ਮਜ਼ਦੂਰਾਂ ਦੇ ਹਾਲ
16 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਕਰਮ ਬਰਸਟ ਨੇ ਪੇਂਡੂ ਮਜ਼ਦੂਰਾਂ ਤੇ ਕਿਸਾਨਾਂ ਦੀ ਤਰਸਯੋਗ ਹਾਲਤ ਬਿਆਨ ਕੀਤੀ ਹੈ। ਵੱਖ ਵੱਖ ਸਰਕਾਰਾਂ ਅਜੇ ਵੀ ਮਿਹਨਤੀ ਮਜ਼ਦੂਰਾਂ ਦੀਆਂ ਬੁਨਿਆਦੀ ਲੋੜਾਂ ਹੀ ਪੂਰੀਆਂ ਨਹੀਂ ਕਰ ਸਕੀਆਂ। ਇਨ੍ਹਾਂ ਦੀ ਆਰਥਿਕ ਅਵਸਥਾ ਨੂੰ ਅਣਗੌਲਿਆਂ ਕੀਤਾ ਜਾਂਦਾ ਰਿਹਾ ਹੈ। ਹੁਣ ਵੱਡਾ ਸਵਾਲ ਹੈ: ਕੀ ਉਹ ਸਾਰੀ ਉਮਰ ਕਰਜ਼ਿਆਂ ਦੇ ਭਾਰ ਥੱਲੇ ਹੀ ਨੱਪੇ ਰਹਿਣਗੇ ਅਤੇ ਖ਼ੁਦਕੁਸ਼ੀਆਂ ਹੀ ਕਰਦੇ ਰਹਿਣਗੇ?
ਜਸਬੀਰ ਕੌਰ, ਅੰਮ੍ਰਿਤਸਰ
ਝਾੜ-ਝੰਬ ਦੀ ਬਜਾਇ ਸਜ਼ਾ
23 ਸਤੰਬਰ ਦੇ ਸੰਪਾਦਕੀ ‘ਨਫ਼ਰਤੀ ਭਾਸ਼ਣਾਂ ਬਾਰੇ ਚਿੰਤਾ’ ਦੇ ਅਖ਼ੀਰ ਵਿਚ ਲਿਖਿਆ ਹੈ ਕਿ ਸਰਬਉੱਚ ਅਦਾਲਤ ਅਤੇ ਕੇਂਦਰ ਸਰਕਾਰ ਨੂੰ ਇਹ ਰੁਝਾਨ (ਨਫ਼ਰਤੀ ਸ਼ਬਦਾਵਲੀ) ਰੋਕਣ ਲਈ ਕਾਰਗਰ ਕਾਰਵਾਈ ਕਰਨੀ ਚਾਹੀਦੀ ਹੈ। ਇਸ ਦਾ ਇਹੀ ਅਰਥ ਬਣਦਾ ਹੈ ਕਿ ਆਮ ਤੌਰ ’ਤੇ ਕਈ ਕੇਸਾਂ ਵਿਚ ਅਦਾਲਤਾਂ ‘ਚਿੰਤਾ ਜ਼ਾਹਿਰ’ ਕਰਦੀਆਂ ਹਨ ਅਤੇ ਕਈ ਵਾਰ ‘ਝਾੜ’ ਵੀ ਪਾਉਂਦੀਆਂ ਹਨ ਪਰ ਦੇਖਣ ਵਿਚ ਆਉਂਦਾ ਹੈ ਕਿ ਇਹ ਅਦਾਲਤੀ ਚਿੰਤਾ ਜਾਂ ਝਾੜ ‘ਮਰ ਜਾਉ ਚਿੜੀਉ ਜੀਅ ਪਉ ਚਿੜੀਉ’ ਵਰਗੀ ਹੁੰਦੀ ਹੈ। ਇਸ ਦੀ ਤਾਜ਼ਾ ਮਿਸਾਲ ਦਿੱਲੀ ਦੀ ਮਹਿਲਾ ਆਗੂ ਨੂੰ ਪਿੱਛੇ ਜਿਹੇ ਪਈ ਅਦਾਲਤੀ ‘ਸਖ਼ਤ ਝਾੜ’ ਹੈ। ਇਸ ਲਈ ਇਸ ਚਿੰਤਾ ਜਾਂ ਝਾੜ ਦੀ ਬਜਾਇ ਦੋਸ਼ੀਆਂ ਲਈ ਕੋਈ ਸਜ਼ਾ ਦਾ ਵਿਧੀ-ਵਿਧਾਨ ਬਣਨਾ ਚਾਹੀਦਾ ਹੈ। ਨਜ਼ਰੀਆ ਸਫ਼ੇ ਉੱਤੇ ਹੀ ਇਸੇ ਦਿਨ ਅਕਾਲੀ ਸਿਆਸਤ ਬਾਰੇ ਜਗਰੂਪ ਸਿੰਘ ਸੇਖੋਂ ਦੇ ਲੇਖ ਵਿਚ ਪੰਜਾਬ ’ਚੋਂ ਅਕਾਲੀ ਦਲ ਨੂੰ ਲਗਾਤਾਰ ਘੱਟ ਵੋਟਾਂ ਮਿਲਣਾ ਪੜ੍ਹ ਕੇ ਪ੍ਰਧਾਨਗੀ ਨੂੰ ਬੁਰੀ ਤਰ੍ਹਾਂ ਚਿੰਬੜੇ ਬੈਠੇ ਸੁਖਬੀਰ ਸਿੰਘ ਬਾਦਲ ਬਾਰੇ ਬੜਾ ਕੁਝ ਚੇਤੇ ਆਉਂਦਾ ਹੈ।
ਤਰਲੋਚਨ ਸਿੰਘ ਦੁਪਾਲਪੁਰ, ਕੈਲੀਫੋਰਨੀਆ (ਅਮਰੀਕਾ)
ਬੁਲੰਦੀਆਂ
22 ਸਤੰਬਰ ਦੇ ਅੰਕ ਵਿਚ ਕੁਲਮਿੰਦਰ ਕੌਰ ਦਾ ਮਿਡਲ ‘ਹਵਾ ਦਾ ਰੁਖ਼’ ਪ੍ਰਭਾਵਸ਼ਾਲੀ ਸੀ। ਲਿਖਣ ਦਾ ਢੰਗ ਸਲਾਹੁਣਯੋਗ ਹੈ। ਸੱਚਮੁੱਚ ਜਨਮ ਤੋਂ ਹੀ ਘਰ ਵਿਚ ਚੰਗੀਆਂ ਸਹੂਲਤਾਂ ਦੇ ਹੁੰਦਿਆਂ ਕਿਸੇ ਰੁਤਬੇ ’ਤੇ ਪਹੁੰਚ ਜਾਣ ਨਾਲੋਂ ਉਹ ਬੰਦੇ ਕਿਤੇ ਵੱਧ ਮਹਾਨ ਹੁੰਦੇ ਹਨ ਜਿਹੜੇ ਅਤਿ ਦੀ ਗ਼ਰੀਬੀ ਹੁੰਦਿਆਂ ਵੀ ਆਪਣੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਉੱਚੀਆਂ ਬੁਲੰਦੀਆਂ ਹਾਸਿਲ ਕਰ ਜਾਂਦੇ ਹਨ।
ਸੁਖਦੇਵ ਸਿੰਘ ਸ਼ਾਂਤ, ਏਵਨ (ਇੰਡੀਆਨਾ, ਅਮਰੀਕਾ)
ਪੁਆੜੇ ਦੀ ਜੜ੍ਹ
21 ਸਤੰਬਰ ਨੂੰ ਸੁੱਚਾ ਸਿੰਘ ਖਟੜਾ ਦੀ ਰਚਨਾ ‘ਕਾਸ਼! ਮੋਬਾਈਲ ਵਰਦਾਨ ਬਣੇ…’ ਪੜ੍ਹੀ। ਉਨ੍ਹਾਂ ਮੋਬਾਈਨ ਫੋਨ ਅਤੇ ਕਿਤਾਬ ਦਾ ਖੂਬ ਮੁਕਾਬਲਾ ਕੀਤਾ ਹੈ। ਮੋਬਾਈਲ ਫੋਨ ਦੇ ਫ਼ਾਇਦੇ ਵੀ ਬਥੇਰੇ ਹਨ ਪਰ ਇਹ ਅਕਸਰ ਪੁਆੜੇ ਦੀ ਜੜ੍ਹ ਵੀ ਬਣਦਾ ਹੈ। ਕਿਤਾਬਾਂ ਪਾਠਕ ਨੂੰ ਬੰਦਾ ਬਣਨ ਦੇ ਰਾਹ ਤੋਰਦੀਆਂ ਹਨ। ਇਸੇ ਲਈ ਅਧਿਆਪਕਾਂ ਦੀ ਟਰੇਨਿੰਗ ਵਿਚ ਇਹ ਨੁਕਤਾ ਸ਼ਾਮਲ ਹੋਣਾ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਕਿਤਾਬਾਂ ਲਈ ਪ੍ਰੇਰਦੇ ਰਹਿਣ।
