ਪ੍ਰੇਰਦੀ ਰਚਨਾ
ਸਤਨਾਮ ਉੱਭਾਵਾਲ ਦਾ ਮਿਡਲ ‘ਮਿਸਤਰੀ ਤੋਂ ਮਾਸਟਰੀ’ (30 ਜਨਵਰੀ) ਪ੍ਰੇਰਨਾਦਾਇਕ ਹੈ। ਬੱਚਿਆਂ ਦਾ ਭਵਿੱਖ ਬਣਾਉਣ ਵਿਚ ਮਾਪਿਆਂ ਤੋਂ ਬਾਅਦ ਅਧਿਆਪਕਾਂ ਦਾ ਅਹਿਮ ਰੋਲ ਹੁੰਦਾ ਹੈ। ਅਧਿਆਪਕ ਬੱਚਿਆਂ ਦੀ ਨਬਜ਼ ਜਲਦ ਪਛਾਣ ਲੈਂਦੇ ਹਨ। ਬੱਚੇ ਵੀ ਆਪਣੀ ਹਰ ਸਮੱਸਿਆ ਨੂੰ ਆਪਣੇ ਅਧਿਆਪਕਾਂ ਕੋਲ ਬੜੇ ਖੁੱਲ੍ਹੇ ਮਨ ਨਾਲ ਬਿਆਨ ਕਰ ਦਿੰਦੇ ਹਨ। ਇਸ ਲਈ ਜੋ ਵਿਦਿਆਰਥੀ ਗ਼ਰੀਬੀ ਕਾਰਨ ਆਪਣੀ ਪੜ੍ਹਾਈ ਛੱਡ ਜਾਂਦੇ ਹਨ ਤਾਂ ਅਜਿਹੇ ਮਾਮਲਿਆਂ ਵਿਚ ਅਧਿਆਪਕਾਂ ਨੂੰ ਅਜਿਹੇ ਬੱਚਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਹੱਲਾਸ਼ੇਰੀ ਦੇਣੀ ਚਾਹੀਦੀ ਹੈ।
ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ
ਹਾਦਸੇ ਬਣਨ ਸਵਾਲ
21 ਜਨਵਰੀ ਦੀ ਸੰਪਾਦਕੀ ‘ਇਕ ਦੁਰਘਟਨਾ ਕਈ ਸਵਾਲ’ ਮਹੱਤਵਪੂਰਨ ਹੈ। ਇਕ ਭਿਆਨਕ ਸੜਕ ਹਾਦਸੇ ਵਿਚ ਰਾਤ ਨੂੰ ਸੁੱਤੇ ਪਏ 15 ਪਰਵਾਸੀ ਮਜ਼ਦੂਰਾਂ ਨੂੰ ਟਰੱਕ ਹੇਠ ਦੇ ਕੇ ਮਾਰ ਦੇਣਾ ਸੱਚਮੁੱਚ ਦੁਖਦਾਈ ਘਟਨਾ ਹੈ। ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਸਾਡੇ ਦੇਸ਼ ਦੇ ਮਾੜੇ ਸਿਸਟਮ ਦੀ ਦੇਣ ਹਨ। ਕੇਂਦਰ ਅਤੇ ਰਾਜ ਸਰਕਾਰਾਂ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਣ ਲਈ ਨਾਕਾਮ ਸਾਬਤ ਹੋ ਰਹੀਆਂ ਹਨ। ਅੱਜ ਮੁਲਕ ਅੰਦਰ ਜਿਸ ਤਰ੍ਹਾਂ ਕਾਰਪੋਰੇਟ ਘਰਾਣਿਆਂ ਦਾ ਦਖਲ ਵਧ ਰਿਹਾ ਹੈ, ਉਸ ਤੋਂ ਤਾਂ ਜਾਪਦਾ ਹੈ ਕਿ ਪਰਵਾਸੀ ਮਜ਼ਦੂਰਾਂ ਦੀ ਹਾਲਤ ਬਦਤਰ ਹੋਣ ਵਾਲੀ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)
ਪਰਵਾਸੀ ਭਾਰਤੀ ਬਨਾਮ ਪਰਵਾਸੀ ਪੰਜਾਬੀ
