ਗੁਲਾਮੀ ਦੀਆਂ ਜੜ੍ਹਾਂ
ਨਜ਼ਰੀਆ ਪੰਨੇ ’ਤੇ ਦੇਵੇਂਦ੍ਰ ਪਾਲ ਦਾ ਲਿਖਿਆ ਲੇਖ ‘ਕਾਗਜ਼ੀ ਆਜ਼ਾਦੀ ਅਤੇ ਗੁਲਾਮੀ ਦੀਆਂ ਜੜ੍ਹਾਂ’ (22 ਸਤੰਬਰ) ਪੜ੍ਹਿਆ। ਲੇਖ ਤੱਥਾਂ ’ਤੇ ਆਧਾਰਿਤ ਅਤੇ ਜਾਣਕਾਰੀ ਵਿਚ ਵਾਧਾ ਕਰਨ ਵਾਲਾ ਸੀ। ਫਰਾਂਸੀਸੀ ਫਿਲਾਸਫਰ ਮਿਸ਼ੇਲ ਫੂਕੋ ਦੀਆਂ ਟੁਕਾਂ ‘ਸੋਨੇ ਤੇ ਸੁਹਾਗੇ’ ਜਿਹਾ ਕੰਮ ਕੀਤਾ ਪਰ ਆਖ਼ਰੀ ਇਕ ਸਤਰ ਨੇ ਸਾਰੇ ‘ਗੁੜ ਨੂੰ ਗੋਬਰ’ ਕਰ ਦਿੱਤਾ। ਇਹ ਸਤਰ ਹੈ: ‘ਇਹ ਸਮੇਂ ਜਮਹੂਰੀਅਤ ਲਈ ਦੁਆ ਕਰਨ ਦੇ ਹਨ’। ਜੇ ਦੁਆ ਕਰਨ ਨਾਲ ਹੀ ਮਸਲੇ ਹੱਲ ਹੁੰਦੇ ਹੋਣ ਤਾਂ ਇਹ ਸੌਖਾ ਜਿਹਾ ਕੰਮ ਤਾਂ ਬੜੇ ਸ਼ੌਕ ਨਾਲ ਲੋਕ ਕਰਨ ਲਈ ਤਿਆਰ ਹੋ ਜਾਣਗੇ। ਲਿਖਣਾ ਚਾਹੀਦਾ ਸੀ ਕਿ ‘ਇਹ ਸਮੇਂ ਜਮਹੂਰੀਅਤ ਲਈ ਇਕਮੁੱਠ ਹੋ ਕੇ ਸੰਘਰਸ਼ ਕਰਨ ਦੇ ਹਨ।
ਸਹਿਦੇਵ ਕਲੇਰ, ਕਲੇਰ ਕਲਾਂ (ਗੁਰਦਾਸਪੁਰ)
ਕਾਰਪੋਰੇਟ ਬਨਾਮ ਜ਼ਮੀਨ
29 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਮੋਹਨ ਸਿੰਘ ਦਾ ਲੇਖ ‘ਘਟਦਾ ਖੇਤੀ ਰਕਬਾ ਅਤੇ ਕਾਰਪੋਰੇਟ ਦੇ ਤੇਜ਼ ਹੁੰਦੇ ਕਬਜ਼ੇ’ ਐਨ ਢੁੱਕਵੇਂ ਸਮੇਂ ਦੀ ਲਿਖਤ ਹੈ। ਹੁਣ ਸਰਕਾਰਾਂ ਦੀਆਂ ਅਜਿਹੀਆਂ ਜ਼ਮੀਨਾਂ ਬਾਰੇ ਵੱਧ ਤੋਂ ਵੱਧ ਪ੍ਰਚਾਰ ਕਰਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਲੋਕਾਂ ਦੀ ਲਾਮਬੰਦੀ ਲਈ ਜ਼ਮੀਨ ਤਿਆਰ ਕਰਨੀ ਚਾਹੀਦੀ ਹੈ; ਨਹੀਂ ਤਾਂ ਕਾਰਪੋਰੇਟ ਸਚਮੁੱਚ ਕਿਸਾਨਾਂ ਨੂੰ ਨਿਗਲ ਜਾਣਗੇ।
ਗੁਰਜੰਟ ਸਿੰਘ, ਕਪੂਰਥਲਾ
ਜਿੱਤ ਤੇ ਹਾਰ
28 ਦਸੰਬਰ ਦੇ ਅੰਕ ਵਿਚ ਪ੍ਰਿੰ. ਗੁਰਦੀਪ ਸਿੰਘ ਢੁੱਡੀ ਦਾ ਲੇਖ ‘ਜਿੱਤ ਤੇ ਹਾਰ ਦਾ ਫ਼ਰਕ’ ਢਹਿੰਦੀ ਕਲਾ ’ਚੋਂ ਕੱਢਣ ਵਾਲਾ ਹੈ। ਜਿੱਤ-ਹਾਰ ਮਾਨਸਿਕ ਅਵਸਥਾਵਾਂ ਹਨ। ਮਨ ਦੇ ਹਾਰੇ ਹਾਰ ਹੈ, ਮਨ ਦੇ ਜਿੱਤਿਆਂ ਜਿੱਤ ਹੈ। ਸਭ ਕੁਝ ਸੰਭਵ ਹੈ, ਲੋੜ ਹੈ ਉੱਦਮ ਤੇ ਮਿਹਨਤ ਦੀ ਜਿਸ ਨਾਲ ਹਾਰ ਵੀ ਜਿੱਤ ਵਿਚ ਬਦਲ ਜਾਂਦੀ ਹੈ।
ਸੁਖਬੀਰ ਕੌਰ ਮਨੂਰ (ਬਠਿੰਡਾ)
ਟਾਈਗਰ ਦੀ ਪਛਾਣ
ਚੀਤੇ ਅਤੇ ਬਾਘ ਦੀ ਪਛਾਣ ਦਾ ਮਸਲਾ 24 ਸਤੰਬਰ ਦੇ ਸਤਰੰਗ ਪੰਨੇ ’ਤੇ ਗੁਰਮੀਤ ਸਿੰਘ ਨੇ ਨਜਿੱਠਿਆ ਹੈ। ਇਹ ਭੁਲੇਖਾ ਕਿਉਂ ਪੈਂਦਾ ਹੈ? ਇਸ ਦਾ ਕਾਰਨ ਲੱਭਦਾ ਹੈ, ਜਦੋਂ ਇਨ੍ਹਾਂ ਜਾਨਵਰਾਂ ਦੇ ਅੰਗਰੇਜ਼ੀ ਨਾਵਾਂ ਦੇ ਮੁਕਾਬਲੇ ਪੰਜਾਬੀ ਸ਼ਬਦ ਕੋਸ਼ਾਂ ਵਿਚ ਪੰਜਾਬੀ ਨਾਂ ਦੇਖੇ ਜਾਂਦੇ ਹਨ। ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੇ ਅੰਗਰੇਜ਼ੀ-ਪੰਜਾਬੀ ਸ਼ਬਦਕੋਸ਼ ਵਿਚ ਟਾਈਗਰ (Tiger) ਦੇ ਸਾਹਮਣੇ ਅਰਥ ਦਿੱਤੇ ਹੋਏ ਹਨ: ਸ਼ੇਰ, ਸ਼ੀਂਹ, ਬਾਘ, ਚੀਤਾ, ਚਿਤਰਾ। ਪੈਂਥਰ (Panther) ਦੇ ਸਾਹਮਣੇ ਲਿਖਿਆ ਹੈ: ਚੀਤਾ, ਬਾਘ। Leopard ਦੇ ਸਾਹਮਣੇ: ਚੀਤਾ, ਚਿਤਰਾ। Lion ਦੇ ਸਾਹਮਣੇ ਸ਼ੇਰ, ਬੱਬਰ ਸ਼ੇਰ, ਸ਼ੀਂਹ ਲਿਖਿਆ ਹੈ। ਇਸ ਤਰ੍ਹਾਂ ਇਹ ਸਾਰੇ ਭਿੰਨਤਾ ਬਾਵਜੂਦ ਰਲਗੱਡ ਹੋ ਗਏ ਹਨ। ਚੀਤੇ ਤੇ ਬਾਘ ਦੀ ਪਛਾਣ ਦੇ ਚਿੰਨ ਸਪੱਸ਼ਟ ਹੋ ਗਏ ਹਨ ਪਰ Tiger ਕਹੇ ਜਾਣ ਵਾਲੇ ਨੂੰ ਪੰਜਾਬੀ ਵਿਚ ਕੀ ਕਹੀਏ? ਜਿਸ ਦੇ ਸਰੀਰ ’ਤੇ ਕਾਲੀਆਂ ਪੱਟੀਆਂ ਹੁੰਦੀਆਂ ਹਨ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਰਾਹ ਪਾਉਣ ਵਾਲੇ
23 ਸਤੰਬਰ ਨੂੰ ਅਵਨੀਤ ਕੌਰ ਦੀ ਰਚਨਾ ‘ਦਸਤਕ’ ਵਿਚ ਚੰਗੇ ਅਤੇ ਸਿੱਧੇ ਰਾਹ ਪਾਉਣ ਵਾਲੇ ਅਧਿਆਪਕਾਂ ਬਾਰੇ ਦੱਸਿਆ ਗਿਆ ਹੈ। ਇਸ ਵਿਚ ਉਨ੍ਹਾਂ ਅਧਿਆਪਕਾਂ ਦੀ ਤਾਂਘ ਝਾਤੀਆਂ ਮਾਰਦੀ ਹੈ ਜਿਹੜੇ ਔਖੀ ਪ੍ਰੀਖਿਆ ਨੂੰ ਆਸਾਨ ਖੇਡ ਸਮਝ ਕੇ ਖੇਡਣ ਲਈ ਬੱਚਿਆਂ ਨੂੰ ਤਿਆਰ ਕਰਦੇ ਹਨ। ਉਨ੍ਹਾਂ ਪ੍ਰੀਖਿਆਵਾਂ ਨੂੰ ਕੇਵਲ ਵੱਧ ਅੰਕ ਪ੍ਰਾਪਤ ਕਰਨ ਵਾਲੀ ਪ੍ਰਕਿਰਿਆ ਸਮਝ ਕੇ ਅਜਿਹੇ ਪ੍ਰਸ਼ਨ ਪੱਤਰ ਤਿਆਰ ਕਰਦੇ ਹਨ ਜੋ ਜੀਵਨ ਭਰ ਕੰਮ ਆਉਣ। ਇਸ ਤੋਂ ਪਹਿਲਾਂ 22 ਸਤੰਬਰ ਨੂੰ ਛਪੇ ਮਿਡਲ ‘ਹਵਾ ਦਾ ਰੁਖ਼’ ਵਿਚ ਕੁਲਮਿੰਦਰ ਕੌਰ ਨੇ ਜੀਵਨ ਵਿਚ ਆਪਣਾ ਟੀਚਾ ਨਿਸ਼ਚਿਤ ਕਰਕੇ ਮੰਜ਼ਿਲ ਪ੍ਰਾਪਤ ਕਰਨ ਦੀ ਪ੍ਰੇਰਨਾ ਦਿੱਤੀ ਹੈ। ਜੇ ਹਾਲਾਤ ਨਾਲ ਸਮਝੌਤਾ ਕਰਦੇ ਰਹਾਂਗੇ ਤਾਂ ਜ਼ਿੰਦਗੀ ਵਿਚ ਅੱਗੇ ਤਾਂ ਵਧ ਜਾਵਾਂਗੇ ਪਰ ਜ਼ਿੰਦਗੀ ਨੂੰ ਮਾਨਣ ਦੀ ਥਾਂ ਕੱਢਣ ਦੀ ਕੋਸ਼ਿਸ਼ ਵਧੇਰੇ ਕਰਾਂਗੇ। ਇਸ ਲਈ ਆਪਣਾ ਰਸਤਾ ਆਪ ਤਕਦੀਰ ਨਾਲ ਲੜ ਕੇ ਬਣਾਉ।
ਨਵਜੀਤ ਕੌਰ, ਸੁਲਤਾਨਪੁਰ (ਮਾਲੇਰਕੋਟਲਾ)
