ਚਾਨਣ ਦੇ ਵਣਜਾਰੇ
15 ਮਾਰਚ ਦਾ ਗੁਰਦੀਪ ਸਿੰਘ ਢੁੱਡੀ ਦਾ ਮਿਡਲ ‘ਚਾਨਣ ਦੇ ਵਣਜਾਰੇ’ ਪੜ੍ਹਿਆ। ਕੋਈ ਸ਼ੱਕ ਨਹੀਂ ਕਿ ਸਾਡੀ ਜ਼ਿੰਦਗੀ ਵਿਚ ਕੁਝ ਲੋਕ ਸਾਨੂੰ ਹਨੇਰੇ ਤੋਂ ਚਾਨਣ ਦੇ ਦਰਵਾਜ਼ੇ ਤਕ ਲੈ ਜਾਂਦੇ ਹਨ। ਨਾਲ ਹੀ ਲੇਖਕ ਨੇ ਸਾਹਿਤਕ ਪੁਸਤਕਾਂ ਦੀ ਗੱਲ ਕੀਤੀ ਹੈ, ਪਰ ਹੁਣ ਦੇ ਸਮੇਂ ਬਾਜ਼ਾਰਾਂ ਵਿਚ ਸਾਹਿਤਕ ਕਿਤਾਬਾਂ ਦੀਆਂ ਦੁਕਾਨਾਂ ਬਹੁਤ ਘੱਟ ਹਨ। ਕਈ ਵਾਰ ਮੈਂ ਆਪਣੇ ਸ਼ਹਿਰ ਦੀ ਪੁਸਤਕ ਦੁਕਾਨਾਂ ’ਤੇ ਜਾਂਦਾ ਹਾਂ, ਮੈਨੂੰ ਉੱਥੇ ਸਾਹਿਤਕ ਕਿਤਾਬਾਂ ਵੇਖਣ ਨੂੰ ਨਹੀਂ ਮਿਲਦੀਆਂ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਹੁਣ ਦੇ ਸਮੇਂ ਪੂਰਨ ਰੂਪ ਵਿਚ ਬਹੁਤ ਘੱਟ ਕਿਤਾਬਾਂ ਛਪਦੀਆਂ ਹਨ। ਅੱਜਕੱਲ੍ਹ ਹਰ ਕੋਈ ਕਵੀ 10 ਕਵਿਤਾਵਾਂ ਲਿਖ ਕੇ ਆਪਣੀ ਕਿਤਾਬ ਛਪਵਾ ਲੈਂਦਾ ਹੈ ਜਿਸ ਨੂੰ ਪੜ੍ਹ ਕੇ ਪਾਠਕ ਖੁਸ਼ ਨਹੀਂ ਹੁੰਦੇ। ਚੰਗਾ ਸਾਹਿਤ ਭਾਵੇਂ ਬਹੁਤ ਹੈ ਪਰ ਅੱਜਕੱਲ੍ਹ ਦੇ ਨਵੇਂ ਆ ਰਹੇ ਸਾਹਿਤਕਾਰ ਚੰਗੇ ਸਾਹਿਤ ਨੂੰ ਸੱਟ ਮਾਰ ਰਹੇ ਹਨ।
ਜਸਕੀਰਤ ਸਿੰਘ, ਮੰਡੀ ਗੋਬਿੰਦਗੜ੍ਹ (ਫਤਹਿਗੜ੍ਹ ਸਾਹਿਬ)
ਸਮਾਜ ’ਚੋਂ ਉਡੀ ਰਹਿਮਦਿਲੀ
15 ਮਾਰਚ ਦੇ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ ਦੀ ਲਿਖਤ ‘ਸਮਾਜ ਵਿਚੋਂ ਰਹਿਮਦਿਲੀ ਖੰਭ ਲਾ ਕੇ ਉੱਡ ਗਈ’ ਸੋਚਣ ’ਤੇ ਮਜਬੂਰ ਕਰਦੀ ਹੈ। ਬਜ਼ੁਰਗਾਂ ਦੀ ਤਰਾਸਦੀ, ਦਿਨੋ-ਦਿਨ ਬਿਰਧ ਆਸ਼ਰਮਾਂ ਵਿਚ ਵਾਧਾ ਹੋ ਰਿਹਾ ਹੈ। ਨਾਬਾਲਿਗਾਂ ਨਾਲ ਦੁਰਵਿਵਹਾਰ, ਬਲਾਤਕਾਰ, ਲੁੱਟਾਂ ਖੋਹਾਂ ਵਰਗੀਆਂ ਘਟਨਾਵਾਂ ਕਰ ਕੇ ਸ਼ਾਂਤੀ ਨਿਕੇਤਨ ਵਿਚ ਤਰਸ ਦੇ ਪਾਤਰਾਂ ਦੀ ਬਹੁਤਾਤ। ਕਿਸਾਨੀ ਸੰਘਰਸ਼ ਹੀ ਲੈ ਲਓ, ਪੂਰੇ ਸੰਸਾਰ ਦੀ ਬਹੁਤਾਤ ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ ਹੈ, ਪਰ ਕੇਂਦਰ ਸਰਕਾਰ ਦੀ ‘ਕੋਈ ਮਰੇ-ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ’ ਵਾਲੀ ਗੱਲ ਹੈ।
ਅਮਰਜੀਤ ਮੱਟੂ ਭਰੂਰ (ਸੰਗਰੂਰ)
ਪ੍ਰੇਮੀ ਜੋੜਿਆਂ ਦੀ ਸੁਰੱਖਿਆ
12 ਮਾਰਚ ਦੀ ਸੰਪਾਦਕੀ ‘ਪ੍ਰੇਮੀ ਜੋੜਿਆਂ ਦੀ ਸੁਰੱਖਿਆ’ ਸਿਰਲੇਖ ਹੇਠ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਦਿੱਤਾ ਫ਼ੈਸਲਾ ਸ਼ਲਾਘਾਯੋਗ ਹੈ। ਨਰੋਏ ਸਮਾਜ ਦੀ ਸਿਰਜਣਾ ਲਈ ਅੰਤਰਜਾਤੀ ਅਤੇ ਅੰਤਰ-ਧਰਮੀ ਵਿਆਹਾਂ ਨੂੰ ਉਤਸ਼ਾਹਿਤ ਕਰਨਾ ਅੱਜ ਸਮੇਂ ਦੀ ਲੋੜ ਹੈ। ਕਈ ਵਾਰ ਦਮ ਘੁਟਦਾ ਹੈ ਕਿ ਅਸੀਂ ਕਿਹੋ ਜਿਹੇ ਸਮਾਜ ਦਾ ਹਿੱਸਾ ਹਾਂ, ਜਿੱਥੇ ਇਕ ਨੌਜਵਾਨ ਲੜਕੇ ਜਾਂ ਲੜਕੀ ਨੂੰ ਆਪਣੀ ਮਰਜ਼ੀ ਦਾ ਜੀਵਨ ਸਾਥੀ ਚੁਣਨ ’ਤੇ ਮਾਪਿਆਂ ਅਤੇ ਸਮਾਜ ਦੇ ਰੋਹ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਮਾਜਿਕ ਸਮੱਸਿਆਵਾਂ ਦੀ ਮੂਲ ਜੜ੍ਹ ਸਾਡੀ ਸੌੜੀ ਸੋਚ ਹੈ। ਲੋੜ ਹੈ ਆਪਣਾ ਨਜ਼ਰੀਆ ਬਦਲਣ ਦੀ।
ਪੂਨਮ ਬਿਲਿੰਗ (ਈਮੇਲ)
ਔਰਤ ਦੀ ਸਥਿਤੀ
8 ਮਾਰਚ ਦੇ ਨਜ਼ਰੀਆ ਪੰਨੇ ’ਤੇ ਕੰਵਲਜੀਤ ਕੌਰ ਗਿੱਲ ਦਾ ਲੇਖ ‘ਔਰਤ ਦੀ ਆਜ਼ਾਦੀ ਅਤੇ ਵਿਕਾਸ ਵੱਲ ਵਧਦੇ ਕਦਮ’ ਤੇ ਇਸ ਦੇ ਨਾਲ ਹੀ ਅੰਜੂਜੀਤ ਦਾ ਮਿਡਲ ‘ਪਿਆਰ ਦਾ ਇਜ਼ਹਾਰ’ ਦੋਵੇਂ ਲੇਖ ਹੀ ਔਰਤ ਦੀ ਸਥਿਤੀ ਨੂੰ ਬਿਆਨ ਕਰਦੇ ਹਨ। ਅੱਜ ਇੱਕੀਵੀਂ ਸਦੀ ਵਿਚ ਔਰਤਾਂ ਹਰ ਖੇਤਰ ’ਚ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀਆਂ ਹਨ। ਔਰਤ ਤੋਂ ਬਿਨਾਂ ਇਹ ਸਮਾਜ ਦੀ ਹੋਂਦ, ਰਿਸ਼ਤੇ ਨਾਤੇ ਸਭ ਅਧੂਰੇ ਹਨ। ਇਸ ਦੇ ਨਾਲ ਹੀ ਇਸ ਗੱਲ ਦਾ ਇਜ਼ਹਾਰ ਕੀਤਾ ਗਿਆ ਕਿ ਇਕ ਔਰਤ ਲਈ ਪਿਆਰ ਸ਼ਬਦ ਵਰਤਣ ਦੀ ਸਾਡਾ ਸਮਾਜ ਕਿੰਨੀ ਕੁ ਇਜਾਜ਼ਤ ਦਿੰਦਾ।
ਪ੍ਰੋ. ਗੁਲਸ਼ਾਨਾ ਮਲਿਕ, ਮਾਲੇਰਕੋਟਲਾ
ਕਰੋਨਾ ਸਬੰਧੀ ਲਾਪ੍ਰਵਾਹੀ ਖ਼ਤਰਨਾਕ
ਕਰੋਨਾ? ਕੀ ਹੈ ਕਰੋਨਾ? ਹੁਣ ਤਾਂ ਕੋਈ ਮਾਸਕ ਨੀ ਪਾਉਂਦਾ ਮੈਂ ਵੀ ਕਿਉਂ ਪਾਵਾਂ? ਹੁਣ ਤੇ ਕਰੋਨਾ ਦਾ ਟੀਕਾਕਰਨ ਵੀ ਸ਼ੁਰੂ ਹੋ ਗਿਆ। ਹੁਣ ਮੈਨੂੰ ਕਰੋਨਾ ਕਿਵੇਂ ਹੋਜੂ? ਯਾਰ ਕੀ ਆ ਇਹ ਸਮਾਜਿਕ ਦੂਰੀ? ਕੋਈ ਤਾਂ ਬਣਾ ਕੇ ਨੀਂ ਰੱਖਦਾ। ਮੈਂ ਇਕੱਲਾ ਥੋੜ੍ਹਾ ਪਾਗ਼ਲ ਆ ਜੋ ਇਹ ਸਭ ਮੰਨਾ। ਬਸ ਇਸੇ ਲਾਪ੍ਰਵਾਹੀ ਅਤੇ ਅਣਗਹਿਲੀ ਕਾਰਨ ਕਰੋਨਾ ਮਾਮਲੇ ਮੁੜ ਤੇਜ਼ੀ ਨਾਲ ਵਧਣ ਲੱਗੇ ਹਨ। ਦੁਬਾਰਾ ਤੋਂ ਨਾਈਟ ਕਰਫ਼ਿਊ ਅਤੇ ਲੌਕਡਾਊਨ ਲਗਾਉਣ ਦੀ ਨੌਬਤ ਆ ਗਹੀ ਹੈ। ਜੇਕਰ ਦੁਬਾਰਾ ਤੋਂ 2020 ਵਰਗੇ ਹਾਲਾਤ ਬਣ ਗਏ ਤਾਂ ਜ਼ਿੰਦਗੀ ਇਕ ਵਾਰ ਫਿਰ ਰੁਕ ਜਾਵੇਗੀ ਅਤੇ ਇਸ ਮਹਾਮਾਰੀ ਕਾਰਨ ਫਿਰ ਤੋਂ ਪਤਾ ਨਹੀਂ ਕਿੰਨੀਆਂ ਕੁ ਜਾਨਾਂ ਹੋਰ ਜਾਣਗੀਆਂ। ਇਸ ਮਹਾਮਾਰੀ ਨੂੰ ਦੁਬਾਰਾ ਫੈਲਣ ਤੋਂ ਰੋਕਣ ਲਈ ਲੋੜ ਲੌਕਡਾਊਨ ਦੀ ਨਹੀਂ ਸਗੋਂ ਉਪਰੋਕਤ ਅਣਗਹਿਲੀਆਂ ਅਤੇ ਲਾਪ੍ਰਵਾਹੀਆਂ ’ਤੇ ਠੱਲ੍ਹ ਪਾਉਣ ਦੀ ਹੈ।
ਲਵਨੀਤ ਵਸ਼ਿਸ਼ਠ, ਮੋਰਿੰਡਾ
ਸਰਕਾਰ ਨੇ ਵੋਟਾਂ ਲਈ ਦਿੱਤੀਆਂ ਸਹੂਲਤਾਂ
ਪੰਜਾਬ ਦੇ ਬਜਟ ਵਿਚ ਬਹੁਤ ਸਾਰੀਆਂ, ਬਲਕਿ ਕੁਝ ਜ਼ਿਆਦਾ ਹੀ ਸਹੂਲਤਾਂ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਇਹ ਸਭ ਨੂੰ ਪਤਾ ਵੀ ਹੈ ਕਿ ਸਭ ਵੋਟਾਂ ਲਈ ਹੈ। ਸਰਕਾਰ ਦਾ ਮੁੱਖ ਮੁੱਦੇ ਵੱਲ ਕੋਈ ਧਿਆਨ ਨਹੀਂ ਹੈ। ਬਾਰਡਰਾਂ ਉੱਪਰ ਬੈਠੇ ਕਿਸਾਨ ਸਰਕਾਰ ਲਈ ਕੋਈ ਮਾਇਨੇ ਨਹੀਂ ਰੱਖਦੇ। ਹਾਕਮ ਧਿਰ ਨੂੰ ਲੋਕਾਂ ਦੀ ਹਮਦਰਦੀ ਸਰਕਾਰੀ ਬੱਸਾਂ ਔਰਤਾਂ ਲਈ ਮੁਫ਼ਤ ਕਰ ਦੇਣ, ਬੁਢਾਪਾ ਪੈਨਸ਼ਨ ਵਧਾ ਦੇਣ ਜਾਂ ਫਿਰ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਸਹੂਲਤਾਂ ਦੇਣ ਨਾਲ ਹੁਣ ਸ਼ਾਇਦ ਨਹੀਂ ਮਿਲ ਸਕਦੀ। ਜ਼ਰੂਰਤ ਹੈ ਕਿ ਲੋਕਾਂ ਦੀਆਂ ਅਸਲ ਪ੍ਰੇਸ਼ਾਨੀਆਂ ਨੂੰ ਸਮਝਿਆ ਜਾਵੇ ਤੇ ਉਨ੍ਹਾਂ ਦਾ ਹੱਲ ਕੀਤਾ ਜਾਵੇ।
ਜਸਦੀਪ ਕੌਰ, ਲੁਧਿਆਣਾ