ਊਚ-ਨੀਚ ਵਾਲੀ ਸੋਚ ਦਾ ਅੰਤ ਜ਼ਰੂਰੀ
15 ਮਾਰਚ ਦੇ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ ਦਾ ਲੇਖ ਸਮਾਜ ਵਿਚੋਂ ‘ਰਹਿਮਦਿਲੀ ਖੰਭ ਲਾ ਕੇ ਉੱਡ ਗਈ’ ਸਾਡੇ ਦੇਸ਼ ਵਿੱਚ ਉਸਾਰੀ ਜਾ ਰਹੀ ਘਿਰਣਾ, ਹੰਕਾਰਵਾਦ, ਫ਼ਿਰਕੂ ਨਫ਼ਰਤ, ਹਜੂਮੀ ਕਤਲੋਗ਼ਾਰਤ ਦੀ ਮਨੋਬਿਰਤੀ ਦੇ ਖੁੱਲ੍ਹੇ ਦੀਦਾਰ ਕਰਵਾਉਂਦਾ ਹੈ। ਮਨੂੰਸਿਮਰਤੀ ਵਾਲੀ ਮਨੋਬਿਰਤੀ ਅਜੇ ਵੀ ਸਾਡੇ ਦਿਲਾਂ ਦਿਮਾਗਾਂ ’ਤੇ ਆਪਣਾ ਆਲ੍ਹਣਾ ਬਣਾ ਕੇ ਬੈਠੀ ਹੈ ਜੋ ਸਮਾਜ ਨੂੰ ਊਚ-ਨੀਚ ਦੇ ਆਧਾਰ ’ਤੇ ਵੰਡਦੀ ਹੋਈ ਸਮਾਜ ਦੇ ਹੇਠਲੇ ਵਰਗ ਨੂੰ ਡਰਾਉਂਦੀ ਹੈ। ਸੱਚ ਹੈ ਕਿ ਅੱਜ ਅਸੀਂ ‘ਹਿੰਸਾ ਦੀ ਹਵਾੜ ਵਿਚ ਰਹਿੰਦੇ ਹਾਂ ਤੇ ਹਿੰਸਾ ਵਿਚ ਹੀ ਸਾਹ ਲੈਂਦੇ ਹਾਂ’। ਹਰ ਪਾਸੇ ਜਿਵੇਂ ਹਿੰਸਾ ਦਾ ਹੀ ਆਲਮ ਹੈ।
ਸੁਰਿੰਦਰ ਰਾਮ ਕੁੱਸਾ, ਈਮੇਲ
ਕਿੱਧਰ ਨੂੰ ਤੁਰ ਪਿਆ ਸਾਡਾ ਦੇਸ਼
16 ਮਾਰਚ ਦਾ ਡਾ. ਕੁਲਦੀਪ ਸਿੰਘ ਦਾ ਮੁੱਖ ਲੇਖ ‘ਜਮਹੂਰੀਅਤ ਵਿਚ ਵਿਗੜ ਰਹੇ ਸੰਤੁਲਨ’ ਤੇ ਸੰਪਾਦਕੀ ‘ਚੋਣ ਕਮਿਸ਼ਨ ਦੀ ਕਾਰਗੁਜ਼ਾਰੀ’ ਪੜ੍ਹ ਕੇ ਮਨ ਨੂੰ ਦੁੱਖ ਹੋਇਆ ਕਿ ਅਸੀਂ ਕਿਸ ਪਾਸੇ ਨੂੰ ਜਾ ਰਹੇ ਹਾਂ? ਸਾਡਾ ਦੇਸ਼ ਕਿਹੋ ਜਿਹੇ ਹਾਲਾਤ ਵਿਚੋਂ ਗੁਜ਼ਰ ਰਿਹਾ ਹੈ? ਹਾਕਮ ਧਿਰ ਨੇ ਦੇਸ਼ ਤੇ ਸਮਾਜ ਵਿਚ ਅਸਥਿਰਤਾ ਤੇ ਬੇਗ਼ਾਨਗੀ ਵਾਲਾ ਮਾਹੌਲ ਸਿਰਜ ਦਿੱਤਾ ਹੈ। ਘੱਟਗਿਣਤੀਆਂ ਤੇ ਵਿਰੋਧੀਆਂ ਨੂੰ ਸਰਕਾਰੀ ਏਜੰਸੀ ਰਾਹੀਂ ਧਮਕਾਇਆ ਜਾ ਰਿਹਾ ਹੈ। ਬਾਹਰਲੇ ਦੇਸ਼ਾਂ ਵਿਚ ਭਾਰਤ ਦੀ ਸ਼ਾਖ ਦਿਨੋ ਦਿਨ ਨਿਘਾਰ ਵੱਲ ਜਾ ਰਹੀ ਹੈ। ਆਲਮੀ ਗ਼ੈਰ-ਸਰਕਾਰੀ ਸੰਸਥਾ ਫਰੀਡਮ ਹਾਊਸ ਵੱਲੋਂ ਭਾਰਤੀ ਸਮਾਜ ਦੀ ਆਜ਼ਾਦੀ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਉਂਗਲ ਚੁੱਕੀ ਗਈ। ਦੇਸ਼ ਆਰਥਿਕ ਮੰਦਵਾੜੇ ਦਾ ਸ਼ਿਕਾਰ ਹੈ। ਕਿਸਾਨ ਤੇ ਮਜ਼ਦੂਰ ਸੜਕਾਂ ’ਤੇ ਬੈਠੇ ਹਨ, ਪਰ ਹੁਕਮਰਾਨ ਅੱਖਾਂ ਬੰਦ ਕਰ ਕੇ ਆਪਣੀ ਖੇਡ ਵਿਚ ਮਸਤ ਹਨ।
ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)
(2)
ਡਾ. ਕੁਲਦੀਪ ਸਿੰਘ ਦਾ ਲੇਖ ‘ਜਮਹੂਰੀਅਤਾਂ ਵਿਚ ਵਿਗੜ ਰਹੇ ਸੰਤੁਲਨ’ ਦੁਨੀਆਂ ਵਿਚ ਆਜ਼ਾਦੀ-2021 ਦੀ ਰਿਪੋਰਟ ਦਾ ਵਿਸ਼ਲੇਸ਼ਣ ਕਰਦਾ ਹੈ। ਕਿੱਡੀ ਮੰਦਭਾਗੀ ਗੱਲ ਹੈ ਕਿ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਵਾਲੇ ਸਾਡੇ ਸਿਆਸਤਦਾਨ ਸਾਡੀ ਮਜ਼ਬੂਤ ਮੰਨੀ ਜਾਂਦੀ ਜਮਹੂਰੀਅਤ ਨੂੰ ਐਨੇ ਨੀਵੇਂ ਪੱਧਰ ’ਤੇ ਲੈ ਆਏ ਕਿ ਪੂਰੀ ਦੁਨੀਆਂ ਵਿਚ ਆਜ਼ਾਦੀ ਦੇ ਮਾਪਦੰਡ ਦੇ ਅੰਕੜਿਆਂ ਦਾ ਸੰਤੁਲਨ ਹੀ ਡਗਮਗਾ ਗਿਆ ਹੈ।
ਜਗਰੂਪ ਸਿੰਘ ਉੱਭਾਵਾਲ (ਸੰਗਰੂਰ)
ਭਾਜਪਾ ਵਿਚ ਅਸੰਤੋਸ਼
16 ਮਾਰਚ ਦਾ ਸੰਪਾਦਕੀ ‘ਭਾਜਪਾ ਦੇ ਅੰਦਰ ਵੀ ਹਿੱਲਜੁਲ’ ਕੇਂਦਰ ਸਰਕਾਰ ਵੱਲੋਂ 3 ਖੇਤੀ ਕਾਨੂੰਨ ਪਾਸ ਕਰਨ ਦੇ ਖ਼ਿਲਾਫ਼ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਕਿਸਾਨਾਂ ਦੇ ਦਿੱਲੀ ਵਿਚ ਪਿਛਲੇ ਤਿੰਨ ਮਹੀਨਿਆਂ ਤੋਂ ਜਾਰੀ ਅੰਦੋਲਨ ਨੂੰ ਲੈ ਕੇ ਭਾਜਪਾ ਲੀਡਰਾਂ ਵਿਚ ਫੈਲ ਰਹੇ ਅਸੰਤੋਸ਼ ਦਾ ਜ਼ਿਕਰ ਕਰਨ ਵਾਲਾ ਸੀ। ਮੇਘਾਲਿਆ ਦੇ ਰਾਜਪਾਲ ਸਤਪਾਲ ਮਲਿਕ ਵੱਲੋਂ ਯੂਪੀ ਦੇ ਬਾਗਪਤ ਵਿਚ ਦਿੱਤਾ ਬਿਆਨ ਇਕ ਉਦਾਹਰਣ ਹੈ! ਅੰਦੋਲਨ ਦਾ ਸਮਰਥਨ ਕਰਨ ਵਾਲੇ ਹੋਰ ਨੇਤਾਵਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਆਉਣ ਵਾਲੀਆਂ 5 ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਇਸ ਅੰਦੋਲਨ ਦਾ ਭਾਜਪਾ ’ਤੇ ਬੁਰਾ ਅਸਰ ਪੈ ਸਕਦਾ ਹੈ।
ਪ੍ਰੋ. ਸ਼ਾਮ ਲਾਲ ਕੌਸ਼ਲ (ਰੋਹਤਕ-ਹਰਿਆਣਾ)
ਬੱਚਿਆਂ ਦੀ ਕੁੱਟਮਾਰ
