ਕਿਸਾਨ ਸੰਘਰਸ਼ ਦੇ ਅਰਸੇ ਬਾਰੇ
ਪਹਿਲੀ ਅਪਰੈਲ ਨੂੰ ਦੋ ਨੰਬਰ ਪੰਨੇ ਉੱਪਰ ਖ਼ਬਰ ਹੈ: ‘ਪੰਜਾਬ ਵਿਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਦੇ ਛੇ ਮਹੀਨੇ ਮੁਕੰਮਲ’। ਆਮ ਕਰ ਕੇ ਕਿਸਾਨ ਸੰਘਰਸ਼ ਦੀ ਸ਼ੁਰੂਆਤ ਪਹਿਲੀ ਅਕਤੂਬਰ ਤੋਂ ਗਿਣੀ ਜਾਂਦੀ ਹੈ ਪਰ ਪੰਜਾਬ ਅੰਦਰ ਸੰਘਰਸ਼ ਦੀਆਂ ਸਰਗਰਮੀਆਂ ਦੀ ਸ਼ੁਰੂਆਤ ਜੂਨ ਤੋਂ ਹੋ ਗਈ ਸੀ। ਜੁਲਾਈ ਦੇ ਆਖ਼ਰੀ ਦਿਨਾਂ ਤੋਂ ਸੰਘਰਸ਼ ਐਕਸ਼ਨਾਂ ਦੀ ਲੜੀ ਚੱਲੀ ਹੋਈ ਹੈ। ਸਤੰਬਰ ਦਾ ਪੂਰਾ ਮਹੀਨਾ ਹੀ ਵੱਡੇ ਜਨਤਕ ਇਕੱਠਾਂ, ਲਗਾਤਾਰ ਧਰਨਿਆਂ, ਪੰਜਾਬ ਬੰਦ ਦੇ ਐਕਸ਼ਨਾਂ ਤੇ ਰੇਲ ਰੋਕੋ ਐਕਸ਼ਨਾਂ ਦਾ ਸੀ। ਪਹਿਲੀ ਅਕਤੂਬਰ ਤੋਂ ਤਾਂ ਲਗਾਤਾਰ ਘਿਰਾਓ ਐਕਸ਼ਨਾਂ ਦੀ ਸ਼ੁਰੂਆਤ ਹੋਈ ਸੀ। ਇਉਂ ਜਥੇਬੰਦੀਆਂ ਦਾ ਆਧਾਰ ਘੇਰਾ ਅਤੇ ਆਗੂ ਕਾਰਕੁਨ ਪਿਛਲੇ ਨੌਂ ਮਹੀਨਿਆਂ ਤੋਂ ਲਗਾਤਾਰ, ਜੀਅ-ਜਾਨ ਨਾਲ ਲਾਮਬੰਦੀ ’ਚ ਜੁਟੇ ਹੋਏ ਹਨ।
ਪਾਵੇਲ ਕੁੱਸਾ, ਈਮੇਲ
ਸੰਸਦ ਅਤੇ ਸਰਕਾਰ
31 ਮਾਰਚ ਨੂੰ ਸਵਰਾਜਬੀਰ ਦਾ ਲੇਖ ‘ਭਾਰਤੀ ਸੰਸਦ : ਰਫ਼ਤਾਰ ਅਤੇ ਮਿਆਰ’ ਪੜ੍ਹਿਆ। ਭਾਰਤੀ ਸੰਸਦ ਸਭ ਲੋਕਾਂ ਲਈ ਅਹਿਮ ਰੋਲ ਅਦਾ ਕਰਦੀ ਹੈ। ਜਿੰਨੇ ਵੀ ਬਿੱਲ ਸੰਸਦ ਵਿਚ ਪਾਸ ਹੁੰਦੇ ਹਨ, ਇਹ ਸਾਰੇ ਲੋਕਾਂ ’ਤੇ ਬਾਕਾਇਦਾ, ਲੰਮੇ ਸਮੇਂ ਲਈ ਅਸਰ ਕਰਦੇ ਹਨ ਪਰ ਹੁਣ ਕੇਂਦਰ ਸਰਕਾਰ ਨੇ ਜਿਸ ਰਫ਼ਤਾਰ ਅਤੇ ਤਰੀਕੇ ਨਾਲ ਬਿੱਲ ਪਾਸ ਕਰਵਾਏ ਹਨ, ਉਹ ਬਿਲਕੁਲ ਵਾਜਬਿ ਨਹੀਂ। ਮੌਜੂਦਾ ਸਰਕਾਰ ਦੌਰਾਨ ਅੱਜ ਤਕ ਸੰਸਦ ਵਿਚ ਜਿੰਨੇ ਵੀ ਬਿੱਲ ਪਾਸ ਹੋਏ ਹਨ, ਜ਼ਿਆਦਾਤਰ ਬਿੱਲਾਂ ਦਾ ਵਿਰੋਧ ਹੀ ਹੋ ਰਿਹਾ ਹੈ। ਬਿੱਲ ਪਾਸ ਕਰਨ ਤੋਂ ਪਹਿਲਾਂ ਸੰਸਦੀ ਕਮੇਟੀ ਨੂੰ ਭੇਜਿਆ ਜਾਂਦਾ ਹੈ ਪਰ ਸਰਕਾਰ ਬਹੁਮਤ ਦਾ ਫ਼ਾਇਦਾ ਚੁੱਕ ਕੇ ਜਲਦੀ ਬਿੱਲ ਪਾਸ ਕਰ ਰਹੀ ਹੈ। ਹੁਣ ਸਾਫ਼ ਜ਼ਾਹਿਰ ਹੈ ਕਿ ਸਰਕਾਰ ਆਪਣੀ ਮਨਮਰਜ਼ੀ ਕਰ ਰਹੀ ਹੈ।
ਹਰਦੇਵ ਸਿੰਘ, ਪਿੱਪਲੀ (ਕੁਰੂਕਸ਼ੇਤਰ)
ਔਰਤ ਦੀ ਉਡਾਣ
31 ਮਾਰਚ ਦਾ ਮਿਡਲ ‘ਸ਼ਹੀਦ ਕੁੜੀ ਦਾ ਸਿਰੜ’ ਪੜ੍ਹਿਆ। ਇੰਨੀ ਕੁ ਉਮਰ ਦੀ ਜ਼ੋਇਆ ਅੰਦਰ ਦਲੇਰੀ ਅਤੇ ਕੁਰਬਾਨੀ ਦਾ ਜੋਸ਼ ਸ਼ਲਾਘਾਯੋਗ ਹੈ। ਅੱਜ ਵੀ ਅਜਿਹੀ ਹਿੰਮਤ ਦੀ ਲੋੜ ਹੈ ਤਾਂ ਜੋ ਔਰਤ ਨਾਲ ਹੁੰਦੀਆਂ ਵਧੀਕੀਆਂ ਦਾ ਔਰਤ ਵੱਲੋਂ ਡਟ ਕੇ ਸਾਹਮਣਾ ਕੀਤਾ ਜਾਵੇ। ਰੂਸ ਦੀ ਜਾਈ ਇਸ ਧੀ ਨੇ ਸਾਬਿਤ ਕਰ ਦਿੱਤਾ ਕਿ ਔਰਤ ਕਿੰਨੀ ਉੱਚੀ ਉਡਾਣ ਭਰ ਸਕਦੀ ਹੈ।
ਗੁਰਮੀਤ ਕੌਰ, ਜਲੰਧਰ
ਏਕੇ ਦੀ ਬਰਕਤ
