ਬੌਧਿਕ ਪਤਨ ਦੀ ਨਿਸ਼ਾਨੀ
20 ਮਾਰਚ ਦੀ ਸੰਪਾਦਕੀ ‘ਬੌਧਿਕ ਆਜ਼ਾਦੀ ਨੂੰ ਖ਼ਤਰਾ’ ਪੜ੍ਹ ਕੇ ਅਹਿਸਾਸ ਹੁੰਦਾ ਹੈ ਕਿ ਨਿੱਜੀ ਖੇਤਰ ਦੀ ਅਸ਼ੋਕ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਬੁੱਧੀਜੀਵੀ ਪ੍ਰਤਾਪ ਭਾਨੂੰ ਮਹਿਤਾ ਅੰਗਰੇਜ਼ੀ ਪ੍ਰੈੱਸ ਵਿਚ ਜ਼ਰੂਰ ਹੀ ਅਕਲ ਦੀ ਗੱਲ ਲਿਖਦੇ ਹੋਣਗੇ ਜੋ ਸਾਡੇ ਦੇਸ਼ ਦੇ ਸਿਆਸੀ ਰਹਿਨੁਮਾਵਾਂ ਨੂੰ ਬੇਅਕਲੀ ਲੱਗਦੀ ਹੋਵੇਗੀ। ਸੰਪਾਦਕੀ ਵਿਚ ਸਹੀ ਲਿਖਿਆ ਹੈ ਕਿ ਸੰਵਿਧਾਨਕ ਕਦਰਾਂ ਕੀਮਤਾਂ ਦੀ ਹਮਾਇਤ ਕਰਨ ਵਾਲੇ ਵਿਅਕਤੀ ਦੇ ਵਿਚਾਰਾਂ ਨਾਲ ਮਤਭੇਦ ਕਰਕੇ ਹੀ ਅਜਿਹੇ ਵਿਦਵਾਨਾਂ ਲਈ ਬੌਧਿਕ ਆਜ਼ਾਦੀ ਦੀ ਥਾਂ ਘਟਾਉਣਾ ਦੇਸ਼ ਦੇ ਬੌਧਿਕ ਅਤੇ ਨੈਤਿਕ ਪਤਨ ਦੀ ਨਿਸ਼ਾਨੀ ਹੈ। ਜਮਹੂਰੀ ਤਾਕਤਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ।
ਜਗਰੂਪ ਸਿੰਘ ਉੱਭਾਵਾਲ, ਸੰਗਰੂਰ
(2)
20 ਮਾਰਚ ਦੀ ਸੰਪਾਦਕੀ ਵਿਚ ਸਹੀ ਗੱਲ ਕੀਤੀ ਗਈ ਹੈ। ਆਰਐੱਸਐੱਸ ਦੇ 2021 ਦੇ ਸੰਮੇਲਨ ਵਿਚ ਕਿਹਾ ਗਿਆ ਹੈ, ‘ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਤਾਕਤਾਂ ਸਮੱਸਿਆ ਦਾ ਹੱਲ ਲੱਭਣ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਵਿਚ ਅੜਿਕੇ ਪਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ’ ਤੋਂ ਜਾਪਦਾ ਹੈ ਕਿ ਕੇਂਦਰ ਸਰਕਾਰ ਆਰਐੱਸਐੱਸ ਦੀ ਰਾਜਧਾਨੀ ਨਾਗਪੁਰ ਤੋਂ ਆਦੇਸ਼ ਲੈਂਦੀ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੂਬਾ ਸਰਕਾਰਾਂ ਖੇਤੀ ਤੇ ਸੀਏਏ ਕਾਨੂੰਨਾਂ ਦਾ ਵਿਰੋਧ ਕਰ ਸਕਦੀਆਂ ਹਨ। ਇਸ ਕਰਕੇ ਵੋਟਰਾਂ ਨੂੰ ਚੱਲ ਰਹੇ ਇਨ੍ਹਾਂ ਪ੍ਰਦਰਸ਼ਨਾਂ ਤੋਂ ਸੇਧ ਲੈ ਕੇ ਮਿਸ਼ਨ-2024 ਸ਼ੁਰੂ ਕਰਕੇ ਸਰਕਾਰ ਨੂੰ ਚੱਲਦਾ ਕਰਨਾ ਚਾਹੀਦਾ ਹੈ।
ਗੁਰਦਿਆਲ ਸਹੋਤਾ, ਲੁਧਿਆਣਾ
ਮਿਹਨਤ ਦਾ ਫ਼ਲ
20 ਮਾਰਚ ਨੂੰ ਜਸਵਿੰਦਰ ਸੁਰਗੀਤ ਦਾ ਲਿਖਿਆ ‘ਧੁਨ ਦੇ ਪੱਕੇ, ਧੀਰਜ ਵਾਲੇ’ ਪੜ੍ਹਕੇ ਮਨ ਨੂੰ ਖ਼ੁਸ਼ੀ ਹੋਈ। ਇੰਜ ਜਾਪਿਆ ਜਿਵੇਂ ਉਹ ਕਹਾਵਤ ਗ਼ਲਤ ਨਹੀਂ ਹੈ, ‘ਮਿਹਨਤ ਕਰਨ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ’ ਅਤੇ ਜੇਕਰ ਸਾਥ ਦੇਣ ਵਾਲਾ ਕੋਈ ਨਾਲ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਜੋ ਜਾਂਦੀ ਹੈ। ਜੇਕਰ ਮਨ ਵਿਚ ਪੱਕਾ ਇਰਾਦਾ ਹੋਵੇ ਅਤੇ ਸੱਚੀ ਨਿਸ਼ਠਾ ਹੋਵੇ ਤਾਂ ਉਹ ਕਾਇਨਾਤ ਵੀ ਤੁਹਾਡੀ ਮਦਦ ਕਿਸੇ ਨਾ ਕਿਸੇ ਰੂਪ ਵਿਚ ਜ਼ਰੂਰ ਕਰਦੀ ਹੈ।
ਸ਼ਾਹਰੁਖ ਖਾਨ, ਬਨੂੜ, ਮੁਹਾਲੀ
(2)
ਇਹ ਬੱਚੀ ਤਾਂ ਲੇਖਕ ਦੇ ਦਖਲ ਨਾਲ ਪੜ੍ਹ ਕੇ ਅਧਿਆਪਕਾ ਲੱਗ ਗਈ, ਪਰ ਸਾਡੇ ਸਮਾਜ ਵਿਚ ਪਤਾ ਨਹੀਂ ਕਿੰਨੇ ਹੀ ਪ੍ਰਤਿਭਾਸ਼ਾਲੀ ਬੱਚੇ ਮਾਪਿਆਂ ਦੀ ਮਜਬੂਰੀ ਕਾਰਨ ਆਪਣਾ ਕਰੀਅਰ ਬਣਾਉਣ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਗ਼ਲਤ ਰਸਤੇ ਅਖ਼ਤਿਆਰ ਕਰ ਲੈਂਦੇ ਹਨ, ਪਰ ਕਿਸੇ ਇਨਸਾਨ ਵੱਲੋਂ ਮਿਲੀ ਸਹੀ ਅਗਵਾਈ ਸਦਕਾ ਵਿਦਿਆਰਥੀ ਸਹੀ ਰਸਤੇ ਪੈ ਕੇ ਜ਼ਿੰਦਗੀ ਬਣਾ ਲੈਂਦੇ ਹਨ।
