ਕਿਸਾਨ ਅੰਦੋਲਨ ਦਿਸ਼ਾ ਤੈਅ ਕਰੇਗਾ
6 ਫਰਵਰੀ ਨੂੰ ਸੰਪਾਦਕੀ ‘ਸੰਸਦ ਵਿਚ ਕਿਸਾਨ ਮਸਲੇ’ ਵਿਚ ਕਿਸਾਨ ਅੰਦੋਲਨ ਦੀ ਦਸ਼ਾ ਤੇ ਦਿਸ਼ਾ ਦੀ ਟੋਹ ਲਾਉਣ ਵਿਚ ਮਦਦ ਮਿਲਦੀ ਹੈ। ਕੇਂਦਰੀ ਖੇਤੀ ਮੰਤਰੀ ਦਾ ਬਿਆਨ ਕਿ ਕਾਨੂੰਨਾਂ ਵਿਚ ਕੁਝ ਵੀ ਗ਼ਲਤ ਨਹੀਂ, ਫਿਰ ਸੋਧਾਂ ਲਈ ਰਾਜ਼ੀ ਹੋਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਅੰਦੋਲਨ ਹੁਣ ਕਾਰਪੋਰੇਟਾਂ ਤੇ ਕਿਸਾਨਾਂ ਦਾ ਮੁੱਦਾ ਬਣ ਕੇ ਦੇਸ਼ ਦੀ ਦਿਸ਼ਾ ਤੈਅ ਕਰੇਗਾ। ਦੂਜੇ ਪਾਸੇ ਦੇਸ਼ ਵਿਚ ਫ਼ਿਰਕਾਪ੍ਰਸਤੀ ਦੀ ਹਨੇਰੀ ਨੂੰ ਠੱਲ੍ਹ ਪੈ ਗਈ ਹੈ। ਕਿਸਾਨਾਂ ਦੇ ਮੁੱਦਿਆਂ ਰਾਹੀਂ ਦੇਸ਼ ਹੁਣ ਧਰਮ-ਨਿਰਪੱਖਤਾ ਦਾ ਚੌਖ਼ਟੇ ਵਿਚ ਆਪਣੇ ਪਰ ਤੋਲੇਗਾ। ਕਿਸਾਨਾਂ ਦਾ ਮੁੱਦਾ ਹੱਲ ਹੁੰਦਾ ਹੈ ਜਾਂ ਨਹੀਂ, ਕਹਿਣਾ ਮੁਸ਼ਕਿਲ ਹੈ ਪਰ ਭਾਰਤ ਦੇ ਲੋਕ ਕਿਸੇ ਧਰਮ ਵਿਚ ਬੱਝਣਾ ਨਹੀਂ ਚਾਹੁਣਗੇ, ਸਗੋਂ ਧਰਮ-ਨਿਰਪੱਖਤਾ ਦਾ ਪੱਲਾ ਫੜਨਗੇ। ਦੂਜੇ ਪਾਸੇ ਕਾਰਪੋਰੇਟਾਂ ਤੇ ਲੋਕਾਂ ਦੇ ਹਿੱਤਾਂ ਵਿਚ ਸੰਤੁਲਨ ਬਿਠਾਉਣਾ ਪਵੇਗਾ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਸਾਂਝ ਦੀ ਖੁਸ਼ਬੋ
6 ਫਰਵਰੀ ਨੂੰ ਸਤਰੰਗ ਪੰਨੇ ਉੱਤੇ ਸਾਂਵਲ ਧਾਮੀ ਨੇ ਆਪਣੇ ਲੜੀਵਾਰ ‘ਵੰਡ ਦੇ ਦੁੱਖੜੇ’ ਵਿਚ ਉਨ੍ਹਾਂ ਨੇ ਸਾਨੀਪੁਰ ਦੇ ਬਾਬਾ ਖ਼ੈਰਦੀਨ ਬਾਰੇ ਲਿਖਿਆ ਹੈ, ਉਸ ਨੂੰ ਪੜ੍ਹ ਕੇ ਮੈਂ ਆਪਣੇ ਦਾਦਾ ਦਾਦੀ ਤੋਂ ਸੰਤਾਲੀ ਦੇ ਬਿਰਤਾਂਤ ਬਾਰੇ ਜੋ ਕੁਝ ਸੁਣਿਆ ਸੀ, ਉਹ ਸਭ ਤਾਜ਼ਾ ਹੋ ਗਿਆ। ਉਦੋਂ ਬਹੁਤ ਸਾਰੇ ਲੋਕਾਂ ਨੇ ਬੜਾ ਦਰਦ ਹੰਢਾਇਆ ਅਤੇ ਇਕ ਦੂਜੇ ਦੀ ਹਿਫ਼ਾਜ਼ਤ ਲਈ ਧਰਮ ਤੋਂ ਉੱਪਰ ਉੱਠ ਕੇ ਆਏ ਲੋਕਾਂ ਨੇ ਜਾਨ ਦੀ ਬਾਜ਼ੀ ਲਾ ਦਿੱਤੀ ਸੀ। ਇਸ ਲੜੀਵਾਰ ਵਿਚੋਂ ਸਦਾ ਸਾਂਝ ਦੀ ਖੁਸ਼ਬੂ ਆਉਂਦੀ ਹੈ ਜਿਹੜੀ ਦਿਲ ਨੂੰ ਬਾਗ਼ੋ-ਬਾਗ਼ ਕਰ ਦਿੰਦੀ ਹੈ।
ਸਲੀਮ ਮੁਹੰਮਦ ਮਲਿਕ, ਚੰਡੀਗੜ੍ਹ
ਆਪਣੇ ਬੇਗਾਨੇ
5 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ‘ਮੋਹ ਦੇ ਰਿਸ਼ਤੇ’ (ਸੁਪਿੰਦਰ ਰਾਣਾ) ਦਾ ਮਿਡਲ ਭਾਵਪੂਰਤ, ਸਿੱਖਿਆਦਾਇਕ ਅਤੇ ਦਿਲ ਟੁੰਬਵਾਂ ਹੈ। ਪੜ੍ਹਦਿਆਂ ਮਨ ਭਾਵੁਕ ਵੀ ਹੁੰਦਾ ਹੈ ਕਿ ਕਿਸ ਤਰ੍ਹਾਂ ਬੇਗਾਨੇ ਵੀ ਆਪਣੇ ਬਣ ਜਾਂਦੇ ਹਨ। ਕਦੇ ਕਦੇ ਮੋਹ ਦੇ ਰਿਸ਼ਤੇ ਦੁਨਿਆਵੀ ਰਿਸ਼ਤਿਆਂ ਨੂੰ ਵੀ ਮਾਤ ਪਾ ਜਾਂਦੇ ਹਨ। ਥੋੜ੍ਹ ਚਿਰੀ ਜ਼ਿੰਦਗੀ ’ਚ ਕੁਝ ਚੰਗਾ ਕਰ ਖੱਟਣ ਲਈ ਉਤਸ਼ਾਹ ਭਰਦਾ ਹੈ।
ਡਾ. ਪ੍ਰਭਜੋਤ ਕੌਰ ਗਿੱਲ, ਘੋਲੀਆਂ (ਮੋਗਾ)
(2)
5 ਫਰਵਰੀ ਨੂੰ ਸੁਪਿੰਦਰ ਸਿੰਘ ਰਾਣਾ ਦੀ ਰਚਨਾ ‘ਮੋਹ ਦੇ ਰਿਸ਼ਤੇ’ ਪੜ੍ਹੀ। ਰਚਨਾ ਦਾ ਦਿਲਚਸਪ ਪਹਿਲੂ ਨੌਜਵਾਨਾਂ ਦੀ ਐੱਨਆਰਆਈ ਬਣਨ ਦੀ ਕਾਹਲੀ ਤੋਂ ਉਲਟ ਬਜ਼ੁਰਗਾਂ ਦਾ ਜਨਮ ਭੋਂ ਨਾਲ ਮੋਹ ਹੈ। ਕਰੋਨਾ ਆਫ਼ਤ ਵੇਲੇ ਜਹਾਜ਼ਾਂ ’ਤੇ ਰੋਕ ਕਾਰਨ ਮਮਤਾ ਦੀ ਮੂਰਤ ਦੀਆਂ ਅੰਤਮ ਰਸਮਾਂ ’ਚੋਂ ਗ਼ੈਰਹਾਜ਼ਰੀ ਤਾਂ ਖ਼ੈਰ ਮਜਬੂਰੀ ਮੰਨੀ ਜਾ ਸਕਦੀ ਹੈ ਪਰ ਰਸਦੇ-ਵਸਦੇ ਟੱਬਰ ਹੁੰਦਿਆਂ ਕਰੋਨਾ ਕਾਰਨ ਮੋਈ ਮਾਂ ਤੋਂ ਡਰਨਾ ਖ਼ੂਨ ਦਾ ਚਿੱਟਾ ਹੋਣਾ ਨਹੀਂ ਤਾਂ ਹੋਰ ਕੀ ਹੈ?
