ਟੀਵੀ ਚੈਨਲਾਂ ਦੀ ਹਕੀਕਤ
22 ਸਤੰਬਰ ਨੂੰ ਪਹਿਲੇ ਸਫੇ ਦੀ ਖ਼ਬਰ ਹੈ: ‘ਟੀਵੀ ਐਂਕਰ ਬੜਬੋਲੇ, ਸਰਕਾਰ ਮੂਕ ਦਰਸ਼ਕ: ਸੁਪਰੀਮ ਕੋਰਟ’ ਇਹ ਖ਼ਬਰ ਇਲੈਕਟ੍ਰੌਨਿਕਸ ਮੀਡੀਆ ’ਤੇ ਪੱਖਪਾਤ ਕਰਨ ਅਤੇ ਸਮਾਜ ਵਿਚ ਜ਼ਹਿਰ ਫੈਲਾਉਣ ਦਾ ਜ਼ਿਕਰ ਕਰਦੀ ਹੈ। ਬਹੁਤੇ ਟੀਵੀ ਚੈਨਲਾਂ ਦੇ ਐਂਕਰ ਸਰਕਾਰ ਦੀ ਬੋਲੀ ਬੋਲਦੇ ਹਨ ਅਤੇ ਵਿਰੋਧੀ ਪੱਖ ਨੂੰ ਵਿਚਾਰ ਪ੍ਰਗਟ ਕਰਨ ਤੋਂ ਵੀ ਰੋਕਦੇ ਹਨ। ਚਰਚਾ ਦੌਰਾਨ ਧਰਮ ਨਿਰਪੱਖਤਾ ਵਾਲੀ ਗੱਲ ਕਿਤੇ ਦੇਖਣ ਨੂੰ ਨਹੀਂ ਮਿਲਦੀ। ਇਸ ਨਾਲ ਮੁਲਕ ਦੇ ਵੱਖ ਵੱਖ ਫਿ਼ਰਕਿਆਂ ਵਿਚ ਵਧ ਰਿਹਾ ਪਾੜਾ ਸਾਫ਼ ਦਿਖਾਈ ਦਿੰਦਾ ਹੈ। ਇਹ ਲੋਕਤੰਤਰ ਦੀ ਹੱਤਿਆ ਹੈ।
ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ (ਹਰਿਆਣਾ)
ਹਰਿਆਣਾ ਦੇ ਸਿੱਖ ਅਤੇ ਗੁਰਦੁਆਰਾ ਕਮੇਟੀ
21 ਸਤੰਬਰ ਦੇ ਪਹਿਲੇ ਪੰਨੇ ’ਤੇ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੀ ਮਾਨਤਾ ਬਾਰੇ ਖ਼ਬਰ ਪੜ੍ਹੀ। ਹਰਿਆਣੇ ਦੇ ਸਿੱਖ ਪਿਛਲੇ ਲੰਮੇ ਸਮੇਂ ਤੋਂ ਇਹ ਮੰਗ ਕਰ ਰਹੇ ਸਨ। ਹਰਿਆਣਾ ਸਿੱਖ ਗੁਰਦੁਆਰਾ (ਪ੍ਰਬੰਧਨ) ਐਕਟ 2014 ’ਤੇ ਹੁਣ ਸੁਪਰੀਮ ਕੋਰਟ ਦੀ ਮੋਹਰ ਲੱਗ ਚੁੱਕੀ ਹੈ। ਇਸ ਨਾਲ ਹਰਿਆਣੇ ਵਿਚ ਨਵੇਂ ਸਿਆਸੀ ਯੁੱਗ ਦੀ ਸ਼ੁਰੂਆਤ ਹੋਵੇਗੀ। ਇਸ ਮੁਹਿੰਮ ਦਾ ਆਗਾਜ਼ ਕੁਰੂਕਸ਼ੇਤਰ ਤੋਂ ਜਥੇਦਾਰ ਦੀਦਾਰ ਸਿੰਘ ਨਲਵੀ ਅਤੇ ਹਰਿਆਣੇ ਦੇ ਸਿੱਖਾਂ ਨੇ 2001 ਵਿਚ ਕੀਤਾ ਸੀ। ਵੱਖਰੀ ਕਮੇਟੀ ਦੇ ਬੈਨਰ ਹੇਠ 2004 ਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਹਰਿਆਣੇ ਦੀਆਂ ਕੁੱਲ 11 ਸੀਟਾਂ ਵਿਚੋਂ 7 ਸੀਟਾਂ ’ਤੇ ਵੱਖਰੀ ਕਮੇਟੀ ਦੇ ਮੈਂਬਰਾਂ ਨੇ ਜਿੱਤ ਦਰਜ ਕੀਤੀ ਸੀ।
ਕੁਲਦੀਪ ਸਿੰਘ ਥਿੰਦ, ਬਾਰਨਾ (ਕੁਰੂਕਸ਼ੇਤਰ)
ਪੰਜਾਬੀ ਪੈੜਾਂ
ਇੰਟਰਨੈੱਟ ਪੰਨੇ ਪੰਜਾਬੀ ਪੈੜਾਂ 20 ਸਤੰਬਰ ਅਧੀਨ ਗੁਰਮਲਕੀਅਤ ਸਿੰਘ ਕਾਹਲੋਂ ਦੀ ਕਹਾਣੀ ‘ਵੱਡੇ ਲੋਕ’ ਭਾਵੁਕ ਕਰਦੀ ਹੋਈ ਝੰਜੋੜ ਗਈ ਕਿ ਮਾਇਆ ਨਹੀਂ ਸਗੋਂ ਸ਼ੁਭ ਕਰਮ/ਅਮਲ (ਲੋੜਵੰਦ ਦੀ ਮਦਦ) ਢੇਰ ਸਾਰੀ ਵਡਿਆਈ ਦਿੰਦੇ ਹਨ ਤੇ ਸਕੂਨ ਵੀ।
ਲਖਵਿੰਦਰ ਸਿੰਘ, ਰਈਆ ਹਵੇਲੀਆਣਾ (ਅੰਮ੍ਰਿਤਸਰ)
ਨੇਤਾ ਬਿਰਤੀ
17 ਸਤੰਬਰ ਦਾ ਸੰਪਾਦਕੀ ‘ਸਿਆਸੀ ਖਲਾਅ’ ਨੇਤਾਵਾਂ ਦੀ ਛੁਪੀ ਬਿਰਤੀ ਦੇ ਪਾਜ ਉਧੇੜਦੀ ਹੈ| ਪੰਜਾਬ ਦੇ ਬਦਲੇ ਸਿਆਸੀ ਮੁਹਾਂਦਰੇ ਕਾਰਨ ਘਾਗ ਨੇਤਾਵਾਂ ਨੂੰ ਵੱਜੀਆਂ ਪਟਕਣੀਆਂ ਨੇ ਇਨ੍ਹਾਂ ਨੂੰ ਸਿਰਾਂ ਤੋਂ ਪੈਰਾਂ ਤੱਕ ਹਿਲਾ ਕੇ ਰੱਖ ਦਿੱਤਾ ਹੈ| ਆਪਣੀ ਹਕੂਮਤ ਸਮੇਂ ਲੋਕਾਈ ਨੂੰ ਟਿੱਚ ਸਮਝਣ ਵਾਲੇ ਅੱਜ ਕੇਂਦਰ ਸਹਾਰੇ ਪੰਜਾਬ ਦੀ ਬਿਹਤਰੀ ਦਾ ਰਾਗ ਅਲਾਪ ਰਹੇ ਹਨ।
ਰਵਿੰਦਰ ਸਿੰਘ ਧਾਲੀਵਾਲ, ਪਿੰਡ ਨੱਥੂ ਮਾਜਰਾ (ਮਾਲੇਰਕੋਟਲਾ)
ਆਨਲਾਈਨ ਪੜ੍ਹਾਈ
16 ਸਤੰਬਰ ਨੂੰ ਸੰਪਾਦਕੀ ‘ਆਨਲਾਈਨ ਵਿੱਦਿਅਕ ਮਾਡਲ’ ਪੜ੍ਹਿਆ। ਇਹ ਸਚਾਈ ਹੈ ਕਿ ਆਨਲਾਈਨ ਵਿੱਦਿਅਕ ਪ੍ਰਣਾਲੀ ਕਲਾਸ ਰੂਮ ਪੜ੍ਹਾਈ ਦਾ ਬਦਲ ਨਹੀਂ ਹੋ ਸਕਦੀ। ਇਸੇ ਦਿਨ ਪ੍ਰੀਤਮਾ ਦੋਮੇਲ ਦਾ ਮਿਡਲ ‘ਜਨੂਨ’ ਬਹੁਤ ਪਸੰਦ ਆਇਆ। ਕਈ ਵਾਰ ਪਰਉਪਕਾਰ/ਤਰਸ ਕਰਨਾ ਪੁੱਠਾ ਪੈ ਜਾਂਦਾ ਹੈ।
ਬਲਬੀਰ ਸਿੰਘ, ਰਾਮਪੁਰਾ ਫੂਲ (ਬਠਿੰਡਾ)
ਸਚਾਈ ਬਿਆਨ