ਯੋਗਰਾਜ ਭਾਗੀਬਾਂਦਰ, ਬਠਿੰਡਾ
(3)
ਅਧਿਆਪਕ ਵਿਦਿਆਰਥੀਆਂ ਦੀ ਹਰ ਸਮੱਸਿਆ ਨੂੰ ਗਹਿਰਾਈ ਤੋਂ ਜਾਣਦੇ ਹਨ ਤੇ ਵਿਦਿਆਰਥੀ ਵੀ ਖੁੱਲ੍ਹ ਦਿਲੀ ਨਾਲ ਉਨ੍ਹਾਂ ਅੱਗੇ ਆਪਣੀ ਸਮੱਸਿਆ ਨੂੰ ਬਿਆਨ ਕਰ ਦਿੰਦੇ ਹਨ। ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਲੋੜਵੰਦ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਮਦਦ ਕਰਨ ਤਾਂ ਜੋ ਕਿਸੇ ਦਾ ਭਵਿੱਖ ਅਧਿਆਪਕਾਂ ਦੀ ਵਜ੍ਹਾ ਕਾਰਨ ਰੌਸ਼ਨ ਹੋਣੋ ਨ ਰਹਿ ਜਾਵੇ।
ਪ੍ਰੋ. ਗੁਲਸ਼ਾਨਾ ਮਲਿਕ, ਮਾਲੇਰਕੋਟਲਾ
ਬੈਂਕਾਂ ਦਾ ਨਿੱਜੀਕਰਨ
16 ਮਾਰਚ ਦੀ ਖ਼ਬਰ ‘ਬੈਂਕਾਂ ਦੇ ਨਿੱਜੀਕਰਨ ਖ਼ਿਲਾਫ਼ ਕੰਮਕਾਜ ਠੱਪ’ ਪੜ੍ਹ ਕੇ ਇੰਜ ਲੱਗਦਾ ਹੈ ਕਿ ਇਸ ਬਾਰੇ ਸਰਕਾਰ ਨੂੰ ਕੋਈ ਚਿੰਤਾ ਨਹੀਂ ਕਿ ਦੇਸ਼ ਦੀ ਆਰਥਿਕਤਾ ਕਿਸ ਨਿਘਾਰ ਵੱਲ ਜਾ ਰਹੀ ਹੈ। ਕਰੋਨਾ ਕਾਰਨ ਦੇਸ਼ ਦੀ ਆਰਥਿਕਤਾ ਦੀ ਗੱਡੀ ਪਹਿਲਾਂ ਹੀ ਲੀਹੋਂ ਲਹਿ ਚੁੱਕੀ ਹੈ। ਦੇਸ਼ ਵਿਚ ਲੱਖਾਂ ਦੇ ਹਿਸਾਬ ਨਾਲ ਰੁਜ਼ਗਾਰ ਦੇ ਅਵਸਰ ਖ਼ਤਮ ਹੋ ਚੁੱਕੇ ਹਨ। ਪੰਜਾਬ ਤੋਂ ਲੈ ਕੇ ਆਸਾਮ ਤਕ ਸਰਕਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨਾਂ ਕਾਰਨ ਕਿਸਾਨ ਕਈ ਮਹੀਨਿਆਂ ਤੋਂ ਅੰਦੋਲਨ ਦੀ ਰਾਹ ’ਤੇ ਹਨ। ਹੁਣ ਬੈਂਕਾਂ ਦੇ ਮੁਲਾਜ਼ਮਾਂ ਨੇ ਬੈਂਕਾਂ ਦੇ ਨਿੱਜੀਕਰਨ ਵਿਰੁੱਧ ਹੜਤਾਲ ਦਾ ਬਿਗ਼ਲ ਵਜਾ ਦਿੱਤਾ ਹੈ, ਪਰ ਸਰਕਾਰ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ।
ਪ੍ਰਿੰਸੀਪਲ ਫ਼ਕੀਰ ਸਿੰਘ, ਦਸੂਹਾ
ਪੰਜਾਬ ਸਿਰ ਵਧਦਾ ਕਰਜ਼
13 ਮਾਰਚ ਦੇ ਨਜ਼ਰੀਆ ਪੰਨੇ ’ਤੇ ਡਾ. ਸ.ਸ. ਛੀਨਾ ਦਾ ਲੇਖ ‘ਪੰਜਾਬ ਸਿਰ ਵਧਦਾ ਕਰਜ਼ਾ ਅਤੇ ਕਮਜ਼ੋਰ ਆਰਥਿਕਤਾ’ ਪੜ੍ਹਿਆ। ਲੇਖਕ ਨੇ ਜਿੱਥੇ ਵਧੀਆ ਵਿਸਥਾਰ ਵਿਚ ਆਪਣੇ ਵਿਚਾਰ ਪੇਸ਼ ਕੀਤੇ, ਪਰ ਉਹ ਸਰਕਾਰਾਂ ਦੀਆਂ ਨੀਤੀਆਂ ਅਤੇ ਨੀਤਾਂ ਨੂੰ ਪੜਚੋਲ ਨਹੀਂ ਸਕੇ। ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੀ ਆਰਥਿਕਤਾ ਨਿਘਾਰ ਵੱਲ ਜਾ ਰਹੀ ਹੈ ਪਰ ਸਾਡੇ ਲੀਡਰ ਕੰਨਾਂ ਵਿਚ ਕੌੜਾ ਤੇਲ ਪਾ ਕੇ ਸਮਾਂ ਟਪਾ ਰਹੇ ਹਨ। ਕਦੇ ਵਿਧਾਨ ਸਭਾ ਜਾਂ ਲੋਕ ਸਭਾ ਵਿਚ ਸੂਬੇ ਜਾਂ ਦੇਸ਼ ਦੇ ਵਿਕਾਸ ਤੇ ਨਿੱਗਰ ਬਹਿਸ ਨਹੀਂ ਹੁੰਦੀ। ਜੇ ਕਦੇ ਮੁੱਦਾ ਰੱਖਿਆ ਜਾਂਦਾ ਹੈ ਤਾਂ ਉਹ ਸਿਆਸੀ ਜਾਂ ਨਿੱਜੀ ਤਾਹਨਿਆਂ ਮਿਹਣਿਆਂ ਦੀ ਭੇਟ ਚੜ੍ਹ ਜਾਂਦਾ ਹੈ। ਸਿਆਸਤ ਹੁਣ ਸੇਵਾ ਨਾ ਹੋ ਕੇ ਇਕ ਵਪਾਰ ਬਣ ਰਹੀ ਹੈ। ਸਰਕਾਰੀ ਖ਼ਜ਼ਾਨੇ ਨੂੰ ਖਾਣ ਵਾਲੇ ਖ਼ਤਮ ਹੋਣ, ਤਾਂ ਹੀ ਸਾਡੀ ਆਰਥਿਕਤਾ ਅਤੇ ਵਿਕਾਸ ਮੁੜ ਲੀਹ ’ਤੇ ਆ ਸਕਦੇ ਹਨ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ
ਅਦਾਲਤੀ ਫ਼ੈਸਲਿਆਂ ਤੋਂ ਉਮੀਦ
