ਪੂੰਜੀਪਤੀ ਪੱਖੀ ਢਾਂਚਾ
16 ਜਨਵਰੀ ਨੂੰ ਨਜ਼ਰੀਆ ਪੰਨੇ ’ਤੇ ਡਾ. ਸੁਖਪਾਲ ਸਿੰਘ ਦਾ ਲੇਖ ‘ਨਵੇਂ ਖੇਤੀ ਕਾਨੂੰਨਾਂ ਤੋਂ ਬਾਅਦ ਕਿਸਾਨੀ ਦਾ ਕੀ ਬਣੇਗਾ?’ ਭਾਰਤ ਵਿਚ ਲਿਆਂਦੇ ਜਾ ਰਹੇ ਨਵੇਂ ਖੇਤੀ ਢਾਂਚੇ ਬਾਰੇ ਜਾਗਰੂਕ ਕਰਦਾ ਹੈ। ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਜਿਸ ਦੀ ਮਹੱਤਤਾ ਇੱਕੀਵੀਂ ਸਦੀ ਵਿਚ ਇਸ ਕਰ ਕੇ ਵਧ ਜਾਂਦੀ ਹੈ ਕਿਉਂਕਿ ਦੁਨੀਆ ਦੀ ਆਬਾਦੀ ਦਾ ਵੱਡਾ ਹਿੱਸਾ ਭੁੱਖਮਰੀ ਅਤੇ ਗ਼ਰੀਬੀ ਵਿਚ ਘਿਰ ਰਿਹਾ ਹੈ। ਅਜਿਹੇ ਹਾਲਾਤ ਵਿਚ ਕਿਸਾਨੀ ਨਾ ਸਿਰਫ਼ ਆਪਣੇ ਰਵਾਇਤੀ ਕਿੱਤੇ ਰਾਹੀਂ ਇਸ ਸਮੱਸਿਆ ਨੂੰ ਹੱਲ ਕਰਨ ਵਿਚ ਯੋਗਦਾਨ ਪਾ ਰਹੀ ਹੈ ਸਗੋਂ ਭਾਰਤ ਵਰਗੇ ਅਲਪ-ਵਿਕਸਿਤ ਦੇਸ਼ ਜਿੱਥੇ ਬੇਰੁਜ਼ਗਾਰੀ ਬਹੁਤ ਵੱਡੇ ਪੱਧਰ ’ਤੇ ਹੈ, ਉੱਥੇ ਰੁਜ਼ਗਾਰ ਦਾ ਸਾਧਨ ਵੀ ਹੈ। ਅੱਜ ਜਦੋਂ ਪੂਰੇ ਵਿਸ਼ਵ ਵਿਚ ਅਨਾਜ ਹਰ ਇਕ ਤਕ ਨਹੀਂ ਪਹੁੰਚ ਰਿਹਾ, ਉਸ ਸਮੇਂ ਸੰਸਾਰ ਦੇ ਪੂੰਜੀਪਤੀਆਂ ਦਾ ਧਿਆਨ ਵੀ ਇਸ ਪਾਸੇ ਗਿਆ ਹੈ ਪਰ ਪੂੰਜੀਪਤੀ ਇਸ ਨੂੰ ਸਮੱਸਿਆ ਦੇ ਤੌਰ ’ਤੇ ਨਹੀਂ ਸਗੋਂ ਲਾਭਦਾਇਕ ਅਵਸਰ ਦੇ ਤੌਰ ’ਤੇ ਦੇਖ ਰਹੇ ਹਨ। ਨਤੀਜੇ ਵਜੋਂ ਭਾਰਤ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਜਿੱਥੇ ਕਿਤੇ ਵੀ ਖੇਤੀ ਦੀ ਹੋਂਦ ਬਚੀ ਹੈ, ਉੱਥੇ ਪੂੰਜੀਪਤੀ ਖੇਤੀ ਨੂੰ ਆਪਣੇ ਕਬਜ਼ੇ ਵਿਚ ਕਰਨ ਲਈ ਸੰਵਿਧਾਨਕ ਅਤੇ ਗ਼ੈਰ ਸੰਵਿਧਾਨਕ ਤਰੀਕਿਆਂ ਨਾਲ ਕੋਸ਼ਿਸ਼ਾਂ ਕਰ ਰਹੇ ਹਨ।
ਸੰਜੇ ਖਾਨ ਧਾਲੀਵਾਲ, ਪਟਿਆਲਾ
ਕਿਸਾਨਾਂ ਦੀ ਆਮਦਨੀ
