ਆਰਥਿਕਤਾ ਬਾਰੇ ਅਗਿਆਨਤਾ
ਅਮਰੀਕਾ ਵਿਚ ਜੋਅ ਬਾਇਡਨ ਦੀ ਅਗਵਾਈ ਹੇਠ ਬਣੀ ਨਵੀਂ ਸਰਕਾਰ ਵੱਲੋਂ ਭਾਰਤ ਦੇ ਖੇਤੀ ਸੁਧਾਰਾਂ ਦੀ ਵਕਾਲਤ ਕਰਨਾ ਉਨ੍ਹਾਂ ਦੀ ਭਾਰਤੀ ਅਰਥਵਿਵਸਥਾ ਬਾਰੇ ਅਗਿਆਨਤਾ ਹੈ। ਭਾਰਤ ਦੀ ਜਨਸੰਖਿਆ, ਖੇਤਰਫ਼ਲ ਅਤੇ ਮੁੱਖ ਕਿੱਤੇ ਦੇ ਖੇਤੀ ’ਤੇ ਆਧਾਰਿਤ ਹੋਣ ਕਾਰਨ ਅਤੇ ਬੇਰੁਜ਼ਗਾਰੀ ਤੇ ਸਭ ਲਈ ਬੁਢਾਪਾ ਪੈਨਸ਼ਨ ਨਾ ਹੋਣ ਬਾਰੇ ਅਮਰੀਕਾ ਸਰਕਾਰ ਉਕਾ ਨਹੀਂ ਜਾਣਦੀ। ਜੇ ਜਾਣਦੀ ਹੁੰਦੀ ਤਾਂ ਇਹ ਵੀ ਆਪਣੇ ਕਾਨੂੰਨਸਾਜ਼ਾਂ ਹੇਲੀ ਸਟੀਵਨਜ਼, ਇਲਹਾਨ ਉਮਰ ਅਤੇ ਗੁਰਿੰਦਰ ਸਿੰਘ ਖਾਲਸਾ, ਪੌਪ ਗਾਇਕਾ ਰਿਹਾਨਾ, ਫੁੱਟਬਾਲਰ ਜੁੱਜੂ ਅਤੇ ਬਾਸਕਟਬਾਲ ਖਿਡਾਰੀ ਕਾਇਲੀ ਕੁਜਮਾ ਵਾਂਗ ਕਿਸਾਨਾਂ ਦੀ ਵਕਾਲਤ ਕਰਦੀ। ਅਮਰੀਕਾ ਦੀ ਸਰਕਾਰ ਰਿਪਬਲਿਕਨ ਹੋਵੇ ਜਾਂ ਡੈਮੋਕਰੇਟਿਕ, ਉਨ੍ਹਾਂ ਨੇ ਤਾਂ ਆਪਣੇ ਭਲੇ ਲਈ ਪੂੰਜੀਪਤੀਆਂ ਦੀ ਪ੍ਰਸੰਸਾ ਕਰਨੀ ਹੁੰਦੀ ਹੈ ਅਤੇ ਸਮਾਜਵਾਦ ਜਾਂ ਸਾਮਵਾਦ ਨੂੰ ਨਿੰਦਣਾ ਹੁੰਦਾ ਹੈ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਕਿਤਾਬਾਂ ਦਾ ਸ਼ਿੰਗਾਰ
4 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਸੁਖਦੇਵ ਸਿੰਘ ਮਾਨ ਦਾ ਮਿਡਲ ‘ਅੱਡੇ ਹੁਣ ਖੇੜਾ ਨਹੀਂ ਦਿੰਦੇ…’ ਵਾਕਈ ਪ੍ਰਭਾਵਿਤ ਕਰਨ ਵਾਲੀ ਰਚਨਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੋਬਾਇਲ ਕਲਚਰ ਨੇ ਕਿਤਾਬੀ ਕਲਚਰ ਨੂੰ ਬਹੁਤ ਢਾਹ ਲਾਈ ਹੈ। ਪਹਿਲਾਂ ਹਰ ਬੱਸ ਸਟੈਂਡ ਵਿਚ ਕਿਤਾਬਾਂ ਦੇ ਸਟਾਲ ਹੁੰਦੇ ਸਨ ਤੇ ਸਫ਼ਰ ਕਰ ਰਹੇ ਲੋਕਾਂ ਦੀ ਭੀੜ ਬੁੱਕ ਸਟਾਲਾਂ ਦੇ ਦੁਆਲੇ ਦਿਸਦੀ ਹੁੰਦੀ ਸੀ ਪਰ ਹੁਣ ਸਭ ਦੇ ਹੱਥਾਂ ਵਿਚ ਮੋਬਾਈਲ ਹੁੰਦੇ ਹਨ ਅਤੇ ਸਾਰੇ ਜਣੇ ਆਪੋ-ਆਪਣੇ ਮੋਬਾਇਲ ਫ਼ੋਨਾਂ ਵਿਚ ਮਗਨ ਹੁੰਦੇ ਹਨ। ਉਂਜ ਜੇ ਕਿਤਾਬ ਖ਼ਰੀਦਣ ਦੀ ਰੁਚੀ ਵਧੇਗੀ ਤਾਂ ਲੋਪ ਹੋਏ ਬੁੱਕ ਸਟਾਲ ਫਿਰ ਅੱਡਿਆਂ ਦਾ ਸ਼ਿੰਗਾਰ ਬਣਨਗੇ ਤੇ ਸਾਡੀ ਰੂਹ ਨੂੰ ਖੇੜਾ ਦੇਣਗੇ। ਆਓ, ਪ੍ਰਣ ਕਰੀਏ ਕਿ ਅਸੀਂ ਹਰ ਮਹੀਨੇ ਇਕ ਵਧੀਆ ਕਿਤਾਬ ਖ਼ਰੀਦ ਕੇ ਪੜ੍ਹਾਂਗੇ। ਕਿਤਾਬ ਮਨੁੱਖ ਦੀ ਸੱਚੀ ਮਿੱਤਰ ਹੈ। ਅੱਜਕਲ੍ਹ ਕਿਤਾਬਾਂ ਦੀ ਪੀਡੀਐਫ਼ ਦਾ ਰਿਵਾਜ਼ ਵੀ ਵਾਹਵਾ ਚੱਲ ਪਿਆ ਹੈ ਪਰ ਕਿਤਾਬ ਖ਼ਰੀਦ ਕੇ ਹੀ ਪੜ੍ਹਨੀ ਚਾਹੀਦੀ ਹੈ।
ਸੁਖਦੇਵ ਸਿੰਘ ਭੁੱਲੜ, ਬਠਿੰਡਾ
(2)
4 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਸੁਖਦੇਵ ਸਿੰਘ ਮਾਨ ਦਾ ਲੇਖ ‘ਅੱਡੇ ਹੁਣ ਖੇੜਾ ਨਹੀਂ ਦਿੰਦੇ…’ ਰੌਚਿਕ ਹੋਣ ਦੇ ਨਾਲ ਨਾਲ ਗੰਭੀਰ ਵੀ ਸੀ। ਨੌਜਵਾਨ ਪੀੜ੍ਹੀ ਦੇ ਹੱਥ ਵਿਚ ਕਿਤਾਬਾਂ ਦੀ ਜਗ੍ਹਾ ਮੋਬਾਇਲ ਫ਼ੋਨ ਆ ਗਏ ਹਨ ਪਰ ਮੋਬਾਇਲ ਫ਼ੋਨ ਕੋਈ ਸਮੱਸਿਆ ਨਹੀਂ ਹਨ। ਜੇਕਰ ਵਧੀਆ ਸਾਹਿਤ ਬਾਜ਼ਾਰ ਵਿਚ ਆਉਂਦਾ ਹੈ ਤਾਂ ਲੋਕ ਫ਼ੋਨ ’ਤੇ ਵੀ ਕਿਤਾਬ ਪੜ੍ਹ ਲੈਂਦੇ ਹਨ। ਸ਼ਰਤ ਇਹ ਕਿ ਲਿਖਤਾਂ ਆਮ ਲੋਕਾਂ ਦੀ ਸਮਝ ਅਤੇ ਸਵਾਦ ਮੁਤਾਬਿਕ ਹੋਣ। ਲੇਖਕ ਦੀ ਭਾਸ਼ਾ ਸ਼ੈਲੀ ਸਰਲ ਤੇ ਰੌਚਿਕ ਹੋਵੇ ਤਾਂ ਉਹ ਆਪ ਹੀ ਪਾਠਕ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ।
ਮਨਦੀਪ ਕੌਰ, ਲੁਧਿਆਣਾ
(3)
ਸੁਖਦੇਵ ਸਿੰਘ ਮਾਨ ਦਾ ਲੇਖ ‘ਅੱਡੇ ਹੁਣ ਖੇੜਾ ਨਹੀਂ ਦਿੰਦੇ’ ਸਾਡੇ ਸਮਿਆਂ ਦੀ ਸਾਹਿਤ ਪ੍ਰਤੀ ਘਟੀ ਰੁਚੀ ਦੀ ਗਵਾਹੀ ਭਰਦਾ ਹੈ। ਪੁਰਾਣੇ ਸਮਿਆਂ ਵਿਚ ਕਿਸੇ ਨਵੀਂ ਸਾਹਿਤਕ ਪੁਸਤਕ ਦੀ ਆਮਦ ਨੂੰ ਲੈ ਕੇ ਪਾਠਕ ਵਰਗ ਦੀ ਉਸ ਨੂੰ ਖਰੀਦਣ ਦੀ ਉਤਸੁਕਤਾ ਅਜੋਕੇ ਆਧੁਨਿਕ ਸਮੇਂ ਵਿਚ ਮੋਬਾਇਲ ਕਲਚਰ ਨੇ ਜਿਸ ਹੱਦ ਤਕ ਖ਼ਤਮ ਕਰ ਦਿੱਤੀ ਹੈ, ਉਸ ਪ੍ਰਤੀ ਸਾਨੂੰ ਖ਼ਾਸ ਕਰ ਕੇ ਸਾਹਿਤ-ਪ੍ਰੇਮੀਆਂ, ਪ੍ਰਕਾਸ਼ਨਾ ਅਦਾਰਿਆ ਅਤੇ ਲੇਖਕਾਂ ਨੂੰ ਕੁਝ ਖ਼ਾਸ ਉਸਾਰੂ ਕਦਮ ਚੁੱਕਣੇ ਪੈਣਗੇ।
ਬਿਕਰਮਜੀਤ ਸਿੰਘ ਜੀਤ, ਅੰਮ੍ਰਿਤਸਰ
(4)
4 ਫਰਵਰੀ ਨੂੰ ਨਜ਼ਰੀਆ ਪੰਨੇ ਉੱਤੇ ਸੁਖਦੇਵ ਸਿੰਘ ਮਾਨ ਦਾ ਲਿਖਿਆ ਮਿਡਲ ‘ਅੱਡੇ ਹੁਣ ਖੇੜਾ ਨਹੀਂ ਦਿੰਦੇ’ ਪੜ੍ਹਿਆ। ਸੁਖਦੇਵ ਸਿੰਘ ਮਾਨ ਨੇ ਬਹੁਤ ਡੂੰਘੀ ਗੱਲ ਬਹੁਤ ਸੋਹਣੇ ਸ਼ਬਦਾਂ ਨਾਲ ਬਿਆਨ ਕੀਤੀ ਹੈ। ਪਹਿਲਾਂ ਦੇ ਸਮਿਆਂ ਵਿਚ ਲੋਕਾਂ ਦਾ ਕਿਤਾਬਾਂ ਨਾਲ ਬੜਾ ਮੋਹ ਹੁੰਦਾ ਸੀ ਪਰ ਜਦੋਂ ਦੇ ਮੋਬਾਇਲ ਫ਼ੋਨ ਆਏ ਹਨ, ਪਾਠਕਾਂ ਦੇ ਹੱਥਾਂ ਵਿਚ ਕਿਤਾਬਾਂ ਘਟ ਗਈਆਂ ਅਤੇ ਮੋਬਾਇਲ ਫ਼ੋਨ ਵਧ ਗਏ ਹਨ। ਪਹਿਲਾਂ ਦੇ ਸਮਿਆਂ ਵਿਚ ਪਾਠਕਾਂ ਨੂੰ ਕਿਤਾਬਾਂ ਦੀ ਉਡੀਕ ਰਹਿੰਦੀ ਸੀ ਪਰ ਹੁਣ ਕਿਤਾਬ ਨੂੰ ਪਾਠਕਾਂ ਦੀ ਉਡੀਕ ਰਹਿੰਦੀ ਹੈ।
ਜਸਕੀਰਤ ਸਿੰਘ, ਮੰਡੀ ਗੋਬਿੰਦਗੜ੍ਹ (ਫਤਹਿਗੜ੍ਹ ਸਾਹਿਬ)
(5)
ਸੁਖਦੇਵ ਸਿੰਘ ਮਾਨ ਦਾ ਲੇਖ ‘ਅੱਡੇ ਹੁਣ ਖੇੜਾ ਨਹੀਂ ਦਿੰਦੇ…’ ਸਮੇਂ ਦੀ ਬਦਲਦੀ ਨੁਹਾਰ ’ਤੇ ਦਿਲਚਸਪ ਝਾਤ ਪਾਉਂਦਾ ਹੈ। ਲੇਖਕ ਦੱਸਦਾ ਹੈ ਕਿ ਕਿਵੇਂ ਸਮਾਂ ਬਦਲਣ ਨਾਲ ਲੋਕਾਂ ਦੀਆਂ ਹੋਰ ਰੁਚੀਆਂ ਦੇ ਨਾਲ ਨਾਲ ਸਾਹਿਤਕ ਰੁਚੀਆਂ ਵੀ ਬਦਲ ਰਹੀਆਂ ਹਨ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
(6)
ਸੁਖਦੇਵ ਸਿੰਘ ਮਾਨ ਦੀ ਰਚਨਾ ‘ਅੱਡੇ ਹੁਣ ਖੇੜਾ ਨਹੀਂ ਦਿੰਦੇ’ ਸੱਚਾਈ ਪੇਸ਼ ਕਰਦੀ ਹੈ। ਸੱਚਮੁੱਚ ਮੋਬਾਇਲਾਂ ਨੇ ਕਿਤਾਬਾਂ ਦੇ ਵੁਕੱਅਤ ਘਟਾ ਦਿੱਤੀ ਹੈ। ਅੱਜ ਦੀ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਨ ਲਈ ਯਤਨ ਹੋਣੇ ਚਾਹੀਦੇ ਹਨ।
ਰਾਜਨਦੀਪ ਕੌਰ ਮਾਨ, ਈਮੇਲ
ਦੁਸ਼ਵਾਰੀਆਂ ਦਾ ਸਾਹਮਣਾ
2 ਫਰਵਰੀ ਨੂੰ ਟ੍ਰਿਬਿਊਨ ਦੇ 140 ਸਾਲ ਹੋਣ ਮੌਕੇ ਛਾਪੇ ਲੇਖ ਪੜ੍ਹੇ। ਗੁਰਦੇਵ ਸਿੰਘ ਸਿੱਧੂ ਤੇ ਡਾ. ਮੁਹੰਮਦ ਇਦਰੀਸ ਦੇ ਲੇਖਾਂ ਤੋਂ ਭਰਪੂਰ ਜਾਣਕਾਰੀ ਪ੍ਰਾਪਤ ਹੋਈ ਕਿ ਕਿਵੇਂ ਦਿਆਲ ਸਿੰਘ ਮਜੀਠੀਆ ਨੇ 1881 ਨੂੰ ਟ੍ਰਿਬਿਊਨ ਆਰੰਭ ਕੀਤਾ। ਸਮੇਂ ਸਮੇਂ ਅਨੇਕਾਂ ਸਮਾਜਿਕ, ਸਿਆਸੀ ਉਥਲ-ਪੁਥਲ ਕਰ ਕੇ ਦੁਸ਼ਵਾਰੀਆਂ ਤੇ ਮੁਸ਼ਕਿਲਾਂ ਵੀ ਆਈਆਂ ਜਿਸ ਕਰ ਕੇ ਇਹ ਕੁਝ ਹਫ਼ਤੇ ਬੰਦ ਵੀ ਰਿਹਾ ਪਰ ਫਿਰ ਨਿਰੰਤਰ ਆਮ ਲੋਕਾਂ ਦੀ ਅਗਵਾਈ ਕਰਦਾ ਰਿਹਾ। ਇਸ ਕਾਰਜ ਵਿਚ 15 ਅਗਸਤ 1978 ਤੋਂ ਪੰਜਾਬੀ ਟ੍ਰਿਬਿਊਨ ਅਤੇ ਦੈਨਿਕ ਟ੍ਰਿਬਿਊਨ ਵੀ ਹਿੱਸਾ ਪਾ ਰਹੇ ਹਨ।
ਜਸਬੀਰ ਕੌਰ, ਅੰਮ੍ਰਿਤਸਰ
ਔਖੇ ਵੇਲਿਆਂ ਦੀ ਪੱਤਰਕਾਰੀ
5 ਫਰਵਰੀ ਦਾ ਸੰਪਾਦਕੀ ‘ਦੇਹ ’ਤੇ ਲਿਖੀਆਂ ਖ਼ਬਰਾਂ’ ਪੜ੍ਹਿਆ। ਮਨਦੀਪ ਪੂਨੀਆ ਦੇ ਕੇਸ ਤੋਂ ਜ਼ਾਹਿਰ ਹੈ ਕਿ ਸਾਡੇ ਦੇਸ਼ ਵਿਚ ਪੱਤਰਕਾਰਾਂ ਨੂੰ ਸੰਵਿਧਾਨ ਤਹਿਤ ਮਿਲੀ ਆਜ਼ਾਦੀ ਵੀ ਨਹੀਂ ਮਿਲ ਰਹੀ। ਹੁਣ ਜ਼ਿਆਦਾਤਰ ਮੀਡੀਆ ਅਮੀਰ ਆਦਮੀਆਂ ਦੇ ਹੱਥ ਵਿਚ ਹੈ ਜੋ ਸਰਕਾਰੀ ਬੋਲੀ ਹੀ ਬੋਲਦਾ ਹੈ। ਨਿਰਪੱਖ ਅਤੇ ਨਿਡਰ ਪੱਤਰਕਾਰੀ ਹੁਣ ਦੁਰਲੱਭ ਹੋ ਰਹੀ ਹੈ। ਸੁਤੰਤਰ ਪੱਤਰਕਾਰਾਂ ਨੂੰ ਸਰਕਾਰ, ਮਾਫ਼ੀਆ, ਗੁੰਡਿਆਂ, ਪੁਲੀਸ, ਅਤਿਵਾਦੀਆਂ, ਦੋ ਨੰਬਰ ਦਾ ਧੰਦਾ ਕਰਨ ਵਾਲੇ ਲੋਕਾਂ ਅਤੇ ਕੁਝ ਅਮੀਰ ਲੋਕਾਂ ਤੋਂ ਖ਼ਤਰਾ ਹੈ। ਆਜ਼ਾਦ ਪੱਤਰਕਾਰੀ ਤੋਂ ਬਗ਼ੈਰ ਲੋਕ ਹਿਤਾਂ ਦੀ ਗੱਲ ਕਰਨਾ ਮੁਸ਼ਕਿਲ ਹੋ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪੱਤਰਕਾਰਾਂ ਨੂੰ ਨਿਡਰ ਹੋ ਕੇ ਕੰਮ ਕਰਨ ਦਿੱਤਾ ਜਾਵੇ।
ਪ੍ਰੋ. ਸ਼ਾਮ ਲਾਲ ਕੌਸ਼ਿਕ, ਰੋਹਤਕ (ਹਰਿਆਣਾ)