ਜਿਸ ਤਨ ਲੱਗੇ
18 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਜਗਮੋਹਨ ਸਿੰਘ ਲੱਕੀ ਦਾ ਮਿਡਲ ‘ਕੋਈ ਹੋਰ ਗੱਲ’ ਵਧੀਆ ਲੱਗਿਆ। ਬਹੁਤ ਵਾਰ ਕਿਸੇ ਘਟਨਾ ਨਾਲ ਮਨ ਉਦਾਸ ਹੋ ਜਾਂਦਾ ਹੈ। ਉਸ ਘਟਨਾ ਜਾਂ ਅਣਹੋਣੀ ਤੋਂ ਦਿਮਾਗ ਵਿਰਾਮ ਮੰਗਦਾ ਹੈ ਪਰ ਨਜ਼ਦੀਕੀਆਂ ਵਿਚੋਂ ਜਦੋਂ ਕੋਈ ਉਸੇ ਗੱਲ ਦਾ ਜ਼ਿਕਰ ਕਰਦਾ ਹੈ ਤਾਂ ਅੱਕਿਆ ਮਨ ਕਈ ਵਾਰ ਤਲਖ਼ ਜਵਾਬ ਦੇ ਦਿੰਦਾ ਹੈ। ਸਾਨੂੰ ਪੀੜਤ ਦੀ ਮਨਦੋਸ਼ਾ ਸਮਝਣੀ ਚਾਹੀਦੀ ਹੈ ਅਤੇ ਉਸ ਬਾਰੇ ਨਕਾਰਾਤਮਕ ਸੋਚ ਨਹੀਂ ਬਣਾਉਣੀ ਚਾਹੀਦੀ।
ਮਨਦੀਪ ਕੌਰ, ਲੁਧਿਆਣਾ
ਖ਼ਤਰੇ ਦੀ ਘੰਟੀ
17 ਫਰਵਰੀ ਨੂੰ ਨਜ਼ਰੀਆ ਪੰਨੇ ’ਤੇ ਆਪਣੇ ਲੇਖ ‘ਉਤਰਾਖੰਡ ਵਿਚ ਤਬਾਹੀ ਬਨਾਮ ਕੁਦਰਤੀ ਸੋਮੇ’ ਵਿਚ ਲੇਖਕ ਵਿਜੈ ਬੰਬੇਲੀ ਨੇ ਉਤਰਾਖੰਡ ਦੀ ਜਲ ਤਬਾਹੀ ਬਾਰੇ ਖੁੱਲ੍ਹ ਕੇ ਬਿਆਨ ਕੀਤਾ ਹੈ। ਕੁਦਰਤ ਵਾਰ ਵਾਰ ਸਾਨੂੰ ਚਿਤਾਵਨੀ ਦੇ ਰਹੀ ਹੈ ਕਿ ਵਿਕਾਸ ਦੇ ਨਾਮ ’ਤੇ ਉਸ ਦੇ ਸੋਮਿਆਂ ਨਾਲ ਖਿਲਵਾੜ ਨਾ ਕੀਤਾ ਜਾਵੇ। 2013 ਵਿਚ ਵੀ ਕੇਦਾਰਨਾਥ ਮੰਦਰ ਨੇੜੇ ਇਸੇ ਤਰ੍ਹਾਂ ਤਬਾਹੀ ਹੋਈ ਸੀ। ਸੋ, ਕੁਦਰਤ ਤੇ ਕੁਦਰਤੀ ਸੋਮਿਆਂ ਨੂੰ ਬਚਾ ਕੇ ਰੱਖਣ ਵਿਚ ਹੀ ਮਨੁੱਖ ਦੀ ਭਲਾਈ ਹੋਵੇਗੀ।
ਮਨਦੀਪ ਸਿੰਘ ਧਨੌਲਾ, ਪਟਿਆਲਾ
(2)
ਵਿਜੈ ਬੰਬੇਲੀ ਦਾ ਲੇਖ ‘ਉਤਰਾਖੰਡ ’ਚ ਤਬਾਹੀ ਬਨਾਮ ਕੁਦਰਤੀ ਸੋਮੇ’ ਅੱਜ ਦੇ ਸਮਿਆਂ ਦੀ ਵੱਡੀ ਅਤੇ ਅਹਿਮ ਲੋੜ ਵੱਲ ਧਿਆਨ ਦਿਵਾਉਂਦਾ ਹੈ। ਭੂਮੀ ਖੋਰ ਦੀ ਸਮੱਸਿਆ ਕਿੰਨੀ ਗੰਭੀਰ ਤੇ ਭਿਆਨਕ ਹੈ, ਲੇਖਕ ਨੇ ਇਸ ਬਾਰੇ ਸਪਸ਼ਟ ਅੰਕੜੇ ਦੱਸੇ ਹਨ। ਮੀਡੀਆ ਅਤੇ ਲੋਕਾਂ ਵਿਚ ਚਰਚਾ ਸਿਰਫ਼ ਹਵਾ, ਪਾਣੀ ਤੇ ਮਿੱਟੀ ਦੇ ਪ੍ਰਦੂਸ਼ਣ ਬਾਰੇ ਹੀ ਚੱਲਦੀ ਹੈ ਪਰ ਇਸ ਮਸਲੇ ਬਾਰੇ ਸਾਰੀਆਂ ਧਿਰਾਂ ਅਵੇਸਲੀਆਂ ਹਨ। ਪੰਜਾਬ ਪਹਿਲਾਂ ਹੀ ਭਿਆਨਕ ਵਾਤਾਵਰਨਕ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਇਸ ਲਈ ਮਿੱਟੀ ਦੇ ਖੁਰਨ ਦੀ ਸਮੱਸਿਆ ਨੂੰ ਹੁਣੇ ਹੀ ਪਛਾਣਨਾ ਅਤੇ ਇਸ ਬਾਰੇ ਚੇਤਨਾ ਫੈਲਾਉਣ ਦੀ ਲੋੜ ਹੈ।
ਅਮਰਜੀਤ ਸਿੰਘ ਅਮਨੀਤ, ਘੱਗਾ (ਪਟਿਆਲਾ)
ਲੰਡਨ ਦਾ ਘਰ
17 ਫਰਵਰੀ ਦੇ ਇੰਟਰਨੈੱਟ ਪੰਨੇ ‘ਪੰਜਾਬੀ ਪੈੜਾਂ’ ਵਿਚ ਹਰਜੀਤ ਅਟਵਾਲ ਦਾ ਲੇਖ ‘ਲੰਡਨ ਦੇ ਆਇਆ ਘਰ’ ਜਾਣਕਾਰੀ ਭਰਪੂਰ ਰਚਨਾ ਲੱਗੀ ਕਿ ਭਾਰਤੀ ਵਿਦੇਸ਼ਾਂ ਵਿਚ ਕਦੋਂ ਤੋਂ ਸ਼ੋਸ਼ਿਤ ਹੋ ਰਹੇ ਹਨ, ਬਾਅਦ ਵਿਚ ਉਨ੍ਹਾਂ ਔਰਤਾਂ ਦਾ ਕੀ ਬਣਿਆ, ਇਹ ਵੀ ਜਾਣਨ ਦੀ ਜਗਿਆਸਾ ਅਜੇ ਹੈ। ਇਸ ਬਾਰੇ ਵੀ ਗੱਲ ਚੱਲਣੀ ਚਾਹੀਦੀ ਹੈ। ਇਸੇ ਪੰਨੇ ਉੱਤੇ ਤਲਵਿੰਦਰ ਮੰਡ ਦਾ ਲੇਖ ‘ਗਾਥਾ ਇਕ ਗੀਤ ਦੀ’ ਵੀ ਵਧੀਆ ਲੇਖ ਹੈ।
