ਕਿਸਾਨ ਘੋਲ ਬਨਾਮ ਸਿੱਖ ਲੈਫ਼ਟ
9 ਜਨਵਰੀ ਨੂੰ ਨਜ਼ਰੀਆ ਪੰਨੇ ਉੱਤੇ ਜਸਵੀਰ ਸਿੰਘ ਨੇ ਆਪਣੇ ਲੇਖ ‘ਕਿਰਸਾਨੀ ਜੀਵਨ ਜਾਚ ਦੀ ਵਿੱਤੀ ਸੰਸਾਰੀਕਰਨ ਨਾਲ ਟੱਕਰ’ ਵਿਚ ‘ਸਿੱਖ ਲੈਫ਼ਟ’ ਵਾਲੇ ਆਪਣੇ ਮੌਲਿਕ ਵਿਚਾਰ ਬਾਰੇ ਚਰਚਾ ਕੀਤੀ ਹੈ ਅਤੇ ਖੇਤੀ ਕਾਰੋਬਾਰ ਨਾਲ ਜੁੜੇ ਪੂੰਜੀਵਾਦ ਖ਼ਿਲਾਫ਼ ਉੱਠੇ ਇਤਿਹਾਸਕ ਕਿਸਾਨ ਘੋਲ ਦੇ ਪ੍ਰਸੰਗ ਵਿਚ ਉੱਭਰ ਰਹੇ ਨਵੇਂ ਸਿਆਸੀ ਸੱਭਿਆਚਾਰ ਬਾਬਤ ਟਿੱਪਣੀ ਕੀਤੀ ਹੈ। ਉਨ੍ਹਾਂ ਇਸ ਘੋਲ ਨੂੰ ਜਿਸ ਤਰ੍ਹਾਂ ਜ਼ਮੀਨ ਨਾਲ ਜੋੜ ਕੇ ਕਿਸਾਨੀ ਦੀ ਬਗ਼ਾਵਤ, ਕੁਦਰਤ ਅਤੇ ਗਲੋਬਲ ਪੂੰਜੀਵਾਦ ਨਾਲ ਮਿਲਾਇਆ ਹੈ, ਤੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਖ਼ੀਰਲੇ ਦੌਰ ਵਿਚ ਖੇਤੀ ਕਰਨ ਦੇ ਇਤਿਹਾਸਕ ਪਸਾਰ ਨੂੰ ਅੱਜ ਦੇ ਘੋਲ ਵਿਚੋਂ ਉੱਭਰਦੇ ‘ਸਿੱਖ ਲੈਫ਼ਟ’ ਨਾਲ ਮੇਲ ਕੇ ਦੇਖਿਆ ਹੈ, ਉਸ ਤੋਂ ਸੰਸਾਰ ਦੇ ਵਾਤਾਵਰਨ ਤੇ ਸਿਆਸੀ ਸੰਕਟ ਵਿਚੋਂ ਨਿਕਲਣ ਦਾ ਰਾਹ ਇਸ ਘੋਲ ਵਿਚੋਂ ਨਿਕਲਦਾ ਦਿਖਾਈ ਦਿੰਦਾ ਹੈ।
ਪ੍ਰੋ. ਪ੍ਰੀਤਮ ਸਿੰਘ, ਯੂਕੇ
ਕਿਸਾਨ ਮਜ਼ਦੂਰ ਏਕਤਾ
7 ਜਨਵਰੀ ਨੂੰ ਜੋਗਿੰਦਰ ਸਿੰਘ ਉਗਰਾਹਾਂ ਦਾ ਲੇਖ ‘ਕਿਸਾਨੀ ਸੰਘਰਸ਼ : ਮੌਜੂਦਾ ਪੜਾਅ ਦੀ ਵਿਸ਼ੇਸ਼ਤਾ ਨੂੰ ਸਮਝਣ ਦੀ ਜ਼ਰੂਰਤ’ ਪੜ੍ਹਿਆ ਜਿਸ ਵਿਚ ਉਨ੍ਹਾਂ ਦੱਸਿਆ ਕਿ ਕਿਵੇਂ ਸਰਕਾਰ ਸੂਬੇ ਦੀ ਹੋਵੇ ਜਾਂ ਕੇਂਦਰ ਦੀ, ਹੱਕਾਂ ਦੀ ਰਾਖੀ ਕਰਨ ਵਾਲੇ ਹਰ ਕਿਰਤੀ ਉੱਪਰ ਜ਼ੁਲਮ ਕਰਦੀ ਹੈ। ਇਹ ਕੋਝੀਆਂ ਹਰਕਤਾਂ ਨਾਲ ਸੰਘਰਸ਼ ਨੂੰ ਬਦਲਣਾ ਚਾਹੁੰਦੀਆਂ ਹਨ। ਲੇਖ ਵਿਚ ਕਿਸਾਨ ਮਜ਼ਦੂਰ ਏਕਤਾ ਦਾ ਜੋ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ ਹੈ, ਬਹੁਤ ਸ਼ਲਾਘਾਯੋਗ ਕਦਮ ਹੈ। ਪਿੰਡਾਂ ਵਿਚ ਜੋ ਸ਼ਾਮਲਾਟ ਜ਼ਮੀਨ ਦੀ ਮਾਲਕੀ ਦਾ ਹੱਕ ਦੇਣਾ ਮਜ਼ਦੂਰ ਵਰਗ ਲਈ ਸੋਨੇ ’ਤੇ ਸੁਹਾਗੇ ਦਾ ਕੰਮ ਸਾਬਤ ਹੋਵੇਗਾ।
ਮਨਮੋਹਨ ਸਿੰਘ, ਨਾਭਾ (ਪਟਿਆਲਾ)
ਕਿਸਾਨਾਂ ਦੇ ਮਸਲੇ
2 ਜਨਵਰੀ ਨੂੰ ਡਾ. ਬਲਵਿੰਦਰ ਸਿੰਘ ਸਿੱਧੂ ਦਾ ਲੇਖ ‘ਕਿਸਾਨੀ ਮਸਲਿਆਂ ਦੇ ਹੱਲ ਲਈ ਕੁਝ ਬਦਲ’ ਪੜ੍ਹਿਆ। ਜਿੱਥੇ ਖੇਤੀ ਸਬੰਧੀ ਬਣਾਏ ਕਾਨੂੰਨਾਂ ਦੀ ਵਾਪਸੀ ਜ਼ਰੂਰੀ ਹੈ, ਉੱਥੇ ਹੋਰ ਵੀ ਬਹੁਤ ਵੱਡੇ ਮਸਲੇ ਹਨ। ਕਿਸਾਨੀ ਕਰਜ਼ੇ ’ਤੇ ਵਿਆਜ ਘਟਾਉਣ ਦੀ ਲੋੜ ਹੈ। ਡੀਜ਼ਲ, ਖਾਦਾਂ, ਕੀੜੇਮਾਰ ਦਵਾਈਆਂ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ, ਇਹ ਉਚੇਚੇ ਗੌਰ ਮੰਗਦੀਆਂ ਹਨ। ਇਸ ਲਈ ਸੂਬੇ ਦੀ ਸਰਕਾਰ ਕਿਸਾਨਾਂ ਦੀ ਸਹਿਮਤੀ ਨਾਲ ਖੇਤੀ ਮਾਡਲ ਤਿਆਰ ਕਰੇ ਅਤੇ ਕੇਂਦਰ ਉਸ ਨੂੰ ਲਾਗੂ ਕਰਨ ਵਿਚ ਮਦਦਗਾਰ ਬਣੇ।
ਗੁਰਮੇਜ ਸਿੰਘ ਸਮਾਓਂ (ਮਾਨਸਾ)
ਸਰਕਾਰ ਦਾ ਕੁਫ਼ਰ
