ਕੁਦਰਤ ਨਾਲ ਖਿਲਵਾੜ
10 ਫਰਵਰੀ ਦਾ ਸੰਪਾਦਕੀ ‘ਤਬਾਹੀ ਦਾ ਮੰਜ਼ਰ’ ਮਹੱਤਵਪੂਰਨ ਵਿਸ਼ੇ ਵੱਲ ਇਸ਼ਾਰਾ ਕਰਦਾ ਹੈ। ਉੱਤਰਾਖੰਡ ਦੇ ਚਮੇਲੀ ਜ਼ਿਲ੍ਹੇ ਵਿਚ ਹੋਈ ਤਬਾਹੀ ਨੇ ਇਕ ਵਾਰ ਫਿਰ ਮਨੁੱਖ ਜਾਤੀ ਵੱਲੋਂ ਕੁਦਰਤ ਨਾਲ ਕੀਤੇ ਜਾ ਰਹੇ ਖਿਲਵਾੜ ਬਾਰੇ ਸਾਵਧਾਨ ਕੀਤਾ ਹੈ। ਇਸ ਘਟਨਾ ਤੋਂ ਸੰਕੇਤ ਮਿਲਦਾ ਹੈ ਕਿ ਕੁਦਰਤੀ ਆਫ਼ਤਾਂ ਵਧੇਰੇ ਭਿਆਨਕ ਰੂਪ ਅਖ਼ਤਿਆਰ ਕਰ ਰਹੀਆਂ ਹਨ। ਕੋਈ ਢਾਈ ਦਹਾਕੇ ਪਹਿਲਾਂ ਵਿਗਿਆਨੀਆਂ ਨੇ ਜਲਵਾਯੂ ਗਰਮ ਹੋਣ ਦੀਆਂ ਜੋ ਚਿਤਾਵਨੀਆਂ ਦੇਣੀਆਂ ਸ਼ੁਰੂ ਕੀਤੀਆਂ ਸਨ, ਉਹ ਨਾ ਕੇਵਲ ਸੱਚ ਸਾਬਤ ਹੋ ਰਹੀਆਂ ਹਨ, ਬਲਕਿ ਜਲਵਾਯੂ ਪਰਿਵਰਤਨ ਦੀ ਰਫ਼ਤਾਰ ਉਨ੍ਹਾਂ ਚਿਤਾਵਨੀਆਂ ਤੋਂ ਤੇਜ਼ ਹੋ ਰਹੀ ਹੈ। ਸਰਕਾਰਾਂ ਨੂੰ ਵਾਤਾਵਰਨ ਸੁਰੱਖਿਆ ਨੀਤੀਆਂ ਅਤੇ ਕਮਜ਼ੋਰ ਵਰਗਾਂ ਦੇ ਹਿੱਤਾਂ ਬਾਰੇ ਵਧੇਰੇ ਚੌਕਸ ਹੋਣਾ ਪਵੇਗਾ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)
ਕਸ਼ਮੀਰ ਬਾਰੇ ਗ਼ਲਤ ਬਿਆਨੀ
16 ਫਰਵਰੀ ਦਾ ਸੰਪਾਦਕੀ ‘ਜੰਮੂ ਕਸ਼ਮੀਰ ਦੇ ਹਾਲਾਤ’ ਪੜ੍ਹ ਕੇ ਜ਼ਾਹਿਰ ਹੁੰਦਾ ਹੈ ਕਿ ਕੇਂਦਰ ਸਰਕਾਰ ਕਸ਼ਮੀਰ ਘਾਟੀ ਵਿਚ ਜਮਹੂਰੀਅਤ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੀ ਹੈ। ਇਸ ਦੇ ਬਿਲਕੁਲ ਉਲਟ ਇਹ ਸਰਕਾਰ ਸੁਪਰੀਮ ਕੋਰਟ ਵਿਚ ਲਗਾਤਾਰ ਝੂਠ ਬੋਲ ਕੇ ਕਸ਼ਮੀਰ ਵਿਚ ‘ਸਭ ਠੀਕ ਹੋਣ’ ਬਾਰੇ ਗ਼ਲਤ ਬਿਆਨੀ ਕਰ ਰਹੀ ਹੈ। ਦਰਬਾਰੀ ਮੀਡੀਆ ਉੱਥੋਂ ਦੇ ਬਦਤਰ ਹਾਲਾਤ ਨੂੰ ਜਾਣਬੁੱਝ ਕੇ ਨਹੀਂ ਦਿਖਾ ਰਿਹਾ। ਉੱਥੋਂ ਦੇ ਬਾਸ਼ਿੰਦਿਆਂ ਤੋਂ ਸੈਰ ਸਪਾਟੇ ਅਤੇ ਫ਼ਲਾਂ ਦੇ ਕਾਰੋਬਾਰ ਖੋਹ ਕੇ ਪੂੰਜੀਪਤੀ ਘਰਾਣਿਆਂ ਦੇ ਕਬਜ਼ੇ ਹੇਠ ਲਿਆਉਣ ਦੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਅਜਿਹੇ ਹਥਕੰਡੇ ਵਰਤ ਕੇ ਵੀ ਸਰਕਾਰ ਲੋਕਾਂ ਅਤੇ ਕੌਮਾਂਤਰੀ ਭਾਈਚਾਰੇ ਨੂੰ ਗੁਮਰਾਹ ਨਹੀਂ ਕਰ ਸਕੇਗੀ। 3 ਫਰਵਰੀ ਦੀ ਸੰਪਾਦਕੀ ‘ਸ਼ਨਾਖਤ ਕਰਨ ਦੀ ਜ਼ਰੂਰਤ’ ਵਿਚ ਹਕੂਮਤੀ ਸਰਪ੍ਰਸਤੀ ਹੇਠ ਸਿੰਘੂ ਬਾਰਡਰ ਵਿਖੇ ਸ਼ਾਂਤਮਈ ਕਿਸਾਨ ਅੰਦੋਲਨਕਾਰੀਆਂ ਉੱਤੇ ਹਮਲੇ ਕਰਨ ਵਾਲਿਆਂ ਦੀ ਸ਼ਨਾਖਤ ਨਾ ਕਰਨ ਬਾਰੇ ਕੇਂਦਰੀ ਹਕੂਮਤ, ਦਿੱਲੀ ਪੁਲੀਸ ਅਤੇ ਗੋਦੀ ਮੀਡੀਏ ਉੱਤੇ ਗੰਭੀਰ ਸਵਾਲ ਉਠਾਏ ਹਨ।
ਸੁਮੀਤ ਸਿੰਘ, ਅੰਮ੍ਰਿਤਸਰ
ਸ਼ਬਦਾਂ ਦੀ ਹਿੰਸਾ
16 ਫਰਵਰੀ ਨੂੰ ਕਰਨੈਲ ਸਿੰਘ ਸੋਮਲ ਦਾ ਮਿਡਲ ‘ਲੂਸਦੇ ਸ਼ਬਦ’ ਪੜ੍ਹਿਆ। ਸਾਰੇ ਜਾਣਦੇ ਹਨ ਕਿ ਕੌੜੇ ਤੇ ਦੁਖਦਾਈ ਬੋਲ ਨੁਕਸਾਨ ਕਰਦੇ ਹਨ। ਸਾਡੇ ਸਮਿਆਂ ਵਿਚ ਅਧਿਆਪਕ ਬੱਚਿਆਂ ਦੀਆਂ ਕਮਜ਼ੋਰੀਆਂ ’ਤੇ ਨਲਾਇਕ, ਗਧਾ, ਡੰਗਰ, ਬਦਮਾਸ਼ ਆਦਿ ਸ਼ਬਦ ਅਕਸਰ ਵਰਤ ਲੈਂਦੇ ਸਨ। ਇਹ ਬੱਚਿਆਂ ਨੂੰ ਮਾਨਸਿਕ ਤੌਰ ’ਤੇ ਜ਼ਖ਼ਮੀ ਕਰਦੇ ਹਨ। ਅੰਗਹੀਣ/ਅਪਾਹਜ ਦੀ ਬਜਾਏ ਭਿੰਨ-ਯੋਗਤਾ ਸ਼ਬਦ ਵਰਤਿਆ ਜਾਂਦਾ ਹੈ ਪਰ ਤਾਂ ਵੀ ਇਨ੍ਹਾਂ ਲੂਸਦੇ ਸ਼ਬਦਾਂ ਦੀ ਵਰਤੋਂ ਹੁੰਦੀ ਹੈ। ਹੁਣੇ ਜਿਹੇ ਪਾਰਲੀਮੈਂਟ ਵਿਚ ਪ੍ਰਧਾਨ ਮੰਤਰੀ ਨੇ ਆਪਣੇ ਅਹੁਦੇ ਦੀ ਮਰਿਆਦਾ ਨੂੰ ਅੱਖੋਂ-ਪਰੋਖੇ ਕਰਦਿਆਂ ਅੰਦੋਲਨ ਕਰ ਰਹੇ ਕਿਸਾਨਾਂ ਲਈ ‘ਅੰਦੋਲਨਜੀਵੀ’ ਅਤੇ ‘ਪਰਜੀਵੀ’ ਸ਼ਬਦ ਵਰਤ ਕੇ ਘੋਰ ਅਨਿਆਂ ਕੀਤਾ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
(2)
ਕਰਨੈਲ ਸਿੰਘ ਸੋਮਲ ਦਾ ਮਿਡਲ ‘ਲੂਸਦੇ ਸ਼ਬਦ’ ਵਿਚਾਰਨ ਵਾਲਾ ਹੈ। ਬੰਦੇ ਦੀ ਬੋਲਬਾਣੀ ਉੱਪਰ ਹੀ ਉਸ ਦਾ ਸਾਰਾ ਵਿਹਾਰ ਨਿਰਭਰ ਕਰਦਾ ਹੈ। 