ਪਤੰਗਬਾਜ਼ੀ ਤੇ ਚਾਈਨਾ ਡੋਰ
ਅੱਜਕੱਲ੍ਹ ਪਿੰਡ ਕੀ ਤੇ ਸ਼ਹਿਰ ਕੀ, ਹਰ ਪਾਸੇ ਬੱਚਿਆਂ ਤੇ ਨੌਜਵਾਨਾਂ ਵਿਚ ਪਤੰਗਬਾਜ਼ੀ ਦਾ ਜਨੂੰਨ ਸਿਰ ਚੜ੍ਹ ਕੇ ਬੋਲ ਰਿਹਾ ਹੈ। ਛੋਟੇ-ਛੋਟੇ ਬੱਚਿਆਂ ਦੀਆਂ ਟੋਲੀਆਂ ਪਤੰਗ ਲੁੱਟਣ ਲਈ ਕੜਾਕੇ ਦੀ ਸਰਦੀ ਵਿਚ ਸੜਕਾਂ ਤੇ ਗਲੀਆਂ ਵਿਚ ਨੰਗੇ ਪੈਰ ਘੁੰਮਦੀਆਂ ਰਹਿੰਦੀਆਂ ਹਨ, ਪਰ ਸਭ ਤੋਂ ਵੱਡੀ ਖ਼ਤਰੇ ਵਾਲੀ ਗੱਲ ਇਹ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਬਾਜ਼ਾਰਾਂ ਵਿਚ ਚਾਈਨਾ ਡੋਰ ਬਹੁਤ ਵਿਕ ਰਹੀ ਹੈ, ਜੋ ਕਿ ਬੱਚਿਆਂ ਤੇ ਜਾਨਵਰਾਂ ਲਈ ਬਹੁਤ ਖ਼ਤਰਨਾਕ ਸਿੱਧ ਹੋ ਰਹੀ ਹੈ। ਹਰ ਰੋਜ਼ ਅਸੀਂ ਅਖ਼ਬਾਰਾਂ ਵਿਚ ਪੜ੍ਹ ਰਹੇ ਹਾਂ ਕਿ ਚਾਈਨਾ ਡੋਰ ਨਾਲ ਗਰਦਨ ਕੱਟਣ ਕਰਕੇ ਰੋਜ਼ ਇਕ ਬੇਕਸੂਰ ਨੂੰ ਆਪਣੀ ਜਾਨ ਦੇਣੀ ਪੈ ਰਹੀ ਹੈ। ਇਹ ਡੋਰ ਆਮ ਡੋਰਾਂ ਨਾਲੋਂ ਬਹੁਤ ਖ਼ਤਰਨਾਕ ਹੁੰਦੀ ਹੈ ਤੇ ਮਹਿੰਗੀ ਵੀ, ਇਸ ਦੇ ਬਾਵਜੂਦ ਇਹ ਡੋਰ ਬਾਜ਼ਾਰ ਵਿਚ ਧੜੱਲੇ ਨਾਲ ਵਿਕ ਰਹੀ ਹੈ। ਇਹ ਪ੍ਰਸ਼ਾਸਨ ਤੇ ਸਰਕਾਰ ਦੇ ਸਹੀ ਕਦਮ ਨਾ ਚੁੱਕਣ ਦਾ ਨਤੀਜਾ ਹੈ। ਹੁਣ ਸਾਨੂੰ ਸਭ ਨੂੰ ਸਰਕਾਰ ਤੋਂ ਉਮੀਦਾਂ ਛੱਡ ਕੇ ਆਪ ਹੀ ਅੱਗੇ ਵਧ ਕੇ ਇਸ ਦੀ ਵਿਕਰੀ ਰੋਕਣ ਲਈ ਹੰਭਲਾ ਮਾਰਨ ਦੀ ਜ਼ਰੂਰਤ ਹੈ।
ਸਾਕਸ਼ੀ ਸ਼ਰਮਾ, ਜਲੰਧਰ
ਸੱਚੀ ਰਿਪੋਰਟਿੰਗ
ਦੋ ਫਰਵਰੀ ਨੂੰ ਦਿਆਲ ਸਿੰਘ ਮਜੀਠੀਆ ਜੀ ਦੀ ਯਾਦ ਅਤੇ ‘ਦਿ ਟਿ੍ਰਬਿਊਨ’ ਦੀ 140ਵੀਂ ਵਰ੍ਹੇਗੰਢ ਮੌਕੇ ਛਾਪੀ ਸਮੱਗਰੀ ਪੜ੍ਹੀ। ਐਨ.