ਚੋਣਾਂ ਵਿਚੋਂ ਜਮਹੂਰੀਅਤ ਗਾਇਬ
ਪੰਜਾਬ ਵਿਚ ਅੱਜ ਨਗਰ ਨਿਗਮ ਅਤੇ ਕੌਂਸਲ ਚੋਣਾਂ ਹੋ ਰਹੀਆਂ ਹਨ। ਮੀਡੀਆ ਰਿਪੋਰਟਾਂ ਖਦਸ਼ਾ ਜ਼ਾਹਰ ਕਰਦੀਆਂ ਹਨ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਨਿਰਪੱਖ ਨਹੀਂ ਰਹਿ ਸਕਣਗੇ। ਇਸ ਲਈ ਚੋਣ ਪ੍ਰਬੰਧਾਂ ਨੂੰ ਵਧੇਰੇ ਸਪੱਸ਼ਟ ਤੇ ਸਾਰਥਿਕ ਢੰਗ ਨਾਲ ਨੇਪਰੇ ਚਾੜ੍ਹਨ ਦੀ ਲੋੜ ਹੈ। ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਗਣਤੰਤਰ ਹੈ। ਸਾਡਾ ਦਾਅਵਾ ਹੈ ਕਿ ਵਿਸ਼ਵ ਦੀ ਹੋਰ ਕੋਈ ਜਮਹੂਰੀਅਤ ਸੰਵਿਧਾਨਕ ਗੁਣਾਤਮਿਕਤਾ ਪੱਖੋਂ ਸਾਡੀ ਬਰਾਬਰੀ ਨਹੀਂ ਕਰ ਸਕਦੀ। ਫਿਰ ਇਸ ਦਾ ਠੀਕ ਸੰਚਾਲਨ ਕਰਨ ਲਈ ਕਿਹੜੀਆਂ ਦਿੱਕਤਾਂ ਦਰਪੇਸ਼ ਹਨ। ਜੇਕਰ ਇਹ ਹਨ ਤਾਂ ਉਨ੍ਹਾਂ ਦਾ ਸਮਾਧਾਨ ਕਰਨਾ ਸਾਡੇ ਗਣਤੰਤਰ ਦੀ ਅਤਿਅੰਤ ਲੋੜ ਹੈ। ਪ੍ਰਚੱਲਿਤ ਰਾਜਨੀਤਕ ਘਟਨਾਕ੍ਰਮ ਦਰਸਾਉਂਦੇ ਹਨ ਕਿ ਭਾਰਤ ਵਿਚ ਚੋਣ ਪ੍ਰਕਿਰਿਆ ਸਾਫ਼ ਸੁਥਰੇ ਜਮਹੂਰੀ ਢੰਗ ਨਾਲ ਨਹੀਂ ਚੱਲ ਰਹੀ। ਜਿੱਥੇ ਕਿਤੇ ਵੀ ਚੋਣ ਹੁੰਦੀ ਹੈ, ਉਸ ਵਿਚ ਲੜਾਈ ਝਗੜੇ, ਦੰਗੇ ਫਸਾਦ ਅਤੇ ਧੱਕੇਸ਼ਾਹੀ ਦੀਆਂ ਵਾਰਦਾਤਾਂ ਅਕਸਰ ਵਾਪਰਦੀਆਂ ਹਨ। ਰਾਜਨੀਤਕ ਜਾਂ ਸਮਾਜਿਕ ਖੇਤਰ ਦੀਆਂ ਕਾਬਜ਼ ਧਿਰਾਂ ਕਮਜ਼ੋਰ ਅਤੇ ਸ਼ਰਾਫਤ ਪਸੰਦ ਵਿਰੋਧੀਆਂ, ਆਮ ਨਾਗਰਿਕਾਂ ਅਤੇ ਵੋਟਰਾਂ ਨੂੰ ਦਬਾਅ ਲੈਂਦੀਆਂ ਹਨ। ਅਜਿਹੀਆਂ ਘਟਨਾਵਾਂ ਗਣਤੰਤਰ ਪ੍ਰਣਾਲੀ ਦੀ ਤਰਜਮਾਨੀ ਨਹੀਂ ਕਰਦੀਆਂ। ਸਿੱਟੇ ਵਜੋਂ ਸੰਵਿਧਾਨ ਦੀ ਪਵਿੱਤਰ ਆਸਥਾ ਦੀ ਬੇਕਦਰੀ ਹੁੰਦੀ ਹੈ। ਇਸ ਲਈ ਸਾਰੇ ਸਬੰਧਤ ਅਦਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਸੰਵਿਧਾਨਕ ਮਰਿਆਦਾ ਦੀ ਪਾਲਣਾ ਕਰਕੇ ਭਾਰਤ ਦੀ ਜਮਹੂਰੀ ਸਰਵਸ਼੍ਰੇਸ਼ਠਤਾ ਨੂੰ ਬਰਕਰਾਰ ਰੱਖਿਆ ਜਾਵੇ।
ਪ੍ਰੋ. ਸਾਧੂ ਸਿੰਘ, ਸਾਬਕਾ ਸੰਸਦ ਮੈਂਬਰ
ਅੰਤ ਬੁਰੇ ਦਾ ਬੁਰਾ
7 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਅਰਸ਼ਦੀਪ ਸਿੰਘ ਦਾ ਮਿਡਲ ‘ਪੈਸੇ ਦਾ ਲਾਲਚ’ ਨਸੀਹਤ ਤੇ ਸੇਧ ਦੇਣ ਵਾਲਾ ਹੈ। ਇਹ ਤਾਂ ਸਚਾਈ ਹੈ ਕਿ ਵਿਅਕਤੀ ਜਿਹੋ ਜਿਹਾ ਕਿਸੇ ਨਾਲ ਵਿਵਹਾਰ ਕਰਦਾ ਹੈ, ਉਸ ਦੇ ਨਾਲ ਉਸੇ ਤਰ੍ਹਾਂ ਵਾਪਰਦਾ ਹੈ। ਸਿਆਣੇ ਕਹਿੰਦੇ ਹਨ, ‘ਇਕ ਹੱਥ ਕਰ ਲਾ, ਦੂਜੇ ਹੱਥ ਭਰ ਲਾ।’ ਇਹ ਬਿਲਕੁਲ ਸੱਚ ਹੈ। ਸਾਨੂੰ ਇਸ ਲੇਖ ਤੋਂ ਸਬਕ ਸਿੱਖਣਾ ਚਾਹੀਦਾ ਹੈ ਕਿ ਕਦੇ ਵੀ ਪੈਸੇ ਦੇ ਲਾਲਚ ਵਿਚ ਆ ਕੇ ਕਿਸੇ ਦਾ ਵੀ ਆਪਣੇ ਭਲੇ ਲਈ, ਬੁਰਾ ਨਹੀਂ ਸੋਚਣਾ ਚਾਹੀਦਾ। ਇਸ ਦਾ ਨਤੀਜਾ ਇਕ ਨਾ ਇਕ ਦਿਨ ਭੁਗਤਣਾ ਪੈਂਦਾ ਹੈ।
ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ
ਅਖ਼ਬਾਰ ਦਾ ਸ਼ਾਨਾਮੱਤਾ ਸਫ਼ਰ
7 ਫਰਵਰੀ ਦੇ ਸਪਤਾਹਿਕ ਅੰਕ ਵਿਚ ‘ਦਿ ਟ੍ਰਿਬਿਊਨ’ ਦੀ ਦੇਸ਼ ਦੀ ਆਜ਼ਾਦੀ ਦੇ ਘੋਲ ਤੋਂ ਲੈ ਕੇ ਹੁਣ ਤਕ ਦੀ ਵਿਲੱਖਣ ਭੂਮਿਕਾ ਬਾਰੇ ਰਚਨਾਵਾਂ ਪੜ੍ਹੀਆਂ, ਖ਼ਾਸ ਕਰਕੇ ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਦੇ ਵਿਚਾਰਾਂ ਨੇ ਵਧੇਰੇ ਮੁਤਾਸਰ ਕੀਤਾ। ਆਜ਼ਾਦੀ ਦੀ ਲੜਾਈ ਵਿਚ ਵੀ ਅਖ਼ਬਾਰ ਨੇ ਸ਼ਾਨਾਮੱਤੀ ਭੂਮਿਕਾ ਨਿਭਾਈ ਤੇ ਅੱਜ ਵੀ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਤੇ ਸਿਆਸਤ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
ਪਰਮਜੀਤ ਸਿੰਘ ਪਰਵਾਨਾ, ਆਕਾਸ਼ਵਾਣੀ ਪਟਿਆਲਾ
(2)
ਦੋ ਫਰਵਰੀ 1881 ਨੂੰ ਸ਼ੁਰੂ ਕੀਤੇ ਗਏ ਅਖ਼ਬਾਰ ‘ਦਿ ਟ੍ਰਿਬਿਊਨ’ ਦਾ ਅਰਥ ਜਨ-ਰੱਖਿਅਕ, ਪਰਜਾ ਦੇ ਅਧਿਕਾਰ ਸੁਰੱਖਿਅਤ ਕਰਵਾਉਣ ਵਾਲਾ, ਜਨ-ਨਿਰਵਾਚਕ ਪ੍ਰਵਕਤਾ ਅਤੇ ਲੋਕ ਹਿਤੈਸ਼ੀ ਹੈ। ਇਸ ਦੀ ਸਥਾਪਨਾ ਦੇ 140ਵੇਂ ਵਰ੍ਹੇ ਮੌਕੇ ਡਾਕਟਰ ਮਨਮੋਹਨ ਸਿੰਘ, ਬੀ ਐੱਨ ਗੋਸਵਾਮੀ, ਪ੍ਰਸਿੱਧ ਇਤਿਹਾਸਕਾਰ ਨੋਨਿਕਾ ਦੱਤਾ ਅਤੇ ਸਵਰਾਜਬੀਰ ਦੇ ਲੇਖਾਂ ਨੇ ਭਰਪੂਰ ਜਾਣਕਾਰੀ ਦਿੱਤੀ। ਰਾਸ਼ੀਫਲ ਅਤੇ ਜੋਤਿਸ਼ ਬਗੈਰਾ ਨੂੰ ਆਮਦਨ ਸਾਧਨ ਵਜੋਂ ਨਾ ਵਰਤਣਾ ਇਸ ਦਾ ਲੋਕ ਹਿਤੈਸ਼ੀ ਹੋਣਾ ਹੈ। ਸਪਲਾਈ ਕਰਨ ਲਈ ਸਿਰਫ਼ ਗੱਡੀ ਅਤੇ ਤਾਂਗੇ ਬਿਨਾਂ ਅਤੇ ਬਿਨਾਂ ਬਿਜਲੀ ਅਤੇ ਇੰਜਣ ਦੇ ਪ੍ਰਿੰਟਿੰਗ ਪ੍ਰੈੱਸ ਲਾਉਣੀ ਅਤੇ ਬ੍ਰਿਟਿਸ਼ ਸਰਕਾਰ ਦੀ ਨਾਰਾਜ਼ਗੀ ਮੁੱਲ ਲੈ ਕੇ ਸਰਦਾਰ ਦਿਆਲ ਸਿੰਘ ਦਾ ਇਸ ਦੀ ਸਥਾਪਨਾ ਕਰਨਾ, ਬਹੁਤ ਵੱਡੀ ਸਿਆਣਪ ਅਤੇ ਕੁਰਬਾਨੀ ਸੀ। 15 ਅਗਸਤ 1978 ਨੂੰ ‘ਪੰਜਾਬੀ ਟ੍ਰਿਬਿਊਨ’ ਦਾ ਸ਼ੁਰੂ ਹੋਣਾ ਖ਼ੁਸ਼ਖ਼ਬਰੀ ਸੀ।
ਗੁਰਮੁਖ ਸਿੰਘ, ਪੋਹੀੜ (ਲੁਧਿਆਣਾ)