26 ਮਾਰਚ ਨੂੰ ਨਜ਼ਰੀਆ ਪੰਨੇ ਉੱਤੇ ਯਸ਼ਪਾਲ ਦਾ ਲੇਖ ‘ਕਾਰਪੋਰੇਟੀ ਚਾਲਾਂ ਖ਼ਿਲਾਫ਼ ਮਿਲ ਕੇ ਲੜਨਾ ਜ਼ਰੂਰੀ’ ਵਿਚ ਅੱਜ ਦੇ ਭਾਰਤ ਦੀ ਤਸਵੀਰ ਪੇਸ਼ ਕੀਤੀ ਗਈ ਹੈ। ਜਦੋਂ ਕੁਲ ਲੋਕਾਈ ਕੋਵਿਡ-19 ਦੇ ਡਰ ਤੋਂ ਆਪਣੇ ਆਪ ਨੂੰ ਬਚਾਉਣ ਲਈ ਯਤਨਸ਼ੀਲ ਹੈ ਤਾਂ ਕੇਂਦਰ ਸਰਕਾਰ ਨਿੱਤ ਨਵੇਂ ਕਾਨੂੰਨ ਬਣਾ ਕੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ। ਇਸ ਵਰਤਾਰੇ ਦੇ ਕਈ ਕਾਰਨ ਜਾਪਦੇ ਹਨ। ਪਹਿਲਾਂ ਤਾਂ ਕਮਜ਼ੋਰ ਵਿਰੋਧੀ ਪਾਰਟੀ ਦਾ ਹੋਣਾ ਹੀ ਹੈ। ਅਜਿਹੀ ਸੂਰਤ ਵਿਚ ਵੱਖ ਵੱਖ ਧਿਰਾਂ ਵਿਚਕਾਰ ਏਕਾ ਜ਼ਰੂਰੀ ਹੈ। ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)
ਸਾਹਿਤਕ ਚੈਂਪੀਅਨ
ਪ੍ਰਿੰਸੀਪਲ ਸਰਵਣ ਸਿੰਘ ਕਲਮ ਦੇ ਧਨੀ ਹਨ। ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਵਿਚ ਤਾਂ ਉਨ੍ਹਾਂ ਦਾ ਕੋਈ ਸਾਨੀ ਨਹੀਂ ਪਰ 25 ਮਾਰਚ ਦੇ ਇੰਟਰਨੈਟ ਪੰਨੇ ‘ਅਦਬੀ ਰੰਗ’ ਵਿਚ ਸਾਹਿਤ ਅਕਾਦਮੀ ਇਨਾਮ ਜੇਤੂ ਗੁਰਦੇਵ ਸਿੰਘ ਰੁਪਾਣਾ ਬਾਰੇ ਲੇਖ ‘ਗ਼ਲਪਕਾਰ ਦਾ ਰਾਸ਼ਟਰੀ ਚੈਂਪੀਅਨ’ ਪੜ੍ਹ ਕੇ ਲੱਗਾ ਕਿ ਉਹ ਸ਼ਖ਼ਸੀ ਚਿਤਰਨ ਵੀ ਕਮਾਲ ਦਾ ਕਰਦੇ ਹਨ। ਉਨ੍ਹਾਂ ਮਜ਼ਾਹੀਆ ਰੰਗਤ ਨਾਲ ਰੁਪਾਣਾ ਜੀ ਦੀ ਸ਼ਖ਼ਸੀਅਤ ਦੀਆਂ ਕਈ ਪਰਤਾਂ ਖੋਲ੍ਹੀਆਂ ਹਨ।
ਪਰਮਜੀਤ ਸਿੰਘ ਪਰਵਾਨਾ, ਪਟਿਆਲਾ
(2)
