ਸਿੱਖਿਆ ਦਾ ਦੁਖਾਂਤ
29 ਜਨਵਰੀ ਦੇ ਸਿਹਤ ਤੇ ਸਿੱਖਿਆ ਪੰਨੇ ’ਤੇ ਬਹਾਦਰ ਸਿੰਘ ਗੋਸਲ ਨੇ ਆਪਣੇ ਲੇਖ ‘ਸਕੂਲੀ ਸਿੱਖਿਆ ਦਾ ਦੁਖਾਂਤ, ਭਾਰੀ ਬਸਤੇ’ ਰਾਹੀਂ ਸਹੀ ਤੱਥ ਪੇਸ਼ ਕੀਤੇ ਗਏ ਹਨ। ਬੱਚੇ ਭਾਰੀ ਬਸਤੇ ਚੁੱਕਦੇ ਹਨ ਤੇ ਬੱਚਿਆਂ ਦੇ ਮਾਪੇ ਭਾਰੀ ਫੀਸਾਂ ਚੁੱਕਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਭਾਰੀ ਬਸਤਿਆਂ ਤੇ ਭਾਰੀ ਫੀਸਾਂ ਦਾ ਭਾਰ ਘਟਾਉਣ ਵਿਚ ਨਵੀਂ ਸਿੱਖਿਆ ਨੀਤੀ ਕਿੰਨੀ ਕੁ ਕਾਰਗਰ ਸਾਬਤ ਹੁੰਦੀ ਹੈ? ਇਸ ਤੋਂ ਪਹਿਲਾਂ 18 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਨਗਰ ਕੌਂਸਲ ਚੋਣਾਂ ਬਾਰੇ ਹਮੀਰ ਸਿੰਘ ਦਾ ਲੇਖ ਜਾਣਕਾਰੀ ਭਰਪੂਰ ਸੀ। ਲੇਖਕ ਨੇ ਸੀਮਤ ਸ਼ਬਦਾਂ ਵਿਚ ਸੰਵਿਧਾਨਕ ਸੋਧ ਪੰਚਾਇਤੀ ਰਾਜ 73ਵੀਂ ਤੇ ਸੰਵਿਧਾਨਕ ਸੋਧ ਸ਼ਹਿਰੀ 74ਵੀਂ ਅਨੁਸਾਰ ਸਬੰਧਤ ਸੰਸਥਾਵਾਂ ਨੂੰ ਅਧਿਕਾਰ ਨਾ ਮਿਲਣ ਸਬੰਧੀ ਅਤੇ ਇਸੇ ਤਰ੍ਹਾਂ ਪਿੰਡਾਂ ਵਿਚ ਗ੍ਰਾਮ ਸਭਾਵਾਂ ਦੀ ਜਾਣਕਾਰੀ ਦਿੱਤੀ ਹੀ, ਨਾਲ ਹੀ ਸ਼ਹਿਰੀ ਖੇਤਰ ਵਿਚ ਵਾਰਡ ਸਭਾਵਾਂ ਦੀ ਜਾਣਕਾਰੀ ਵੀ ਇਸ ਲੇਖ ਤੋਂ ਮਿਲੀ।
ਹਰਮਨਪ੍ਰੀਤ ਸਿੰਘ, ਸਰਹਿੰਦ (ਫਤਹਿਗੜ੍ਹ ਸਾਿਹਬ)
ਭਾਵੁਕ ਭਾਸ਼ਣ
30 ਜਨਵਰੀ ਦਾ ਸੰਪਾਦਕੀ ‘ਬਾਬੇ ਟਿਕੈਤ ਦਾ ਅੱਥਰੂ ਖਾਰਾ’ ਪੜ੍ਹ ਕੇ ਕਿਸਾਨ ਆਗੂ ਦੇ ਭਾਵੁਕ ਭਾਸ਼ਣ ਦੀ ਚੀਸ ਮਹਿਸੂਸ ਹੋਈ। ਟੀ.ਵੀ. ਚੈਨਲਾਂ ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਦੀਆਂ ਅੱਖਾਂ ’ਚੋਂ ਨਿਕਲੇ ਅੱਥਰੂਆਂ ਨੇ ਲੱਖਾਂ ਕਿਸਾਨ ਹਿਤੈਸ਼ੀਆਂ ਨੂੰ ਵੀ ਰੋਣ ਲਾ ਦਿੱਤਾ। ਇਹ ਅੱਥਰੂ ਕੇਂਦਰ ਵੱਲੋਂ ਸੱਚ ਨੂੰ ਦਬਾਏ ਜਾਣ ਦੀਆਂ ਕੋਸ਼ਿਸ਼ਾਂ ਦਾ ਰੁਦਨ ਹੈ। ਸਰਕਾਰ ਕਿਸਾਨਾਂ ਨੂੰ ਉਖਾੜਨ ਲਈ ਜੋ ਹੱਥਕੰਡੇ ਵਰਤ ਰਹੀ ਹੈ, ਉਹ ਨਿੰਦਣਯੋਗ ਹਨ।