ਸੰਗਰੂਰ ਜ਼ਿਲ੍ਹੇ ਦੇ ਪਿੰਡ ਭਸੌੜ ਦੇ ਸਰਪੰਚ ਅਤੇ ਤਿੰਨ ਹੋਰ ਲੋਕਾਂ ਵੱਲੋਂ ਨਾਬਾਲਗ ਬੱਚਿਆਂ ਨੂੰ ਹੱਥ ਬੰਨ੍ਹ ਕੇ ਘੁਮਾਉਣਾ, ਕੁੱਟਣਾ-ਮਾਰਨਾ ਅਤੇ ਨਾਲ ਹੀ ਪੰਜ ਹਜ਼ਾਰ ਰੁਪਏ ਜੁਰਮਾਨਾ ਕਰ ਦੇਣਾ ਬਹੁਤ ਗ਼ੈਰ-ਇਨਸਾਨੀ ਕਾਰਵਾਈ ਹੈ। ਚੋਰੀ ਤਾਂ ਬੱਚਿਆਂ ਨੇ ਪਿੰਡ ਬਨਭੌਰੀ ਕੀਤੀ ਸੀ, ਪਰ ਉੱਥੋਂ ਦੀ ਪੰਚਾਇਤ ਨੇ ਤਾਂ ਬੱਚਿਆਂ ਨੂੰ ਹੱਥ ਤਕ ਨਹੀਂ ਲਗਾਇਆ ਤਾਂ ਭਸੌੜੀਆਂ ਦੀ ਜ਼ਿਆਦਾ ਹੀ ਥਾਣੇਦਾਰੀ ਕਿਉਂ ਚੜ੍ਹੀ ਸੀ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਸਾਹਿਤ ਪੜ੍ਹਨ ਦੀ ਚੇਟਕ
ਗੁਰਦੀਪ ਸਿੰਘ ਢੁੱਡੀ ਦੀ ਲਿਖਤ ‘ਚਾਨਣ ਦੇ ਵਣਜਾਰੇ’ (15 ਮਾਰਚ) ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਦਾ ਵਧੀਆ ਉਪਰਾਲਾ ਹੈ। ਲੇਖਕ ਨੇ ਦੱਸਿਆ ਕਿ ਕਿਵੇਂ ਜਵਾਨੀ ਵੇਲੇ ਉਨ੍ਹਾਂ ਦਾ ਸਾਹਿਤ ਨਾਲ ਜੁੜਨਾ ਅਤੇ ਉਨ੍ਹਾਂ ਲੋਕਾਂ ਨੂੰ ਰੱਬ ਦੇ ਬਰਾਬਰ ਦੱਸਣਾ ਜੋ ਕਿਤਾਬਾਂ ਦੇ ਲਈ ਜਾਨ ਵੀ ਗੁਆ ਗਏ ਸਨ। ਸਾਹਿਤ ਪੜ੍ਹ ਕੇ ਹਰ ਵਿਅਕਤੀ ਸਮਾਜ ਨੂੰ ਵਧੀਆ ਸੇਧ ਦੇ ਸਕਦਾ ਹੈ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜੋ ਕਿਤਾਬਾਂ ਤਾਂ ਚੁੱਪ ਰਹਿੰਦੀਆਂ ਹਨ, ਪਰ ਇਨ੍ਹਾਂ ਨੂੰ ਪੜ੍ਹਨ ਵਾਲਾ ਬੋਲਣ ਲੱਗ ਜਾਂਦਾ ਹੈ।
ਮਨਮੋਹਨ ਸਿੰਘ ਨਾਭਾ (ਪਟਿਆਲਾ)
ਮੈਂ ਵੀ ਬਣਨਾ ਛਾਪਾ
12 ਮਾਰਚ ਦਾ ਸੁਖਦੇਵ ਸਿੰਘ ਮਾਨ ਦਾ ਫ਼ੀਚਰ ‘ਛਾਪਾ ਅਤੇ ਬਾਪੂ’ ਪੜ੍ਹ ਕੇ ਇਸ ਤਰ੍ਹਾਂ ਲੱਗਿਆ ਕਿ ਕਿਵੇਂ ਘਰ ਦੀ ਗ਼ਰੀਬੀ ਅਤੇ ਮਜਬੂਰੀਆਂ ਬੰਦੇ ਨੂੰ ਮਾੜੇ ਕੰਮ ਵੱਲ ਧੱਕ ਦਿੰਦੀਆਂ ਹਨ। ਪਰ ਜੇ ਛਾਪਾ ਵਰਗੇ ਬੰਦੇ ਦੀਆਂ ਗੱਲਾਂ ਸੁਣ ਕੇ ਨਸ਼ੇ ਤੋਂ ਖਹਿੜਾ ਛੁਡਾਇਆ ਜਾ ਸਕਦਾ ਹੈ ਤਾਂ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਵੀ ਕਿਸੇ ਅਜਿਹੇ ਵਿਅਕਤੀ ਲਈ ਛਾਪਾ ਬਣ ਕੇ ਉਸ ਦੇ ਜੀਵਨ ਨੂੰ ਸੁਧਾਰਨ ਵਿਚ ਉਸ ਦੀ ਮਦਦ ਕਰ ਸਕੀਏ।
ਸ਼ਾਹਰੁਖ ਖ਼ਾਨ, ਬਨੂੜ