ਪੰਜਾਬ ਸਿਰ ਕਰਜ਼ਾ
8 ਮਾਰਚ ਦਾ ਸੰਪਾਦਕੀ ‘ਆਰਥਿਕ ਸੰਕਟ’ ਅੱਖਾਂ ਖੋਲ੍ਹਣ ਅਤੇ ਝੰਜੋੜਨ ਵਾਲਾ ਹੈ। ਬੇਲਗ਼ਾਮ ਕਰਜ਼ੇ ਅਤੇ ਬੇਤਰਤੀਬ ਖਰਚੇ ਪ੍ਰਦੇਸ਼ ਦੀ ਹਾਲਤ ਨਿਘਾਰ ਰਹੇ ਹਨ। ਦਿਨ ਰਾਤ ਮਿਹਨਤ ਕਰਕੇ ਪੰਜਾਬ ਦੇ ਕਿਰਤੀ ਟੈਕਸਾਂ ਰਾਹੀਂ ਹਰ ਰੋਜ਼ ਵਿੱਤੀ ਸਾਧਨਾਂ ਨੂੰ ਠੁੰਮ੍ਹਣਾ ਦੇਣ ਵਿਚ ਲੱਗੇ ਹੋਏ ਕਮਰ ਤੋੜ ਮਹਿੰਗਾਈ ਕਾਰਨ ਕੁੱਬੇ ਹੋ ਰਹੇ ਹਨ ਪਰ ਸਿਆਸਤਦਾਨ ਕੁਰਸੀ ਦੇ ਸਹਾਰੇ ਦਿਨ ਰਾਤ ਤਰੱਕੀ ਕਰ ਰਹੇ ਹਨ। ਇਸ ਪੰਨੇ ’ਤੇ ਅੰਜੂਜੀਤ ਦਾ ਮਿਡਲ ‘ਪਿਆਰ ਦਾ ਇਜ਼ਹਾਰ’ ਪਿਆਰੀ ਲਿਖਤ ਹੈ। ਲੇਖਿਕਾ ਨੇ ਬਾਪ ਬੇਟੀ ਦੇ ਪਿਆਰ ਬਾਰੇ ਸੋਹਣਾ ਚਿਤਰਨ ਕੀਤਾ ਹੈ।
ਪੋਰਿੰਦਰ ਸਿੰਗਲਾ, ਬਠਿੰਡਾ
(2)
ਸੰਪਾਦਕੀ ‘ਆਰਥਿਕ ਸੰਕਟ’ ਪੰਜਾਬ ਦੀ ਵਿਗੜਦੀ ਮਾਲੀ ਹਾਲਤ ਦਾ ਵਿਸ਼ਲੇਸ਼ਣ ਕਰਨ ਵਾਲਾ ਸੀ। ਇਕ ਤੋਂ ਬਾਅਦ ਇਕ ਸਰਕਾਰ ਲੋਕ ਲੁਭਾਉਣੇ ਵਾਅਦਿਆਂ ਨੂੰ ਪੂਰਾ ਕਰਨ ਵਾਸਤੇ ਆਮਦਨੀ ਤੋਂ ਜ਼ਿਆਦਾ ਖ਼ਰਚ ਕਰ ਰਹੀਆਂ ਹਨ। ਪੰਜਾਬ ਸਰਕਾਰ ਨੂੰ ਆਪਣੀ ਆਮਦਨੀ ਵਧਾਉਣ ਅਤੇ ਖ਼ਰਚੇ ਘਟਾਉਣ ਵਾਸਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕੇਂਦਰ ਸਰਕਾਰ ਨੂੰ ਵੀ ਪੰਜਾਬ ਦੀ ਆਰਥਿਕ ਸਹਾਇਤਾ ਕਰਨੀ ਚਾਹੀਦੀ ਹੈ।
ਪ੍ਰੋਫ਼ੈਸਰ ਸ਼ਾਮ ਲਾਲ ਕੌਸ਼ਲ, ਰੋਹਤਕ
‘ਪਿਆਰ’ ਦਾ ਅਰਥ
8 ਮਾਰਚ ਦਾ ਅੰਜੂਜੀਤ ਦਾ ਮਿਡਲ ‘ਪਿਆਰ ਦਾ ਇਜ਼ਹਾਰ’ ਪੜ੍ਹ ਕੇ ਦਿਲ ਵਿਚ ਔਰਤਾਂ ਪ੍ਰਤੀ ਸਤਿਕਾਰ ਹੋਰ ਵਧ ਗਿਆ ਕਿ ਕਿਵੇਂ ਔਰਤਾਂ ਆਪਣੇ ਖ਼ੁਆਬਾਂ ਅਤੇ ਪਿਆਰ ਨੂੰ ਮਾਰ ਕੇ ਉਨ੍ਹਾਂ ਦੀ ਰੌਣਕ ਆਪਣੇ ਅੰਦਰ ਸਮਾ ਲੈਂਦੀਆਂ ਹਨ। ਸਾਡੇ ਸਮਾਜ ਨੇ ਪਿਆਰ ਨਾਂ ਦਾ ਅਰਥ ਜੜ੍ਹੋਂ ਹੀ ਬਦਲ ਤੇ ਸੀਮਤ ਕਰ ਦਿੱਤਾ ਹੈ। ਮਾਂ-ਬਾਪ, ਭੈਣ-ਭਰਾ ਦੇ ਪਿਆਰ ਨੂੰ ਖ਼ਤਮ ਕਰ ਦਿੱਤਾ ਹੈ। ਧੀ ਆਪਣੇ ਮਾਂ-ਬਾਪ, ਭੈਣ-ਭਰਾ ਨੂੰ ਅੰਤਾਂ ਦਾ ਪਿਆਰ ਕਰਦੀ ਹੈ ਪਰ ਇਸ ਸਮਾਜ ਦੀ ਸੋਚ ਨੂੰ ਵੇਖਦੇ ਹੋਏ ਉਹ ਇਸ ਗੱਲ ਤੋਂ ਡਰਦੀ ਆਪਣੇ ਬਾਪ-ਭਰਾ ਨੂੰ ਪਿਆਰ ਦੇ ਉਹ ਤਿੰਨ ਹਰਫ਼ ਨਹੀਂ ਬੋਲ ਸਕਦੀ।
