ਲਾਲ ਕਿਲ੍ਹੇ ’ਤੇ ਝੰਡਾ- ਫ਼ਾਇਦਾ ਜਾਂ ਨੁਕਸਾਨ!
ਕੁਝ ਲੋਕਾਂ ਨੂੰ ਇਹ ਗੱਲ ਉਤਸ਼ਾਹ ਨਾਲ ਭਰ ਸਕਦੀ ਹੈ ਕਿ 26 ਜਨਵਰੀ ਨੂੰ ਰੋਕਾਂ ਤੋੜ ਕੇ ਕੁਝ ਕਿਸਾਨ ਨਾ ਕੇਵਲ ਰਿੰਗ ਰੋਡ ’ਤੇ ਹੀ ਜਾ ਵੜੇ ਸਗੋਂ ਲਾਲ ਕਿਲ੍ਹੇ ’ਤੇ ਵੀ ਜਾ ਚੜ੍ਹੇ ਤੇ ਝੰਡੇ ਝੁਲਾ ਦਿੱਤੇ। ਇਹ ਸੋਚਣ ਵਾਲੀ ਗੱਲ ਹੈ ਕਿ ਸੰਯੁਕਤ ਕਿਸਾਨ ਮੋਰਚੇ ਦਾ ਅਜਿਹਾ ਪ੍ਰੋਗਰਾਮ ਨਹੀਂ ਸੀ। ਇਸ ਘਟਨਾ ਨੂੰ ਬਹਾਨਾ ਬਣਾ ਕੇ ਹੁਣ ਸਰਕਾਰ ਕਿਸਾਨਾਂ ’ਤੇ ਤਸ਼ੱਦਦ ਕਰੇਗੀ। 27 ਜਨਵਰੀ ਨੂੰ ਵੀ ਬੜੀਆਂ ਥਾਵਾਂ ’ਤੇ ਲਾਠੀਚਾਰਜ ਹੋਇਆ ਹੈ। ਦੇਸ਼, ਦੁਨੀਆ ਵਿਚ ਕਿਸਾਨਾਂ ਨੂੰ ਵਾਅਦਾ ਤੋੜਨ ਵਾਲੇ ਦੰਗਈਆਂ ਵਜੋਂ ਪੇਸ਼ ਕਰੇਗੀ। ਆਖਿ਼ਰ ਸਰਕਾਰ ਗੱਲਬਾਤ ਚਲਾ ਰਹੇ ਲੀਡਰਾਂ ਨਾਲ ਗੱਲਬਾਤ ਤੋੜੇਗੀ ਕਿ ਤੁਸੀਂ ਲੀਡਰ ਨਹੀਂ ਹੋ। ਸਪਸ਼ਟ ਹੈ ਕਿ ਇਸ ਐਕਸ਼ਨ ਦਾ ਫ਼ਾਇਦਾ ਕਿਸਾਨਾਂ ਨੂੰ ਨਹੀਂ, ਸਗੋਂ ਸਰਕਾਰ ਨੂੰ ਹੋਵੇਗਾ। ਇਕ ਗੱਲ ਹੋਰ ਸਪਸ਼ਟ ਕਰਨ ਵਾਲੀ ਹੈ ਕਿ ਝੰਡਾ ਝੁਲਾਉਣ ਵਾਲਿਆਂ ਨੇ ਕਿਸਾਨ ਯੂਨੀਅਨ ਦਾ ਝੰਡਾ ਨਹੀਂ ਝੁਲਾਇਆ। ਹੁਣ ਅਗਲਾ ਮਸਲਾ ਪੈਦਾ ਹੁੰਦਾ ਹੈ ਕਿ ਝੁਲਾਇਆ ਝੰਡਾ ਵੀ ਲਾਲ ਕਿਲ੍ਹੇ ਉਪਰ ਕਿੰਨੀ ਕੁ ਦੇਰ ਰਿਹਾ। ਕੀ ਕਿਸਾਨ ਅੰਦੋਲਨ ਦੀ ਆੜ ਵਿਚ ਕਿਸਾਨਾਂ ਦੇ ਭੇਸ ਵਿਚ ਜਾ ਕੇ ਇਕ ਵਾਰ ਝੰਡਾ ਝੁਲਾ ਦੇਣਾ ਹੀ ਬਹਾਦਰੀ ਹੈ? ਜਾਂ ਫਿਰ ਉਸ ਝੰਡੇ ਦੀ ਰਾਖੀ ਲਈ ਪੂਰੀ ਤਾਕਤ ਅਤੇ ਤਿਆਰੀ ਵੀ ਹੈ? ਅਜਿਹੀ ਮਾਅਰਕੇਬਾਜ਼ੀ ਵਾਲੀ ਕਾਰਵਾਈ ਇਕ ਵਾਰ ਤਾਂ ਬੱਲੇ ਬੱਲੇ ਕਰਵਾ ਦਿੰਦੀ ਹੈ ਪਰ ਲੰਮੇ ਸਮੇਂ ਲਈ ਨੁਕਸਾਨਦੇਹ ਹੁੰਦੀ ਹੈ। ਹਰ ਸ਼ਖ਼ਸ ਨੂੰ ਆਪਣੀ ਰਾਇ ਰੱਖਣ ਅਤੇ ਆਪਣੀ ਸਰੀਰਕ ਬੌਧਿਕ ਜਥੇਬੰਦਕ ਤਾਕਤ ਨਾਲ ਝੰਡਾ ਗੱਡਣ ਦੀ ਗੱਲ ਸਮਝ ਆਉਂਦੀ ਹੈ ਪਰ ਇਹ ਸਭ ਕੁਝ ਆਪਣੇ ਬਲਬੂਤੇ ਕਰਨਾ ਚਾਹੀਦਾ ਸੀ। ਮੌਜੂਦਾ ਕਾਰਵਾਈ ਨਾਲ ਤਾਂ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕੀਤਾ ਗਿਆ ਹੈ ਅਤੇ ਕਿਸਾਨ ਮੰਗਾਂ, ਜਿਨ੍ਹਾਂ ਉਪਰ ਕਿਸਾਨ ਸਿਦਕ, ਸਿਰੜ ਅਤੇ ਸ਼ਾਂਤੀ ਨਾਲ ਪਹਿਰਾ ਦੇ ਰਹੇ ਸੀ, ਨੂੰ ਪਿੱਛੇ ਪਾਉਣ ਦਾ ਕੰਮ ਹੀ ਕੀਤਾ ਹੈ। ਕਿਸਾਨ ਆਗੂਆਂ ਦੀ ਤੈਅ ਕੀਤੀ ਪਰੇਡ ਨਾਲ ਕਿਸਾਨਾਂ ਦੀ ਸ਼ਾਨ ਕਾਇਮ ਹੋਣੀ ਸੀ ਅਤੇ ਉਨ੍ਹਾਂ ਦੀਆਂ ਮੰਗਾਂ ਦੁਨੀਆ ਭਰ ਵਿਚ ਉੱਭਰਨੀਆਂ ਸਨ ਪਰ ਇਸ ਘਟਨਾ ਨੇ ਕਿਸਾਨ ਪਰੇਡ ਦਾ ਮਹੱਤਵ ਘਟਾ ਦਿੱਤਾ। ਸੰਯੁਕਤ ਕਿਸਾਨ ਮੋਰਚੇ ਨੇ ਭਾਵੇਂ ਆਪਣੇ ਆਪ ਨੂੰ ਇਸ ਘਟਨਾ ਤੋਂ ਅਲੱਗ ਕਰ ਲਿਆ ਹੈ ਪਰ ਇਸ ਨਾਲ ਦੇਸ਼ ਦੀਆਂ ਬਾਕੀ ਜਥੇਬੰਦੀਆਂ ਵੀ ਦੂਰ ਹੋ ਸਕਦੀਆਂ ਹਨ। ਜਾਪਦਾ ਹੈ ਕਿ ਸਰਕਾਰ ਦੀਆਂ ਏਜੰਸੀਆਂ ਆਪਣਾ ਅੰਸ਼ਕ ਕੰਮ ਕਰ ਗਈਆਂ ਹਨ। ਹੁਣ ਕਿਸਾਨਾਂ, ਕਿਸਾਨ ਆਗੂਆਂ ਅਤੇ ਕਿਸਾਨ ਸਮਰਥਕਾਂ ਨੂੰ ਆਪਣੀ ਭਵਿੱਖ ਦੀ ਰਣਨੀਤੀ ਵਧੇਰੇ ਸੰਭਲ ਕੇ ਚੌਕਸੀ ਨਾਲ ਤੈਅ ਕਰਨੀ ਪਵੇਗੀ।
ਡਾ. ਰਾਜਿੰਦਰ ਪਾਲ ਸਿੰਘ ਬਰਾੜ, ਪਟਿਆਲਾ
ਕਿਸਾਨੀ ਪਿਛੋਕੜ ਅਤੇ ਸਮਕਾਲ
26 ਜਨਵਰੀ ਨੂੰ ਨਜ਼ਰੀਆ ਪੰਨੇ ਉਤੇ ਕੁਲਮਿੰਦਰ ਕੌਰ ਦਾ ਮਿਡਲ ‘ਪ੍ਰਧਾਨ ਮੰਤਰੀ ਦਾ ਮੰਤਰ’ ਸਮਝਣ, ਸੋਚਣ ਤੇ ਵਿਚਾਰਨ ਵਾਲਾ ਹੈ। ਲੇਖਿਕਾ ਨੇ ਅਚੇਤ-ਸੁਚੇਤ ਦੇ ਸਮੇਲ ਵਿਚਦੀ ਕਿਸਾਨੀ ਪਿਛੋਕੜ ਨੂੰ ਸਮਕਾਲ ਦੇ ਮਹੱਤਵ ਨਾਲ ਤੁਲਨਾ ਕੇ ਆਤਮਨਿਰਭਰ ਹੋਣ ਦਾ ਸਹੀ ਤਾਰਕਿਕ ਸ਼ਬਦੀ ਰੂਪ ਚਿਤਰਨ ਕੀਤਾ ਹੈ ਅਤੇ ਵਿਸਰਦੇ ਜਾਂਦੇ ਅਸਲ ਕਿਸਾਨੀ ਇਤਿਹਾਸਕ ਵਿਰਸੇ ਨੂੰ ਕਿਰਤੀ, ਕਾਮੇ, ਕਿਸਾਨ ਦੇ ਸਵੈਮਾਣ, ਸਵੈ-ਨਿਰਭਰ, ਸਵੈ-ਰੁਜ਼ਗਾਰ ਵਾਲੇ ਔਖੇ ਜਿਊਣ ਨੂੰ ਸਹਿਜਤਾ, ਸਰਲਤਾ, ਸੁਹਜਤਾ ਨਾਲ ਸੁਖਾਲਾ, ਸੁਹਾਣਾ, ਸੁਭਾਗਾ ਕਰਕੇ ਪਛਾਇਆ ਹੈ।
ਅਤੈ ਸੰਧੂ, ਬੁਰਜ ਨੱਥੂ ਕੇ, (ਸਰਹਾਲੀ, ਤਰਨ ਤਾਰਨ)
ਸਰਕਾਰ ਨੂੰ ਫਿਟਕਾਰ
28 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਜਸਵਿੰਦਰ ਸਿੰਘ ਭੁਲੇਰੀਆ ਨੇ ‘ਚੂਹੇ ਦੀ ਜਾਨ’ ਵਿਚ ਕੇਂਦਰ ਸਰਕਾਰ ਨੂੰ ਖੂਬ ਫਿਟਕਾਰ ਪਾਈ ਹੈ। ਇਸ ਸਰਕਾਰ ਨੂੰ ਪਾਲੇ ਵਿਚ ਠਰਦੇ ਬਜ਼ੁਰਗ, ਬੱਚੇ ਅਤੇ ਔਰਤਾਂ ਨਹੀਂ ਦਿਸ ਰਹੀਆਂ ਜਦਕਿ ਸੰਵੇਦਨਸ਼ੀਲ ਬੰਦਾ ਠੰਢ ਨਾਲ ਬੇਹੋਸ਼ ਹੋਏ ਚੂਹੇ ਦੀ ਜਾਨ ਬਚਾਉਣ ਦਾ ਵੀ ਉਪਰਾਲਾ ਕਰਦਾ ਹੈ।