ਪੰਜਾਬ ਦੀ ਖੇਤੀ ਨੀਤੀ
17 ਸਤੰਬਰ ਦੇ ਅੰਕ ਵਿਚ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਪੰਜਾਬ ਲਈ ਖੇਤੀਬਾੜੀ ਨੀਤੀ ਦਾ ਮਸਲਾ’ ਪੜ੍ਹਿਆ। ਪੰਜਾਬੀ ਕਿਸਾਨ ਅਤੇ ਕਿਰਤੀ ਦੀ ਮਿਹਨਤ ਨੇ ਹਰੀ ਕ੍ਰਾਂਤੀ ਨਾਲ ਸੂਬੇ ਅਤੇ ਦੇਸ਼ ਨੂੰ ਖੁਰਾਕ ਦੀ ਸੁਰੱਖਿਆ ਮੁਹੱਈਆ ਕਰਵਾਈ ਪਰ ਹੈਰਾਨੀ ਦੀ ਗੱਲ ਹੈ ਕਿ ਸੂਬੇ ਦੇ ਵਿਕਾਸ ਲਈ ਸਰਕਾਰਾਂ ਨੇ ਖੇਤੀ ਨੂੰ ਸੰਕਟ ਵਿਚੋਂ ਕੱਢਣ ਲਈ ਕੋਈ ਲੰਮੇ ਸਮੇਂ ਲਈ ਟਿਕਾਊ ਨੀਤੀ ਨਹੀਂ ਅਪਣਾਈ ਜਿਸ ਨਾਲ ਸੂਬੇ ਦੇ ਵਾਤਾਵਰਨ ਤੇ ਮਿੱਟੀ ਦੀ ਉਪਜਾਊ ਸ਼ਕਤੀ ਵਿਚ ਵਿਗਾੜ ਪੈਦਾ ਹੋ ਗਿਆ। ਹੋਰ ਵੀ ਅਫ਼ਸੋਸਨਾਕ ਪਹਿਲੂ ਇਹ ਹੈ ਕਿ ਸਰਕਾਰਾਂ ਨੇ ਖੇਤੀ ਦੇ ਵਿਕਾਸ ਲਈ ਬਣਾਈਆਂ ਵੱਖੋ-ਵੱਖ ਵਿਦਵਾਨਾਂ ਦੀਆਂ ਕਮੇਟੀਆਂ ਦੇ ਸੁਝਾਵਾਂ ਨੂੰ ਅਣਗੌਲਿਆਂ ਕੀਤਾ ਹੈ। ਡਾ. ਭੰਗੂ ਨੇ ਲੇਖ ਰਾਹੀਂ ਐਨ ਸਮੇਂ ਸਿਰ ਮੌਜੂਦਾ ਸਰਕਾਰ ਅਤੇ ਲੋਕਾਂ ਨੂੰ ਖੇਤੀਬਾੜੀ ਨੀਤੀ ਬਣਾਉਣ ਬਾਰੇ ਜਾਗਰੂਕ ਕਰਨ ਦਾ ਯਤਨ ਕੀਤਾ ਹੈ।
ਡਾ. ਸੰਤ ਸੁਰਿੰਦਰਪਾਲ ਸਿੰਘ, ਰੂਪਨਗਰ
(2)
17 ਸਤੰਬਰ ਅੰਕ ਦੇ ਲੇਖ ‘ਪੰਜਾਬ ਲਈ ਖੇਤੀਬਾੜੀ ਨੀਤੀ ਦਾ ਮਸਲਾ’ ਵਿਚ ਡਾ. ਕੇਸਰ ਸਿੰਘ ਭੰਗੂ ਨੇ ਪੰਜਾਬ ਲਈ ਖੇਤੀ ਨੀਤੀ ਬਾਰੇ ਮੁੜ ਵਿਚਾਰ ਕਰਨ ’ਤੇ ਜ਼ੋਰ ਦਿੱਤਾ ਹੈ। ਦਰਅਸਲ ਖੇਤੀ ਹੁਣ ਮੁਨਾਫ਼ੇ ਵਾਲਾ ਕਿੱਤਾ ਨਹੀਂ। ਇਸ ਵਿਚ ਲਗਾਤਾਰ ਨਿਘਾਰ ਆ ਰਿਹਾ ਹੈ। ਸਰਕਾਰ ਦੀਆਂ ਨੀਤੀਆਂ ਵੀ ਕਿਸਾਨਾਂ ਦੇ ਖ਼ਿਲਾਫ਼ ਭੁਗਤਦੀਆਂ ਜਾਪਦੀਆਂ ਹਨ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੀ ਪਛੜ ਰਹੀ ਹੈ; ਫ਼ਸਲੀ ਚੱਕਰ ਵਿਚ ਤਬਦੀਲੀ ਲਈ ਕਿਸਾਨ ਸਹਿਮਤ ਨਹੀਂ। ਵਾਹੀਯੋਗ ਜ਼ਮੀਨਾਂ ਲਗਾਤਾਰ ਘਟ ਰਹੀਆਂ ਹਨ ਤੇ ਨੌਜਵਾਨਾਂ ਦੀ ਦੌੜ ਵਿਦੇਸ਼ਾਂ ਵੱਲ ਹੈ। ਕੁਲ ਮਿਲਾ ਕੇ ਖੇਤੀ ਧੰਦਾ ਹੁਣ ਦਿਸ਼ਾਹੀਣ ਜਿਹਾ ਲੱਗ ਰਿਹਾ ਹੈ। ਹਾਂ, ਜੇਕਰ ਕੇਂਦਰ ਸਰਕਾਰ ਕਿਸਾਨਾਂ ਅਤੇ ਖੋਜੀ ਵਿਗਿਆਨੀਆਂ ਦੀ ਮਦਦ ਨਾਲ ਕੋਈ ਨਵੀਂ ਠੋਸ ਨੀਤੀ ਲਿਆਵੇ ਤਾਂ ਇਹ ਕਿੱਤਾ ਮੁੜ ਪੈਰਾਂ ਸਿਰ ਅਤੇ ਮੁਨਾਫ਼ੇ ਵਾਲਾ ਹੋ ਸਕਦਾ ਹੈ।
ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)
ਸਿਉਂਕ ਲੱਗੇ ਦਰੱਖਤ
ਸੜਕਾਂ ਕਿਨਾਰੇ ਦਰੱਖਤਾਂ ਦੀ ਸੰਭਾਲ ਜ਼ਰੂਰੀ ਹੈ। ਸੁੱਕ ਚੁੱਕੇ ਅਤੇ ਸਿਉਂਕ ਖਾਧੇ ਦਰੱਖਤ ਸੜਕਾਂ ਤੋਂ ਹਟਾ ਦੇਣੇ ਚਾਹੀਦੇ ਹਨ ਕਿਉਂਕਿ ਅਜਿਹੇ ਦਰੱਖਤ ਰਾਹੀਆਂ ਦੀ ਜਾਨ ਲਈ ਖ਼ਤਰਾ ਬਣਦੇ ਹਨ। ਰੋਜ਼ਾਨਾ ਹੀ ਵਾਹਨਾਂ ਉੱਪਰ ਦਰੱਖਤ ਡਿੱਗਣ ਦੀਆਂ ਖ਼ਬਰਾਂ ਨਜ਼ਰ ਪੈਂਦੀਆਂ ਹਨ। ਬਹੁਤ ਲੋਕ ਜਾਨ ਤੋਂ ਹੱਥ ਧੋ ਬੈਠਦੇ ਹਨ। ਸਰਕਾਰ ਤੇ ਪ੍ਰਸ਼ਾਸਨ ਪਹਿਲ ਦੇ ਆਧਾਰ ’ਤੇ ਜੰਗਲਾਤ ਵਿਭਾਗ ਨੂੰ ਇਸ ਸਮੱਸਿਆ ਦੇ ਹੱਲ ਲਈ ਹੁਕਮ ਜਾਰੀ ਕਰਨ।
ਮਾਸਟਰ ਰਾਜਿੰਦਰ ਸਿੰਘ ਲੱਲੋਂ, ਅਮਲੋਹ (ਫਤਹਿਗੜ੍ਹ ਸਾਹਿਬ)