ਕੇਂਦਰ ਸਰਕਾਰ ਦੀ ਅੜੀ
ਕਿਸਾਨਾਂ ਦੇ ਮਸਲੇ ’ਤੇ ਇੰਜ ਜਾਪ ਰਿਹਾ ਹੈ ਕਿ ਸਰਕਾਰ ਅਤੇ ਕਿਸਾਨਾਂ ਵਿਚਕਾਰ ਬੇਭਰੋਸਗੀ ਬਹੁਤ ਜ਼ਿਆਦਾ ਹੈ। ਕੇਂਦਰ ਸਰਕਾਰ ਕਿਸਾਨਾਂ ਅਤੇ ਲੋਕਾਂ ਦੇ ਦਬਾਅ ਹੇਠ ਸੋਧਾਂ ਲਈ ਮੰਨ ਗਈ ਹੈ ਪਰ ਕਾਨੂੰਨ ਰੱਦ ਨਹੀਂ ਕਰਨਾ ਚਾਹੁੰਦੀ। ਇਹ ਕਾਰਪੋਰੇਟਸ ਦਾ ਦਬਾਅ ਵੀ ਹੋ ਸਕਦਾ ਹੈ ਅਤੇ ਸਰਕਾਰ ਦੀ ਆਪਣੀ ਮਰਜ਼ੀ ਵੀ ਹੋ ਸਕਦੀ ਹੈ। ਇਸ ਮਾਮਲੇ ਵਿਚ ਅੜੀਅਲ ਕਿਸਾਨ ਨਹੀਂ; ਉਹ ਚੌਕਸ, ਸਿਆਣੇ ਤੇ ਸੁਚੇਤ ਹਨ। ਅਸਲ ਵਿਚ ਅੜੀਅਲ ਤੇ ਕਠੋਰ ਤਾਂ ਸਰਕਾਰ ਹੈ ਜਿਹੜੀ ਲੋਕਾਂ ਦੀ ਆਵਾਜ਼ ਵੀ ਨਹੀਂ ਸੁਣ ਰਹੀ। ਜਾਪਦਾ ਹੈ ਕਿ ਇਹ ਸਰਕਾਰ ਹਓਮੈਵਾਦੀ ਲੋਕ ਚਲਾ ਰਹੇ ਹਨ ਜੋ ਆਪਣੀ ਹੀ ਮਰਜ਼ੀ ਕਰਨਾ ਚਾਹੁੰਦੇ ਹਨ ਅਤੇ ਕਮਜ਼ੋਰ ਨਹੀਂ ਦਿਸਣਾ ਚਾਹੁੰਦੇ। ਗ਼ਲਤੀ ਦਾ ਅਹਿਸਾਸ ਉਨ੍ਹਾਂ ਨੂੰ ਹੋ ਚੁੱਕਾ ਹੈ ਅਤੇ ਉਹ ਸੋਧਾਂ ਲਈ ਵੀ ਤਿਆਰ ਹਨ ਪਰ ਇਹ ਕਾਨੂੰਨ ਰੱਦ ਕਰਨਦ ਦੀ ਹਾਮੀ ਨਹੀਂ ਭਰ ਰਹੇ। ਮੇਰਾ ਸੁਝਾਅ ਹੈ ਕਿ ਇਸ ਖੜੋਤ ਨੂੰ ਤੋੜਨ ਲਈ ਸੁਪਰੀਮ ਕੋਰਟ ਇਤਿਹਾਸਕ ਭੂਮਿਕਾ ਨਿਭਾਏ ਅਤੇ ਕਿਸਾਨਾਂ ਦੇ ਹੱਕ ਵਿਚ ਫ਼ੈਸਲਾ ਕਰੇ ਕਿਉਂਕਿ ਇਹ ਕਾਨੂੰਨ ਗ਼ੈਰ-ਸੰਵਿਧਾਨਕ ਹਨ।
ਡਾ. ਚੰਨਣ ਸਿੰਘ ਸਿੱਧੂ, ਲੰਡਨ (ਇੰਗਲੈਂਡ)
ਬੇਗ਼ਾਨਗੀ ਦੀ ਭਾਵਨਾ
25 ਦਸੰਬਰ ਦੇ ਸੰਪਾਦਕੀ ‘ਜੰਮੂ ਕਸ਼ਮੀਰ ਚੋਣ ਨਤੀਜੇ’ ਵਿਚ ਜੰਮੂ ਕਸ਼ਮੀਰ ਵਿਚ ਹੋਈਆਂ ਕੌਂਸਲ ਚੋਣਾਂ ਦੇ ਨਤੀਜੇ ਦੱਸ ਰਹੇ ਹਨ ਕਿ ਉੱਥੋਂ ਦੇ ਲੋਕ ਅਗਸਤ 2019 ਵਿਚ ਰਾਜ ਬਾਰੇ ਕੇਂਦਰ ਦੇ ਫ਼ੈਸਲੇ ਨਾਲ ਸਹਿਮਤ ਨਹੀਂ। ਕੇਂਦਰ ਸਰਕਾਰ ਨੂੰ ਅਜਿਹੇ ਫ਼ੈਸਲੇ ਲੋਕਾਂ ਉੱਪਰ ਲਾਗੂ ਨਹੀਂ ਕਰਨੇ ਚਾਹੀਦੇ ਜਿਨ੍ਹਾਂ ਨਾਲ ਲੋਕਾਂ ਵਿਚ ਬੇਗ਼ਾਨਗੀ ਦੀ ਭਾਵਨਾ ਪੈਦਾ ਹੋਵੇ। ਦੇਖਿਆ ਜਾਵੇ ਤਾਂ ਪਿਛਲੇ ਕੁਝ ਸਮੇਂ ਤੋਂ ਅਜਿਹੇ ਕਈ ਫ਼ੈਸਲੇ ਕਾਹਲੀ ਵਿਚ ਲਾਗੂ ਕੀਤੇ ਗਏ। ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਸਬੰਧਿਤ ਕਾਨੂੰਨ ਲਾਗੂ ਕਰਨ ਵਿਚ ਵੀ ਬਹੁਤ ਜਲਦੀ ਕੀਤੀ ਹੈ ਜਿਸ ਕਰ ਕੇ ਲੱਖਾਂ ਦੀ ਗਿਣਤੀ ਵਿਚ ਕਿਸਾਨ ਆਪਣੇ ਖੇਤ ਅਤੇ ਘਰ ਛੱਡ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰ ਨੂੰ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਅਜਿਹੇ ਲੋਕ ਮਾਰੂ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।
ਜਸਦੀਪ ਸਿੰਘ ਢਿੱਲੋਂ, ਫਰੀਦਕੋਟ
ਵਿਦਿਆਰਥੀਆਂ ਦਾ ਨੁਕਸਾਨ
25 ਦਸੰਬਰ ਦੇ ਸਿਹਤ ਤੇ ਸਿੱਖਿਆ ਪੰਨੇ ’ਤੇ ਵਿਜੈ ਕੁਮਾਰ ਦਾ ਲੇਖ ‘ਪ੍ਰੀਖਿਆ ਲਈ ਸਿਲੇਬਸ ਘਟਾਉਣਾ ਕਿੰਨਾ ਕੁ ਜਾਇਜ਼?’ ਵਿਚਾਰਨਯੋਗ ਹੈ ਕਿਉਂਕਿ ਆਉਣ ਵਾਲੇ ਸਮੇਂ ਵਿਚ ਵਿਦਿਆਰਥੀਆਂ ਨੂੰ ਇਸ ਦਾ ਨੁਕਸਾਨ ਹੋਵੇਗਾ। ਜਿਹੜਾ ਸਿਲੇਬਸ ਉਨ੍ਹਾਂ ਨੇ ਪੜ੍ਹਿਆ ਹੀ ਨਹੀਂ, ਉਹ ਨੌਕਰੀ ਵਾਲੇ ਟੈਸਟਾਂ ਆਦਿ ਵਿਚ ਉਨ੍ਹਾਂ ਲਈ ਮੁਸ਼ਕਿਲ ਪੈਦਾ ਕਰੇਗਾ। ਇਸ ਲਈ ਵਿਦਿਆਰਥੀਆਂ ਨੂੰ ਆਨਲਾਈਨ ਮਾਧਿਅਮ ਰਾਹੀਂ ਪੂਰਾ ਸਿਲੇਬਸ ਪੜ੍ਹਾਇਆ ਜਾਣਾ ਚਾਹੀਦਾ ਹੈ ਤਾਂ ਕਿ ਅੱਗੇ ਜਾ ਕੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਏ। ਇਸ ਤੋਂ ਪਹਿਲਾਂ 18 ਦਸੰਬਰ ਦੇ ਸਿਹਤ ਤੇ ਸਿੱਖਿਆ ਪੰਨੇ ’ਤੇ ਡਾ. ਪੁਨੀਤ ਕਥੂਰੀਆ ਦਾ ਲੇਖ ‘ਮਾਨਸਿਕ ਰੋਗਾਂ ਦੇ ਇਲਾਜ ਬਾਰੇ ਭਰਮ’ ਮਹੱਤਵਪੂਰਨ ਹੈ। ਅਜੋਕੇ ਸਮੇਂ ਵਿਚ ਹਰ ਵਿਅਕਤੀ ਕਿਸੇ ਨਾ ਕਿਸੇ ਪ੍ਰੇਸ਼ਾਨੀ ਦਾ ਸ਼ਿਕਾਰ ਹੈ। ਇਸ ਲਈ ਮਨੋਵਿਗਿਆਨੀਆਂ ਦੁਆਰਾ ਅਜਿਹੇ ਵਿਸ਼ਿਆਂ ’ਤੇ ਗੱਲਬਾਤ ਕਰਨਾ, ਲੋਕਾਂ ਨੂੰ ਜਾਗਰੂਕ ਕਰਨਾ, ਵਹਿਮਾਂ ਭਰਮਾਂ ਤੋਂ ਦੂਰ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਕਿਸੇ ਤਰ੍ਹਾਂ ਦੀ ਮਾਨਸਿਕ ਪੇਸ਼ਾਨੀ ਆਉਣ ’ਤੇ ਮਨੋਵਿਗਿਆਨੀਆਂ ਦੀ ਸਲਾਹ ਲੈਣ।
ਡਾ. ਮੁਹੰਮਦ ਇਰਫ਼ਾਨ ਮਲਿਕ, ਪਟਿਆਲਾ
ਮਿਹਨਤਕਸ਼ਾਂ ਦੀ ਮਾਲਾ
24 ਦਸੰਬਰ ਦੇ ਨਜ਼ਰੀਆ ਸਫ਼ੇ ’ਤੇ ਕੁਲਜੀਤ ਕੌਰ ਦਾ ਮਿਡਲ ‘ਦਿੱਲੀ ਦੀਆਂ ਬਰੂਹਾਂ ’ਤੇ ਧੜਕਦੀ ਜ਼ਿੰਦਗੀ’ ਪੜ੍ਹਿਆ। ਕਿਸਾਨ ਅੰਦੋਲਨ ਨੇ ਮਿਹਨਤਕਸ਼ਾਂ ਅਤੇ ਲੋਕਾਈ ਨੂੰ ਇਕ ਮਾਲਾ ਦੇ ਮਣਕਿਆਂ ਵਿਚ ਪਰੋ ਦਿੱਤਾ ਹੈ। ਅਜਿਹੇ ਉਸਾਰੂ ਤੇ ਮਾਨਵਤਾ ਦੇ ਭਲੇ ਲਈ ਕੀਤੇ ਯਤਨਾਂ ਦੀ ਲਗਾਤਾਰਤਾ ਬਣੀ ਰਹਿਣੀ ਚਾਹੀਦੀ ਹੈ। ਇਸ ਤੋਂ ਪਹਿਲਾਂ 17 ਦਸੰਬਰ ਨੂੰ ਛਪੇ ਮਿਡਲ ‘ਰਾਤਾਂ ਚਾਨਣੀਆਂ’ ਰਾਹੀਂ ਰਾਮ ਸਵਰਨ ਲੱਖੇਵਾਲੀ ਨੇ ਬੀਤੀਆਂ ਸਦੀਆਂ ਦੇ ਸੰਘਰਸ਼ਾਂ ਤੇ ਜਿੱਤਾਂ ਅਤੇ ਅਜੋਕੇ ਕਿਸਾਨੀ ਸੰਘਰਸ਼ ਬਾਰੇ ਗੱਲ ਕੀਤੀ ਹੈ। ਸੰਘਰਸ਼ੀਆਂ ਨੇ ‘ਲੋੜ ਕਾਢ ਦੀ ਮਾਂ ਹੁੰਦੀ ਹੈ’ ਟਰਾਲੀਆਂ ਦੇ ਘਰ ਬਣਾ ਕੇ ਇਸ ਸੱਚ ਨੂੰ ਵੀ ਸੱਚਾ ਕਰ ਦਿਖਾਇਆ ਹੈ।
ਡਾ. ਗਗਨਦੀਪ ਸਿੰਘ, ਸੰਗਰੂਰ
ਸੰਘਰਸ਼ ਦੀ ਜਿੱਤ
21 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਹਮੀਰ ਸਿੰਘ ਦੇ ਲੇਖ ‘ਕਿਸਾਨ ਅੰਦੋਲਨ : ਇਖ਼ਲਾਕੀ ਜਿੱਤ ਵੱਲ ਵਧਦੇ ਕਦਮ’ ਵਿਚ ਲੇਖਕ ਨੇ ਮੰਜ਼ਿਲ ਨੂੰ ਜਾਂਦੇ ਰਸਤੇ ਉੱਪਰ ਚੱਲਦਿਆਂ, ਸ਼ੁਰੂਆਤੀ ਮਿਲੀਆਂ ਜਿੱਤਾਂ ਦੇ ਪ੍ਰਸੰਗ ਵਿਚ ਸਰਕਾਰ ਵੱਲੋਂ ਕਿਸਾਨੀ ਸੰਘਰਸ਼ ਨੂੰ ਸਾਬੋਤਾਜ ਕਰਨ ਲਈ ਹੋਛੇ ਹਥਕੰਡੇ ਅਪਣਾਉਣ ਦਾ ਜ਼ਿਕਰ ਕੀਤਾ ਹੈ। ਪੰਜਾਬ ਤੇ ਹਰਿਆਣੇ ਦੀਆਂ ਕਿਸਾਨ ਧਿਰਾਂ ਨੇ ਜਿਸ ਜ਼ਬਤ ਦਾ ਸਬੂਤ ਦੇ ਕੇ ਅੰਦੋਲਨ ਨੂੰ ਪੱਕੇ ਪੈਰੀਂ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਉਸ ਨਾਲ ਕਿਸਾਨੀ ਵਿਰੋਧੀ ਖੇਮੇ ਵਿਚ ਨਿਰਾਸ਼ਤਾ ਉਪਜਣੀ ਸੁਭਾਵਿਕ ਹੈ। ਅਸਲ ਵਿਚ ਜਿਹੜਾ ਹੈਂਕੜਬਾਜ਼ ਪ੍ਰਧਾਨ ਮੰਤਰੀ ਵਿਰੋਧੀ ਧਿਰ ਨੂੰ ਖੂੰਜੇ ਲਾ ਕੇ ਜੇਤੂ ਰੱਥ ’ਤੇ ਸਵਾਰ ਸੀ, ਉਸ ਨੂੰ ਡੱਕਣ ਦਾ ਹੀਆ ਕਿਸਾਨੀ ਸੰਘਰਸ਼ਸ਼ੀਲ ਧਿਰਾਂ ਨੇ ਹੀ ਕੀਤਾ ਹੈ।
ਸੁਖਦੇਵ ਸ਼ਰਮਾ, ਧੂਰੀ
ਕਾਨੂੰਨਸਾਜ਼ੀ ਦਾ ਮਸਲਾ
21 ਦਸੰਬਰ ਨੂੰ ਐਸਪੀ ਸਿੰਘ ਦਾ ਲੇਖ ‘ਕਾਨੂੰਨਸਾਜ਼ੀ ਦੀ ਨਵੀਂ ਪਿਰਤ ਪਵੇ’ ਵਿਚ ਦੱਸਿਆ ਕਿ ਪਾਰਲੀਮੈਂਟ ਵਿਚ ਕਾਨੂੰਨ ਕਿਵੇਂ ਬਣਦੇ ਸਨ। ਇਹ ਬਹਿਸਾਂ ਸਿਲੈਕਟ ਕਮੇਟੀਆਂ ਤੇ ਵੋਟਾਂ ਰਾਹੀਂ ਕਾਫ਼ੀ ਸਮਾਂ ਲਾ ਕੇ ਪਾਸ ਕੀਤੇ ਜਾਂਦੇ ਸਨ ਪਰ ਅੱਜਕੱਲ੍ਹ ਆਪਣੇ ਸਵਾਰਥੀ ਹਿੱਤਾਂ ਲਈ ਬਿਨਾਂ ਬਹਿਸ ਕਾਨੂੰਨ ਪਾਸ ਕੀਤੇ ਜਾਂਦੇ ਹਨ। ਉਂਜ, ਸ਼ਾਬਾਸ਼ ਹੈ ਅੰਦੋਨਲਕਾਰੀਆਂ ਨੂੰ ਜਿਨ੍ਹਾਂ ਖੇਤੀ ਲਈ ਪਾਸ ਕੀਤੇ ਕਾਨੂੰਨ ਰੱਦ ਕਰਵਾਉਣ ਲਈ ਵੱਡੇ ਪੱਧਰ ’ਤੇ ਸੰਘਰਸ਼ ਵਿੱਢਿਆ ਹੋਇਆ ਹੈ ਅਤੇ ਕੇਂਦਰੀ ਸੱਤਾਧਾਰੀਆਂ ਨਾਲ ਟੱਕਰ ਲੈ ਰਹੇ ਹਨ। ਇਸ ਸੰਘਰਸ਼ ਵਿਚ ਸਾਰੇ ਰਾਜਾਂ, ਪਿੰਡਾਂ, ਸ਼ਹਿਰਾਂ ਅਤੇ ਹੋਰ ਖੇਤਰਾਂ ਦੇ ਲੋਕ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ, ਉਹ ਵੀ ਦਸੰਬਰ ਦੀ ਹੱਡ ਚੀਰਵੀਂ ਤੇ ਕੜਕਦੀ ਠੰਢ ਵਿਚ; ਪਤਾ ਨਹੀਂ ਸੱਤਾਧਾਰੀਆਂ ਨੂੰ ਆਪਣੀਆਂ ਗ਼ਲਤੀਆਂ ਦਾ ਅਹਿਸਾਸ ਕਦ ਹੋਵੇਗਾ?
ਜਸਬੀਰ ਕੌਰ, ਅੰਮ੍ਰਿਤਸਰ