ਤਾਨਾਸ਼ਾਹੀ ਵੱਲ ਕਦਮ
5 ਮਾਰਚ ਦਾ ਸੰਪਾਦਕੀ ‘ਜਨਤਕ ਆਜ਼ਾਦੀ ’ਤੇ ਰੋਕਾਂ’ ਭਾਰਤ ਵਿਚ ਜਮਹੂਰੀਅਤ ਵਿਰੋਧੀ ਅਤੇ ਤਾਨਾਸ਼ਾਹੀ ਵੱਲ ਜਾਣ ਵਾਲੀਆਂ ਗੱਲਾਂ ਦਾ ਵਰਨਣ ਕਰਨ ਵਾਲਾ ਸੀ। 70ਵਿਆਂ ਵਿਚ ਲੱਗੀ ਐਮਰਜੈਂਸੀ ਮੰਦਭਾਗੀ ਘਟਨਾ ਸੀ ਲੇਕਿਨ 2014 ਤੋਂ ਲੈ ਕੇ ਹੁਣ ਤਕ ਲੋਕਾਂ ਦੀ ਆਜ਼ਾਦੀ ਨੂੰ ਜਬਰੀ ਦਬਾਇਆ ਜਾ ਰਿਹਾ ਹੈ। ਸਰਕਾਰ ਆਪਣੇ ਖ਼ਿਲਾਫ਼ ਬੋਲਣ ਵਾਲੇ ਲੋਕਾਂ ਨੂੰ ਟੁਕੜੇ ਟੁਕੜੇ ਗੈਂਗ, ਸ਼ਹਿਰੀ ਨਕਸਲੀਏ, ਦੇਸ਼-ਧ੍ਰੋਹੀ, ਅੰਦੋਲਨਜੀਵੀ ਕਹਿੰਦੀ ਹੈ। ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕੰਮ ਕਰਨ ਵਾਲੇ ਅਤੇ ਪੱਤਰਕਾਰਾਂ ਦੇ ਖ਼ਿਲਾਫ਼ ਕਾਰਵਾਈਆਂ ਵਧ ਰਹੀਆਂ ਹਨ। ਇਸ ਦਾ ਕੋਈ ਤੋੜ ਲੱਭਣਾ ਚਾਹੀਦਾ ਹੈ।
ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)
(2)
ਸੰਪਾਦਕੀ ‘ਜਨਤਕ ਆਜ਼ਾਦੀ ’ਤੇ ਰੋਕਾਂ’ ਪੜ੍ਹਿਆ। ਅਮਰੀਕੀ ਸੰਸਥਾ ‘ਫਰੀਡਮ ਹਾਊਸ’ ਨੇ ਭਾਰਤ ਦਾ ਦਰਜਾ ਆਜ਼ਾਦ ਤੋਂ ਘਟਾ ਕੇ ਅਰਧ-ਆਜ਼ਾਦ ਕਰ ਦਿੱਤਾ ਹੈ। ਜਦੋਂ ਦੀ ਭਾਜਪਾ ਨੇ ਕੇਂਦਰ ਵਿਚ ਸੱਤਾ ਸੰਭਾਲੀ ਹੈ; ਘੱਟ ਗਿਣਤੀਆਂ, ਦਲਿਤਾਂ, ਲੇਖਕਾਂ, ਪੱਤਰਕਾਰਾਂ ਆਦਿ ਨੂੰ ਹਕੂਮਤੀ ਕਹਿਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਅਨੇਕਾਂ ਪੱਤਰਕਾਰ ਅਤੇ ਬੁੱਧੀਜੀਵੀ ਜੇਲ੍ਹਾਂ ਵਿਚ ਬੰਦ ਹਨ। ਸਰਕਾਰ ਨਾਲ ਸਹਿਮਤੀ ਨਾ ਰੱਖਣ ਵਾਲਿਆਂ ਨੂੰ ਦੇਸ਼-ਧ੍ਰੋਹੀ ਤੇ ਗੱਦਾਰ ਕਹਿ ਕੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਬੋਲਣ ਦੀ ਆਜ਼ਾਦੀ ’ਤੇ ਪਾਬੰਦੀ ਹੈ। ਹਾਕਮ ਧਿਰ ਨੂੰ ਆਪਣਾ ਤਾਨਾਸ਼ਾਹੀ ਰਵੱਈਆ ਬਦਲ ਕੇ ਲੋਕਾਂ ਦੇ ਮਨਾਂ ਵਿਚੋਂ ਅਸਹਿਣਸ਼ੀਲਤਾ ਦਾ ਡਰ ਦੂਰ ਕਰ ਕੇ ਆਜ਼ਾਦੀ ਨਾਲ ਜੀਣ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ।