ਰਾਜਨਦੀਪ ਕੌਰ ਮਾਨ, ਈਮੇਲ
ਬਾਬਾ ਰਾਮ ਸਿੰਘ ਦਾ ਯੋਗਦਾਨ
17 ਫਰਵਰੀ ਨੂੰ ‘ਵਿਰਾਸਤ’ ਪੰਨੇ ’ਤੇ ਡਾ. ਲਖਵੀਰ ਸਿੰਘ ਨਾਮਧਾਰੀ ਦਾ ਲੇਖ ‘ਸੁਤੰਤਰਤਾ ਸੰਗਰਾਮ ਦੇ ਮੋਢੀ ਬਾਬਾ ਰਾਮ ਸਿੰਘ’ ਜਾਣਕਾਰੀ ਭਰਪੂਰ ਹੈ। ਨਾ-ਮਿਲਵਰਤਣ ਅਤੇ ਸਵਦੇਸ਼ੀ ਲਹਿਰ ਦਾ ਮੁੱਢ ਬਾਬਾ ਰਾਮ ਸਿੰਘ ਨੇ ਹੀ ਬੰਨ੍ਹਿਆ ਸੀ। ਬਹੁਤ ਬਾਅਦ ਵਿਚ ਜਾ ਕੇ ਮਹਾਤਮਾ ਗਾਂਧੀ ਨੇ ਅੰਗਰੇਜ਼ ਸਰਕਾਰ ਵਿਰੁੱਧ ਨਾ-ਮਿਲਵਰਤਣ ਲਹਿਰ ਸਾਰੇ ਦੇਸ਼ ਵਿਚ ਚਲਾਈ। ਵਰਤਮਾਨ ਕਿਸਾਨ ਅੰਦੋਲਨ ਵੀ ਕੂਕਾ ਅੰਦੋਲਨ ਤੋਂ ਮਾਰਗ ਦਰਸ਼ਨ ਲੈ ਸਕਦਾ ਹੈ।
ਦਲਬਾਰ ਸਿੰਘ, ਚੱਠੇ ਸੇਖਵਾਂ (ਸੰਗਰੂਰ)
ਛੋਟੂ ਰਾਮ ਦੀਆਂ ਯਾਦਾਂ
16 ਫਰਵਰੀ ਦੇ ਲੋਕ ਸੰਵਾਦ ਪੰਨੇ ’ਤੇ ਪ੍ਰੋ. ਬਸੰਤ ਸਿੰਘ ਬਰਾੜ ਦੀ ਰਚਨਾ ‘ਸਰ ਛੋਟੂ ਰਾਮ ਨੂੰ ਯਾਦ ਕਰਦਿਆਂ’ ਸਿੱਖਿਆਦਾਇਕ ਹੈ। ਅੱਜ ਦੇਸ਼ ਦੇ ਜਿਹੋ ਜਿਹੇ ਹਾਲਾਤ ਹਨ, ਉਸ ਅਨੁਸਾਰ ਦੇਸ਼ ਨੂੰ ਸਰ ਛੋਟੂ ਰਾਮ ਵਰਗੇ ਪੜ੍ਹੇ-ਲਿਖੇ ਸੂਝਵਾਨ ਅਤੇ ਲੋਕਾਂ ਲਈ ਸਮਰਪਿਤ ਲੀਡਰ ਦੀ ਜ਼ਰੂਰਤ ਹੈ।
ਜਗਜੀਤ ਸਿੰਘ, ਈਮੇਲ
ਸ਼ਬਦ ਸੁਚੱਜ
ਡਾ. ਕਰਨੈਲ ਸਿੰਘ ਸੋਮਲ ਦੀ ਲਿਖਤ ‘ਲੂਸਦੇ ਸ਼ਬਦ’ (16 ਫਰਵਰੀ) ਰੌਚਕ, ਜਾਣਕਾਰੀ ਭਰਪੂਰ ਅਤੇ ਸੇਧ ਦਿੰਦੀ ਰਚਨਾ ਹੈ। ਉਨ੍ਹਾਂ ਬਹੁਤ ਸੂਖ਼ਮ ਢੰਗ ਨਾਲ ਸ਼ਬਦਾਂ ਦੀ ਸੁਚੱਜੀ ਵਰਤੋਂ ਕਰ ਕੇ, ਕਿਸੇ ਦੇ ਦਿਲ ਨੂੰ ਠੇਸ ਨਾ ਪਹੁੰਚਾਉਣ ਦਾ ਮਸ਼ਵਰਾ ਦਿੱਤਾ ਹੈ। ਅਸਲ ਵਿਚ, ਸ਼ਬਦਾਂ ਦੀ ਨਾਂਹ-ਪੱਖੀ ਵਰਤੋਂ ਕਰਨ ਵਾਲੇ ਸ਼ਾਇਦ ਆਪ ਹੀ ਹੀਣ-ਭਾਵਨਾ ਜਾਂ ਸੰਕੀਰਨ ਸੋਚ ਦੇ ਸ਼ਿਕਾਰ ਹੁੰਦੇ ਹਨ, ਨਹੀਂ ਤਾਂ ਸ਼ਬਦਾਂ ਦੀ ਸੋਹਣੀ ਤੇ ਉਸਾਰੂ ਵਰਤੋਂ ਕਰਨਾ ਤਾਂ ਇਸ ਜਹਾਨ ਨੂੰ ਬਿਹਤਰ ਬਣਾਉਣ ਦਾ ਨਾਯਾਬ ਜ਼ਰੀਆ ਹੈ।
ਪਰਮਬੀਰ ਕੌਰ, ਲੁਧਿਆਣਾ
ਵਿੱਦਿਆ, ਬਾਜ਼ਾਰ ਦੀ ਵਸਤ ਬਣਾਈ
15 ਫਰਵਰੀ ਨੂੰ ‘ਅੱਜ ਦਾ ਵਿਚਾਰ’ ਕਿ ‘ਵਿੱਦਿਆ ਦੀਆਂ ਮਜ਼ਬੂਤ ਬੁਨਿਆਦਾਂ ਹੀ ਵਿਦਿਆਰਥੀ ਦੇ ਰਾਹ ਮੋਕਲੇ ਕਰਨ ਵਿਚ ਸਹਾਈ ਹੁੰਦੀਆਂ ਹਨ’ ਅਤੇ ਸੰਪਾਦਕੀ ‘ਵਿਦਿਅਕ ਅਦਾਰਿਆਂ ਦਾ ਸੰਕਟ’ ਵਿਚ ਵਿੱਦਿਆ ਅਤੇ ਵਿਦਿਆਰਥੀਆਂ ਬਾਰੇ ਫ਼ਿਕਰ ਜ਼ਾਹਿਰ ਕੀਤੀ ਗਈ ਹੈ। ਹਿਮਾਚਲ ਪ੍ਰਦੇਸ਼ ਦੇ ਇਕ ਪ੍ਰਾਈਵੇਟ ਵਿਦਿਅਕ ਅਦਾਰੇ ਵੱਲੋਂ 35000 ਤੋਂ ਵੱਧ ਫਰਜ਼ੀ ਡਿਗਰੀਆਂ ਦੇਣ ਦਾ ਕੇਸ ਸਾਹਮਣੇ ਆਇਆ ਹੈ। ਨਵਉਦਾਰਵਾਦੀ ਨੀਤੀਆਂ ਲਾਗੂ ਹੋਣ ਤੋਂ ਬਾਅਦ ਅੱਜ ਦੇ ਨਿੱਜੀਕਰਨ ਦੇ ਦੌਰ ਵਿਚ ਅਜਿਹੀਆਂ ਘਟਨਾਵਾਂ ਵਾਚਣ ’ਤੇ ਲੱਗਦਾ ਹੈ ਕਿ ਸਭ ਕੁਝ ਉਲਟ-ਪੁਲਟ ਹੋ ਗਿਆ ਹੈ। ਅੱਜਕੱਲ੍ਹ ਵਿੱਦਿਆ ਨੂੰ ਬਾ਼ਜ਼ਾਰ ਵਿਚ ਵਿਕਣ ਵਾਲੀ ਵਸਤੂ ਬਣਾ ਦਿੱਤਾ ਗਿਆ ਹੈ।
ਕਮਲਜੀਤ ਸਿੰਘ ਬੁਜਰਗ (ਲੁਧਿਆਣਾ)
ਲੀਡਰਾਂ ਦਾ ਵਤੀਰਾ