ਅਦਬੀ ਰੰਗ (25 ਮਾਰਚ) ਵਿਚ ਪ੍ਰਿੰ. ਸਰਵਣ ਸਿੰਘ ਦੁਆਰਾ ਗੁਰਦੇਵ ਸਿੰਘ ਰੁਪਾਣਾ ਬਾਰੇ ਲਿਖਿਆ ਲੇਖ ‘ਗ਼ਲਪਕਾਰੀ ਦਾ ਨੈਸ਼ਨਲ ਚੈਂਪੀਅਨ’ ਬਹੁਤ ਜਾਣਕਾਰੀ ਭਰਪੂਰ ਹੈ। ਇਸ ਤੋਂ ਇਲਾਵਾ ਸਾਈਕਲ ਬਾਰੇ ਕਵਿਤਾਵਾਂ ਮੈਂ ਪਹਿਲੀ ਵਾਰ ਪੜ੍ਹੀਆਂ, ਬਹੁਤ ਦਿਲਚਸਪ ਲੱਗੀਆਂ।
ਰਾਜਨਦੀਪ ਕੌਰ ਮਾਨ, ਈਮੇਲ
ਮੁਹੱਬਤ ਬਨਾਮ ਨਫ਼ਰਤ
31 ਮਾਰਚ ਨੂੰ ਨਜ਼ਰੀਆ ਪੰਨੇ ’ਤੇ ਸੁਰਿੰਦਰ ਸਿੰਘ ਤੇਜ ਦਾ ਲੇਖ ‘ਬੇਲਗ਼ਾਮ ਮੁਹੱਬਤ, ਮਾਸੂਮੀਅਤ ਤੇ ਇਨਸਾਨੀਅਤ’ ਪੜ੍ਹਿਆ। ਇਹ ਸੱਚਮੁੱਚ ਹੀ ਸਾਡੇ ਦਿਲਾਂ ’ਤੇ ਡੂੰਘੀ ਛਾਪ ਛੱਡਣ ਵਾਲਾ ਹੈ। ਆਜ਼ਾਦੀ ਦੇ ਇੰਨੇ ਵਰ੍ਹੇ ਬੀਤ ਜਾਣ ਮਗਰੋਂ ਵੀ ਸਾਡੇ ਮਨਾਂ ’ਚ ਨਫ਼ਰਤ ਅਤੇ ਦੁਸ਼ਮਣੀ ਭਰੀ ਜਾ ਰਹੀ ਹੈ। ਭਾਰਤ ਅਤੇ ਪਾਕਿਸਤਾਨ ਦੋਵਾਂ ਪਾਸੇ ਹੀ ਮੀਡੀਆ ਸੱਚ ਨੂੰ ਛੁਪਾ ਕੇ ਮਸਾਲਾ ਲਾ ਕੇ ਪੇਸ਼ ਕਰਨ ਨੂੰ ਤਰਜੀਹ ਦਿੰਦਾ ਹੈ। ਹਾਮਿਦ ਨੂੰ ਸੂਹੀਆ ਏਜੰਸੀਆਂ ਨੇ ਕਬੂਲ ਕਰਵਾਉਣ ਲਈ ਕਿੰਨੇ ਤਸੀਹੇ ਦਿੱਤੇ। ਜੇ ਪੱਤਰਕਾਰ ਜ਼ੀਨਤ ਸ਼ਹਿਜ਼ਾਦੀ ਨੇ ਮਦਦ ਵੀ ਕੀਤੀ ਤਾਂ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਵੀ ਏਜੰਸੀਆਂ ਵੱਲੋਂ ਲਗਾਤਾਰ ਪ੍ਰੇਸ਼ਾਨ ਕੀਤਾ ਗਿਆ। ਕਹਾਣੀ ਫ਼ਿਲਮ ਵਾਂਗ ਪਰ ਸੱਚੀ ਹੋਣ ਕਾਰਨ ਇਨਸਾਨੀਅਤ ਦੋਵੇਂ ਪਾਸੇ ਜ਼ਿੰਦਾ ਹੈ, ਦਾ ਸਬੂਤ ਪੇਸ਼ ਕਰ ਗਈ।
ਹਰਪ੍ਰੀਤ ਸਿੰਘ (ਬੂਟਾ ਸਿੰਘ ਵਾਲਾ)