ਪ੍ਰੀਤਮਾ ਦੋਮੇਲ ਦੀ ਰਚਨਾ ‘ਜਨੂਨ’ 16 ਸਤੰਬਰ ਨੇ ਸਚਾਈ ਬਿਆਨ ਕਰ ਦਿੱਤੀ ਹੈ। ਲੇਖਕ ਨੂੰ ਮਦਦ ਕਰਨ ਦਾ ਜਨੂਨ ਮਹਿੰਗਾ ਪੈ ਗਿਆ। ਲੁੱਟ ਖੋਹ ਦੀਆਂ ਵਾਰਦਾਤਾਂ ਕਾਰਨ ਰਾਹ ਜਾਂਦਾ ਕੋਈ ਬੰਦਾ ਮਦਦ ਲੈਣ ਨੂੰ ਤਿਆਰ ਨਹੀਂ ਹੁੰਦਾ।
ਹਰਪ੍ਰੀਤ ਸਿੰਘ, ਝੁਨੇਰ (ਮਾਲੇਰਕੋਟਲਾ)
ਹੈਰਾਨ ਕਰਨ ਵਾਲੇ ਤੱਥ
3 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਅਰੁਣ ਮਿੱਤਰਾ ਦੇ ਲੇਖ ‘ਦਵਾਈਆਂ ਦੀਆਂ ਵਾਧੂ ਕੀਮਤਾਂ ਅਤੇ ਅਵਾਮ’ ਵਿਚ ਉਨ੍ਹਾਂ ਹੈਰਾਨ ਕਰ ਦੇਣ ਵਾਲੇ ਤੱਥ ਪੇਸ਼ ਕੀਤੇ ਹਨ। ਕੁਝ ਮਾਮਲਿਆਂ ਵਿਚ ਵਪਾਰ ਮੁਨਾਫ਼ਾ ਮਾਰਜਿਨ 5000 ਫ਼ੀਸਦੀ ਤਕ ਵੱਧ ਹੋਣ ਦਾ ਅੰਕੜਾ ਦਰਸਾਉਂਦਾ ਹੈ ਕਿ ਮਰੀਜ਼ਾਂ ਦੀ ਕਿਵੇਂ ਅੰਨ੍ਹੀ ਲੁੱਟ ਹੋ ਰਹੀ ਹੈ। ਉਹ ਬਿਲਕੁਲ ਦਰੁਸਤ ਕਹਿ ਰਹੇ ਹਨ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਮਰੀਜ਼ਾਂ ਦਾ ਸ਼ੋਸ਼ਣ ਰੋਕਣ ਲਈ ਦਵਾਈਆਂ ਦੇ ਕਾਰੋਬਾਰ ਵਿਚ ਜਨਤਕ ਖੇਤਰ ਨੂੰ ਤਰਜੀਹ ਦਿੱਤੀ ਸੀ ਪਰ ਅਫ਼ਸੋਸ ਕਿ ਦਸੰਬਰ 2016 ਵਿਚ ਸਮੇਂ ਦੀ ਸਰਕਾਰ ਨੇ ਜਨਤਕ ਖੇਤਰ ਦੀਆਂ ਦਵਾਈ ਕੰਪਨੀਆਂ ਨੂੰ ਬੰਦ ਕਰਨ ਦਾ ਫ਼ੈਸਲਾ ਕਰਕੇ ਅੱਜ ਸਸਤਾ ਇਲਾਜ ਗ਼ਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਹੈ। ਇਸੇ ਪੰਨੇ ਦੀ ਸੰਪਾਦਕੀ ‘ਅਕਾਲੀ ਦਲ ਦੇ ਐਲਾਨ’ ਵਿਚ ਅਕਾਲੀ ਦਲ ਦੀ ਗੱਲ ਕੀਤੀ ਗਈ ਹੈ। ਆਪਣੇ ਵਿਰਾਸਤੀ ਰਸਤੇ ਤੋਂ ਭਟਕਿਆ ਅਕਾਲੀ ਦਲ ਅੱਕੀਂ ਪਲਾਹੀਂ ਹੱਥ ਮਾਰ ਰਿਹਾ ਮਹਿਸੂਸ ਹੁੰਦਾ ਹੈ।
ਕੁਲਦੀਪ ਸਿੰਘ ਰੋਮਾਣਾ (ਬਠਿੰਡਾ)