ਜਸਵੰਤ ਸਿੰਘ, ਪਟਿਆਲਾ
ਨਿਰੰਜਨ ਸਿੰਘ ਨੂਰ ਦੀ ਕਵਿਤਾ
20 ਜਨਵਰੀ ਦੇ ਇੰਟਰਨੈੱਟ ਪੰਨੇ ‘ਪੰਜਾਬੀ ਪੈੜਾਂ’ ਵਿਚ ਪ੍ਰੋ. ਸੁਹਿੰਦਰ ਬੀਰ ਦਾ ‘ਨਿਰੰਜਨ ਸਿੰਘ ਨੂਰ ਦੀ ਕਾਵਿ-ਸੰਵੇਦਨਾ’ ਨਾਮੀ ਲੇਖ ਪੜ੍ਹਿਆ। ਯਤਨ ਸ਼ਲਾਘਾਯੋਗ ਅਤੇ ਅਰਥ ਭਰਪੂਰ ਹੈ ਪਰ ਲੇਖ ਵਿਚ ਉਸ ਦਾ ਜੀਵਨ ਕਾਲ ਗਲਤ ਛਪਿਆ ਹੈ। ਉਸ ਦਾ ਜਨਮ 6 ਜਨਵਰੀ 1933 ਦਾ ਅਤੇ ਮੌਤ 3 ਜੂਨ 1999 ਦੀ ਹੈ। ਨਿਰੰਜਨ ਸਿੰਘ ਨੂਰ ਕਰਮਯੋਗੀ ਕਵੀ ਸੀ। ਪੰਜਾਬੀ ਸਾਹਿਤ ਜਗਤ ਵਿਚ ਨੂਰ-ਕਾਵਿ ਦਾ ਠੀਕ ਮੁੱਲ ਨਹੀਂ ਪਿਆ ਕਿਉਂਿਕ ਉਹ ਬਾਜ਼ਾਰੀ, ਇਸ਼ਤਿਹਾਰੀ ਅਤੇ ਦਰਬਾਰੀ ਕਿਸਮ ਦਾ ਬੰਦਾ ਨਹੀਂ ਸੀ। ਨੂਰ-ਕਾਿਵ ਦਾ ਰਹੱਸ ਹੈ ਕਿ ਇਹ ਸ਼ਬਦ (ਸਿਧਾਂਤ) ਅਤੇ ਅਰਥ (ਅਮਲ) ਨਾਲ ਦਵੰਦਵਾਦੀ ਪ੍ਰਕਿਰਿਆ ਰਾਹੀਂ ਜੁੜਦਾ ਹੈ। ਇਹ ਸ਼ਬਦ (ਸਿਧਾਂਤ) ਨੂੰ ਅਰਥ (ਅਮਲ) ਵਿਚ ਢਾਲਣ ਲਈ ਯਤਨਸ਼ੀਲ ਹੈ ਅਤੇ ਅਰਥ (ਅਮਲ) ਵਿਚੋਂ ਪ੍ਰਾਪਤ ਅਨੁਭਵ ਨੂੰ ਪਰਤਵੇਂ ਰੂਪ ਵਿਚ ਆਪਣੀ ਸਾਧਨਾ ਰਾਹੀਂ ਸ਼ਬਦ (ਸਿਧਾਂਤ) ਵਿਚ ਢਾਲਦਾ ਹੈ। ਇਹ ਹਵਾ ਵਿਚ ਤਲਵਾਰਾਂ ਨਹੀਂ ਮਾਰਦਾ ਅਤੇ ਨਾ ਹੀ ਕਲਾ ਦੇ ਨਾਮ ਉਤੇ ਭੁੱਲ-ਭੁਲਾਈਆਂ ਜਾਂ ਬੁਝਾਰਤਾਂ ਸਿਰਜਦਾ ਹੈ।
ਗੁਰਨਾਮ ਢਿੱਲੋਂ, ਯੂਕੇ