ਸੁਖਦੇਵ ਸਿੰਘ ਭੁੱਲੜ, ਬਠਿੰਡਾ
ਕਵਿਤਾ ਨੂੰ ਪਿਆਰ
3 ਮਾਰਚ ਨੂੰ ‘ਪੰਜਾਬੀ ਪੈੜਾਂ’ ’ਚ ਗੁਰਬਖ਼ਸ਼ ਸਿੰਘ ਭੰਡਾਲ ਦਾ ਕਵਿਤਾ ਬਾਰੇ ਲੇਖ ਸੋਹਣਾ ਲੱਗਿਆ। ਕਵਿਤਾ ਨੂੰ ਪਿਆਰ ਕਰਨ ਵਾਲੇ ਲੋਕ ਅਸਲ ’ਚ ਰੂਹ ਤੋਂ ਜ਼ਿੰਦਾ ਹੁੰਦੇ ਹਨ। ਕਵਿਤਾ ਲਿਖਣ ਵਾਲਾ ਮਨ ਦੇ ਵੇਗ ਨੂੰ ਬਾਹਰ ਲਿਆ ਕੇ ਮਾਨਸਿਕ ਤੌਰ ’ਤੇ ਸੰਤੁਲਿਤ ਰਹਿੰਦਾ ਹੈ।
ਰਾਜਨਦੀਪ ਕੌਰ ਮਾਨ, ਈਮੇਲ
ਸੌਦਾਗਰਾਂ ਦਾ ਦ੍ਰਿਸ਼ਟਾਂਤ
ਰਣਜੀਤ ਲਹਿਰਾ ਦੇ ਮਿਡਲ ‘ਸੁਪਨਿਆਂ ਦੇ ਸੌਦਾਗਰ’ (ਪਹਿਲੀ ਮਾਰਚ) ਨੇ ਚਿੱਟ ਫੰਡ ਕੰਪਨੀਆਂ ਦੇ ਦ੍ਰਿਸ਼ਟਾਂਤ ਦੇ ਕੇ ਮੁਲਕ ਦੀ ਅਜੋਕੀ ਹਾਲਤ ਲਈ ਜ਼ਿੰਮੇਵਾਰ ਸੌਦਾਗਰਾਂ ਬਾਰੇ ਜਾਣੂ ਕਰਾਇਆ ਹੈ ਪਰ ਕਿਸਾਨ ਅੰਦੋਲਨ ਦੇ ਬਾਵਜੂਦ ਅਸੀਂ ਪੰਜਾਬੀਆਂ ਨੇ ਨਗਰ ਕੌਂਸਲ ਚੋਣਾਂ ਵਿਚ ਤਿੰਨ ਬਿਲ ਲਿਆਉਣ ਵਿਚ ਭਾਈਵਾਲਾਂ ਨੂੰ ਚੁਣ ਲਿਆ!
ਕਰਮਜੀਤ ਸਿੰਘ, ਸ੍ਰੀ ਮੁਕਤਸਰ ਸਾਹਿਬ
(2)
ਰਣਜੀਤ ਲਹਿਰਾ ਦਾ ਮਿਡਲ ‘ਸੁਪਨਿਆਂ ਦੇ ਸੌਦਾਗਰ’ ਸਚਾਈ ਬਿਆਨ ਕਰਦਾ ਹੈ। ਸਾਨੂੰ ਸਭ ਨੂੰ ਇਨ੍ਹਾਂ ਚਿਟ ਫੰਡ ਕੰਪਨੀਆਂ ਤੇ ਬਗ਼ੈਰ ਪੜਤਾਲ ਕੀਤੇ ਭਰੋਸਾ ਨਹੀਂ ਕਰਨਾ ਚਾਹੀਦਾ। ਅਜਿਹੀਆਂ ਕੰਪਨੀਆਂ ਲੋਕਾਂ ਨੂੰ ਰਾਤੋ-ਰਾਤ ਅਮੀਰ ਹੋਣ ਦਾ ਸੁਪਨਾ ਦਿਖਾ ਕੇ ਲੁੱਟ ਲੈ ਜਾਂਦੀਆਂ ਹਨ।
ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ
(3)
ਪਹਿਲੀ ਮਾਰਚ ਦੇ ਮਿਡਲ ‘ਸੁਪਨਿਆਂ ਦੇ ਸੌਦਾਗਰ’ ਵਿਚ ਰਣਜੀਤ ਸਿੰਘ ਲਹਿਰਾ ਨੇ ਜਨਤਾ ਨੂੰ ਫੰਡ ਕੰਪਨੀਆਂ ਦੇ ਚੱਕਰ ਪ੍ਰਤੀ ਜਾਗਰੂਕ ਕੀਤਾ ਹੈ। ਅੱਧਪੜ੍ਹ ਜਾਂ ਅਨਪੜ੍ਹ ਤਾਂ ਮੰਨਿਆ ਕਿ ਉਹ ਇਨ੍ਹਾਂ ਦੇ ਚੱਕਰ ਵਿਚ ਫਸ ਜਾਂਦੇ ਹਨ ਲੇਕਿਨ ਆਰਥ ਸ਼ਾਸਤਰ ਪੜ੍ਹੇ ਲਿਖੇ ਪ੍ਰਿੰਸੀਪਲ ਰੈਂਕ ਤਕ ਪੁੱਜਣ ਵਾਲੇ ਵੀ ਬਹੁਤ ਵਾਰ ਮੂਰਖ਼ ਬਣਦੇ ਦੇਖੇ ਹਨ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਪ੍ਰੈੱਸ ਦੀ ਆਜ਼ਾਦੀ