12 ਫਰਵਰੀ ਨੂੰ ਸਿਹਤ ਤੇ ਸਿੱਖਿਆ ਪੰਨੇ ’ਤੇ ਸੰਜੀਵ ਕੁਮਾਰ ਸ਼ਰਮਾ ਦਾ ਲੇਖ ‘ਇਸ਼ਨਾਨ ਅਤੇ ਅਰੋਗਤਾ’ ਗਿਆਨ ਭਰਪੂਰ ਅਤੇ ਸਾਡੀ ਸਿਹਤ ਲਈ ਫ਼ਾਇਦੇਮੰਦ ਹੈ। ਸਾਰੇ ਹੀ ਧਰਮਾਂ ਵਿਚ ਸਰੀਰ ਦੀ ਅਤੇ ਮਨ ਦੀ ਸਫ਼ਾਈ ਬਾਰੇ ਜ਼ਿਕਰ ਕੀਤਾ ਗਿਆ ਹੈ। ਲੇਖ ਵਿਚ ਬੜੇ ਹੀ ਸੁਚੱਜੇ ਢੰਗ ਨਾਲ ਬਿਆਨ ਕੀਤਾ ਗਿਆ ਹੈ ਕਿ ਅਸੀਂ ਕਿਵੇਂ ਇਸ਼ਨਾਨ ਨਾਲ ਕਿੰਨੀਆਂ ਹੀ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। 4 ਫਰਵਰੀ ਦੇ ਜਵਾਂ ਤਰੰਗ ਪੰਨੇ ’ਤੇ ਗੁਰਪ੍ਰੀਤ ਸਿੰਘ ਦਾ ਲੇਖ ‘ਇੰਟਰਨੈੱਟ : ਨਿੱਜਤਾ, ਸੁਰੱਖਿਆ ਤੇ ਨਾਗਰਿਕ ਹੱਕ’ ਗਿਆਨ ਭਰਪੂਰ ਸੀ। ਇਸੇ ਦਿਨ ਨਜ਼ਰੀਆ ਪੰਨੇ ’ਤੇ ਸੁਖਦੇਵ ਸਿੰਘ ਮਾਨ ਦਾ ਲੇਖ ‘ਅੱਡੇ ਹੁਣ ਖੇੜਾ ਨਹੀਂ ਦਿੰਦੇ’ ਵਿਚ ਜਿਸ ਤਬਦੀਲੀ ਦਾ ਜ਼ਿਕਰ ਹੈ, ਉਹ ਸੁਭਾਵਿਕ ਹੈ। ਨਵੀਂ ਪੀੜ੍ਹੀ ਇੰਟਰਨੈੱਟ ’ਤੇ ਕਿਤਾਬਾਂ ਪੜ੍ਹਨ ਅਤੇ ਲੈਕਚਰ ਸੁਣਨਾ ਜ਼ਿਆਦਾ ਪਸੰਦ ਕਰਦੀ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਨੌਜਵਾਨ ਵਰਗ ਕਿਤਾਬਾਂ ਖ਼ਰੀਦਣਾ ਪਸੰਦ ਨਹੀਂ ਕਰਦਾ। ਇਸ ਦਾ ਅੰਦਾਜ਼ਾ ਅਸੀਂ ਯੂਨੀਵਰਸਿਟੀਆਂ ਆਦਿ ਵਿਚ ਲੱਗਦੇ ਕਿਤਾਬ ਮੇਲਿਆਂ ਤੋਂ ਲਗਾ ਸਕਦੇ ਹਾਂ। ਇਸ ਲਈ ਨਿਰਾਸ਼ ਹੋਣ ਦੀ ਲੋੜ ਨਹੀਂ। ਦੁਕਾਨਦਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਲੋਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖਦੇ ਹੋਏ ਮਿਆਰੀ ਸਾਹਿਤ ਹੀ ਦੁਕਾਨਾਂ ਵਿਚ ਰੱਖਣ। ਇਸ ਤੋਂ ਪਹਿਲਾਂ 29 ਜਨਵਰੀ ਨੂੰ ਸਿਹਤ ਤੇ ਸਿੱਖਿਆ ਪੰਨੇ ’ਤੇ ਬਹਾਦਰ ਸਿੰਘ ਗੋਸਲ ਦਾ ਲੇਖ ‘ਸਕੂਲੀ ਸਿੱਖਿਆ ਦਾ ਦੁਖਾਂਤ, ਭਾਰੀ ਬਸਤੇ’ ਅਤੇ 28 ਜਨਵਰੀ ਨੂੰ ਜਵਾਂ ਤਰੰਗ ਪੰਨੇ ਉੱਤੇ ਅੰਗਰੇਜ਼ ਸਿੰਘ ਵਿੱਕੀ ਦਾ ਲੇਖ ‘ਵਿੱਦਿਆ, ਵਿਦਿਆਰਥੀ ਤੇ ਚੁਣੌਤੀਆਂ’ ਚੰਗੇ ਲੇਖ ਸਨ।
ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