ਕਿਸਾਨੀ ਸੰਘਰਸ਼ ਵਿਚ ਟਰਾਲੀ
26 ਦਸੰਬਰ ਦੇ ਸੰਪਾਦਕੀ ਪੰਨੇ ’ਤੇ ਸੰਘਰਸ਼ ਦੇ ਚਿੰਨ੍ਹ ਵਜੋਂ ਉੱਭਰਦੇ ਟਰੈਕਟਰ ਟਰਾਲੀ ਸਬੰਧੀ ਕੰਵਲਜੀਤ ਸਿੰਘ ਨੇ ਬੜੇ ਰੌਚਿਕ ਅਤੇ ਮਨੋਵਿਗਿਆਨਕ ਤਰੀਕੇ ਨਾਲ ਟਰਾਲੀ ਸਬੰਧੀ ਲਿਖ ਕੇ ਅਹਿਮੀਅਤ ਬਿਆਨ ਕੀਤੀ ਹੈ। ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਅੰਦੋਲਨ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਦੀ ਸੂਝ ਨੂੰ ਦਾਦ ਦੇਣੀ ਬਣਦੀ ਹੈ। ਹੁਣ ਇਹ ਲੜਾਈ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਨ ਦੀ ਨਾ ਰਹਿ ਕੇ, ਭਾਰਤ ਦੇ ਲੋਕਤੰਤਰ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਬੇਨਾਮ ਨਿੱਜੀ ਘਰਾਣਿਆਂ ਦੇ ਹੱਥਾਂ ਵਿਚ ਕਠਪੁਤਲੀ ਬਣ ਕੇ ਨੱਚ ਰਹੇ ਪ੍ਰਧਾਨ ਮੰਤਰੀ ਦੇ ਹੰਕਾਰ ਦੀ ਲੜਾਈ ਬਣ ਗਈ ਹੈ।
-ਮਾਲਵਿੰਦਰ ਤਿਉਣਾ ਪੁਜਾਰੀਆਂ, ਬਠਿੰਡਾ
‘ਮਨ ਕੀ ਬਾਤ-ਜਨ ਕੀ ਬਾਤ’ ਨਹੀਂ
ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ’ਤੇ 28 ਦਸੰਬਰ ਦਾ ਸੰਪਾਦਕੀ ਪੜ੍ਹ ਕੇ ਨਿਸ਼ਚੇ ਨਾਲ ਕਿਹਾ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਜੋ ਕਹਿੰਦੇ ਹਨ, ਉਨ੍ਹਾਂ ਦੇ ਮਨ ਵਿਚ ਅਸਲ ਵਿਚ ਕੁਝ ਹੋਰ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦਾ ਕਥਨ ‘ਕਿਛੁ ਸੁਣੀਐ ਕਿਛੁ ਕਹੀਐ’ ਕਹਿਣਾ ਤਾਂ ਸੌਖਾ ਹੈ, ਪਰ ਅਮਲ ਔਖਾ ਹੈ। ਮੋਦੀ ਸੁਣਾਉਣਾ ਜਾਣਦੇ ਹਨ, ਸੁਣਦੇ ਨਹੀਂ। ਇਕਪਾਸੜ ਤਾਂ ਅਦਾਲਤ ਵੀ ਨਹੀਂ ਚੱਲ ਸਕਦੀ। ਜੱਜ ਨੂੰ ਸਹੀ ਫ਼ੈਸਲਾ ਸੁਣਾਉਣ ਲਈ ਦੋਹਾਂ ਧਿਰਾਂ ਦੀ ਸੁਣਨੀ ਪਵੇਗੀ। ਇਕਪਾਸੜ ‘ਸੰਵਾਦ’ ਨਹੀਂ ‘ਆਦੇਸ਼’ ਹੁੰਦਾ ਹੈ। ਉਹ ਆਪਣੀ ‘ਮਨ ਕੀ ਬਾਤ’ ਵਿਚ ਉਹ ਸੁਣਾਉਂਦੇ ਹਨ ਜੋ ਉਨ੍ਹਾਂ ਨੂੰ ਅਤੇ ਭਾਜਪਾ ਨੂੰ ਲਾਹੇਵੰਦ ਹੈ।
-ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
2
ਪ੍ਰਧਾਨ ਮੰਤਰੀ ਦੁਆਰਾ 27 ਦਸੰਬਰ ਨੂੰ ਦੇਸ਼ ਵਾਸੀਆਂ ਲਈ ਲਗਭਗ 35 ਮਿੰਟ ‘ਮਨ ਕੀ ਬਾਤ’ ਕੀਤੀ ਗਈ। ਪਰ ਦੁੱਖ ਇਸ ਗੱਲ ਦਾ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੇ ‘ਮਨ ਕੀ ਬਾਤ’ ਨਾ ਤਾਂ ਸੁਣ ਰਹੇ ਹਨ, ਨਾ ਸਮਝ ਰਹੇ ਹਨ। ਇੱਥੋਂ ਤਕ ਕਿ ਉਨ੍ਹਾਂ ਨੇ ਆਪਣੇ ਭਾਸ਼ਨ ’ਚ ਵੀ ਕਿਸਾਨਾਂ ਨਾਲ ਜੁੜੇ ਮਸਲੇ ਦੀ ਗੱਲ ਤਕ ਨਹੀਂ ਕੀਤੀ। ਸਾਲ ਦੀ ਆਖ਼ਰੀ ‘ਮਨ ਕੀ ਬਾਤ’ ਤੇ ਕਿਸਾਨਾਂ ਦੀ ਗੱਲ ਵੀ ਨਹੀਂ, ਸਵਾਲ ਵੱਡੇ ਖੜ੍ਹੇ ਕਰ ਦਿੰਦਾ ਹੈ। 18 ਦਸੰਬਰ ਨੂੰ ਮੱਧ ਪ੍ਰਦੇਸ਼ ’ਚ ਆਪਣੇ ਭਾਸ਼ਨ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਹ ਹਰ ਤਰੀਕੇ ਨਾਲ ਕਿਸਾਨਾਂ ਨਾਲ ਗੱਲਬਾਤ ਕਰਨ ਨੂੰ ਤਿਆਰ ਹਨ, ਪਰ ‘ਮਨ ਕੀ ਬਾਤ’ ਸੁਣ ਕੇ ਤਾਂ ਜਾਪਦਾ ਹੈ ਕਿ ਸਰਕਾਰ ਦੀ ਗੱਲ ’ਚ ਕਿਸਾਨਾਂ ਦੀ ਤਾਂ ਗੱਲ ਹੀ ਨਹੀਂ ਹੋਈ। ਖ਼ੈਰ, ਜਦੋਂ ਸਰਕਾਰ ਹੀ ਪਰਜਾ ਦੀ ਗੱਲ ਨਾ ਸੁਣੇ ਤਾਂ ਪਰਜਾ ਦਾ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਵਾਜਬਿ ਹੈ।
-ਹਰਵਿੰਦਰ ਕੌਰ, ਜੰਗਪੁਰਾ (ਮੁਹਾਲੀ)
‘ਥਾਲੀਆਂ’ ਕਦੇ ਹੱਕ ਤੇ ਕਦੇ ਵਿਰੋਧ ਵਿਚ
28 ਦਸੰਬਰ ਨੂੰ ਪੰਨਾ 8 ’ਤੇ ਛਪੀ ਖ਼ਬਰ ‘ਥਾਲੀਆਂ ਖੜਕਾ ਕੇ ਲੋਕਾਂ ਨੇ ਮੋਦੀ ਦੀ ‘ਮਨ ਕੀ ਬਾਤ’ ਨਕਾਰੀ ਦਰਸਾਉਂਦੀ ਹੈ ਕਿ ਮੋਦੀ ਵੱਲੋਂ ਕਰੋਨਾ ਨੂੰ ਭਜਾਉਣ ਲਈ ਵਰਤਿਆ ਗਿਆ ਇਕ ਹਾਸੋਹੀਣਾ ਢੰਗ ਕਿਵੇਂ ਲੋਕਾਂ ਵੱਲੋਂ ਉਸ ਦੇ ‘ਮਨ ਕੀ ਬਾਤ’ ਦਾ ਵਿਰੋਧ ਕਰਨ ਲਈ ਵਰਤਿਆ ਗਿਆ। ਇਕ ਕਹਾਵਤ ਹੈ ‘ਜੇ ਤੂੰ ਸੇਰ ਤਾਂ ਮੈਂ ਸਵਾ ਸੇਰ’। ਜੇ ਕਰੋਨਾ ਨੂੰ ਭਜਾਉਣ ਲਈ ਮੋਦੀ ਲੋਕਾਂ ਨੂੰ ਥਾਲੀਆਂ ਖੜਕਾਉਣ ਲਈ ਕਹਿ ਕੇ ਉਨ੍ਹਾਂ ਨੂੰ ਮੂਰਖ ਬਣਾ ਸਕਦਾ ਹੈ ਤਾਂ ਲੋਕ ਉਸ ਦਾ ਹੀ ਹਥਿਆਰ ਵਰਤ ਕੇ ਉਸ ਦਾ ਵਿਰੋਧ ਕਿਉਂ ਨਹੀਂ ਕਰ ਸਕਦੇ?
-ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਅੰਦੋਲਨ ਨੇ ਨਵੀਆਂ ਲੀਹਾਂ ਪਾਈਆਂ
ਕਿਸਾਨ ਸੰਘਰਸ਼ ਵਿਚ ਨੌਜਵਾਨਾਂ ਦੀ ਅਗਵਾਈ ਇਸ ਦੀ ਅਣਕਿਆਸੀ ਪ੍ਰਾਪਤੀ ਹੈ। ਸੰਘਰਸ਼ ਪੂਰਾ ਭਖਿਆ ਹੋਇਆ ਹੈ। ਇਸ ਨੂੰ ਸਿਖਰ ’ਤੇ ਪਹੁੰਚਾਉਣਾ ਨੌਜਵਾਨਾਂ ਅਤੇ ਵੱਡੀ ਉਮਰ ਦੇ ਨੇਤਾਵਾਂ ਦੇ ਤਾਲਮੇਲ ਨੇ ਸੰਭਵ ਬਣਾਇਆ ਹੈ। ਅਨੁਸ਼ਾਸਨ ਅਤੇ ਚਰਿੱਤਰ ਦੀ ਸਰਵਉੱਚਤਾ ਪੱਖੋਂ ਨੌਜਵਾਨਾਂ ਤੋਂ ਜੋ ਉਮੀਦ ਨਹੀਂ ਕੀਤੀ ਜਾਦੀਂ, ਉਹ ਵੇਖਣ ਸੁਣਨ ਨੂੰ ਮਿਲ ਰਹੀ ਹੈ ਜੋ ਲੰਮੇਰੇ ਸੰਘਰਸ਼ ਦੀ ਬੁਨਿਆਦੀ ਜ਼ਰੂਰਤ ਹੈ। ਇਸ ਅੰਦੋਲਨ ਨੇ ਸੰਸਾਰ ਪੱਧਰ ’ਤੇ ਕਈ ਕੀਰਤੀਮਾਨ ਬਣਾਏ ਹਨ। ਬੈਰੀਕੇਡਾਂ ਨਾਲ ਫੁਟਬਾਲ ਵਾਂਗ ਖੇਡਣਾ, ਪਾਣੀ ਦੀਆਂ ਬੁਛਾੜਾਂ ਦਾ ਮੂੰਹ ਅਮਲੀ ਰੂਪ ਵਿਚ ਮੋੜਦਿਆਂ ਸੁਰੱਖਿਆ ਕਰਮੀਆਂ ਨੂੰ ਆਪਣੀ ਯੁੱਧਨੀਤੀ, ਜਿਸਮਾਨੀ ਅਤੇ ਬੌਧਿਕ ਤਾਕਤ ਵਿਖਾਉਂਦਿਆਂ ਦਿੱਲੀ ਦੀਆਂ ਬਰੂਹਾਂ ’ਤੇ ਪਹੁੰਚਣਾ ਬੇਮਿਸਾਲ ਰਿਹਾ। ਸੱਭਿਆਚਾਰਕ ਫਿਜ਼ਾ ਬਦਲੀ ਹੈ, ਗੁੰਡਾਗਰਦੀ, ਹੋਛੀ ਸ਼ੋਹਰਤ, ਹਥਿਆਰਾਂ ਦੇ ਪ੍ਰਦੂਸ਼ਣ ਨੂੰ ਤਿਲਾਂਜਲੀ ਦੇ ਕੇ ਪੰਜਾਬੀ ਗਾਇਕੀ ਤੇ ਗੀਤਕਾਰੀ ਕਿਸਾਨੀ ਅੰਦੋਲਨ ਵੱਲ ਪਰਤੀ ਹੈ, ਇਹ ਵੀ ਨੌਜਵਾਨ ਗਾਇਕਾਂ-ਗੀਤਕਾਰਾਂ ਨੇ ਹੀ ਕਰਕੇ ਵਿਖਾਇਆ ਹੈ ਜੋ ਹਜ਼ਾਰਾਂ ਬੁੱਧੀਜੀਵੀ ਕੋਸ਼ਿਸ਼ਾਂ ਨਾਲ ਵੀ ਹੋ ਨਹੀਂ ਸੀ ਰਿਹਾ। ਦੇਸ਼-ਵਿਦੇਸ਼ ਤੋਂ ਹਮਦਰਦੀ ਹਰ ਰੂਪ ਵਿਚ ਮਿਲ ਰਹੀ ਹੈ। ਨਵੇਂ ਉੱਭਰੇ ਸਮੀਕਰਣਾਂ ਨੇ ਜਵਾਨੀ ਦੇ ਹੱਥ ਮਜ਼ਬੂਤ ਕੀਤੇ ਹਨ ਜਿਸ ਨਾਲ ਆਪਣੀਆਂ ਭਾਈਚਾਰਕ ਤੰਦਾਂ ਮਜ਼ਬੂਤ ਹੋਈਆਂ ਹਨ।
-ਜਗਦੀਪ ਕੌਰ, ਪਿੰਡ ਸਿਹੋੜਾ (ਲੁਧਿਆਣਾ)
ਭਾਵਪੂਰਤ ਰਚਨਾ
26 ਦਸੰਬਰ ਦੇ ‘ਸਤਰੰਗ’ ਅੰਕ ਵਿਚ ਡਾ. ਸਾਹਿਬ ਸਿੰਘ ਦਾ ਰਾਸਰੰਗ ‘ਇਹ ਨਾਟਕ ਅਜੇ ਬਾਕੀ ਹੈ’ ਬਹੁਤ ਹੀ ਹੁੱਬ ਕੇ ਲਿਖੀ ਭਾਵਪੂਰਤ ਰਚਨਾ ਸੀ। ਲੇਖਕ ਨੇ ਕਿਸਾਨ ਅੰਦੋਲਨ ਨੂੰ ਇਤਿਹਾਸ ਦੇ ਸੰਦਰਭ ਵਿਚ ਮੇਲ ਕੇ ਪੇਸ਼ ਕੀਤਾ ਹੈ। ਥੋੜ੍ਹੇ ਜਿਹੇ ਸ਼ਬਦਾਂ ਵਿਚ ਚਾਂਦਨੀ ਚੌਕ ਤੋਂ ਸਰਦਾਰ ਊਧਮ ਸਿੰਘ ਤਕ ਦੇ ਇਤਿਹਾਸ ਦੀ ਬਾਤ ਪਾਉਂਦਾ, ਸ਼ਬਦ ਤੇ ਹਥਿਆਰ ਦੀ ਸਾਂਝ ਨੂੰ ਇਕ ਮੰਚ ’ਤੇ ਇਕੱਠੇ ਹੋਣ ਦੀ ਸਲਾਹ ਵੀ ਦਿੰਦਾ ਹੈ। ਜੋਸ਼ ਨੂੰ ਹੋਸ਼ ਦੀ ਅਗਵਾਈ ਵਿਚ ਚੱਲਣ ਦੀ ਸਿੱਖਿਆ ਦੇ ਕੇ ਅੱਗੇ ਵਧਣ ਲਈ ਕਹਿੰਦਾ ਹੈ।
-ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)
ਐੱਮਐੱਸਪੀ ਦਾ ਕਾਨੂੰਨੀ ਜਾਮਾ ਜ਼ਰੂਰੀ
25 ਦਸੰਬਰ ਦੀ ਸੰਪਾਦਕੀ ਸਰਕਾਰ ‘ਕਿਸਾਨ ਅੰਦੋਲਨ’ ਵਿਰੁੱਧ ਪ੍ਰਚਾਰ ਹੀ ਨਹੀਂ ਕਰ ਰਹੀ। ਨਿੱਜੀ ਕੰਪਨੀਆਂ ਦੀ ਖੇਤੀ ਵਿਚ ਦਖ਼ਲਅੰਦਾਜ਼ੀ ਨੂੰ ਨਜ਼ਰਅੰਦਾਜ਼ ਕਰਨ ਲਈ ਹਿਟਲਰੀ ਪਰਾਪੇਗੰਡਾ ਵੀ ਸ਼ੁਰੂ ਕਰ ਦਿੱਤਾ ਹੈ। ਐੱਮਐੱਸਪੀ ਬਾਰੇ ਸਰਕਾਰ ਇਕ ਕਦਮ ਅੱਗੇ ਤੇ ਦੋ ਕਦਮ ਪਿੱਛੇ ਨੂੰ ਪੁੱਟਦੀ ਹੈ। ਲਾਗਤ ਨੂੰ ਦੁੱਗਣਾ ਕਰ ਕੇ ਐੱਮਐੱਸਪੀ ਨਾਲ ਜੋੜ ਕੇ ਅਤੇ ਕਾਨੂੰਨੀ ਜਾਮਾ ਪਹਿਨਾਉਣ ਨਾਲ ਕਿਸਾਨਾਂ ਨੂੰ ਹੀ ਨਹੀਂ ਖ਼ਪਤਕਾਰ ਨੂੰ ਵੀ ਸੁੱਖ ਦਾ ਸਾਹ ਆਵੇਗਾ। ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਮਜ਼ਦੂਰ-ਕਿਸਾਨ ਲਹਿਰ ਦਾ ਵੇਗ ਦੇਖਦੇ ਹੋਏ ਕਿਸਾਨ-ਸਰਕਾਰ ਰੇੜਕਾ ਤੁਰੰਤ ਦੂਰ ਕਰ ਦੇਣਾ ਚਾਹੀਦਾ ਹੈ।
-ਗੁਰਦਿਆਲ ਸਹੋਤਾ, ਲੁਧਿਆਣਾ
ਸਰਕਾਰ ਵੱਲੋਂ ਗੁੰਮਰਾਹ ਕਰਨ ਦੀ ਕੋਸ਼ਿਸ਼
25 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਸੰਪਾਦਕੀ ‘ਗ਼ਲਤ ਪ੍ਰਚਾਰ’ ਵਿਚ ਕੇਂਦਰ ਸਰਕਾਰ ਦੁਆਰਾ ਬਣਾਏ ਖੇਤੀ ਕਾਨੂੰਨ ਦੀ ਹਮਾਇਤ ਕਰਨ ਨੂੰ ਗ਼ਲਤ ਪ੍ਰਚਾਰ ਕਰਾਰ ਦਿੱਤਾ ਹੈ ਜੋ ਕਿ ਬਿਲਕੁਲ ਸਹੀ ਹੈ ਕਿਉਂਕਿ ਜੇਕਰ ਇਹ ਕਾਨੂੰਨ ਸਹੀ ਹਨ ਤਾਂ ਕੇਂਦਰ ਸਰਕਾਰ ਆਪ ਹੀ ਪਹਿਲਾਂ ਇਨ੍ਹਾਂ ਕਾਨੂੰਨਾਂ ਵਿਚ ਗ਼ਲਤੀਆਂ ਮੰਨ ਕੇ ਸੋਧ ਕਰਨ ਲਈ ਕਿਉਂ ਤਿਆਰ ਹੋ ਗਈ ਸੀ? ਜੇਕਰ ਇਹ ਕਾਨੂੰਨ ਸਹੀ ਹਨ ਤਾਂ ਬਹੁਤ ਵੱਡੀ ਗਿਣਤੀ ਵਿਚ ਕਿਸਾਨ ਇਸ ਦਾ ਵਿਰੋਧ ਕਿਉਂ ਕਰ ਰਹੇ ਹਨ ? ਜੇਕਰ ਇਹ ਕਾਨੂੰਨ ਸਹੀ ਹਨ ਤਾਂ ਹੁਣ ਤਕ ਬਿਹਾਰ ਵਿਚ ਸਰਕਾਰੀ ਖ਼ਰੀਦ ਬੰਦ ਕਰਨ ਤੋਂ ਬਾਅਦ ਵੀ ਬਿਹਾਰ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਿਉਂ ਨਹੀਂ ਹੋਈ? ਕੇਂਦਰ ਸਰਕਾਰ ਵੱਲੋਂ ਹਰ ਖੇਤਰ ਨੂੰ ਕਾਰਪੋਰੇਟ ਸੈਕਟਰ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਰ ਕੇ ਸਰਕਾਰੀ ਸੈਕਟਰ ਵਿਚ ਘਾਟਾ ਪੈਂਦਾ ਜਾ ਰਿਹਾ ਹੈ। ਜੇਕਰ ਖੇਤੀ ਕਾਨੂੰਨ ਲਾਗੂ ਕਰ ਕੇ ਖੇਤੀ ਨੂੰ ਵੀ ਕਾਰਪੋਰੇਟ ਸੈਕਟਰ ਵਿਚ ਬਦਲ ਦਿੱਤਾ ਗਿਆ ਤਾਂ ਆਮ ਵਰਗ ਲਈ ਬਹੁਤ ਵੱਡੀ ਸਮੱਸਿਆ ਹੋ ਜਾਵੇਗੀ।
-ਕਮਲਪ੍ਰੀਤ ਕੌਰ, ਮੁਹਾਲੀ
ਕਵਿਤਾ ਨਹੀਂ ਵਾਰਤਕ
17 ਦਸੰਬਰ ਦੇ ‘ਅਦਬੀ ਰੰਗ’ ਵਿਚ ਹਿੰਦੀ ਭਾਸ਼ਾ ਦੇ ਪ੍ਰਸਿੱਧ ਕਵੀ ਮੰਗਲੇਸ਼ ਡਬਰਾਲ ਦੀਆਂ ਪੰਜਾਬੀ ਭਾਸ਼ਾ ਵਿਚ ਅਨੁਵਾਦਿਤ ਕਵਿਤਾਵਾਂ ਪੜ੍ਹੀਆਂ। ਮੈਨੂੰ ਇਹ ਕਵਿਤਾਵਾਂ ‘ਕਵਿਤਾ’ ਨਾਲੋਂ ‘ਵਾਰਤਕ’ ਦੇ ਵਧੇਰੇ ਨੇੜੇ ਲੱਗੀਆਂ ਹਨ ਕਿਉਂਕਿ ਇਨ੍ਹਾਂ ਵਿਚ ਰਿਦਮ (ਲੈਅ) ਨਹੀਂ। ਕੀ ਅਜਿਹੇ ਨਵੇਂ ਕਾਵਿ-ਮੁਹਾਵਰੇ ਨੂੰ ‘ਕਵਿਤਾ’ ਵਿਚ ਨਹੀਂ ਢਾਲਿਆ ਜਾ ਸਕਦਾ? ਕੀ ਅਜਿਹੀ ਸੰਗੀਤ ਰਹਿਤ ਕਵਿਤਾ ਅਕਾਦਮਿਕ ਅਦਾਰਿਆਂ ਤੋਂ ਬਾਹਰਲੇ ਜਨ ਸਮੂਹ ਨੂੰ ਵੀ ਓਨਾ ਹੀ ਪ੍ਰਭਾਵਿਤ ਕਰਦੀ ਹੈ, ਜੇ ਕਰਦੀ ਹੈ ਤਾਂ ਦੇਸ਼ ਦਾ ਇਨਾ ਬੁਰਾ ਹਾਲ ਕਿਉਂ ਹੈ?
-ਗੁਰਨਾਮ ਢਿੱਲੋਂ, ਈਮੇਲ