਰਦੀ ਤੇ ਪਰਿਵਾਰਕ ਨੁਕਸਾਨ ਦੀਆਂ ਧਮਕੀਆਂ ਦੇ ਸੱਚ ਨੂੰ ਬਿਆਨ ਕੀਤਾ ਹੈ। ਇਸੇ ਤਰ੍ਹਾਂ 3 ਅਪਰੈਲ ਨੂੰ ਪ੍ਰੋ. ਬਸੰਤ ਸਿੰਘ ਬਰਾੜ ਨੇ ਮਿਡਲ ‘ਬਟੂਏ ਦੀ ਸ਼ਰਾਰਤ’ ਰਾਹੀਂ ਇਸ ਸੱਚ ਨੂੰ ਸਾਂਝਾ ਕੀਤਾ ਹੈ ਕਿ ਮਨੁੱਖ ਕਿੰਨਾ ਵੀ ਨਿਯਮਾਂਵਲੀ ਵਾਲਾ ਜੀਵਨ ਜਿਉਣ ਵਾਲਾ ਹੋਵੇ, ਉਹ ਗ਼ਲਤੀ ਕਰ ਹੀ ਜਾਂਦਾ ਹੈ, ਪਰ ਆਪਣੀ ਗ਼ਲਤੀ ਦਾ ਇਲਜ਼ਾਮ ਵਿਦੇਸ਼ੀ ਨੂੰਹ ਵਾਂਗ ਨੌਕਰਾਣੀ ’ਤੇ ਲਾਉਣ ਦੀ ਥਾਂ ਸਬਰ ਬਣਾ ਕੇ ਰੱਖਣ ਨਾਲ ਗਵਾਚੀ ਜਾਂ ਰੱਖ ਕੇ ਭੁੱਲੀ ਹੋਈ ਚੀਜ਼ ਮਿਲ ਜਾਣ ’ਤੇ ਕਿਸੇ ’ਤੇ ਇਲਜ਼ਾਮ ਨਾ ਲਾਉਣ ਕਰ ਕੇ ਖੁਸ਼ੀ ਦੁੱਗਣੀ ਹੋ ਜਾਂਦੀ ਹੈ।
ਡਾ. ਗਗਨਦੀਪ ਸਿੰਘ, ਸੰਗਰੂਰ
ਬਟੂਏ ਦੀ ਸ਼ਰਾਰਤ
3 ਅਪਰੈਲ ਦੇ ਨਜ਼ਰੀਆ ਅੰਕ ਵਿਚ ਬਸੰਤ ਸਿੰਘ ਬਰਾੜ ਦੀ ਲਿਖਤ ‘ਬਟੂਏ ਦੀ ਸ਼ਰਾਰਤ’ ਵਧੀਆ ਲੱਗੀ ਪਰ ਇਹੋ ਜਿਹੇ ਲੋਕ ਬਹੁਤ ਘੱਟ ਹੁੰਦੇ ਹਨ, ਜੋ ਚੀਜ਼ ਗੁੰਮੀ ਤੋਂ ਵੀ ਕਿਸੇ ਦੇ ਜ਼ਿੰਮੇ ਨਾ ਲਗਾਉਣ। ਜ਼ਿਆਦਾਤਰ ਤਾਂ ਬਿਨਾਂ ਸੋਚੇ ਸਮਝੇ ਕਿਸੇ ਦੇ ਵੀ ਸਿਰ ਲਗਾ ਦਿੰਦੇ ਹਨ ਤੇ ਅਗਲਾ ਬੰਦਾ ਸੱਚਾ ਹੋਣ ਦੇ ਬਾਵਜੂਦ ਜ਼ਲੀਲ ਹੋ ਕੇ ਰਹਿ ਜਾਂਦਾ ਹੈ।
ਰਾਜਨਦੀਪ ਕੌਰ ਮਾਨ, ਈਮੇਲ
(2)
‘ਬਟੂਏ ਦੀ ਸ਼ਰਾਰਤ’ ਪੜ੍ਹ ਕੇ ਅਹਿਸਾਸ ਹੋਇਆ ਕਿ ਉੱਚ ਵਰਗ ਵੱਲੋਂ ਕਮਜ਼ੋਰ ਵਰਗ ਨੂੰ ਦਬਾਉਣਾ ਆਮ ਗੱਲ ਹੈ। ਜ਼ੋਰ, ਜ਼ਬਰਦਸਤੀ, ਇਲਜ਼ਾਮ ਅਕਸਰ ਉਨ੍ਹਾਂ ਦੇ ਹਿੱਸੇ ਜਲਦੀ ਆਉਂਦੇ ਹਨ। ਇਸੇ ਬੇਸਮਝੀ ਕਾਰਨ ਗ਼ਰੀਬ ਵਰਗ ਸਮਾਜਿਕ, ਆਰਥਿਕ, ਰਾਜਨੀਤਕ, ਸਿਹਤ ਅਤੇ ਸਿੱਖਿਆ ਪੱਖੋਂ ਬੇਹੱਦ ਪਿਛਾਂਹ ਰਹਿ ਗਿਆ ਹੈ। ਇਸ ਦਾ ਮੁੱਖ ਕਾਰਨ ਸਾਡੀ ਗ਼ਰੀਬ ਸੋਚ ਹੈ ਜਿਸ ਅਨੁਸਾਰ ਅਸੀਂ ਉਨ੍ਹਾਂ ਦੇ ਪ੍ਰਤੀ ਨਾਂਹਪੱਖੀ ਵਿਚਾਰਾਂ ਨੂੰ ਵਧੇਰੇ ਥਾਂ ਦੇ ਦਿੱਤੀ ਹੈ।