11 ਮਾਰਚ ਦੇ ਅੰਕ ਦੇ ਨਜ਼ਰੀਆ ਪੰਨੇ ’ਤੇ ਜੂਲੀਓ ਰਬਿੇਰੋ ਨੇ ਹੇਠਲੀਆਂ ਅਦਾਲਤਾਂ ਵੱਲੋਂ ਕੁਝ ਫ਼ੈਸਲਿਆਂ ਦਾ ਵੇਰਵਾ ਦੇ ਕੇ ਦੱਸਿਆ ਹੈ ਕਿ ਘੋਰ ਨਿਰਾਸ਼ਾ ਵਿਚ ਵੀ ਆਸ਼ਾ ਦੀ ਕਿਰਨ ਮੌਜੂਦ ਹੈ। ਭਾਵੇਂ ਸਾਡੀਆਂ ਕੁਝ ਸਿਖ਼ਰਲੀਆਂ ਨਿਆਂਕਾਰ ਸੰਸਥਾਵਾਂ ਦਾ ਫ਼ੈਸਲਾ ਸੁਣਦਿਆਂ ਪੀੜਤਾਂ ਦਾ ਮਨ ਦੁਬਿਧਾ ਵਿਚ ਪੈਣ ਲੱਗ ਪਿਆ ਹੈ ਕਿ ਫ਼ੈਸਲਾ ਨਿਆਂਪੱਖੀ ਹੋਵੇਗਾ ਜਾਂ ਸਰਕਾਰ ਪੱਖੀ। ਲੇਖਕ ਅਨੁਸਾਰ ਅਜੇ ਵੀ ਬਹੁਤ ਸਾਰੇ ਨਿਆਂਕਾਰਾਂ ਦੀ ਜ਼ਮੀਰ ਜਾਗਦੀ ਹੈ ਜੋ ਨਿਆਂ ਦੀ ਤੱਕੜੀ ਵਿਚ ਪਾਸਕੂ ਨਹੀਂ ਪੈਣ ਦਿੰਦੀ।
ਅਮਰਜੀਤ ਜੋਸ਼ੀ, ਨਾਹਨ (ਹਿਮਾਚਲ ਪ੍ਰਦੇਸ਼)
ਸਾਹਿਤ ਪੜ੍ਹਨ ਦੀ ਲੋੜ
ਕਾਲਜਾਂ, ਯੂਨੀਵਰਸਿਟੀਆਂ ਵਿਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਹੈ, ਪਰ ਉਨ੍ਹਾਂ ਵਿਚ ਸਾਹਿਤ ਪੜ੍ਹਨ ਵਾਲਿਆਂ ਦੀ ਕਮੀ ਹੈ। ਵਿਦਿਆਰਥੀ ਸਿਲੇਬਸ ਤਕ ਹੀ ਸੀਮਤ ਰਹਿ ਗਏ ਹਨ। ਇਕੱਲਾ ਸਿਲੇਬਸ ਪੜ੍ਹਨ ਨਾਲ ਕੋਈ ਵਿਦਿਆਰਥੀ ਸਫਲ ਨਹੀਂ ਹੋ ਸਕਦਾ। ਚੰਗੀ ਸੋਚ ਉਸਾਰਨ ਵਿਚ ਸਾਹਿਤ ਦਾ ਗਿਆਨ ਹੋਣਾ ਅਹਿਮ ਸਥਾਨ ਰੱਖਦਾ ਹੈ। ਸਮਾਜ ਦਾ ਵਿਕਾਸ ਕਰਨ ਵਿਚ ਵੀ ਸਾਹਿਤ ਅਹਿਮ ਸਥਾਨ ਰੱਖਦਾ ਹੈ ਕਿਉਂਕਿ ਜੇਕਰ ਅਸੀਂ ਕੁਝ ਪੜ੍ਹਿਆ ਹੋਵੇਗਾ, ਕੋਈ ਜਾਣਕਾਰੀ ਹੋਵੇਗੀ ਤਾਂ ਹੀ ਸਰਕਾਰ ਅੱਗੇ ਸਵਾਲ ਚੁੱਕ ਸਕਦੇ ਹਾਂ।
ਸੁਖਮਨ ਚੀਮਾ, ਖੰਨਾ
ਪੰਜਾਬੀ ਨੂੰ ਬਚਾਉਣ ਦਾ ਵੇਲਾ
ਪੰਜਾਬੀ ਭਾਸ਼ਾ ਨੂੰ ਪੰਜਾਬ ਅੰਦਰ ਹੀ ਬੇਗਾਨਗੀ ਦਾ ਅਹਿਸਾਸ ਇਸ ਦੇ ਆਪਣਿਆਂ ਵੱਲੋਂ ਹੀ ਕਰਾਇਆ ਜਾ ਰਿਹਾ ਹੈ। ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ ਪੜ੍ਹੇ ਲਿਖੇ ਪੰਜਾਬੀ ਲੋਕ ਵੀ ਪੰਜਾਬੀ ਦੀ ਥਾਂ ਦੂਜੀਆਂ ਭਾਸ਼ਾਵਾਂ ਦੇ ਅਖ਼ਬਾਰ ਪੜ੍ਹਨ ’ਚ ਜ਼ਿਆਦਾ ਮਾਣ ਮਹਿਸੂਸ ਕਰਦੇ ਹਨ। ਇਸ ਤੋਂ ਇਲਾਵਾ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਵੀ ਪੰਜਾਬੀ ਅਖ਼ਬਾਰਾਂ ਦੀ ਥਾਂ ਦੂਜੀਆਂ ਭਾਸ਼ਾਵਾਂ ਦੇ ਅਖ਼ਬਾਰਾਂ ਨੂੰ ਵੱਡੇ ਵੱਡੇ ਇਸ਼ਤਿਹਾਰ ਦਿੰਦੇ ਹਨ। ਇਸ ਤੋਂ ਇਲਾਵਾ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿਖਾਉਣ ਦੀ ਥਾਂ ਅੰਗਰੇਜ਼ੀ ਸਿਖਾਉਣ ਲਈ ਜ਼ਿਆਦਾ ਉਤਾਵਲੇ ਰਹਿੰਦੇ ਹਨ। ਮੇਰੇ ਅਜਿਹੇ ਕਈ ਜਾਣਕਾਰ ਹਨ ਜੋ ਪੰਜਾਬੀ ਸਾਹਿਤ ਸਭਾਵਾਂ ਦੇ ਅਹੁਦਿਆਂ ’ਤੇ ਹੁੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਾ ਰਹੇ ਹਨ, ਪਰ ਲੋਕਾਂ ਨੂੰ ਅਖ਼ਬਾਰੀ ਬਿਆਨਾਂ ਰਾਹੀਂ ਪੰਜਾਬੀ ਭਾਸ਼ਾ ਦੇ ਸਪੂਤ ਹੋਣ ਦੇ ਢਕਵੰਜ ਕਰਦੇ ਰਹਿੰਦੇ ਹਨ। ਮੈਂ ਕਿਸੇ ਭਾਸ਼ਾ ਦੇ ਖਿਲਾਫ਼ ਨਹੀਂ, ਬਲਕਿ ਇਨਸਾਨ ਨੂੰ ਜਿੰਨੀਆਂ ਜ਼ਿਆਦਾ ਭਾਸ਼ਾਵਾਂ ਦਾ ਗਿਆਨ ਹੋਵੇ, ਚੰਗੀ ਗੱਲ ਹੈ, ਪਰ ਆਪਣੀ ਮਾਂ ਬੋਲੀ ਨੂੰ ਵਿਸਾਰ ਕੇ ਦੂਜੀਆਂ ਭਾਸ਼ਾਵਾਂ ਨੂੰ ਤਰਜੀਹ ਦੇਣਾ ਸਹੀ ਨਹੀਂ ਹੈ। ਅਜੇ ਵੀ ਡੁੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਹੁਣ ਸਾਨੂੰ ਰੋਣਾ ਛੱਡ ਕੇ ਇਸ ਲਈ ਚੀਕ ਚੀਕ ਦੇ ਹੋਕਾ ਦੇਣ ਦੀ ਸਖ਼ਤ ਜ਼ਰੂਰਤ ਹੈ। ਸਾਨੂੰ ਵਿਖਾਵੇ ਲਈ ਨਹੀਂ ਬਲਕਿ ਪੰਜਾਬੀ ਦੇ ਸੱਚੇ ਪੁਜਾਰੀ ਬਣਨ ਦੀ ਜ਼ਰੂਰਤ ਹੈ।
ਅੰਗਰੇਜ਼ ਸਿੰਘ ਵਿੱਕੀ, ਕੋਟਗੁਰੂ, ਬਠਿੰਡਾ