ਛੱਬੀ ਵਾਲੀਆਂ ਘਟਨਾਵਾਂ
ਗਣਤੰਤਰ ਦਿਵਸ ਮੌਕੇ ਮੁਲਕ ਦੀ ਰਾਜਧਾਨੀ ਵਿਚ ਜੋ ਘਟਨਾਵਾਂ ਹੋਈਆਂ ਹਨ, ਉਸ ਤੋਂ ਸਾਫ ਜ਼ਾਹਿਰ ਹੋ ਗਿਆ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦਾ ਮਸਲਾ ਸੁਲਝਾਉਣ ਦੀ ਥਾਂ ਇਸ ਨੂੰ ਉਲਝਾਉਣ ਦੀ ਕੋਸਿ਼ਸ਼ ਵਿਚ ਹੈ। ਦਿੱਲੀ ਪੁਲੀਸ ਦਾ ਰਵੱਈਆ ਸਾਫ਼ ਦਰਸਾ ਰਿਹਾ ਹੈ ਕਿ ਇਸ ਨੇ ਜਾਣਬੁੱਝ ਕੇ ਕਿਸਾਨਾਂ ਦੇ ਕਾਫ਼ਲਿਆਂ ਨੂੰ ਆਸਾਨੀ ਨਾਲ ਹੀ ਲਾਲ ਕਿਲ੍ਹੇ ਤੱਕ ਜਾ ਲੈਣ ਦਿੱਤਾ। ਹੁਣ ਕਿਸਾਨ ਜਥੇਬੰਦੀਆਂ ਨੂੰ ਤਹੱਮਲ ਨਾਲ ਆਪਣੀ ਅਗਲੀ ਰਣਨੀਤੀ ਘੜਨੀ ਚਾਹੀਦੀ ਹੈ।
ਕਸ਼ਮੀਰ ਸਿੰਘ, ਜਲੰਧਰ
ਭਾਜਪਾ ਦੀ ਸਿਆਸਤ
25 ਜਨਵਰੀ ਨੂੰ ਸੰਪਾਦਕੀ ‘ਨਾਂ ਬਦਲਣ ਦੀ ਸਿਆਸਤ’ ਪੜ੍ਹਿਆ। ਗੁਜਰਾਤ ਦੇ ਭਾਜਪਾ ਆਗੂ ਅਤੇ ਮੁੱਖ ਮੰਤਰੀ ਵਿਜੈ ਰੁਪਾਨੀ ਵੱਲੋਂ ਡਰੈਗਨ ਫ਼ਰੂਟ ਦਾ ਨਾਂ ਬਦਲ ਕੇ ਕਮਲਮ ਰੱਖਿਆ ਜਾਣਾ ਸਿਆਸਤ ਤੋਂ ਪ੍ਰੇਰਿਤ ਹੈ ਕਿਉਂਕਿ ਅਜਿਹਾ ਨਾਂ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਨਾਲ ਮਿਲਦਾ ਹੈ। ਭਾਜਪਾ ਨੇ ਪਿਛਲੇ ਸਮੇਂ ਦੌਰਾਨ ਨਾਂ ਤਬਦੀਲੀ ਦੀ ਮੁਹਿੰਮ ਜਿਹੀ ਚਲਾਈ ਹੋਈ ਹੈ ਜਦਕਿ ਪਾਕਿਸਤਾਨ ਦੇ ਸ਼ਹਿਰ ਲਾਹੌਰ ਦਾ ਨਾਂ ਰਾਮ ਦੇ ਪੁੱਤਰ ਲਵ ਦੇ ਨਾਂ ’ਤੇ ਰੱਖਿਆ ਹੋਇਆ ਹੈ ਪਰ ਉਨ੍ਹਾਂ ਨੂੰ ਇਸ ਤੋਂ ਕੋਈ ਚਿੜ ਨਹੀਂ ਹੈ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਗੱਲਬਾਤ ਜ਼ਰੂਰੀ