ਪ੍ਰਿੰ. ਗੁਰਮੀਤ ਸਿੰਘ, ਫਾਜ਼ਿਲਕਾ
(2)
ਸੰਪਾਦਕੀ ‘ਬਾਬੇ ਟਿਕੈਤ ਦਾ ਅੱਥਰੂ ਖਾਰਾ’ ਪੜ੍ਹਿਆ। 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਕੁਝ ਕਿਸਾਨ ਨਾਰਾਜ਼ ਹੋ ਕੇ ਘਰਾਂ ਨੂੰ ਆਉਣ ਲੱਗ ਪਏ ਸਨ ਪਰ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਡੋਲਦੇ ਹੋਏ ਜਜ਼ਬੇ ਅਤੇ ਹਿੰਮਤ ਨੂੰ ਮੁੜ ਅੱਗੇ ਲੈ ਆਂਦਾ ਹੈ। ਹੁਣ ਸਰਕਾਰ ਨੂੰ ਫ਼ੈਸਲਾ ਸੁਣਾਉਣ ਲਈ ਬਹੁਤਾ ਸਮਾਂ ਨਹੀਂ ਲਗਾਉਣਾ ਚਾਹੀਦਾ।
ਗੁਰਕੰਵਰ ਪ੍ਰਤਾਪ ਸਿੰਘ, ਜਲੰਧਰ
(3)
ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਹੰਝੂਆਂ ਭਿੱਜੇ ਬੋਲਾਂ ਨੇ 26 ਜਨਵਰੀ ਦੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਚੱਲੀ ਭਾਜਪਾ ਦੀ ਫ਼ਿਰਕੂ ਚਾਲ ਪਛਾੜ ਦਿੱਤੀ। ਬਾਬੇ ਦੇ ਧੁਰ ਅੰਦਰੋਂ ਨਿਕਲੇ ਬੋਲਾਂ ਨੇ ਸਿੱਖਾਂ ਦੀ ਅਜਿਹੀ ਸਫ਼ਾਈ ਦਿੱਤੀ ਜੋ ਲੱਖਾਂ ਸ਼ਬਦਾਂ ਨਾਲ ਵੀ ਅਸੰਭਵ ਸੀ।
ਤਰਸੇਮ ਬੁੱਟਰ, ਬਠਿੰਡਾ
(4)
ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਹੰਝੂ ਅਮੁੱਲੇ ਹਨ ਜਿਨ੍ਹਾਂ ਨੇ ਇਕ ਵਾਰ ਝਟਕਾ ਖਾ ਗਏ ਅੰਦੋਲਨ ਵਿਚ ਨਵੀਂ ਰੂਹ ਫੂਕ ਦਿੱਤੀ ਹੈ। ਅਜਿਹੇ ਪਲ ਇਤਿਹਾਸ ਵਿਚ ਕਦੀ-ਕਦਾਈਂ ਹੀ ਨਮੂਦਾਰ ਹੁੰਦੇ ਹਨ।
ਸ਼ਮਸ਼ੇਰ ਸਿੰਘ, ਜਲੰਧਰ
ਮਿਹਨਤ ਦੀ ਬੁਲੰਦੀ