20 ਜਨਵਰੀ ਨੂੰ ਇੰਟਰਨੈੱਟ ਪੰਨੇ ‘ਪੰਜਾਬੀ ਪੈੜਾਂ’ ਵਿਚ ਹਰਜੀਤ ਅਟਵਾਲ ਦੀ ਦਿਲਚਸਪ ਲਿਖਤ ‘ਲੰਡਨ ਵਿਚ ਪਹਿਲੇ ਭਾਰਤੀ ਦੇ ਕਦਮ’ ਛਪੀ ਹੈ, ਜਿਸ ਦੀ ਇਕ ਪੰਕਤੀ ਹੈ: ‘‘ਹੋਰ ਪਿੱਛੇ ਨੂੰ ਜਾਈਏ ਤਾਂ 1854 ਵਿਚ ਮਹਾਰਾਜਾ ਦਲੀਪ ਸਿੰਘ ਇੰਗਲੈਂਡ ਆ ਵਸਦਾ ਹੈ। ਮੈਂ ਮਹਾਰਾਜਾ ਦਲੀਪ ਸਿੰਘ ਨੂੰ ਪਹਿਲਾ ਭਾਰਤੀ ਪਰਵਾਸੀ ਮੰਨਦਾ ਹਾਂ।’’ ਇਸ ਵਾਕ ਵਿਚ ਤਕਨੀਕੀ ਗਲਤੀ ਇਹ ਲੱਗੀ ਕਿ ਦਲੀਪ ਸਿੰਘ ਪੰਜਾਬ ਦਾ ਮਹਾਰਾਜਾ ਸੀ, ਭਾਰਤੀ ਮਹਾਰਾਜਾ ਨਹੀਂ। ਸੋ, ਉਹ ਪਹਿਲਾ ਪੰਜਾਬੀ ਪਰਵਾਸੀ ਸਾਬਤ ਹੁੰਦਾ ਹੈ, ਭਾਰਤੀ ਪਰਵਾਸੀ ਨਹੀਂ। ਲੇਖਕ ਨੇ ਮੁਢਲੇ ਪਰਵਾਸੀ ਔਰਤਾਂ-ਮਰਦਾਂ ਦੀ ਬੇਵਸੀ ਅਤੇ ਗਰੀਬੀ ਦਾ ਜ਼ਿਕਰ ਕੀਤਾ ਹੈ। ਦਿਆਲੂ ਗੋਰਿਆਂ ਨੇ ਰੁਲਦੇ-ਫਿਰਦੇ ਭਾਰਤੀਆਂ ਵਾਸਤੇ ਸਾਗਰ ਕੰਢੇ ਸਰਾਂ ਬਣਾਈ, ਜਿੱਥੇ ਰੁਜ਼ਗਾਰ ਮਿਲਣ ਤਕ ਰੋਟੀ ਅਤੇ ਛੱਤ ਨਸੀਬ ਹੋ ਸਕੇ। ਪਹਿਲੇ ਦਾਨੀ ਵਜੋਂ ਮਹਾਰਾਜਾ ਦਲੀਪ ਸਿੰਘ ਨੇ 500 ਪੌਂਡ ਰਕਮ ਦਿੱਤੀ।
ਡਾ. ਹਰਪਾਲ ਸਿੰਘ ਪੰਨੂ, ਬਠਿੰਡਾ
ਕੇਂਦਰ ਦੀ ਨੀਅਤ
19 ਜਨਵਰੀ ਨੂੰ ਨਜ਼ਰੀਆ ਪੰਨੇ ’ਤੇ ਕੌਸਤਵ ਬੈਨਰਜੀ ਦਾ ਲੇਖ ‘ਕਿਸਾਨ ਮੰਗਾਂ ਤੇ ਆਤਮ-ਨਿਰਭਰਤਾ ਦੀ ਲੜਾਈ’ ਅਸਲ ਵਿਚ ‘ਸਬੂਤ ਨਾਲ ਝੂਠ ਦਾ ਤਾਬੂਤ’ ਬਣਾਉਣ ਵਾਲਾ ਸੀ। ਉਨ੍ਹਾਂ ਕੌਮੀ ਖਾਧ ਸੁਰੱਖਿਆ ਦੇ 17 ਲੱਖ ਕਰੋੜ ਦੇ ਛਲਾਵੇ ਦੀ ਅਸਲੀਅਤ 7-8 ਲੱਖ ਕਰੋੜ ਅਸਲ ਖਰਚ ਨਾਲ ਬਿਆਨ ਕੀਤੀ ਤੇ ਬਾਂਬੇ ਸਟਾਕ ਐਕਸਚੇਂਜ ਤੇ 0.5 (ਅੱਧਾ ਫੀਸਦੀ) ਟੈਕਸ ਦਾ ਹੱਲ ਵੀ ਸੁਝਾਇਆ, ਜਿਸ ਨੇ ਇਹ ਜ਼ਰੂਰ ਸਾਬਤ ਕੀਤਾ ਕਿ ਹੱਲ ਤਾਂ ਮੌਜੂਦ ਹੈ ਪਰ ਹੱਲ ਕਰਨ ਦੀ ਕੇਂਦਰ ਦੀ ਨੀਅਤ ਨਹੀਂ ਹੈ। ਮੈਨੂੰ ਲੱਕੜਹਾਰੇ ਦੀ ਉਹ ਕਹਾਣੀ ਯਾਦ ਆ ਗਈ ਜੋ ਜਿਸ ਟਾਹਣੀ ’ਤੇ ਬੈਠਾ ਹੈ, ਉਸੇ ਨੂੰ ਕੱਟ ਰਿਹਾ ਹੈ। ਇਹੋ ਹਾਲ ਅੱਜ ਕੱਲ੍ਹ ਕੇਂਦਰ ਸਰਕਾਰ ਦਾ ਹੈ। ਮੰਨਿਆ ਕਿ ਪੂੰਜੀਪਤੀ ਦੇਸ਼ ਦੀ ਤਰੱਕੀ ਵਿਚ ਮਦਦ ਕਰਦੇ ਨੇ ਪਰ ਖੁਸ਼ਹਾਲੀ ਤੇ ਪੱਥਰਾਂ ਦੀਆਂ ਪ੍ਰਾਪਤੀਆਂ ਵਿਚ ਫ਼ਰਕ ਹੁੰਦਾ ਹੈ ਕਿਉਂਿਕ ਬੰਦਾ ਜ਼ਮੀਨ ’ਤੇ ਬੈਠਾ ਰੋਟੀ ਖਾ ਕੇ ਹੀ ਖੁਸ਼ਹਾਲ ਹੋ ਸਕਦਾ ਹੈ, ਭੁੱਖਾ ਰਹਿ ਕੇ ਹੀਰੇ-ਮੋਤੀ ਜੜੇ ਸਿੰਘਾਸਣ ’ਤੇ ਨਹੀਂ!
ਹਰਪ੍ਰੀਤ ਪੁਰੀ, ਸਰਹਿੰਦ (ਫਤਹਿਗੜ੍ਹ ਸਾਿਹਬ)
ਹੰਝੂਆਂ ਦਾ ਹੁਲਾਰਾ
30 ਜਨਵਰੀ ਦਾ ਸੰਪਾਦਕੀ ‘ਬਾਬੇ ਟਿਕੈਤ ਦਾ ਅੱਥਰੂ ਖਾਰਾ’ ਪੜ੍ਹਿਆ। ਸ਼ਾਂਤਮਈ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਭਾਵਪੂਰਤ ਵਿਚਾਰ ਪੇਸ਼ ਕੀਤੇ ਹਨ। ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਸਭ ਨੂੰ ਹਿਲਾਇਆ ਹੀ ਨਹੀਂ ਸਗੋਂ ਹੁਲਾਰਾ ਵੀ ਦਿੱਤਾ ਹੈ। ਉਸ ਦੇ ਦਿਲ ਦੀਆਂ ਡੂੰਘਾਈਆਂ ਵਿਚੋਂ ਨਿਕਲੇ ਸ਼ਬਦਾਂ ਨੇ ਅੰਦੋਲਨ ਵਿਚ ਨਵੀਂ ਰੂਹ ਫ਼ੂਕ ਦਿੱਤੀ ਹੈ। ਅੰਦੋਲਨ ਅਸਲ ਵਿਚ ਸ਼ੁਰੂ ਹੀ ਹੁਣ ਹੋਇਆ ਹੈ ਕਿਉਂਕਿ ਦਿਖਾਵੇ ਵਾਲੀਆਂ ਮੀਟਿੰਗਾਂ ਦਾ ਗੇੜ ਚਲਾਉਣ ਵਾਲੇ ਲੋਕਾਂ ਦਾ ਜਿੱਥੇ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ, ਉੱਥੇ ਅੰਦੋਲਨ ਨੂੰ ਵੀ ਨਵੀਂ ਦਿਸ਼ਾ ਮਿਲੀ ਹੈ। ਇਨ੍ਹਾਂ ਰਸਮੀ ਕਾਰਵਾਈਆਂ ਵਿਚੋਂ ਨਾ ਕੁਝ ਨਿਕਲਣਾ ਸੀ, ਨਾ ਨਿਕਲਿਆ। ਆਰ-ਪਾਰ ਦੀ ਲੜਾਈ ਹੁਣ ਸ਼ੁਰੂ ਹੋਈ ਹੈ। ਨਾ ਸਰਕਾਰ ਦੀ ਨੀਤੀ ਠੀਕ ਹੈ ਅਤੇ ਨਾ ਹੀ ਨੀਅਤ। ਸਾਜ਼ਿਸ਼ਾਂ ਤੋਂ ਬਚਣ ਅਤੇ ਫੂਕ ਫੂਕ ਕੇ ਕਦਮ ਰੱਖਣ ਦੀ ਲੋੜ ਹੈ।
ਡਾ. ਤਰਲੋਚਨ ਕੌਰ, ਪਟਿਆਲਾ