(2)
‘ਦਵਾਈਆਂ ਦੀਆਂ ਵਾਧੂ ਕੀਮਤਾਂ ਅਤੇ ਅਵਾਮ’ (3 ਸਤੰਬਰ) ਰਾਹੀਂ ਦਵਾਈਆਂ ਦੀਆਂ ਕੀਮਤਾਂ ਦੇ ਮਾਮਲੇ ਵਿਚ ਫਾਰਮਾਸਿਊਟੀਕਲ ਕੰਪਨੀਆਂ ਦੁਆਰਾ ਜਨਤਾ ਦੀ ਕੀਤੀ ਜਾਂਦੀ ਲੁੱਟ ਦਾ ਪਰਦਾਫਾਸ਼ ਕੀਤਾ ਹੈ; ਪੜ੍ਹ ਕੇ ਹੈਰਾਨ ਹੋ ਗਿਆ ਕਿ ਕਈ ਕੇਸਾਂ ਵਿਚ ਕੰਪਨੀਆਂ ਦਾ ਮੁਨਾਫ਼ਾ ਮਾਰਜਨ 5000% ਤਕ ਤੋਂ ਵੀ ਵੱਧ ਹੁੰਦਾ ਹੈ।
ਜਗਦੇਵ ਸ਼ਰਮਾ ਬੁਗਰਾ, ਧੂਰੀ
ਕਿੰਨਾ ਯਕੀਨ?
21 ਸਤੰਬਰ ਦੇ ਅੰਕ ਵਿਚ ਨੀਰਜਾ ਚੌਧਰੀ ਦੇ ਲੇਖ ‘ਨਿਤੀਸ਼ ਦਾ ਵਿਰੋਧੀ ਧਿਰ ਦੇ ਆਗੂ ਵਜੋਂ ਉਭਾਰ’ ਵਿਚ ਉਨ੍ਹਾਂ 2024 ਦੀਆਂ ਲੋਕ ਸਭਾ ਚੋਣਾਂ ਲਈ ਵਿਰੋਧੀ ਧਿਰ ਦੇ ਆਗੂ ਵਜੋਂ ਵੱਖ ਵੱਖ ਆਗੂਆਂ ਦੀ ਦਾਅਵੇਦਾਰੀ ਦੀ ਪੜਚੋਲ ਕਰਦਿਆਂ ਨਿਤੀਸ਼ ਦੀ ਵੱਧ ਦਾਅਵੇਦਾਰੀ ਦਾ ਜ਼ਿਕਰ ਕੀਤਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਅਤੇ ਕੇਜਰੀਵਾਲ ਦੇ ਮੁਕਾਬਲੇ ਵੱਧ ਪਾਰਟੀਆਂ ਦਾ ਸਮਰਥਨ ਨਿਤੀਸ਼ ਨੂੰ ਮਿਲ ਸਕਦਾ ਹੈ ਪਰ ਉਹ ਇਕੱਲਾ ਚੱਲਣ ਦੀ ਪੈਰਵੀ ਕਰਦੇ ਰਹੇ ਹਨ ਜੋ ਭਾਜਪਾ ਦੇ ਇਕ ਵਾਰ ਫਿਰ ਸਫ਼ਲ ਹੋਣ ਵਿਚ ਸਹਾਈ ਹੋ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਸਖ਼ਤ ਮੁਕਾਬਲਾ ਕਰਕੇ ਹਾਰਨਾ ਵਧੀਆ ਹੈ ਜਾਂ ਕਿਸੇ ਅਜਿਹੇ ਆਗੂ ਨੂੰ ਅੱਗੇ ਲਾ ਕੇ ਸਾਲ-ਛੇ ਮਹੀਨੇ ਦੀ ਸਰਕਾਰ ਬਣਾਉਣਾ? ਜਿਸ ਆਗੂ ਦਾ ਪਲਟੀਆਂ ਮਾਰਨ ਦਾ ਇਤਿਹਾਸ ਰਿਹਾ ਹੋਵੇ ਅਤੇ ਉਹ ਭਾਜਪਾ ਨਾਲ ਰਲ ਕੇ ਸਰਕਾਰਾਂ ਚਲਾ ਚੁੱਕਿਆ ਹੋਵੇ, ਉਸ ਉੱਤੇ ਕਿੰਨਾ ਯਕੀਨ ਕੀਤਾ ਜਾ ਸਕਦਾ ਹੈ।
ਰਾਵਿੰਦਰ ਫਫੜੇ, ਈਮੇਲ