ਜਸਕੀਰਤ ਸਿੰਘ, ਮੰਡੀ ਗੋਬਿੰਦਗੜ੍ਹ (ਫਤਿਹਗੜ੍ਹ ਸਾਹਿਬ)
(2)
ਮਿਡਲ ‘ਪਿਆਰ ਦਾ ਇਜ਼ਹਾਰ’ ਪੜ੍ਹ ਕੇ ਪਿਆਰ ਦੀਆਂ ਵੱਖ ਵੱਖ ਪਰਿਭਾਸ਼ਾਵਾਂ ਬਾਰੇ ਜਾਣਕਾਰੀ ਤਾਂ ਮਿਲੀ, ਨਾਲ ਹੀ ਬਚਪਨ ਤੋਂ ਹੀ ਪਿਤਾ ਦੇ ਪਿਆਰ ਤੋਂ ਵਾਂਝੇ ਹੋਣ ਦਾ ਅਹਿਸਾਸ ਵੀ ਹੋਇਆ। ਬੇਸ਼ੱਕ ਮਾਂ ਨੇ ਪਾਲਣ-ਪੋਸ਼ਣ ਲਈ ਕਮੀ ਨਾ ਛੱਡੀ, ਪਰ ਅੱਜ ਵੀ ਉਸ ਨੂੰ ‘ਆਈ ਲਵ ਯੂ’ ਕਹਿਣ ਦੀ ਹਿੰਮਤ ਨਾ ਹੋਈ।
ਗੁਰਮੀਤ ਕੌਰ, ਜਲੰਧਰ
ਚੋਣ ਅਮਲ ਦੀ ਤਸਵੀਰ
3 ਮਾਰਚ ਨੂੰ ਗੁਰਦੀਪ ਸਿੰਘ ਢੁੱਡੀ ਨੇ ਮਿਡਲ ‘ਜਦੋਂ ਮੇਰੀਆਂ ਤਾਕਤਾਂ ਦੀ ਫੂਕ ਨਿਕਲੀ’ ਰਾਹੀਂ ਚੋਣ ਅਮਲ ਦੀ ਤਸਵੀਰ ਪੇਸ਼ ਕੀਤੀ ਹੈ। ਨੌਕਰੀ, ਢਿੱਡ ਤੇ ਸੁਰੱਖਿਆ ਅੱਗੇ ਇਮਾਨਦਾਰੀ ਵੀ ਮਜਬੂਰ ਹੋ ਜਾਂਦੀ ਹੈ ਜੋ ਦੇਸ਼ ਤੇ ਇਨਸਾਫ਼ਪਸੰਦ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ।
ਡਾ. ਪ੍ਰਭਜੋਤ ਕੌਰ ਗਿੱਲ, ਘੋਲੀਆ (ਮੋਗਾ)
ਮੋਹ ਪਿਆਰ ਦੀਆਂ ਤੰਦਾਂ
ਦਰਸ਼ਨ ਸਿੰਘ ਦਾ ਲੇਖ ‘ਘਣਛਾਵੇਂ ਬੂਟੇ’ (2 ਮਾਰਚ) ਪਰਿਵਾਰਿਕ ਮੋਹ ਪਿਆਰ ਦੀਆਂ ਤੰਦਾਂ ਦਾ ਵਰਨਣ ਇਸ ਤਰ੍ਹਾਂ ਕਰਦਾ ਹੈ ਕਿ ਪਾਠਕ ਇੰਜ ਮਹਿਸੂਸ ਕਰਨ ਲੱਗ ਪੈਂਦਾ ਜਿਵੇਂ ਕਿਤੇ ਉਹ ਆਪ ਇਸ ਕਹਾਣੀ ਦਾ ਪਾਤਰ ਹੋਵੇ। ਬਦੋ-ਬਦੀ ਗਲੇਡੂ ਭਰ ਆਉਂਦੇ ਹਨ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਸਰਦਾਰ ਪਟੇਲ ਤੇ ਮੋਟੇਰਾ ਸਟੇਡੀਅਮ
ਗੁਜਰਾਤ ਵਿਚ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ, ਦਾ ਨਾਂ ਬਦਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਰੱਖ ਦਿੱਤਾ ਗਿਆ ਹੈ। ਇਹ ਦਾ ਪਹਿਲਾ ਨਾਂ ਸਰਦਾਰ ਪਟੇਲ ਕ੍ਰਿਕਟ ਸਟੇਡੀਅਮ ਸੀ, ਜੋ ਸਰਦਾਰ ਵੱਲਭਭਾਈ ਪਟੇਲ ਸਪੋਰਟਸ ਐਨਕਲੇਵ ਦਾ ਹਿੱਸਾ ਹੈ। ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਪਟੇਲ ਨੇ ਰਿਆਸਤਾਂ ਦੇ ਭਾਰਤ ਵਿਚ ਏਕੀਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਸਰਦਾਰ ਪਟੇਲ ਦੀ ਦੁਨੀਆਂ ਦੀ ਸਭ ਤੋਂ ਉੱਚੀ ਮੂਰਤੀ ਲਗਵਾ ਕੇ ਪੂਰੀ ਵਾਹਵਾਹੀ ਖੱਟਣ ਦੀ ਕੋਸ਼ਿਸ਼ ਕੀਤੀ, ਪਰ ਦੂਜੇ ਪਾਸੇ ਸਭ ਤੋਂ ਵੱਡੇ ਸਟੇਡੀਅਮ ਤੋਂ ਉਨ੍ਹਾਂ ਦਾ ਨਾਂ ਹਟਾ ਦਿੱਤਾ ਹੈ। ਉਂਝ ਵੀ ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਜਦੋਂ ਕਿਸੇ ਪ੍ਰਧਾਨ ਮੰਤਰੀ ਦੇ ਸ਼ਾਸਨ ਦੌਰਾਨ ਉਸ ਦਾ ਨਾਂ ਕਿਸੇ ਇਮਾਰਤ ਨੂੰ ਦਿੱਤਾ ਗਿਆ ਹੋਵੇ, ਕਿਉਂਕਿ ‘ਮੋਦੀ ਹੈ ਤੋ ਮੁਮਕਿਨ ਹੈ’।
ਨੇਹਾ ਜਮਾਲ, ਮੁਹਾਲੀ।
ਔਰਤ ਦੀ ਆਜ਼ਾਦੀ
8 ਮਾਰਚ ਨੂੰ ਕੰਵਲਜੀਤ ਕੌਰ ਗਿੱਲ ਦਾ ਲੇਖ ‘ਔਰਤ ਦੀ ਆਜ਼ਾਦੀ ਅਤੇ ਵਿਕਾਸ ਵੱਲ ਵਧਦੇ ਕਦਮ’ ਸੁਚੱਜੇ ਢੰਗ ਨਾਲ ਅੱਜ ਦੀ ਔਰਤ ਅਤੇ ਸਮਕਾਲੀ ਔਰਤਾਂ ਦੁਆਰਾ ਔਰਤ ਲਈ ਕੀਤੇ ਸੰਘਰਸ਼ ਬਾਰੇ ਚਾਨਣਾ ਪਾਉਂਦਾ ਹੈ। 1908 ਤੋਂ ਲੈ ਕੇ 1975 ਤਕ ਔਰਤਾਂ ਦੁਆਰਾ ਕੀਤੇ ਸੰਘਰਸ਼ ਬਾਰੇ ਜਾਣਕਾਰੀ ਦਿੱਤੀ ਗਈ ਹੈ। ਆਪਣੇ ਹੱਕਾਂ ਦੀ ਰਾਖੀ ਲਈ ਅੱਜ ਦੀ ਔਰਤ ਜਾਗਰੂਕ ਹੋ ਗਈ। ਔਰਤਾਂ ਦੇ ਹੱਕਾਂ ਲਈ ਸਰਕਾਰਾਂ ਵੀ ਬਹੁਤੀਆਂ ਪਹਿਲਕਦਮੀ ਕਰਦੀਆਂ ਨਜ਼ਰ ਨਹੀਂ ਆ ਰਹੀਆਂ। ਪਰ ਸਮਾਜ ਵਿਚ ਬਹੁਤ ਕੁਰੀਤੀਆਂ ਅਜਿਹੀਆਂ ਹਨ ਜਿਨ੍ਹਾਂ ਖ਼ਿਲਾਫ਼ ਔਰਤਾਂ ਵੀ ਕੁਝ ਖ਼ਾਸ ਨਹੀਂ ਕਰਦੀਆਂ ਹਨ, ਪਰ ਇਨ੍ਹਾਂ ਕਾਰਨ ਔਰਤਾਂ ਹੀ ਜ਼ੁਲਮਾਂ ਦਾ ਸ਼ਿਕਾਰ ਹੁਦੀਆਂ ਹਨ।
ਮਨਮੋਹਨ ਸਿੰਘ, ਨਾਭਾ (ਪਟਿਆਲਾ)