2 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਛਪੇ ਡਾ. ਕਮਲੇਸ਼ ਉੱਪਰ ਦੇ ਲੇਖ ‘ਫ਼ਰੇਬ ਤੇ ਕੁਫ਼ਰ ਦੀ ਇੰਤਹਾ’ ਵਿਚ ਕੇਂਦਰ ਦੀ ਤਾਨਾਸ਼ਾਹ ਸਰਕਾਰ ਦੇ ਕਿਰਦਾਰ ਦੀ ਬਹੁਤ ਘੱਟ ਸ਼ਬਦਾਂ ਵਿਚ ਸ਼ਾਨਦਾਰ ਚੀਰਫਾੜ ਕੀਤੀ ਗਈ ਹੈ। ਪ੍ਰਧਾਨ ਮੰਤਰੀ ਅਤੇ ਉਸ ਦੇ ਮੰਤਰੀ ਝੂਠ ਬੋਲਣ ਵਿਚ ਗੋਇਬਲਜ਼ ਨੂੰ ਵੀ ਮਾਤ ਪਾ ਰਹੇ ਹਨ। ਸਿਤਮ ਤਾਂ ਇਹ ਹੈ ਕਿ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਕਿਸਾਨਾਂ ਨੂੰ ਇਹ ਕਿਸਾਨ ਮੰਨਣ ਲਈ ਹੀ ਤਿਆਰ ਨਹੀਂ। ਇਸੇ ਪੰਨੇ ’ਤੇ ਪ੍ਰੋ. ਮਨਜੀਤ ਸਿੰਘ ਦਾ ਲੇਖ ‘ਕਿਸਾਨ ਅੰਦੋਲਨ ਦੀ ਉੱਚੀ ਉੱਠ ਰਹੀ ਮਸ਼ਾਲ’ ਵੀ ਧਿਆਨਯੋਗ ਹੈ। ਪੰਜਾਬ ਦੇ ਕਿਸਾਨ ਲੀਡਰਾਂ ਨੇ ਸ਼ਾਂਤੀ, ਅਨੁਸ਼ਾਸਨ, ਏਕੇ, ਅੰਦਰੂਨੀ ਜਮਹੂਰੀਅਤ ਦਾ ਲਗਾਤਾਰ ਖਿਆਲ ਤਾਂ ਰੱਖਿਆ ਹੀ, ਉਨ੍ਹਾਂ ਨੇ ਸਭ ਤੋਂ ਅਹਿਮ ਫ਼ੈਸਲਾ ਸਿਆਸੀ ਪਾਰਟੀਆਂ ਦੇ ਲੀਡਰਾਂ ਤੋਂ ਅੰਦੋਲਨ ਨੂੰ ਮੁਕਤ ਰੱਖਣ ਦਾ ਕੀਤਾ ਹੈ। ਇਸ ਦਾ ਸਿੱਟਾ ਇਹ ਨਿਕਲਿਆ ਕਿ ਕਿਸਾਨ ਅੰਦੋਲਨ ਲੋਕ ਅੰਦੋਲਨ ਵਿਚ ਤਬਦੀਲ ਹੋਣ ਲੱਗ ਪਿਆ ਹੈ।
ਦਲਬਾਰ ਸਿੰਘ, ਚੱਠੇ ਸੇਖਵਾਂ (ਸੰਗਰੂਰ)
ਤਾਰੀਕ ਸਹੀ ਨਹੀਂ
31 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਹਰਜੀਤ ਸਿੰਘ ਗਿੱਲ ਦਾ ਲੇਖ ‘ਆਵਾਜ਼ ਪੰਜਾਬ ਦੀ’ ਪੜ੍ਹਿਆ। ਇਹ ਲੇਖ ਡਾ. ਦਲੀਪ ਕੌਰ ਟਿਵਾਣਾ ਨੂੰ ਸ਼ਰਧਾਂਜਲੀ ਸੀ ਪਰ ਲੇਖਕ ਨੇ ਪਹਿਲੀ ਸਤਰ ਦੇ ਮੁੱਢ ਵਿਚ ਹੀ ਪੂਰੇ ਮਹੀਨੇ ਦੀ ਵਿੱਥ ਪਾ ਦਿੱਤੀ। ਡਾ. ਦਲੀਪ ਕੌਰ ਟਿਵਾਣਾ 31 ਦਸੰਬਰ ਨੂੰ ਨਹੀਂ 31 ਜਨਵਰੀ ਨੂੰ ਫ਼ੌਤ ਹੋਏ ਸਨ।