ਜਗਦੀਸ਼ ਸਿੰਘ ਜੱਗੀ, ਚੰਡੀਗੜ੍ਹ
ਕਿਤਾਬਾਂ ਦੇ ਰੰਗ
4 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਸੁਖਦੇਵ ਸਿੰਘ ਮਾਨ ਦਾ ਮਿਡਲ ‘ਅੱਡੇ ਹੁਣ ਖੇੜਾ ਨਹੀਂ ਦਿੰਦੇ’ ਪੜ੍ਹਿਆ। ਬਹੁਤ ਦੁੱਖ ਹੋਇਆ ਕਿ ਅੱਜਕੱਲ੍ਹ ਬੱਚੇ ਕਿਤਾਬਾਂ ਦੀ ਥਾਂ ਮੋਬਾਇਲ ਫ਼ੋਨਾਂ ਵੱਲ ਭੱਜ ਰਹੇ ਹਨ। ਕਿਤਾਬਾਂ ਖ਼ਰੀਦਣ ਦਾ ਤਾਂ ਨਾਂ ਵੀ ਨਹੀਂ ਲੈਂਦੇ ਪਰ ਮਹਿੰਗੇ ਤੋਂ ਮਹਿੰਗਾ ਫ਼ੋਨ ਜ਼ਰੂਰ ਚਾਹੀਦਾ ਹੈ। ਇਸ ਲਿਖਤ ਦਾ ਅੰਤ ਚੰਗਾ ਲੱਗਾ ਜਿਸ ਵਿਚ ਉਮੀਦ ਜ਼ਾਹਿਰ ਕੀਤੀ ਗਈ ਹੈ ਕਿ ਉਹ ਦਿਨ ਵੀ ਪਰਤਣਗੇ ਜਦੋਂ ਨਵੀਂ ਪੀੜ੍ਹੀ ਦੇ ਮੋਢੇ ਉੱਤੇ ਤਬਦੀਲੀ ਦਾ ਝੰਡਾ, ਹੱਥ ਵਿਚ ਕਿਤਾਬ ਅਤੇ ਜੇਬ ਵਿਚ ਮੋਬਾਇਲ ਫ਼ੋਨ ਹੋਵੇਗਾ। ਆਸ ਕਰਨੀ ਚਾਹੀਦੀ ਹੈ ਕਿ ਨੌਜਵਾਨ ਚੇਤਨ ਹੋਣਗੇ।
ਰੀਤੂ ਰਾਣੀ, ਯੂਨੀਵਰਸਿਟੀ ਕਾਲਜ, ਬੇਨੜਾ (ਧੂਰੀ)
ਸਰਕਾਰ ਦੇ ਦਾਅਵਿਆਂ ਦੀ ਹਕੀਕਤ
5 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਡਾ. ਸੁੱਚਾ ਸਿੰਘ ਗਿੱਲ ਦਾ ਲੇਖ ‘ਮੁਲਕ ਦੀ ਆਰਥਿਕਤਾ ਅਤੇ ਬਜਟ ਦੀ ਹਕੀਕਤ’ ਪੜ੍ਹਿਆ। ਲੇਖਕ ਦਾ ਇਹ ਕਹਿਣਾ ਠੀਕ ਹੈ ਕਿ ਅਸਲੀਅਤ ਨੂੰ ਛੁਪਾ ਕੇ ਅਤੇ ਅੰਕੜਿਆਂ ਦੀ ਵਾਧ ਘਾਟ ਦੱਸ ਕੇ ਆਪਣੇ ਆਪ ਨੂੰ ਚੰਗੀ ਸਰਕਾਰ ਸਾਬਤ ਕਰਨਾ ਹੀ ਸਰਕਾਰਾਂ ਦਾ ਮੁੱਖ ਮਕਸਦ ਬਣ ਗਿਆ ਹੈ। ਸਰਕਾਰਾਂ ਦੇ ਵੱਡੇ ਦਾਅਵਿਆਂ ਦੇ ਬਾਵਜੂਦ ਬੇਰੁਜ਼ਗਾਰੀ, ਭੁੱਖਮਰੀ, ਗ਼ਰੀਬੀ, ਅਨਪੜ੍ਹਤਾ ਆਦਿ ਦਾ ਵਰਤਾਰਾ ਬੇਤਹਾਸ਼ਾ ਵਧ ਰਿਹਾ ਹੈ। ਪ੍ਰੋਫ਼ੈਸਰ ਅਰੁਣ ਕੁਮਾਰ ਵਰਗੇ ਲੋਕ ਪੱਖੀ ਅਰਥ ਸ਼ਾਸਤਰੀ ਜੇਕਰ ਸੱਚ ਨੂੰ ਸਾਹਮਣੇ ਲਿਆ ਰਹੇ ਹਨ ਤਾਂ ਉਨ੍ਹਾਂ ਨੂੰ ਜਾਣਬੁੱਝ ਕੇ ਅੱਖੋਂ ਓਹਲੇ ਕੀਤਾ ਜਾ ਰਿਹਾ ਹੈ। ਸਰਕਾਰ ਲੋਕ ਪੱਖੀ ਹੋਣ ਦਾ ਢੰਡੋਰਾ ਤਾਂ ਬਹੁਤ ਪਿੱਟ ਰਹੀ ਹੈ ਪਰ ਸਰਕਾਰ ਦੀ ਕਾਰਗੁਜ਼ਾਰੀ ਅਮੀਰ ਅਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਹੋਣ ਦੀ ਸ਼ੰਕਾ ਹੁਣ ਬਹੁਗਿਣਤੀ ਲੋਕਾਂ ਨੂੰ ਨਹੀਂ ਹੈ। ਸਹੀ ਤੱਥ ਅਤੇ ਸੱਚ ਨੂੰ ਲੋਕਾਂ ਸਾਹਮਣੇ ਲਿਆਉਣ ਲਈ ਚਿੰਤਕਾਂ ਨੂੰ ਆਪਣੇ ਯਤਨ ਹੋਰ ਜ਼ੋਰ ਨਾਲ ਜਾਰੀ ਰੱਖਣੇ ਚਾਹੀਦੇ ਹਨ।
ਸਹਿਦੇਵ ਕਲੇਰ, ਗੁਰਦਾਸਪੁਰ