23 ਜਨਵਰੀ ਦੀ ਸੰਪਾਦਕੀ ‘ਗੱਲਬਾਤ ਜਾਰੀ ਰੱਖਣੀ ਜ਼ਰੂਰੀ’ ਵਧੀਆ ਟਿੱਪਣੀ ਹੈ। ਲੋਕਤੰਤਰੀ ਢਾਂਚੇ ਵਿਚ ਕੇਵਲ ਗੱਲਬਾਤ ਰਾਹੀਂ ਹੀ ਕਿਸੇ ਮਸਲੇ ਦਾ ਹੱਲ ਕੱਢਿਆ ਜਾ ਸਕਦਾ ਹੈ ਪਰ ਕੇਂਦਰ ਸਰਕਾਰ ਨੇ ਜਦੋਂ ਗੱਲਬਾਤ ਦਾ ਸਿਲਸਿਲਾ ਹੀ ਬੰਦ ਕਰ ਦਿੱਤਾ ਗਿਆ ਹੈ ਤਾਂ ਕਿਸਾਨੀ ਦੀਆਂ ਹੱਕੀ ਮੰਗਾਂ ਪੂਰੀਆਂ ਕਿਵੇਂ ਹੋਣਗੀਆਂ? ਹੁਣ ਚਾਹੀਦਾ ਇਹ ਹੈ ਕਿ ਭਾਜਪਾ ਕਾਨੂੰਨ ਵਾਪਸ ਲਵੇ ਅਤੇ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਸਮੇਂ ਆਪਣੇ ਚੋਣ ਮੈਨੀਫੈਸਟੋ ਵਿਚ ਖੇਤੀ ਕਾਨੂੰਨਾਂ ਦਾ ਖਰੜਾ ਲੈ ਕੇ ਆਵੇ। ਜੇਕਰ ਦੇਸ਼ ਦੀ ਜਨਤਾ ਭਾਜਪਾ ਨੂੰ ਦੁਬਾਰਾ ਕੇਂਦਰ ਵਿਚ ਸੱਤਾ ਸੌਂਪਦੀ ਹੈ, ਤਦ ਇਹ ਕਾਨੂੰਨ ਲਾਗੂ ਕਰ ਲਵੇ। ਇਸੇ ਦਿਨ ਨਜ਼ਰੀਆ ਪੰਨੇ ਉੱਤੇ ਅਵਿਜੀਤ ਪਾਠਕ ਦਾ ਲੇਖ ‘ਨੌਜਵਾਨ ਅਤੇ ਊਰਜਾ’ ਪੜ੍ਹਿਆ। ਮਨ ਨੂੰ ਬਹੁਤ ਸਕੂਨ ਅਤੇ ਤਸਕੀਨ ਮਿਲਿਆ ਕਿ ਅਵਿਜੀਤ ਪਾਠਕ ਨੇ ਸੱਚ ਬਿਆਨਣ ਦੀ ਦਲੇਰੀ ਕੀਤੀ ਹੈ। ਕਿਸੇ ਵੀ ਦੇਸ਼, ਕੌਮ ਜਾਂ ਸਮਾਜ ਨੂੰ ਤਰੱਕੀ ਦੇ ਮਾਰਗ ’ਤੇ ਉੱਥੋਂ ਦੀ ਨੌਜਵਾਨ ਪੀੜ੍ਹੀ ਹੀ ਲੈ ਕੇ ਜਾਂਦੀ ਹੈ ਪਰ ਸਾਡੇ ਨੌਜਵਾਨਾਂ ਸਾਹਮਣੇ ਆਦਰਸ਼ ਬਣਨ ਵਾਲੇ ਸਾਡੇ ਸਿਆਸੀ ਆਗੂ ਆਪਣਾ ਪ੍ਰਭਾਵ ਗੁਆ ਚੁੱਕੇ ਹਨ।
ਡਾ. ਇਕਬਾਲ ਸਿੰਘ, ਛਾਜਲੀ (ਸੰਗਰੂਰ)
(2)
23 ਜਨਵਰੀ ਦੇ ਸੰਪਾਦਕੀ ‘ਗੱਲਬਾਤ ਜਾਰੀ ਰੱਖਣੀ ਜ਼ਰੂਰੀ’ ਵਿਚ ਉਸਾਰੂ ਸੁਝਾਅ ਦਿੱਤਾ ਗਿਆ ਹੈ ਜਦੋਂਕਿ 22 ਜਨਵਰੀ ਦੀ ਕੇਂਦਰ ਸਰਕਾਰ ਅਤੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਿਚਕਾਰ ਗੱਲਬਾਤ ਦੇ ਬੇਸਿੱਟਾ ਖ਼ਤਮ ਹੋ ਜਾਣਾ ਮੰਦਭਾਗੀ ਗੱਲ ਹੈ। ਕੇਂਦਰ ਸਰਕਾਰ ਦਾ ਅੜੀਅਲ ਵਤੀਰਾ ਗੱਲ ਨੂੰ ਕਿਸੇ ਪਾਸੇ ਲੱਗਣ ਨਹੀਂ ਦੇ ਰਿਹਾ। ਇਹ ਹੈਂਕੜ ਤੋਂ ਸਿਵਾ ਕੁਝ ਵੀ ਨਹੀਂ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
(3)
ਸੰਪਾਦਕੀ ‘ਗੱਲਬਾਤ ਜਾਰੀ ਰੱਖਣੀ ਜ਼ਰੂਰੀ’ ਕਿਸਾਨੀ ਸੰਘਰਸ਼ ਦੇ ਹਾਲਾਤ ਨੂੰ ਬਿਆਨ ਕਰਦੀ ਹੈ। ਸਰਕਾਰ ਨੇ ਹੁਣ ਮੁੜ ਸਖ਼ਤ ਰਵੱਈਆ ਅਪਣਾਉਂਦੇ ਹੋਏ ਕਿਸਾਨਾਂ ਨੂੰ ਕਿਹਾ ਕਿ ਕਾਨੂੰਨ ਰੱਦ ਨਹੀਂ ਹੋਣਗੇ ਅਤੇ ਖੇਤੀ ਕਾਨੂੰਨ ਮੁਅੱਤਲ ਕਰਨ ਦੀ ਤਜਵੀਜ਼ ’ਤੇ ਮੁੜ ਗ਼ੌਰ ਕਰਨ ਲਈ ਕਿਹਾ ਹੈ। ਦੂਜੇ ਬੰਨੇ ਕਿਸਾਨਾਂ ਨੇ ਵੀ ਸਾਫ਼ ਕਹਿ ਦਿੱਤਾ ਹੈ ਕਿ ਉਹ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਮੁੜਨਗੇ। ਸਰਕਾਰ ਨੂੰ ਹੁਣ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਤੇ ਆਰਥਿਕ ਤਬਾਹੀ ਰੋਕਣੀ ਚਾਹੀਦੀ ਹੈ।
ਸੰਜੀਵ ਸਿੰਘ ਸੈਣੀ, ਮੁਹਾਲੀ
ਤੂੰਬੀ ਵਾਲੀ ਗਾਇਕਾ
23 ਜਨਵਰੀ ਦੇ ‘ਸਤਰੰਗ’ ਪੰਨੇ ’ਤੇ ਰਚਨਾ ‘ਲੋਕ ਗਾਇਕੀ ਦੇ ਵਿਰਸੇ ਦੀ ਵਾਰਿਸ’ (ਰਮੇਸ਼ਵਰ ਸਿੰਘ) ਪੜ੍ਹੀ। ਗੀਤਕਾਰ ਅੰਮ੍ਰਿਤ ਕੌਰ ਜੋ ਤੂੰਬੀ ਨਾਲ ਗਾਇਕੀ ਦੀ ਸੇਵਾ ਨਿਭਾਅ ਰਹੀ ਹੈ, ਬਾਰੇ ਪੜ੍ਹ ਕੇ ਚੰਗਾ ਲੱਗਿਆ। ਸਾਡੇ ਪੰਜਾਬ ਦੀ ਗਾਇਕੀ ਜੋ ਕਾਫ਼ੀ ਦੇਰ ਵਿਦੇਸ਼ੀ ਸਾਜ਼ਾਂ ਤੇ ਬੋਲਾਂ ’ਤੇ ਪਹੁੰਚ ਗਈ ਸੀ, ਹੁਣ ਮੁੜ ਪੰਜਾਬੀ ਵਿਰਸੇ ਵੱਲ ਵਾਪਸ ਆਉਂਦੀ ਨਜ਼ਰ ਆ ਰਹੀ ਹੈ। ਇਸ ਦਾ ਸਬੂਤ ਯੂ-ਟਿਊਬ ਅਤੇ ਸੋਸ਼ਲ ਮੀਡੀਆ ਉੱਤੇ ਆ ਰਹੇ ਗੀਤ ਹਨ, ਜੋ ਕਿਸਾਨੀ ਮੋਰਚੇ ਅਤੇ ਇਨਕਲਾਬ ਨਾਲ ਸਬੰਧਿਤ ਹਨ।
ਜਸਕੀਰਤ ਸਿੰਘ, ਮੰਡੀ ਗੋਬਿੰਦਗੜ੍ਹ (ਫਤਿਹਗੜ੍ਹ ਸਾਹਿਬ)
(2)
ਸਤਰੰਗ ਪੰਨੇ ’ਤੇ ਰਮੇਸ਼ਵਰ ਸਿੰਘ ਦੇ ਲੇਖ ‘ਲੋਕ ਗਾਇਕੀ ਦੇ ਵਿਰਸੇ ਦੀ ਵਾਰਿਸ’ ਵਿਚ ਵਿਰਸੇ ਦੀ ਗੱਲ ਸਹੀ ਉਭਾਰੀ ਗਈ ਹੈ। ਕੁਝ ਕੁ ਸਾਲਾਂ ਤੋਂ ਭਾਵੇਂ ਪੰਜਾਬੀ ਗਾਇਕੀ ਵਿਚ ਵਿਗਾੜ ਆ ਗਿਆ ਸੀ ਪਰ ਜਦੋਂ ਬੀਬੀ ਅੰਮ੍ਰਿਤ ਕੌਰ ਜਿਹੇ ਗਾਇਕ ਪਹਿਰੇਦਾਰ ਹੋਣਗੇ ਤਾਂ ਪੰਜਾਬੀ ਵਿਰਸੇ ਦੀ ਸ਼ਾਨ ਕਾਇਮ ਰਹੇਗੀ।
ਪਵਨ ਪਰਵਾਸੀ, ਜਰਮਨੀ
ਤਸਵੀਰ ਦਾ ਦੂਜਾ ਪਾਸਾ
16 ਜਨਵਰੀ ਵਾਲੇ ਮਿਡਲ ‘ਸੱਚ ਵਰਗਾ ਝੂਠ’ (ਮੋਹਨ ਸ਼ਰਮਾ) ਤੋਂ ਇਕ ਗੱਲ ਸਪੱਸ਼ਟ ਹੈ ਕਿ ਬਹੁਗਿਣਤੀ ਜ਼ਿਮੀਦਾਰਾਂ ਵੱਲੋਂ ਸੀਰੀਆ, ਖੇਤ ਮਜ਼ਦੂਰਾਂ, ਠੇਕੇ ’ਤੇ ਖੇਤੀ ਕਰਨ ਵਾਲੇ ਕਿਸਾਨਾਂ ਦੀ ਲੁੱਟ-ਖਸੁੱਟ ਕੀਤੀ ਜਾਂਦੀ ਹੈ। ਸੀਰੀਆ ਤੋਂ ਬੰਧੂਆ ਮਜ਼ਦੂਰਾਂ ਵਾਂਗ ਕੰਮ ਲਿਆ ਜਾਂਦਾ ਹੈ। ਕਿਸਾਨ ਯੂਨੀਅਨ ਦੇ ਆਗੂਆਂ ਨੂੰ ਕਾਰਪੋਰੇਟ ਘਰਾਣਿਆਂ ਖ਼ਿਲਾਫ਼ ਆਵਾਜ਼ ਉਠਾਉਣ ਤੋਂ ਇਲਾਵਾ ਪਿੰਡਾਂ ਵਿਚ ਜ਼ਿਮੀਦਾਰਾਂ ਅਤੇ ਧਨਾਢ ਲੋਕਾਂ ਵੱਲੋਂ ਸੀਰੀਆਂ, ਗ਼ਰੀਬ ਕਿਸਾਨਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਵੱਲ ਧਿਆਨ ਦੇਣ ਦੀ ਵੀ ਲੋੜ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
(2)
ਸ਼ੁਕਰ ਹੈ ਕਿ ਕਈ ਹਫ਼ਤਿਆਂ ਬਾਅਦ ਮੋਹਨ ਸ਼ਰਮਾ ਦੀ 16 ਜਨਵਰੀ ਦੀ ਲਿਖਤ ‘ਮਿਡਲ’ ਨੇ ਨਵੀਂ ਪੁਲਾਂਘ ਪੁੱਟੀ ਹੈ। ਕਿਸੇ ਲਈ ਮਜਬੂਰੀ ਦੀਆਂ ਬੇੜੀਆਂ ਨੂੰ ਤਿਲਾਂਜਲੀ ਦੇਣਾ ਵੀ ਬਹੁਤ ਸੌਖਾ ਨਹੀਂ ਹੁੰਦਾ।
ਇੰਦਰਜੀਤ ਪ੍ਰੇਮੀ, ਖਰੜ
ਅਣਗੌਲੇ ਦ੍ਰਿਸ਼
15 ਜਨਵਰੀ ਨੂੰ ਨਜ਼ਰੀਆ ਪੰਨੇ ’ਤੇ ਕਰਨੈਲ ਸਿੰਘ ਸੋਮਲ ਦੀ ਰਚਨਾ ‘ਧੁਆਂਖੀ ਦ੍ਰਿਸ਼ਾਵਲੀ’ ਪੜ੍ਹੀ। ਲੇਖਕ ਨੇ ਬਹੁਤ ਘੱਟ ਸ਼ਬਦਾਂ ਵਿਚ ਜ਼ਿੰਦਗੀ ਦੇ ਉਨ੍ਹਾਂ ਧੁਆਂਖੇ ਦ੍ਰਿਸ਼ਾਂ ਨੂੰ ਬਿਆਨ ਕੀਤਾ ਹੈ ਜਿਨ੍ਹਾਂ ਨੂੰ ਆਮ ਕਰ ਕੇ ਅਣਗੌਲਿਆ ਹੀ ਕਰ ਦਿੱਤਾ ਜਾਂਦਾ ਹੈ। ਲਿਖਤ ਵਿਚ ਕੰਮਕਾਜ ਤੇ ਜਾਂਦੀਆਂ ਔਰਤਾਂ ਅਤੇ ਘਰੇਲੂ ਔਰਤਾਂ ਦੀਆਂ ਲੋੜਾਂ, ਵਿਕਲਾਂਗ ਤੇ ਮੰਦਬੁੱਧੀ ਵਰਗ, ਬਜ਼ੁਰਗਾਂ ਤੇ ਸਾਧਾਰਨ ਆਦਮੀ ਦੀ ਹਾਲਤ ਜੋ ਅਜੇ ਤਕ ਵੀ ਨਹੀਂ ਬਦਲੀ, ਰਾਹੀਂ ਸਮਾਜਿਕ ਪ੍ਰਬੰਧਾਂ ਵੱਲ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇੰਦਰਜੀਤ ਜਵੰਦਾ, ਪਿੰਡ ਜਵੰਦਾ (ਫਤਿਹਗੜ੍ਹ ਸਾਹਿਬ)