ਗੁਰਵਿੰਦਰ ਕੌਰ, ਬਠਿੰਡਾ
ਦੇਸ਼ ਦਾ ਭਵਿੱਖ
ਜਦੋਂ ਤੋਂ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ, ਹਰ ਰੋਜ਼ ਕੋਈ ਨਾ ਕੋਈ ਰੱਫੜ ਪਿਆ ਰਹਿੰਦਾ ਹੈ। ਨੋਟਬੰਦੀ ਤੋਂ ਲੈ ਕੇ ਖੇਤੀ ਲਈ ਬਣਾਏ ਕਾਨੂੰਨਾਂ ਰਾਹੀਂ ਕੇਂਦਰ ਸਰਕਾਰ ਨੇ ਭਾਰਤੀ ਜਨਤਾ ਨੂੰ ਅਨੇਕਾਂ ਝਟਕੇ ਦਿੱਤੇ ਹਨ। ਕਰੋਨਾ ਦੇ ਬਹਾਨੇ ਕਰਮਚਾਰੀਆਂ ਦੇ ਹੱਕ ਖੋਹਣੇ, ਮਜ਼ਦੂਰ ਹਿਤੂ ਕਾਨੂੰਨ ਖ਼ਤਮ ਕਰਨੇ, ਬੁੱਧੀਜੀਵੀਆਂ ਨੂੰ ਬਿਨਾਂ ਸੁਣਵਾਈ ਜੇਲ੍ਹਾਂ ਵਿਚ ਸੁੱਟਣਾ ਅਤੇ ਵਿਰੋਧੀਆਂ ਨੂੰ ਚੁੱਪ ਕਰਾਉਣ ਲਈ ਹਰ ਤਰ੍ਹਾਂ ਦੇ ਹਥਕੰਡੇ ਅਪਨਾਉਣਾ ਇਸ ਦਾ ਪ੍ਰਤੱਖ ਸਬੂਤ ਹਨ। ਸਰਕਾਰੀ ਫੰਡਾਂ ਵਿਚ ਪਾਰਦਰਸ਼ਤਾ ਖ਼ਤਮ ਕਰਨਾ, ਜਨਤਕ ਸੈਕਟਰ ਦਾ ਨਿੱਜੀਕਰਨ ਕਰਨਾ, ਆਮ ਲੋਕਾਂ ਦੀ ਸੋਚ ਨੂੰ ਖੁੰਢਾ ਕਰਨਾ ਅਤੇ ਸਮਾਜ ਵਿਚ ਵੰਡੀਆਂ ਪਾ ਕੇ ਘੱਟ ਗਿਣਤੀਆਂ ਨੂੰ ਪ੍ਰੇਸ਼ਾਨ ਕਰਨਾ ਇਸ ਸਰਕਾਰ ਦੇ ਮੁੱਖ ਉਦੇਸ਼ ਹਨ। ਦੂਜੇ ਪਾਸੇ ਦੇਸ਼ ਦੇ ਵਿਨਾਸ਼ ਨੂੰ ਦੇਸ਼ ਦਾ ਵਿਕਾਸ ਦਰਸਾਇਆ ਜਾ ਰਿਹਾ ਹੈ। ਦੇਸ਼ ਦੇ ਅੰਨਦਾਤੇ ਦੀ ਆਵਾਜ਼ ਨਹੀਂ ਸੁਣੀ ਜਾ ਰਹੀ। ਇਸ ਸੂਰਤ ਵਿਚ ਦੇਸ਼ ਦਾ ਭਵਿੱਖ ਕੀ ਹੋਵੇਗਾ?
ਅਮਰਜੀਤ ਜੋਸ਼ੀ, ਨਾਹਨ (ਹਿਮਾਚਲ ਪ੍ਰਦੇਸ਼)
ਇਤਿਹਾਸ ’ਤੇ ਨਜ਼ਰਸਾਨੀ
4 ਜਨਵਰੀ ਦੇ ਪਰਵਾਜ਼ ਪੰਨੇ ’ਤੇ ਸੁਰਿੰਦਰ ਸਿੰਘ ਤੇਜ ਦਾ ਲੇਖ ‘ਇਤਿਹਾਸ ਦੇ ਮੁੜ-ਜਾਇਜ਼ੇ ਦਾ ਵਾਸਤਾ’ ਚੰਗਾ ਸੀ। ਲੇਖ ਵਿਚ ਹਿੰਦੂਸਤਾਨ, ਹਿੰਦੂਸਤਾਨੀ ਅਤੇ ਇੰਡੀਆ, ਇੰਡੀਅਨਜ਼ ਸ਼ਬਦਾਂ ਦਾ ਰੁਝਾਨ ਕਿਵੇਂ ਹੋਇਆ, ਬਾਰੇ ਪਤਾ ਲੱਗਿਆ। ਲੇਖ ਵਿਚ ਜ਼ਿਕਰ ਹੈ ਕਿ ਹਿੰਦੋਸਤਾਨ ਸ਼ਬਦ ਨੂੰ ਭਾਰਤੀ ਸੰਵਿਧਾਨ ਵਿਚੋਂ ਮਿਟਾ ਕੇ ਇੰਡੀਆ ਉਰਫ਼ ਭਾਰਤ ਬਣਾ ਦਿੱਤਾ ਗਿਆ। ਸਾਡੇ ਮੁਲਕ ਨੂੰ ਹਿੰਦੋਸਤਾਨ, ਇੰਡੀਆ, ਭਾਰਤ ਤੋਂ ਪਹਿਲਾਂ ਕਿਸ ਨਾਮ ਨਾਲ ਜਾਣਦੇ ਸਨ, ਜੇਕਰ ਇਹ ਵੀ ਜਾਣਕਾਰੀ ਲੇਖ ਵਿਚ ਹੁੰਦੀ ਤਾਂ ਹੋਰ ਵੀ ਚੰਗਾ ਹੁੰਦਾ। ਇਸ ਤੋਂ ਪਹਿਲਾਂ 29 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਨਵਜੀਤ ਜੌਹਲ ਦਾ ਲੇਖ ‘2020 : ਕਰੋਨਾ ਨਹੀਂ, ਕਿਸਾਨਾਂ ਦਾ ਸਾਲ’ ਕਿਸਾਨ ਅੰਦੋਲਨ ਦੀ ਕਰੋਨਾ ਅਤੇ ਸਰਕਾਰੀ ਰੋਕਾਂ ’ਤੇ ਜਿੱਤ ਦਰਸਾਉਂਦਾ ਨਜ਼ਰ ਆਇਆ। ਲੇਖਕ ਨੇ ਕਿਸਾਨਾਂ ਦੇ ਸਿਦਕ, ਸਾਹਸ ਤੇ ਹੌਸਲੇ ਨੂੰ ਬਾਖ਼ੂਬੀ ਪੇਸ਼ ਕੀਤਾ, ਨਾਲ ਹੀ 1959 ਦੇ ਖੁਸ਼-ਹੈਸੀਅਤ ਮੋਰਚੇ ਬਾਰੇ ਕੁਝ ਸ਼ਬਦ ਲਿਖੇ ਜੋ 21 ਜਨਵਰੀ 1959 ਨੂੰ ਆਰੰਭ ਹੋਇਆ ਸੀ ਅਤੇ ਸਰਕਾਰ ਦੇ ਟੈਕਸ ਵਾਪਸ ਲੈਣ ਨਾਲ 22 ਮਾਰਚ 1959 ਸਮਾਪਤ ਹੋਇਆ।
ਹਰਮਨਪ੍ਰੀਤ ਸਿੰਘ, ਸਰਹੰਦ (ਫਤਹਿਗੜ੍ਹ ਸਾਹਿਬ)