ਪੰਜਾਬ ਵਿਚ ਰੁਜ਼ਗਾਰ ਮੇਲੇ ਤੇ ਨੌਕਰੀਆਂ
ਪੰਜਾਬ ਦੀ ਸੱਤਾਧਾਰੀ ਪਾਰਟੀ ਨੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਘਰ ਘਰ ਨੌਕਰੀ ਦਿੱਤੀ ਜਾਵੇਗੀ। ਘਰ ਘਰ ਨੌਕਰੀ ਤਾਂ ਕੀ ਦੇਣੀ ਸੀ ਜੋ ਮਿਲਣ ਦੀ ਆਸ ਸੀ, ਉਹ ਵੀ ਖ਼ਤਮ ਕੀਤੀਆਂ ਜਾ ਰਹੀਆਂ ਹਨ। ਸਿਰਫ਼ ਖਾਨਾਪੂਰਤੀ ਲਈ ਪ੍ਰਾਈਵੇਟ ਅਦਾਰਿਆ ਦੇ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਜੋ ਕਿ ਨੌਜਵਾਨਾਂ ਨੂੰ ਘੱਟ ਤਨਖ਼ਾਹ ’ਤੇ ਰੱਖ ਕੇ ਵੱਧ ਕੰਮ ਲੈ ਕੇ ਨੌਜਵਾਨਾਂ ਦਾ ਸ਼ੋਸ਼ਣ ਹੀ ਕਰਦੇ ਹਨ। ਪੰਜਾਬ ਵਿਚ ਇਸ ਸਮੇਂ ਹਜ਼ਾਰਾਂ ਹੀ ਬੀਐੱਡ ਟੈੱਟ ਪਾਸ ਬੇਰੁਜ਼ਗਾਰ ਫਿਰ ਰਹੇ ਹਨ ਜਿਨ੍ਹਾਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਵੀ ਜੌਬ ਨਹੀਂ ਮਿਲੀ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਰਿਆਣਾ ਵਾਂਗ ਨੌਕਰੀਆਂ ਪੰਜਾਬ ਵਿਚ ਘੱਟੋ ਘੱਟ 85 ਫ਼ੀਸਦੀ ਨੌਕਰੀਆਂ ਪੰਜਾਬ ਦੇ ਵਸਨੀਕਾਂ ਨੂੰ ਮਿਲਣੀਆਂ ਯਕੀਨੀ ਬਣਾਵੇ।
ਗੁਰਦਿੱਤ ਸਿੰਘ ਸੇਖੋਂ, ਦਲੇਲ ਸਿੰਘ ਵਾਲਾ (ਮਾਨਸਾ)
ਖੇਤੀ ਸਹਾਇਕ ਧੰਦੇ ਨੂੰ ਸੱਟ
22 ਮਾਰਚ ਦੀ ਸੰਪਾਦਕੀ ‘ਨਵੇਂ ਅਧਿਕਾਰੀ’ ਅਸਲ ਵਿਚ ਕਿਸਾਨਾਂ ਦੇ ਖੇਤੀ ਸਹਾਇਕ ਧੰਦੇ ’ਤੇ ਸੱਟ ਮਾਰਨ ਜਾਂ ਬੰਦ ਕਰਨ ਦੀਆਂ ਕੋਸ਼ਿਸ਼ਾਂ ਦੀ ਦੱਸ ਪਾਉਂਦੀ ਹੈ। ਇਕ ਪਾਸੇ ਸਰਕਾਰ ਦੇਸੀ ਕੁੱਤੇ ਬਰਾਮਦ ਕਰਨ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਪਸ਼ੂ ਧਨ ਦੇ ਅਦਾਨ/ਪ੍ਰਦਾਨ, ਅੰਤਰਪ੍ਰਾਂਤ ਵਪਾਰ ਅਤੇ ਦਰਾਮਦ ’ਤੇ ਰੋਕ ਲਗਾ ਰਹੀ ਹੈ। ਇਹੀ ਕਾਰਨ ਹੈ ਕਿ ਮੀਟ ਵਪਾਰ ਵਿਚ ਜੀਡੀਪੀ ਦਾ ਹਿੱਸਾ ਘਟ ਰਿਹਾ ਹੈ। ਦੂਸਰੀ ਸੰਪਾਦਕੀ ‘ਘਰੇਲੂ ਬੱਚਤ ਵਿਚ ਗਿਰਾਵਟ’ ਵਿਚ ਨਿੱਜੀ ਕੰਪਨੀਆਂ ਦੀ ਆਮਦ ਵਿਚ ਕਈ ਗੁਣਾ ਵਾਧਾ ਹੋ ਜਾਣਾ, ਨੌਕਰੀਆਂ ਦਾ ਖੁੱਸ ਜਾਣਾ ਅਤੇ ਅਸਾਮੀਆਂ ਦਾ ਪੈਦਾ ਨਾ ਹੋਣਾ, ਦੇਸ਼ ਦੀ ਤਰੱਕੀ ਵਿਚ ਨਿਘਾਰ ਨੂੰ ਕੋਵਿਡ-19 ਦਾ ਬਹਾਨਾ ਹੀ ਜਾਪਦਾ ਹੈ।
ਗੁਰਦਿਆਲ ਸਹੋਤਾ, ਲੁਧਿਆਣਾ
(2)
ਸੰਪਾਦਕੀ ‘ਨਵੇਂ ਅਧਿਕਾਰੀ’ ਕਰਨਾਟਕ ਸੂਬੇ ਵੱਲੋਂ ਪਾਸ ਕੀਤੇ ਪਸ਼ੂ ਹੱਤਿਆ ਰੋਕਥਾਮ ਅਤੇ ਸੁਰੱਖਿਆ ਕਾਨੂੰਨ ਬਾਰੇ ਜਾਣਕਾਰੀ ਦਿੰਦੀ ਹੈ। ਕੋਈ ਵੀ ਸੋਟਾ ਫੜ ਕੇ ਕਿਸੇ ਪਸ਼ੂਆਂ ਦੇ ਚਰਵਾਹੇ ਜਾਂ ਪਸ਼ੂ ਨਾਲ ਤੁਰਦੇ ਬੰਦੇ ਦੇ ਦੁਆਲੇ ਹੋ ਕੇ, ਆਪਣੇ ਆਪ ਨੂੰ ‘ਪਸ਼ੂ ਰੱਖਿਅਕ ਜਨਤਕ ਅਧਿਕਾਰੀ’ ਘੋਸ਼ਿਤ ਕਰ ਸਕੇਗਾ। ਸਹੀ ਟਿੱਪਣੀ ਹੈ ਕਿ ਕਾਨੂੰਨ ਦਾ ਮਕਸਦ ਗਊ ਰੱਖਿਆ ਤੋਂ ਕਿਤੇ ਵੱਧ ਇਸ ਨਾਲ ਜੁੜੀ ਸਿਆਸਤ ਹੈ। ‘ਨਵੇਂ ਅਧਿਕਾਰੀ’ ਦੇ ਹੱਥ ਸੋਟਾ ਫੜਾਉਣ ਦਾ ਅਰਥ ਇਕ ਖ਼ਾਸ ਕਿਸਮ ਦੀ ਮਾਨਸਿਕਤਾ ਉਪਜਾਉਣਾ ਹੋਰ ਵੀ ਸੱਚ ਦੇ ਨੇੜੇ ਹੈ।
ਜਗਰੂਪ ਸਿੰਘ, ਉੱਭਾਵਾਲ (ਸੰਗਰੂਰ)
ਮਾਂ ਦਾ ਪਿਆਰ
22 ਮਾਰਚ ਨੂੰ ਨਜ਼ਰੀਆ ਪੰਨੇ ’ਤੇ ਮਨਿੰਦਰ ਭਾਟੀਆ ਦਾ ਮਿਡਲ ‘ਮਾਤਾ ਦੀਆਂ ਵਾਲੀਆਂ’ ਪੜ੍ਹਿਆ ਤਾਂ ਮਹਿਸੂਸ ਹੋਇਆ ਕਿ ਸਚਮੁੱਚ ਹੀ ਰੱਬ ਨੇ ਮਾਂ ਬਹੁਤ ਮਹਾਨ ਮੂਰਤ ਬਣਾਈ ਹੈ ਜੋ ਬੱਚਿਆਂ ਦੀ ਖੁਸ਼ੀ ਲਈ ਆਪਣੇ ਸ਼ੌਕ ਵੀ ਤਿਆਗ ਦਿੰਦੀ ਹੈ। ਇਸੇ ਤਰ੍ਹਾਂ ਹੋਰ ਵੀ ਕਿੰਨੀਆਂ ਮਾਵਾਂ ਹਨ ਜਿਨ੍ਹਾਂ ਨੂੰ ਆਪਣੇ ਬੱਚਿਆਂ ਦੇ ਸੁਪਨਿਆਂ ਲਈ ਜਾਂ ਖੁਸ਼ੀਆਂ ਲਈ ਆਪਣੇ ਸ਼ੌਕ ਛੱਡ ਕੇ ਆਪਣੇ ਕੰਨਾਂ ਦੀਆਂ ਵਾਲੀਆਂ ਵੇਚਣੀਆਂ ਪਈਆਂ ਹੋਣਗੀਆਂ ਪਰੰਤੂ ਕਈ ਵਾਰੀ ਔਲਾਦ ਮਾਂ ਵੱਲੋਂ ਕੀਤੇ ਇਸ ਤਿਆਗ਼ ਨੂੰ ਨਾ ਸਮਝ ਕੇ ਬੁਢਾਪੇ ਵੇਲੇ ਉਨ੍ਹਾਂ ਦੀ ਕਦਰ ਕਰਨੀ ਭੁੱਲ ਜਾਂਦੇ ਹਨ।
ਕਮਲਪ੍ਰੀਤ ਕੌਰ, ਜੰਗਪੁਰਾ (ਮੁਹਾਲੀ)
(2)
ਮਨਿੰਦਰ ਭਾਟੀਆ ਦੀ ਰਚਨਾ ‘ਮਾਤਾ ਦੀਆਂ ਵਾਲੀਆਂ’ ਨੇ ਅੱਖਾਂ ਵਿਚ ਪਾਣੀ ਭਰ ਦਿੱਤਾ। ਸਚਮੁੱਚ ਕੁਝ ਕਿਸਮਤ ਵਾਲੇ ਲੋਕ ਹੁੰਦੇ ਹਨ ਜੋ ਕਿ ਆਪਣੇ ਮਾਂ ਬਾਪ ਲਈ ਕੁਝ ਕਰ ਪਾਉਂਦੇ ਹਨ ਕਿ ਉਨ੍ਹਾਂ ਨੂੰ ਇੰਨੀ ਖੁਸ਼ੀ ਦੇ ਪਲ ਮਿਲਣ। ਬਹੁਤਿਆਂ ਦੀ ਜ਼ਿੰਦਗੀ ਤਾਂ ਇਹੋ ਜਿਹੇ ਪਲਾਂ ਤੋਂ ਵਿਰਵੀ ਹੀ ਚਲੀ ਜਾਂਦੀ ਹੈ।
ਰਾਜਨਦੀਪ ਕੌਰ ਮਾਨ, ਫਰੀਦਕੋਟ
ਧੁਨ ਦੇ ਪੱਕੇ
20 ਮਾਰਚ ਨੂੰ ਨਜ਼ਰੀਆ ਪੰਨੇ ਉੱਤੇ ਜਸਵਿੰਦਰ ਸੁਰਗੀਤ ਦਾ ਮਿਡਲ ‘ਧੁਨ ਦੇ ਪੱਕੇ, ਧੀਰਜ ਵਾਲੇ’ ਬਹੁਤ ਹੀ ਪ੍ਰੇਰਨਾਦਾਇਕ ਲੱਗਿਆ। ਅੱਜ ਵੀ ਸਾਡੇ ਸਮਾਜ ਵਿਚ ਹੁਸ਼ਿਆਰ ਬੱਚੇ ਗ਼ਰੀਬੀ ਕਾਰਨ ਪੜ੍ਹ ਨਹੀਂ ਪਾਉਂਦੇ। ਜੋ ਕਿ ਬਹੁਤ ਹੀ ਅਫ਼ਸੋਸਨਾਕ ਗੱਲ ਹੈ। ਪਰ ਮੇਰੇ ਮੁਤਾਬਿਕ ਹੋਰ ਕਿਸੇ ਵੀ ਵਿਦਿਆਰਥੀ ਨੂੰ ਗ਼ਰੀਬੀ ਕਾਰਨ ਜਾਂ ਫਿਰ ਕਿਸੇ ਹੋਰ ਕਾਰਨ ਆਪਣੀ ਪੜ੍ਹਾਈ ਨੂੰ ਨਹੀਂ ਛੱਡਣਾ ਚਾਹੀਦਾ, ਸਗੋਂ ਡਟੇ ਰਹਿਣਾ ਚਾਹੀਦਾ ਹੈ।
ਰੁਪਿੰਦਰ ਕੌਰ, ਸੱਦੋ ਮਾਜਰਾ (ਫਤਹਿਗੜ੍ਹ ਸਾਹਿਬ)