ਐਨ. ਵੋਹਰਾ ਦੇ ਲੇਖ ਤੋਂ ਪਤਾ ਲੱਗਾ ਕਿ 1919 ਵਿਚ ਜੱਲਿ੍ਹਆਂਵਾਲੇ ਬਾਗ਼ ਦੇ ਸਾਕੇ ਦੀ ਸੱਚੀ ਰਿਪੋਰਟਿੰਗ ਕਰਨ ਬਦਲੇ ਤਤਕਾਲੀ ਸੰਪਾਦਕ ਕਾਲੀ ਨਾਥ ਰੇਅ ਨੂੰ ਅੰਗਰੇਜ਼ ਸਰਕਾਰ ਨੇ ਗਿ੍ਰਫ਼ਤਾਰ ਕਰਕੇ ਅਖ਼ਬਾਰ ਬੰਦ ਕਰਵਾ ਦਿੱਤਾ ਸੀ, ਪਰ ਸਰਕਾਰ ਨੂੰ ਸੰਪਾਦਕ ਨੂੰ ਰਿਹਾਅ ਵੀ ਕਰਨਾ ਪਿਆ ਤੇ ਅਖ਼ਬਾਰ ਮੁੜ ਚਾਲੂ ਹੋ ਗਿਆ ਸੀ। ਇਸੇ ਅੰਕ ਵਿਚ ਪ੍ਰਧਾਨ ਮੰਤਰੀ ਨੇ ਆਪਣੇ ਸੁਨੇਹੇ ਵਿਚ ਮੀਡੀਆ ਦੀ ਤਾਰੀਫ਼ ਕਰਦਿਆਂ ਕਿਹਾ ਕਿ ਕਿਵੇਂ ਕੁਝ ਸਾਲਾਂ ਵਿਚ ਇਸ ਅਖ਼ਬਾਰ ਨੇ ਸਮਾਜਿਕ ਤੇ ਵਿਹਾਰਕ ਬਦਲਾਓ ਲਈ ਚੱਲੀਆਂ ਮੁਹਿੰਮਾਂ ਨੂੰ ਮਜ਼ਬੂਤੀ ਬਖ਼ਸ਼ੀ ਹੈ, ਇਨ੍ਹਾਂ ਨੂੰ ਲੋਕ ਮੁਹਿੰਮਾਂ ਬਣਾਉਣ ਲਈ ਯੋਗਦਾਨ ਪਾਇਆ ਹੈ। ਆਪਣੇ ਸੁਨੇਹੇ ਵਿਚ ਰਾਸ਼ਟਰਪਤੀ ਕਹਿੰਦੇ ਹਨ ਕਿ ਟਿ੍ਰਬਿਊਨ ਹਮੇਸ਼ਾ ਆਜ਼ਾਦ ਤੇ ਨਿਰਪੱਖ ਪੱਤਰਕਾਰੀ ਕਰਦਾ ਆ ਰਿਹਾ ਹੈ। ਇਹ ਅਖ਼ਬਾਰ ਇਤਿਹਾਸਕ ਅਤੇ ਕੌਮੀ ਅੰਦੋਲਨਾਂ ਦਾ ਅਹਿਮ ਹਿੱਸਾ ਰਿਹਾ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਮੌਜੂਦਾ ਦੌਰ ਵਿਚ ਵੀ ਟਿ੍ਰਬਿਊਨ ਲੋਕਾਂ ਦੇ ਦੁੱਖ ਬਿਆਨ ਕਰਦਾ ਹੋਇਆ ਆਜ਼ਾਦ ਤੇ ਸੱਚੀ-ਸੁੱਚੀ ਪੱਤਕਰਾਰੀ ਕਰ ਰਿਹਾ ਹੈ। ਕਹਿਣ ਦੀ ਲੋੜ ਨਹੀਂ ਕਿ ਅੱਜ ਕਿਸਾਨਾਂ ਅਤੇ ਸੱਚੇ ਪੱਤਰਕਾਰਾਂ ਨਾਲ ਸਰਕਾਰ ਵੱਲੋਂ ਜਿਹੜੀਆਂ ਸੰਵੇਦਨਹੀਣ ਦਮਨਕਾਰੀ ਨੀਤੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਸਰਾਸਰ ਧੱਕਾ ਵੀ ਹੈ ਤੇ ਆਪਣੇ ਹੀ ਲੋਕਾਂ ’ਤੇ ਜ਼ੁਲਮ ਵੀ। ਸਰਕਾਰ ਆਪਣੇ ਗਿਰੇਵਾਨ ਅੰਦਰ ਝਾਤ ਮਾਰ ਕੇ ਕਿਉਂ ਨਹੀਂ ਦੇਖ ਰਹੀ ਕਿ ਅੰਨ੍ਹਾ ਜ਼ੁਲਮ ਕਿਸ ਦੀ ਖ਼ੁਸ਼ੀ ਵਾਸਤੇ ਢਾਹਿਆ ਜਾ ਰਿਹਾ ਹੈ?
ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)
(2)
‘ਦਿ ਟਿ੍ਰਬਿਊਨ’ ਦੇ ਇਤਿਹਾਸ ਤੇ ਵਿਕਾਸ ਬਾਰੇ ਸਾਰੇ ਹੀ ਲੇਖ ‘ਆਪਣੇ ਬਾਨੀ ਨੂੰ ਯਾਦ ਕਰਦਿਆਂ’, ‘ਰਾਸ਼ਟਰ ਦੀ ਅਵਾਜ਼’, ‘ਔਖੇ ਸਮਿਆਂ ’ਚ ਟਿ੍ਰਬਿਊਨ ਦੀ ਬਾਤ’, ‘ਪੰਜਾਬ ਦੀ ਹੋਣੀ ਅਤੇ ਮੁਲਕ ਦੀ ਵੰਡ’, ‘ਦਿ ਟਿ੍ਰਬਿਊਨ ਅਤੇ ਆਜ਼ਾਦੀ ਅੰਦੋਲਨ’, ‘ਦਿ ਟਿ੍ਰਬਿਊਨ ਦੀ ਸਥਾਪਨਾ, ਵਿਕਾਸ ਅਤੇ ਯੋਗਦਾਨ ਅਤੇ 140 ਸਾਲਾਂ ਦੇ ਇਤਿਹਾਸ ਦਾ ਗਵਾਹ ਦਿ ਟਿ੍ਰਬਿਊਨ’ ਗਿਆਨ ਭਰਪੂਰ ਹਨ।
ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ
ਮਹਿੰਗਾਈ ਵਧਾਉਣ ਵਾਲਾ ਬਜਟ
ਬਜਟ 2021 ਨਾ ਕੇਵਲ ਦਿਸ਼ਾਹੀਣ ਹੈ, ਬਲਕਿ ਆਮ ਲੋਕਾਂ ਲਈ ਨੁਕਸਾਨਦੇਹ ਵੀ ਹੈ। ਜਿੱਥੇ ਸਰਕਾਰ ਨੇ ਲਾਭ ਕਮਾ ਰਹੇ ਜਨਤਕ ਅਦਾਰਿਆਂ ਦੇ ਅੰਨ੍ਹੇਵਾਹ ਨਿਜੀਕਰਨ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਸਰਕਾਰ ਦੀਆਂ ਸਮਾਜਿਕ ਸਕੀਮਾਂ ’ਤੇ ਵੀ ਪੈਸੇ ਦੀ ਵੰਡ ਨੂੰ ਘਟਾ ਦਿੱਤਾ ਹੈ। ਕਿਸਾਨ, ਨੌਕਰੀਆਂ ਅਤੇ ਹੁਨਰ ਵਿਕਾਸ, ਗ੍ਰਾਮ ਸੜਕ ਯੋਜਨਾ, ਰੁਜ਼ਗਾਰ ਉਤਪਤੀ ਪ੍ਰੋਗਰਾਮ ਅਤੇ ਖੇਲੋ ਇੰਡੀਆ ਦੇ ਨਾਲ-ਨਾਲ ਸਭ ਤੋਂ ਮਹੱਤਵਪੂਰਨ ਖੇਤੀਬਾੜੀ ਸਹਾਇਕ ਧੰਦਿਆਂ ਅਤੇ ਸਿੱਖਿਆ ਖੇਤਰ ਲਈ ਵੀ ਪੈਸੇ ਦੀ ਵੰਡ ਵਿਚ ਕਟੌਤੀ ਕੀਤੀ ਹੈ। ਲਾਭ ਪ੍ਰਾਪਤ ਕਰਨ ਵਾਲੇ ਅਦਾਰੇ ਵੇਚ ਕੇ ਜਿੱਥੇ ਸਰਕਾਰ ਨੂੰ ਆਉਣ ਵਾਲੇ ਸਮੇਂ ਵਿਚ ਮਾਲੀਏ ਦੀ ਕਮੀ ਆਵੇਗੀ, ਉੱਥੇ ਸਰਕਾਰ ਨੂੰ ਜਨਤਕ ਖ਼ਰਚੇ ਘਟਾਉਣ ਲਈ ਵੀ ਮਜਬੂਰ ਹੋਣਾ ਪਵੇਗਾ। ਵੱਧ ਟੈਕਸ ਲੱਗਣ ਕਾਰਨ ਆਉਣ ਵਾਲੇ ਸਮੇਂ ਵਿਚ ਆਮ ਆਦਮੀ ਨੂੰ ਮਹਿੰਗਾਈ ਦਾ ਵੀ ਸਾਹਮਣਾ ਕਰਨਾ ਪਵੇਗਾ।
ਡਾ. ਰਾਜੀਵ ਖੋਸਲਾ, ਚੰਡੀਗੜ੍ਹ
(2)
ਸਰਕਾਰ ਨੇ ਬਜਟ ’ਚ ਮਗਨਰੇਗਾ ਰਕਮ ਵਿਚ ਵਾਧਾ ਕਰਨ ਦੀ ਬਜਾਏ ਕਟੌਤੀ ਕਰ ਕੇ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਦੀ ਦੁਸ਼ਮਣ ਹੋਣਾ ਦਿਖਾਇਆ ਹੈ। ਮਗਨਰੇਗਾ ਵਰਕਰਾਂ ਨੇ ਚੰਗਾ ਫੈ਼ਸਲਾ ਕੀਤਾ ਕਿ ਕਿਸਾਨ ਮੋਰਚੇ ਵੱਲੋਂ 6 ਫਰਵਰੀ ਦੇ ਬੰਦ ਦੇ ਸੱਦੇ ’ਚ ਸ਼ਾਮਲ ਹੋਣਗੇ।
ਗੁਰਮੁਖ ਸਿੰਘ, ਪੋਹੀੜ (ਲੁਧਿਆਣਾ)