ਗੁਰਮੀਤ ਕੌਰ, ਜਲੰਧਰ
ਜੀਵ ਜੰਤੂਆਂ ਦੀ ਦੁਨੀਆਂ
2 ਅਪਰੈਲ ਦੀ ਪ੍ਰੀਤਮਾ ਦੋਮੇਲ ਦੀ ਰਚਨਾ ‘ਬੇਜ਼ਬਾਨਾਂ ਦੀਆਂ ਬਾਤਾਂ’ ਪੜ੍ਹੀ। ਮਨ ਭਾਵੁਕ ਹੋ ਗਿਆ। ਅੱਜ ਜਦੋਂ ਸਾਰੇ ਪਾਸੇ ਪਦਾਰਥਵਾਦੀ ਸੋਚ ਭਾਰੂ ਹੈ ਤੇ ਮਨੁੱਖ ਮਾਇਆ ਲਈ ਹਰ ਪੁੱਠੇ ਸਿੱਧੇ ਤਰੀਕੇ ਵਰਤ ਰਿਹਾ ਹੈ ਤ ਕੁਦਰਤ ਤੋਂ ਲਗਾਤਾਰ ਦੂਰ ਹੋ ਰਿਹਾ ਹੈ ਪਰ ਕੁਦਰਤ ਵਿਚ ਅਠਖੇਲੀਆਂ ਕਰਦੇ ਜੀਵ ਜੰਤੂਆਂ ਦੀ ਆਪਣੀ ਵੱਖਰੀ ਦੁਨੀਆਂ ਹੈ। ਇਸੇ ਲਈ ਸਾਨੂੰ ਭੱਜ ਦੌੜ ਦੀ ਜ਼ਿੰਦਗੀ ਵਿਚੋਂ ਕੁਝ ਸਮਾਂ ਕੱਢ ਕੇ ਇਨ੍ਹਾਂ ਪਸ਼ੂ-ਪੰਛੀਆਂ ਤੇ ਕੁਦਰਤ ਨਾਲ ਸਾਂਝ ਪਾਉਣੀ ਚਾਹੀਦੀ ਹੈ।
ਜਗਦੇਵ ਸਿੰਘ ਝੱਲੀ, ਚੌਕੀਮਾਨ (ਲੁਧਿਆਣਾ)
ਬੀਜ ਕੰਪਨੀਆਂ ਨੂੰ ਖੁੱਲ੍ਹੀ ਛੁੱਟੀ?
3 ਅਪਰੈਲ ਦਾ ਸੰਪਾਦਕੀ ‘ਬੀਜ ਬਿੱਲ – ਕੰਪਨੀਆਂ ਦਾ ਕਬਜ਼ਾ’ ਪੜ੍ਹਿਆ। ਜਦੋਂ ਤੋਂ ਕੀਟਨਾਸ਼ਕਾਂ ’ਤੇ ਕਿਸਾਨਾਂ ਦੀ ਨਿਰਭਰਤਾ ਵਧੀ ਹੈ, ਕੰਪਨੀਆਂ ਮਹਿੰਗੇ ਬੀਜ ਕਿਸਾਨਾਂ ਨੂੰ ਦੇ ਕੇ ਲੁੱਟ ਕਰ ਰਹੀਆਂ ਹਨ। ਗੁਜਰਾਤ ਦੀਆਂ ਕੰਪਨੀਆਂ ਵੱਲੋਂ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਵੇਚੇ ਜਾਣ ਵਾਲੇ ਬੀਟੀ ਨਰਮੇ ਦੇ ਬੀਜ ਇਸ ਦੀ ਉਦਾਹਰਨ ਹਨ। ਬਿਨਾਂ ਸ਼ੱਕ ਕਾਰਪੋਰੇਟ ਪੱਖੀ ਹਾਕਮ ਧਿਰ ਬਹੁਗਿਣਤੀ ਦਾ ਫ਼ਾਇਦਾ ਉਠਾ ਕੇ ਪਹਿਲਾਂ 3 ਕਿਸਾਨ ਵਿਰੋਧੀ ਬਿੱਲ, ਤੇ ਹੁਣ ਬੀਜ ਬਿੱਲ 2019 ਪਾਸ ਕਰ ਕੇ ਕਿਸਾਨਾਂ ਦਾ ਲੱਕ ਤੋੜਨ ’ਤੇ ਤੁਲੀ ਹੋਈ ਹੈ। ਪਹਿਲਾਂ 2004 ਵਿਚ ਵੀ ਅਜਿਹੀ ਕੋਸ਼ਿਸ਼ ਹੋਈ ਪਰ ਸੰਸਦ ਦੀ ਸਥਾਈ ਕਮੇਟੀ ਦੀ ਆਲੋਚਨਾ ਨਾਲ ਬਿੱਲ ਟਲ਼ ਗਿਆ ਸੀ।
ਵਿਸ਼ਵਦੀਪ ਬਰਾੜ, ਮਾਨਸਾ