13 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਪੀ. ਸਾਈਨਾਥ ਦਾ ਲੇਖ ‘ਅਮੀਰ ਕਿਸਾਨ, ਕੌਮਾਂਤਰੀ ਸਾਜ਼ਿਸ਼…’ ਜਾਣਕਾਰੀ ਭਰਪੂਰ ਸੀ। ਲੇਖਕ ਨੇ ਕਿਸਾਨ ਅੰਦੋਲਨ ਦੌਰਾਨ ਸਰਕਾਰ ਵੱਲੋਂ ਕੀਤੀਆਂ ਸਾਜ਼ਿਸ਼ਾਂ ਤੇ ਅਹਿਮ ਸ਼ਖ਼ਸੀਅਤਾਂ ਵੱਲੋਂ ਕੀਤੇ ਟਵੀਟ ਜਾਂ ਟਿੱਪਣੀਆਂ ਦਾ ਵਿਸ਼ਲੇਸ਼ਣ ਕੀਤਾ ਹੈ ਤੇ ਮੰਗਾਂ ਬਾਰੇ ਭਾਜਪਾ ਸਰਕਾਰ ਦੀ ਬੇਰੁਖ਼ੀ ਬਾਰੇ ਲਿਖਿਆ ਹੈ। ਸੱਚਮੁੱਚ ਇਹ ਲੜਾਈ ਨਿੱਜੀ ਹਉਮੈ ਦੀ ਹੈ, ਨੀਤੀਆਂ ਦੀ ਨਹੀਂ। ਸ਼ਾਇਦ ਗ਼ਲਤੀ ਮੰਨਣੀ ਜਾਂ ਕੀਤੇ ਫ਼ੈਸਲੇ ਨੂੰ ਰੱਦ ਕਰਨ ਵਿਚ ਭਾਜਪਾ ਆਪਣੀ ਬੇਇੱਜ਼ਤੀ ਸਮਝਦੀ ਹੈ। ਇਸੇ ਦਿਨ ਛਪੇ ਆਪਣੇ ਲੇਖ ਵਿਚ ਡਾ. ਰਣਜੀਤ ਸਿੰਘ ਨੇ 1907 ਦੇ ਸੰਘਰਸ਼ ਦੇ ਹਵਾਲੇ ਨਾਲ ਲਿਖਿਆ ਹੈ ਕਿ ਬਿੱਲ ਰੱਦ ਕਰਨ ਸਮੇਂ ਵਾਇਸਰਾਏ ਲਾਰਡ ਮਿੰਟੋ ਨੇ ਮਿਸਟਰ ਮੋਰਲੇ ਨੂੰ ਲਿਖਿਆ ਸੀ, ‘ਮੈਂ ਉਸ ਦਲੀਲ ਨੂੰ ਘਿਰਣਾਯੋਗ ਸਮਝਦਾ ਹਾਂ, ਜੋ ਇਹ ਆਖੇ ਕਿ ਗ਼ਲਤੀ ਨੂੰ ਗ਼ਲਤੀ ਮੰਨਣਾ ਕਮਜ਼ੋਰੀ ਦੀ ਨਿਸ਼ਾਨੀ ਹੈ ਅਤੇ ਅੰਦੋਲਨ ਅੱਗੇ ਝੁਕਣਾ ਹੈ। ਮੇਰੇ ਖਿਆਲ ਵਿਚ ਵੱਡੀ ਕਮਜ਼ੋਰੀ ਦੀ ਨਿਸ਼ਾਨੀ ਇਹ ਹੈ ਕਿ ਆਦਮੀ ਕਮਜ਼ੋਰ ਸਮਝੇ ਜਾਣ ਦੇ ਡਰ ਤੋਂ ਗ਼ਲਤ ਰਾਹ ਉੱਤੇ ਡਟਿਆ ਰਹੇ।’
ਸੁਖਦੇਵ ਸਿੰਘ ਭੁੱਲੜ, ਬਠਿੰਡਾ