ਮਿਡਲ ‘ਮਿਸਤਰੀ ਤੋਂ ਮਾਸਟਰੀ’ (30 ਜਨਵਰੀ) ’ਚ ਸਤਨਾਮ ਉੱਭਾਵਾਲ ਨੇ ਪਿੰਡੇ ’ਤੇ ਹੰਢਾਏ ਸੰਘਰਸ਼ ਵਾਲੇ ਪਲਾਂ ਨੂੰ ਬਿਆਨਿਆ ਹੈ। ਸਚਮੁੱਚ ਸਾਡੀ ਮਿਹਨਤ ਸਾਨੂੰ ਬੁਲੰਦੀਆਂ ’ਤੇ ਪਹੁੰਚਾਉਂਦੀ ਹੈ। ਜਦੋਂ ਜਜ਼ਬਾਤ ਦਾ ਕੱਦ ਰੁਕਾਵਟਾਂ ਨਾਲੋਂ ਉੱਚਾ ਹੋਵੇ ਤਾਂ ਔਕੜਾਂ ਪੌੜੀਆਂ ਬਣ ਜਾਂਦੀਆਂ ਹਨ ਅਤੇ ਸਾਡੇ ਇਰਾਦੇ ਮੁਕੱਦਰਾਂ ਦੀ ਸੰਘੀ ਮਰੋੜ ਕੇ ਸਫ਼ਲਤਾ ਦਾ ਝੰਡਾ ਗੱਡਣਯੋਗ ਹੋ ਜਾਂਦੇ ਹਨ।
ਮਨਦੀਪ ਸ਼ੇਰੋਂ, ਸੁਨਾਮ ਊਧਮ ਸਿੰਘ ਵਾਲਾ
ਉਸਾਰੂ ਸੋਚ ਵਾਲਾ
29 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਗੁਰਮੀਤ ਕੜਿਆਲਵੀ ਦਾ ਡਾ. ਤਾਰਾ ਸਿੰਘ ਸੰਧੂ ਬਾਰੇ ਲੇਖ ਪੜ੍ਹਿਆ। ਵਿਦਿਆਰਥੀ ਆਗੂ ਤੋਂ ਖੱਬੇ ਪੱਖੀ ਚਿੰਤਕ ਵਜੋਂ ਉਭਰਿਆ ਤਾਰਾ ਸਿੰਘ ਸੰਧੂ ਅਗਾਂਹਵਧੂ ਅਮਨਪਸੰਦ ਆਗੂ ਸੀ। ਉਸ ਦੀ ਸੋਚ ਹਮੇਸ਼ਾ ਉਸਾਰੂ ਰਹੀ। 17 ਦੇਸ਼ਾਂ ਦੇ ਗੇੜਿਆਂ ਮਗਰੋਂ ਵੀ ਉਹ ਲੋੜਵੰਦ ਅਤੇ ਮੱਧਵਰਗੀ ਲੋਕਾਂ ਲਈ ਕੰਮ ਕਰਦਾ ਰਿਹਾ।
ਮੇਘਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)
ਜਿਨ੍ਹਾਂ ਨੂੰ ਵੱਧ ਲੋੜ ਹੈ…
14 ਜਨਵਰੀ ਦੇ ‘ਜਵਾਂ ਤਰੰਗ’ ਪੰਨੇ ’ਤੇ ਜੀਵਨਪ੍ਰੀਤ ਕੌਰ ਦਾ ਲੇਖ ‘ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀਆਂ ਸਮੱਸਿਆਵਾਂ’ ਪੜ੍ਹਿਆ। ਸੱਚਮੁੱਚ ਇਹ ਸਮੱਸਿਆਵਾਂ ਵਿਚਾਰਨਯੋਗ ਹਨ। ਇਨ੍ਹਾਂ ਲੋਕਾਂ ਨੂੰ ਹਰ ਕੰਮ ਵਿਚ ਆਮ ਨਾਲੋਂ ਵੱਧ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਹਨ। ਇਨ੍ਹਾਂ ਨੂੰ ਅਕਸਰ ਵਿਤਕਰੇ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰਾਂ ਨੂੰ ਇਨ੍ਹਾਂ ਵਿਅਕਤੀਆਂ ਦੀਆਂ ਸਮੱਸਿਆਵਾਂ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ।
ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