24 ਫਰਵਰੀ ਦੇ ਸੰਪਾਦਕੀ ‘ਪ੍ਰੈੱਸ ਦੀ ਆਜ਼ਾਦੀ’ ਵਿਚ ਪ੍ਰੈੱਸ ਦੇ ਵਿਚਾਰਾਂ ਦੀ ਸੁਤੰਤਰਤਾ ਬਾਰੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਪ੍ਰੈੱਸ ਦੀ ਸੁਤੰਤਰਤਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੱਤਰਕਾਰਾਂ ਦਾ ਕਤਲ ਵੀ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਉੱਪਰ ਝੂਠੇ ਮੁਕੱਦਮੇ ਦਰਜ ਕੀਤੇ ਜਾਂਦੇ ਹਨ। ਮੀਡੀਆ ਨੂੰ ਆਜ਼ਾਦੀ ਦੀ ਜ਼ਰੂਰਤ ਹੈ ਤਾਂ ਜੋ ਉਹ ਬਿਨਾਂ ਕਿਸੇ ਦੇ ਡਰ ਤੋਂ ਆਪਣੇ ਵਿਚਾਰ ਪੇਸ਼ ਕਰ ਸਕਣ।
ਸੁਖਦੀਪ ਕੌਰ, ਸੰਦੌੜ
ਕੇਂਦਰ ਦਾ ਟੀਚਾ ਫਲਾਪ
ਪਹਿਲੀ ਮਾਰਚ ਦੇ ਅੰਕ ਵਿਚ ਡਾ. ਮੇਘਾ ਸਿੰਘ ਦਾ ਲੇਖ ‘ਕਿਸਾਨ ਅੰਦੋਲਨ ਦੇ ਸਿਆਸੀ ਹਾਸਲ’ ਪੜ੍ਹ ਕੇ ਕਿਸਾਨ ਅੰਦੋਲਨ ਦੇ ਕਈ ਪ੍ਰਭਾਵ ਪੜ੍ਹਨ ਨੂੰ ਮਿਲੇ। ਹੁਣ ਬਹੁਤ ਸਮਾਂ ਹੋ ਗਿਆ ਹੈ ਪਰ ਕੇਂਦਰ ਸਰਕਾਰ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ। ਕਿਸਾਨ ਅੰਦੋਲਨ ਨੇ ਸਿਆਸਤਦਾਨਾਂ ਨੂੰ ਵੀ ਵੱਡੀ ਸੇਧ ਦਿੱਤੀ ਹੈ। ਜੇ ਇਹ ਮਸਲਾ ਹੱਲ ਨਾ ਹੋਇਆ ਤਾਂ ਮੁਲਕ ਦੀ ਸਿਆਸਤ ’ਤੇ ਇਸ ਦਾ ਗਹਿਰਾ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਕੌਮਾਂਤਰੀ ਪੱਧਰ ’ਤੇ ਵੀ ਮੁਲਕ ਦੀ ਬਦਨਾਮੀ ਹੋ ਰਹੀ ਹੈ। ਕੋਈ ਵੱਡਾ ਵਿਦੇਸ਼ੀ ਨੇਤਾ ਸਾਡੇ ਗਣਤੰਤਰ ਦਿਵਸ ’ਤੇ ਨਹੀਂ ਆਇਆ। ਲਾਲ ਕਿਲ੍ਹੇ ਵਾਲੀ ਘਟਨਾ ਦਾ ਵੀ ਉਲਟ ਅਸਰ ਕੇਂਦਰ ’ਤੇ ਹੀ ਪਿਆ ਹੈ। 26 ਜਨਵਰੀ ਪਿੱਛੋਂ ਕਿਸਾਨ ਅੰਦੋਲਨ ਤਾਂ ਹੋਰ ਵੀ ਮਜ਼ਬੂਤ ਹੋ ਗਿਆ ਹੈ। ਕੇਂਦਰ ਦਾ ਅੰਦੋਲਨ ਨੂੰ ਬਦਨਾਮ ਕਰਨ ਦਾ ਟੀਚਾ ਬੁਰੀ ਤਰ੍ਹਾਂ ਫ਼ਲਾਪ ਹੋਇਆ ਹੈ।
ਪ੍ਰਿੰ. ਗੁਰਮੀਤ ਸਿੰਘ, ਫ਼ਾਜ਼ਿਲਕਾ