16 ਜਨਵਰੀ ਨੂੰ ਖੇਤੀ ਪੰਨੇ ਉੱਤੇ ਡਾ. ਵਰਿੰਦਰਪਾਲ ਦੇ ਲੇਖ ‘ਕਿਸਾਨੀ ਮਸਲਿਆਂ ਦਾ ਸਦੀਵੀ ਹੱਲ ਕਿਵੇਂ ਹੋਵੇ’ ਵਿਚ ਹਰ ਪਹਿਲੂ ਨੂੰ ਛੋਹਿਆ ਗਿਆ ਹੈ। ਜਿੱਥੇ ਉਨ੍ਹਾਂ ਕਿਸਾਨੀ ਆਮਦਨ ਵਧਾਉਣ ਲਈ ਤਜਵੀਜ਼ ਪੇਸ਼ ਕੀਤੀ ਹੈ, ਉਸ ਦੇ ਨਾਲ ਹੀ ਕਿਸਾਨਾਂ ਨੂੰ ਜਿਨ੍ਹਾਂ ਸਬਸਿਡੀਆਂ, ਮੁਫ਼ਤ ਪਾਣੀ ਅਤੇ ਬਿਜਲੀ ਦਾ ਤਾਹਨਾ ਦਿੱਤਾ ਜਾਂਦਾ ਹੈ, ਨੂੰ ਵੀ ਖਤਮ ਕਰਨ ਲਈ ਸੁਝਾਅ ਦਿੱਤਾ ਹੈ ਪਰ ਜੇਕਰ ਕਿਸਾਨ ਨੂੰ ਫ਼ਸਲਾਂ ਦਾ ਵਾਜਬਿ ਮੁੱਲ ਮਿਲੇ। ਅੱਜ ਵੀ ਬਹੁਤ ਕਿਸਾਨ ਅਜਿਹੇ ਹਨ ਜਿਨ੍ਹਾਂ ਕੋਲ ਬਿਜਲੀ ਨਾਲ ਚੱਲਣ ਵਾਲੀਆਂ ਮੋਟਰਾਂ ਨਹੀਂ ਹਨ ਅਤੇ ਡੀਜ਼ਲ ਨਾਲ ਫ਼ਸਲ ਪਾਲ ਕੇ ਵਾਧੂ ਖ਼ਰਚਾ ਕਰਨ ਲਈ ਮਜਬੂਰ ਹਨ।
ਸਾਬਕਾ ਮੁੱਖ ਇੰਜ. ਹਰਮੇਸ਼ ਕੁਮਾਰ, ਈਮੇਲ
‘ਰਵਾਨਗੀ’ ਨਹੀਂ ‘ਰਵਾਨੀ’
16 ਜਨਵਰੀ ਦੇ ‘ਸਤਰੰਗ’ ਪੰਨੇ ਉੱਤੇ ਸਤਵਿੰਦਰ ਸਿੰਘ ਅਰਾਈਆਂਵਾਲਾ ਦਾ ਲੇਖ ‘ਸਫ਼ਰ, ਰਾਹ ਅਤੇ ਰਾਹੀ’ ਵਧੀਆ ਤਾਂ ਹੈ ਸੀ, ਨਾਲ ਨਾਲ ਹਿੰਦੀ ਫ਼ਿਲਮ ਦੇ ਗੀਤ ‘ਆਦਮੀ ਮੁਸਾਫ਼ਿਰ ਹੈ ਆਤਾ ਹੈ ਜਾਤਾ ਹੈ, ਆਤੇ ਜਾਤੇ ਰਸਤੇ ਮੇਂ ਯਾਦੇਂ ਛੋੜ ਜਾਤਾ ਹੈ’ ਦੀ ਯਾਦ ਵੀ ਕਰਵਾ ਗਿਆ। ਇਸ ਰਚਨਾ ਦੇ ਦੂਜੇ ਪਹਿਰੇ ਦੇ ਅਖ਼ੀਰਲੇ ਵਾਕ ‘ਇਨ੍ਹਾਂ ਰਸਤਿਆਂ ’ਤੇ ਤੁਰਦੇ ਮਨੁੱਖ ਵਿਚ ਹੀ ਰਵਾਨਗੀ ਆ ਜਾਂਦੀ ਹੈ’ ਵਿਚ ‘ਰਵਾਨਗੀ’ ਸ਼ਬਦ ਦੀ ਗ਼ਲਤ ਵਰਤੋਂ ਹੋਈ ਹੈ। ਦਰਅਸਲ, ਇਸ ਸ਼ਬਦ ਦੀ ਥਾਂ ‘ਰਵਾਨੀ’ ਹੋਣਾ ਚਾਹੀਦਾ ਸੀ। ਉਂਜ ‘ਰਵਾਨੀ’ ਅਤੇ ‘ਰਵਾਨਗੀ’ ਸ਼ਬਦ ਫ਼ਾਰਸੀ ਸ਼ਬਦ ਦੀ ਕ੍ਰਿਆ ‘ਰਫ਼ਤਨ’ (ਜਾਣਾ) ਤੋਂ ਹੀ ਬਣੇ ਹਨ। ‘ਰਵਾਨੀ’ ਸ਼ਬਦ ਦਾ ਮਤਲਬ ਹੈ ਚੱਲਦਾ ਹੋਇਆ, ਵਹਿੰਦਾ ਹੋਇਆ, ਗ਼ਤੀਸ਼ੀਲ। ਮਸਲਨ, ਲੇਖਕ ਦੀ ਕਲਮ ਦੀ ਰਵਾਨੀ, ਨਦੀ ਦੇ ਵਹਿੰਦੇ ਪਾਣੀ ਦੀ ਰਵਾਨੀ ਆਦਿ, ਜਦਕਿ ‘ਰਵਾਨਗੀ’ ਸ਼ਬਦ ਕੂਚ ਕਰਨਾ, ਵਿਦਾਇਗੀ ਲੈਣੀ ਆਦਿ ਲਈ ਵਰਤਿਆ ਜਾਂਦਾ ਹੈ।
ਕੁਲਦੀਪ ਸਿੰਘ, ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)
ਰਾਜੇਵਾਲ ਦੀ ਚਿੱਠੀ
14 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਬਲਬੀਰ ਸਿੰਘ ਰਾਜੇਵਾਲ ਦੀ ਕਿਸਾਨਾਂ ਦੇ ਨਾਂ ਖੁੱਲ੍ਹੀ ਚਿੱਠੀ ਇਤਿਹਾਸਕ ਦਸਤਾਵੇਜ਼ ਹੈ। ਲਿਖਤ ਤੋਂ ਲੇਖਕ ਦਾ ਸਹਿਜ, ਸੰਜੀਦਗੀ, ਸਿਆਣਪ ਅਤੇ ਸਵੈ-ਵਿਸ਼ਵਾਸ ਸਾਫ਼ ਝਲਕਦੇ ਹਨ। ਅਜਿਹੇ ਆਗੂ ਹੀ ਅਜਿਹੇ ਅਨੁਸ਼ਾਸਤ ਅੰਦੋਲਨਾਂ ਦੀ ਅਗਵਾਈ ਕਰ ਸਕਦੇ ਹਨ ਅਤੇ ਸਫ਼ਲਤਾ ਵੀ ਦਿਵਾ ਸਕਦੇ ਹਨ।
ਡਾ. ਤਰਲੋਚਨ ਕੌਰ, ਪਟਿਆਲਾ
(2)
ਕਿਸਾਨ ਸੰਘਰਸ਼ ਦਾ ਬਿਰਤਾਂਤ ਸਪੱਸ਼ਟ ਅਤੇ ਜੁੱਸਾ ਮਜ਼ਬੂਤ ਹੈ। ਸੰਘਰਸ਼ ਦੀ ਸਫ਼ਲਤਾ ਲਈ ਦੋਨਾਂ ਉੱਪਰ ਲੀਡਰਸ਼ਿਪ ਦੀ ਪਕੜ ਜ਼ਰੂਰੀ ਹੈ। ਇਸ ਸੰਘਰਸ਼ ਦੌਰਾਨ ਕਿਸਾਨ ਆਗੂ ਆਪਣੀ ਸੂਝ ਬੂਝ ਨਾਲ ਬਿਰਤਾਂਤ ਤਾਂ ਕਾਬੂ ਵਿਚ ਰੱਖ ਰਹੇ ਹਨ ਪਰ ਕੁਝ ਕਾਰਨਾਂ ਕਰ ਕੇ ਜੁੱਸਾ ਕਾਬੂ ਤੋਂ ਬਾਹਰ ਹੋਣ ਦੀਆਂ ਕਨਸੋਆਂ ਦੇ ਰਿਹਾ ਹੈ। ਇਨ੍ਹਾਂ ਕਨਸੋਆਂ ਦੇ ਮੱਦੇਨਜ਼ਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਸ਼ਾਂਤੀਪੂਰਵਕ ਰਹਿਣ, ਬੇਰੀਕੇਡ ਤੋੜਨ ਲਈ ਆਪਹੁਦਰੀਆਂ ਸਕੀਮਾਂ ਨਾ ਘੜਨ ਅਤੇ ਉਕਸਾਊ ਧਿਰਾਂ ਦੀਆਂ ਗੱਲਾਂ ਵਿਚ ਨਾ ਆਉਣ ਦੀ ਮੌਕੇ ਸਿਰ ਕੀਤੀ ਗਈ ਅਪੀਲ ਭਾਵਪੂਰਤ ਹੈ। ਜ਼ਾਬਤੇ ਦੀ ਢਿੱਲ ਕਾਰਨ ਸੰਘਰਸ਼ ਦੀ ਸਾਰੀ ਤਪੱਸਿਆ ਵਿਅਰਕ ਜਾਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਲਈ ਸਭ ਨੂੰ ਕਿਸਾਨ ਜਥੇਬੰਦੀਆ ਵੱਲੋਂ ਵਾਹੀ ਲਛਮਣ ਰੇਖਾ ਦੇ ਅੰਦਰ ਰਹਿ ਕੇ ਵੀ ਵਿਚਰਨਾ ਚਾਹੀਦਾ ਹੈ।
ਹਜ਼ਾਰਾ ਸਿੰਘ, ਮਿਸੀਸਾਗਾ (ਕੈਨੇਡਾ)
(3)
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਚਿੱਠੀ ਲਿਖ ਕੇ ਜੋ ਚਰਚਾ ਕੀਤੀ ਹੈ, ਉਹ ਆਪਣੇ ਆਗੂ ਹੋਣ ਦੀ ਨੈਤਿਕ ਜ਼ਿੰਮੇਵਾਰੀ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਸਰਕਾਰੀ ਏਜੰਸੀਆਂ ਸੰਘਰਸ਼ ਨੂੰ ਤਾਰ ਤਾਰ ਕਰਨ ਲਈ ਲੋਕਾਂ ਵਿਚ ਭੁਲੇਖੇ ਪਾ ਰਹੀਆਂ ਹਨ।
ਮਨਮੋਹਨ ਸਿੰਘ ਨਾਭਾ (ਪਟਿਆਲਾ)
ਖ਼ੁਦਕੁਸ਼ੀ ਨਹੀਂ ਸੰਘਰਸ਼
ਇਹ ਚਿੰਤਾ ਦਾ ਵਿਸ਼ਾ ਹੈ ਕਿ ਕੁਝ ਕਿਸਾਨ ਸਰਕਾਰ ਦੀ ਬੇਰੁਖ਼ੀ ਅਤੇ ਲੰਮੇ ਸੰਘਰਸ਼ ਤੋਂ ਨਿਰਾਸ਼ ਹੋ ਕੇ ਖ਼ੁਦਕੁਸ਼ੀ ਦਾ ਰਸਤਾ ਵੀ ਅਖ਼ਤਿਆਰ ਕਰ ਰਹੇ ਹਨ। ਕਿਸਾਨ ਸਾਥੀਆਂ ਨੂੰ ਇਹ ਤੱਥ ਸਮਝਣ ਦੀ ਲੋੜ ਹੈ ਕਿ ਉਨ੍ਹਾਂ ਦੀਆਂ ਦੁਖਦਾਈ ਮੌਤਾਂ ਅਤੇ ਖੁ਼ਦਕੁਸ਼ੀਆਂ ਦੀ ਇਸ ਲੋਕ ਵਿਰੋਧੀ, ਅੜੀਅਲ ਅਤੇ ਸੰਵੇਦਨਹੀਣ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ, ਇਸ ਨਾਲ ਸੰਘਰਸ਼ ਕਮਜ਼ੋਰ ਹੁੰਦਾ ਹੈ ਅਤੇ ਸੰਘਰਸ਼ਸ਼ੀਲ ਸਾਥੀਆਂ ਦਾ ਮਨੋਬਲ ਵੀ ਡਿੱਗਦਾ ਹੈ। ਇਹ ਸੰਘਰਸ਼ ਬੇਸ਼ਕ ਹੋਰ ਲੰਮਾ ਚਲ ਸਕਦਾ ਹੈ, ਪਰ ਜਿੱਤ ਯਕੀਨਨ ਲੋਕ ਏਕਤਾ ਦੀ ਹੀ ਹੋਵੇਗੀ।
ਸੁਮੀਤ ਸਿੰਘ, ਅੰਮ੍ਰਿਤਸਰ