ਬਲਵਿੰਦਰ ਕੌਰ ਚਾਹਲ, ਹੁਸ਼ਿਆਰਪੁਰ
ਅਣਥੱਕ ਅਦਾਕਾਰ
17 ਸਤੰਬਰ ਨੂੰ ਸੁਰਜੀਤ ਜੱਸਲ ਦਾ ਲੇਖ ‘ਹਰਦੀਪ ਗਰੇਵਾਲ ਦੀ ਫਿਲਮ ਬੈਚ 2013’ ਪੜ੍ਹਿਆ ਜਿਸ ਵਿਚ ਉਨ੍ਹਾਂ ਹਰਦੀਪ ਗਰੇਵਾਲ ਨੂੰ ਵੱਖਰੀ ਕਿਸਮ ਦੇ ਸਿਨੇਮਾ ਦਾ ਆਸ਼ਕ ਦੱਸਿਆ ਹੈ ਅਤੇ ਹਰਦੀਪ ਗਰੇਵਾਲ ਦੀ ਅਣਥੱਕ ਮਿਹਨਤ ਨੂੰ ਬਾਖ਼ੂਬੀ ਨਾਲ ਲਿਖਿਆ। ਸੱਚਮੁੱਚ ਹਰਦੀਪ ਗਰੇਵਾਲ ਪੰਜਾਬੀ ਸਿਨੇ ਜਗਤ ਦਾ ਮਿਹਨਤੀ ਤੇ ਅਣਥੱਕ ਅਦਾਕਾਰ ਹੈ ਜੋ ਆਪਣੇ ਚਾਹੁਣ ਵਾਲਿਆਂ ਨੂੰ ਆਪਣੇ ਗਾਣਿਆਂ ਅਤੇ ਫਿਲਮ ਰਾਹੀਂ ਅੱਗੇ ਵਧਣ ਦਾ ਹੌਸਲਾ ਦਿੰਦਾ ਹੈ। ਲੇਖ ਦੀਆਂ ਕਈ ਗੱਲਾਂ ਵਿਚਾਰਨ ਵਾਲੀਆਂ ਹਨ।
ਪਾਵੇਲ ਸਿਹੌੜਾ (ਲੁਧਿਆਣਾ)
ਕੱਟੀਆਂ ਜੇਬਾਂ
9 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਕੁਲਵਿੰਦਰ ਸਿੰਘ ਮਲੋਟ ਦਾ ਮਿਡਲ ‘ਇਉਂ ਵੀ ਕੱਟੀਆਂ ਜਾਂਦੀਆਂ ਜੇਬਾਂ’ ਵਿਚ ਲੇਖਕ ਨੇ ਆਪਣੇ ਤਜਰਬੇ ਰਾਹੀਂ ਸਮਾਜ ਨੂੰ ਸਾਵਧਾਨ ਕੀਤਾ ਹੈ ਕਿ ਕਿਵੇਂ ਲੋਕਾਂ ਨਾਲ ਵੱਖ ਵੱਖ ਢੰਗਾਂ ਨਾਲ ਠੱਗੀ ਮਾਰੀ ਜਾਂਦੀ ਹੈ। ਇਹ ਠੱਗ ਸਿਆਣੇ ਤੋਂ ਸਿਆਣੇ ਬੰਦੇ ਨੂੰ ਵੀ ਆਪਣੇ ਜਾਲ ਵਿਚ ਫਸਾ ਲੈਂਦੇ ਹਨ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