ਦਿੱਲੀ ਦੀ ਹੱਦ ਅਤੇ ਖੱਬਲ
9 ਫਰਵਰੀ ਨੂੰ ਗੁਰਦੀਪ ਸਿੰਘ ਢੁੱਡੀ ਦਾ ਮਿਡਲ ‘ਖੱਬਲ’ ਪਸੰਦ ਆਇਆ। ਅਮਨਦੀਪ ਨੂੰ ਸਲਾਮ ਜਿਸ ਨੇ ਯੋਗ ਅਧਿਆਪਕਾਂ ਦੀ ਅਗਵਾਈ ਵਿਚ ਮੱਲਾਂ ਮਾਰੀਆਂ ਅਤੇ ਧਰਨੇ ’ਤੇ ਜੰਮੇ ‘ਖੱਬਲ’ ਵਰਗੇ ਕਿਸਾਨਾਂ/ਮਜ਼ਦੂਰਾਂ ਲਈ ਉਸ ਦੇ ਦਿਲ ਵਿਚ ਡੂੰਘੇ ਅਹਿਸਾਸ ਦੀ ਐਸੀ ਚਿਣਗ ਪੈਦਾ ਹੋਈ ਕਿ ਉਹ ਪਿਛਲੇ ਡੇਢ ਮਹੀਨੇ ਤੋਂ ਦਿੱਲੀ ਦੀ ਹੱਦ ’ਤੇ ਡਟੀ ਹੋਈ ਹੈ, ਮੰਚ ਸੰਚਾਲਨ ਕਰਦੀ ਹੈ, ਕਵਿਤਾਵਾਂ ਸੁਣਾਉਂਦੀ ਹੈ। ਲੇਖਕ ਦੇ ਕਹਿਣ ਅਨੁਸਾਰ ਉਹ ਭਾਵੇਂ ਗੱਲ ਕਰਨ ਲੱਗੀ ਮੁਸਕਰਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਤੋਂ ਨਾ ਹੱਸਿਆ ਜਾਂਦਾ ਤੇ ਨਾ ਮੁਸਕਰਾਇਆ। ਉਸ ਦੇ ਬੋਲਾਂ ਵਿਚ ਗੁੱਸੇ ਦੀ ਝਲਕ ਪੈਂਦੀ ਹੈ। ਲੱਖਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਖੱਬਲ ਵਾਂਗ ਹਰੇ ਹੋ ਗਏ ਹਨ, ਡੂੰਘੀ ਜੜ੍ਹ ਫੜ ਗਏ ਹਨ। ਇਹ ਸਾਡੀ ਧੀ ਅਮਨਦੀਪ ਹੀ ਹੈ ਜੋ ਸ਼ਾਇਰਾ ਪਾਲ ਕੌਰ ਦੀ ਕਵਿਤਾ ਅਤੇ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਖੱਬਲ’ ਨੂੰ ਬਹੁਤ ਅੱਗੇ ਲੈ ਗਈ ਹੈ। ਜੇ ਕੋਈ ਹਾਕਮ ਹੱਦਾਂ ’ਤੇ ਉੱਗੇ ‘ਖੱਬਲ’ ਨੂੰ ਪਰਜੀਵੀ ਕਹਿੰਦਾ ਹੈ ਤਾਂ ਉਸ ਨੂੰ ਕੌਣ ਸਮਝਾਵੇ ਕਿ ਰਾਜਿਆ! ਇਹ ‘ਪਰਜੀਵੀ ਖੱਬਲ’ ਪੁੱਟਣਾ ਹੁਣ ਤੇਰੇ ਵੱਸ ਵਿਚ ਨਹੀਂ।
ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)
ਕਿਸਾਨ ਅੰਦੋਲਨ ਦੀ ਜ਼ਮੀਨ
15 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਦੇਵਿੰਦਰ ਸ਼ਰਮਾ ਦਾ ਲੇਖ ‘ਖ਼ੁਰਾਕ ਬਾਜ਼ਾਰ ’ਚ ਇਜਾਰੇਦਾਰੀ ਦੇ ਖ਼ਤਰੇ’ ਪੜ੍ਹਿਆ। ਲੇਖ ਮੌਜੂਦਾ ਕਿਸਾਨ ਅੰਦੋਲਨ ਦੇ ਮੂਲ ਕਾਰਨ (ਜ਼ਮੀਨ ਅਤੇ ਖ਼ੁਰਾਕ ਉੱਤੇ ਕੁਝ ਕੁ ਹੀ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋਣ ਦੇ ਖ਼ਦਸ਼ੇ) ਨੂੰ ਅਮਰੀਕੀ ਧਨਾਢਾਂ ਅਤੇ ਅਰਥ ਸ਼ਾਸਤਰੀਆਂ ਦੀਆਂ ਉਦਾਹਰਣਾਂ ਦੇ ਕੇ ਸਪੱਸ਼ਟ ਕਰਦਾ ਹੈ। ਲੇਖਕ ਸਹੀ ਸਿੱਟਾ ਕਰਦਾ ਹੈ ਕਿ ਕਿਸਾਨ ਅੰਦੋਲਨ ਦਾ ਮਕਸਦ ਕਿਸਾਨਾਂ ਖ਼ਿਲਾਫ਼ ਖੁਰਾਕ ਪ੍ਰਣਾਲੀ ਰਾਹੀਂ ਬਣੇ ਜਾ ਰਹੇ ਮੱਕੜਜਾਲ ਦੇ ਜੱਫ਼ੇ ਨੂੰ ਰੋਕਣਾ ਹੈ।
ਜਗਰੂਪ ਸਿੰਘ ਉੱਭਾਵਾਲ (ਸੰਗਰੂਰ)
ਸਾਂਝਾਂ ਅਤੇ ਯਾਦਾਂ
12 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਸਾਹਿਤ, ਫ਼ਿਲਮਾਂ ਤੇ ਰੰਗਮੰਚ ਨਾਲ ਸਬੰਧਿਤ ਦੋ ਨਾਮਵਰ ਸ਼ਖ਼ਸੀਅਤਾਂ ਦਰਸ਼ਨ ਦਰਵੇਸ਼ ਅਤੇ ਬੰਸੀ ਕੌਲ ਬਾਰੇ ਰਚਨਾਵਾਂ ਪੜ੍ਹੀਆਂ। ਨਿਰੰਜਨ ਬੋਹਾ ਨੇ ਦਰਸ਼ਨ ਦਰਵੇਸ਼ ਅਤੇ ਅਰੀਤ ਕੌਰ ਨੇ ਬੰਸੀ ਕੌਲ ਨਾਲ ਆਪਣੀਆਂ ਸਾਂਝਾਂ ਤੇ ਯਾਦਾਂ ਬਿਆਨ ਕੀਤੀਆਂ ਹਨ। ਦਰਵੇਸ਼ ਨਾਲ ਤਿੰਨ-ਚਾਰ ਵਾਰ ਮੇਰੀ ਵੀ ਮੁਲਾਕਾਤ ਹੋਈ ਸੀ, ਉਹ ਨਾ ਕੇਵਲ ਵਧੀਆ ਸਾਹਿਤਕਾਰ ਸੀ ਬਲਕਿ ਫ਼ਿਲਮਾਂ ਬਾਰੇ ਵੀ ਚੰਗੀ ਸੂਝ ਰੱਖਦਾ ਸੀ। ਉਹ ਮੂੰਹ ’ਤੇ ਗੱਲ ਕਹਿਣ ਵਾਲਾ ਪਰ ਸਾਫ਼ ਦਿਲ ਇਨਸਾਨ ਸੀ।
ਪਰਮਜੀਤ ਸਿੰਘ ‘ਪਰਵਾਨਾ’, ਆਕਾਸ਼ਵਾਣੀ ਪਟਿਆਲਾ
ਔਰਤਾਂ ਦੀ ਭੂਮਿਕਾ
11 ਜਨਵਰੀ ਦੇ ਨਜ਼ਰੀਆ ਪੰਨੇ ਉੱਤੇ ਕੰਵਲਜੀਤ ਕੌਰ ਦਾ ਲੇਖ ‘ਕਿਸਾਨ ਅੰਦੋਲਨ ’ਚ ਔਰਤਾਂ ਦੀ ਸ਼ਮੂਲੀਅਤ ਦੇ ਪ੍ਰਭਾਵ’ ਪੜ੍ਹਿਆ। ਔਰਤਾਂ ਤੋਂ ਬਿਨਾਂ ਕੋਈ ਵੀ ਮੈਦਾਨ ਜਿੱਤਣਾ ਬਹੁਤ ਮੁਸ਼ਕਿਲ ਹੈ। ਇਸ ਸੰਘਰਸ਼ ਨੂੰ ਅੱਗੇ ਵਧਾਉਣ ਵਿਚ ਔਰਤਾਂ ਦੀ ਭੂਮਿਕਾ ਸ਼ਲਾਘਾਯੋਗ ਹੈ।
ਗੁਰਪ੍ਰੀਤ ਸਿੰਘ ਸੰਧੂ, ਪਿੰਡ ਗਹਿਲੇਵਾਲਾ (ਫਾਜ਼ਿਲਕਾ)
ਸਵਾਲ ਜਵਾਬ ਅਤੇ ਸਮਰੱਥਾ
9 ਫਰਵਰੀ ਦਾ ਸੰਪਾਦਕੀ ‘ਧੰਨਵਾਦ ਮਤੇ ਦਾ ਜਵਾਬ’ ਪੜ੍ਹਿਆ। ਉਂਜ ਜਿਨ੍ਹਾਂ ਤੋਂ ਜਵਾਬ ਮੰਗਣਾ ਬਣਦਾ ਹੈ, ਉਨ੍ਹਾਂ ਦੀ ਢੀਠਤਾਈ ਦਾ ਵੀ ਜਵਾਬ ਨਹੀਂ ਹੈ। ਇਸੇ ਦਿਨ ਦਾ ਦੂਜਾ ਸੰਪਾਦਕੀ ‘ਨੌਦੀਪ ਦੀ ਰਿਹਾਈ ਦਾ ਸਵਾਲ’ ਲੋਕਤੰਤਰ ਵਿਚ ਫੈਲੇ ਵਰਤਾਰੇ ਵਾਲੇ ਤੰਤਰ ਦਾ ਪਰਦਾਫਾਸ਼ ਕਰਦਾ ਹੈ। ਸ਼ਬਦੀਸ਼ ਦਾ ਲੇਖ ‘ਕਿਸਾਨ ਸੰਘਰਸ਼ : ਸੱਚਾਈ ਅਤੇ ਸਮਰੱਥਾ’ ਪੜ੍ਹਨਾ ਤਾਂ ਜ਼ੋਰ ਲਾ ਕੇ ਪਿਆ ਪਰ ਕਲਮ ਨੇ ਬਣਾ ਵੀ ਚਿੱਤਰ ਦਿੱਤਾ ਅਤੇ ਲਿਖ ਵੀ ਥੀਸਿਸ ਦਿੱਤਾ। ਨਾਲ ਹੀ ਲੋਕਾਂ ਨੂੰ ਹਰ ਵੇਲੇ ਸੁਚੇਤ ਰਹਿਣ, ਜਾਗਦੇ ਰਹਿਣ, ਤਿਆਰ ਰਹਿਣ ਦਾ ਸੁਝਾਅ ਦੇਣਾ ਵੀ ਬਹੁਤ ਕਾਰਗਰ ਹੈ।
ਕਿਰਪਾਲ ਸਿੰਘ ਦਤਾਰੀਏਵਾਲਾ (ਮੋਗਾ)
ਦੋਹਰੀ ਪਹੁੰਚ
8 ਫਰਵਰੀ ਨੂੰ ਸੰਪਾਦਕੀ ‘ਨਵੇਂ ਸੁਨੇਹੇ’ ਅੰਦਰ ਇਕ ਥਾਂ ਲਿਖਿਆ ਹੈ ਕਿ ਕੇਂਦਰੀ ਵਿਦੇਸ਼ ਵਿਭਾਗ ਨੇ ਇਨ੍ਹਾਂ ਹਸਤੀਆਂ ਦੀਆਂ ਟਵੀਟਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਟਿੱਪਣੀਆਂ ਕਰਨ ਤੋਂ ਪਹਿਲਾਂ ਤੱਥਾਂ ਦੀ ਪੜਤਾਲ ਕਰਨੀ ਚਾਹੀਦੀ ਹੈ। ਵਿਦੇਸ਼ੀ ਹਸਤੀਆਂ ਨੇ ਜੋ ਟਿੱਪਣੀਆਂ ਕੀਤੀਆਂ ਹਨ, ਉਹ ਭਾਰਤ ਅੰਦਰ ਚੱਲ ਰਹੇ ਕਿਸਾਨੀ ਅੰਦੋਲਨ ਦੇ ਹੱਕ ਵਿਚ ਕੀਤੀਆਂ ਹਨ। ਇਸ ਵਿਚ ਬੁਰਾਈ ਕੀ ਹੈ? ਇਹ ਸਭ ਕਰਨ ਤੋਂ ਪਹਿਲਾਂ ਸਾਡੇ ਵਿਦੇਸ਼ ਵਿਭਾਗ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਵੱਧ ਲੋੜ ਹੈ। 2019 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਫੇਰੀ ’ਤੇ ਗਏ ਅਤੇ ਉੱਥੇ ਉਸ ਨੇ ਕਿਹਾ ਸੀ : ‘ਅਬ ਕੀ ਬਾਰ, ਟਰੰਪ ਸਰਕਾਰ’, ਕੀ ਇਹ ਕਿਸੇ ਦੇਸ਼ ਦੇ ਮਾਮਲਿਆਂ ਵਿਚ ਦਖ਼ਲ ਨਹੀਂ ਸੀ, ਉਹ ਵੀ ਇਕ ਪ੍ਰਧਾਨ ਮੰਤਰੀ ਵੱਲੋਂ? ਉਦੋਂ ਤਾਂ ਸਾਡਾ ਵਿਦੇਸ਼ ਮੰਤਰਾਲਾ ਚੁੱਪ ਰਿਹਾ ਸੀ। ਕਿਉਂ?
ਗੁਰਨਾਮ ਸਿੰਘ, ਰੂਪਨਗਰ