ਚਾਨਣ ਵੰਡਦੀਆਂ ਕਿਰਨਾਂ ਦਾ ਕਾਫ਼ਲਾ
17 ਦਸੰਬਰ ਨੂੰ ਨਜ਼ਰੀਆ ਪੰਨੇ ’ਤੇ ਛਪਿਆ ਰਾਮ ਸਵਰਨ ਲੱਖੇਵਾਲੀ ਦਾ ਲੇਖ ‘ਰਾਤਾਂ ਚਾਨਣੀਆਂ’ ਪੜ੍ਹਿਆ ਕਿ ਕਿਸ ਤਰ੍ਹਾਂ ਦੇਸ਼ ਦੇ ਕਿਸਾਨ ਆਪਣਾ ਭਵਿੱਖ ਬਚਾਉਣ ਲਈ ਦਿੱਲੀ ਦੀਆਂ ਸੜਕਾਂ ’ਤੇ ਉੱਤਰ ਆਏ ਹਨ। ਇਸ ਸੰਘਰਸ਼ ਵਿਚ ਬਜ਼ੁਰਗ, ਨੌਜਵਾਨ, ਔਰਤਾਂ ਇਕ ਦੂਜੇ ਦਾ ਸਹਾਰਾ ਬਣ ਕੇ ਅੱਗੇ ਆਏ ਹਨ। ਕਲਾਕਾਰਾਂ ਵਿਚ ਵੀ ਸੰਘਰਸ਼ ਦੇ ਖ਼ਿਲਾਫ਼ ਜੋਸ਼ ਹੈ ਕਿਉਂਕਿ ਹੁਣ ਗੀਤਾਂ ਵਿਚ ਪਹਿਲਾਂ ਵਾਲਾ ਸ਼ੋਰ-ਸ਼ਰਾਬਾ ਨਾ ਹੋਣ ਦੀ ਬਜਾਏ, ਹੱਕਾਂ ਦੀ ਗੱਲ ਹੋ ਰਹੀ ਹੈ। ਦਿੱਲੀ ਦੀਆਂ ਸੜਕਾਂ ’ਤੇ ਕਿਸਾਨਾਂ ਨੇ ਆਪਣੀਆਂ ਟਰਾਲੀਆਂ ਵਿਚ ਆਪਣੇ ਘਰ ਬਣਾ ਲਏ ਹਨ। ਲੇਖਕ ਵੀ ਇਸ ਸੰਘਰਸ਼ ਦਾ ਹਿੱਸਾ ਬਣਿਆ ਹੋਇਆ ਹੈ। ਉਹ ਕਿਤਾਬਾਂ ਦੀ ਸਟਾਲ ਨੂੰ ਦੇਖ ਕੇ ਮਹਿਸੂਸ ਕਰਦਾ ਹੈ ਕਿ ਕਿਤਾਬਾਂ ਦਾ ਸਾਥ ਉਸ ਲਈ ਰਾਹ ਦਰਸਾ ਰਿਹਾ ਹੈ ਤੇ ਉਸ ਨੂੰ ਇਨ੍ਹਾਂ ਨੂੰ ਦੇਖ ਕੇ ਇਕ ਕਿਰਨ ਵੀ ਦਿਖਾਈ ਦਿੰਦੀ ਹੈ ਜੋ ਉਸ ਦੀਆਂ ਰਾਤਾਂ ਵਿਚ ਚਾਨਣ ਕਰਦੀਆਂ ਹਨ।
ਅਕਸ਼ਿਤ ਜੈਨ, ਪੱਟੀ (ਤਰਨ ਤਾਰਨ)
ਕਾਰਪੋਰੇਟ ਪੱਖੀ ਨੀਤੀਆਂ
19 ਦਸੰਬਰ ਦੇ ਅੰਕ ’ਚ ਨਜ਼ਰੀਆ ਪੰਨੇ ਉੱਤੇ ਰਾਜਿੰਦਰ ਸਿੰਘ ਦੀਪਸਿੰਘਵਾਲਾ ਦੇ ਲੇਖ ‘ਇਤਿਹਾਸਕ ਲਾਮਬੰਦੀ ਨਾਲ ਸਾਰੀਆਂ ਚਾਲਾਂ ਮਾਤ’ ਵਿਚ ਕਿਸਾਨ ਸੰਘਰਸ਼ ਦੀਆਂ ਇਤਿਹਾਸਕ ਪੈੜਾਂ ਨੂੰ ਬਾਖ਼ੂਬੀ ਬਿਆਨ ਕੀਤਾ ਹੈ। ਦਰਅਸਲ ਮੋਦੀ ਸਰਕਾਰ ਨੇ ਪਿਛਲੇ ਛੇ ਸਾਲਾਂ ਵਿਚ ਹਿੰਦੂਤਵ ਦੇ ਫਿ਼ਰਕੂ ਏਜੰਡੇ ਹੇਠ ਅਤੇ ਬਹੁਮੱਤ ਦੇ ਹੰਕਾਰ ਵਿਚ ਲਗਾਤਾਰ ਝੂਠ ਬੋਲ ਕੇ ਨੋਟਬੰਦੀ, ਜੀਐਸਟੀ, ਜੰਮੂ ਕਸ਼ਮੀਰ ’ਚੋਂ ਧਾਰਾ 370 ਨੂੰ ਖਤਮ ਕਰਨ, ਨਾਗਰਿਕਤਾ ਸੋਧ ਕਾਨੂੰਨ, ਮਜ਼ਦੂਰ ਵਿਰੋਧੀ ਕਿਰਤ ਕਾਨੂੰਨ, ਸਰਕਾਰੀ ਅਦਾਰਿਆਂ ਦਾ ਅੰਧਾਧੁੰਦ ਨਿੱਜੀਕਰਨ ਆਦਿ ਕਾਰਪੋਰੇਟ ਪੱਖੀ ਅਤੇ ਸੰਵਿਧਾਨ ਵਿਰੋਧੀ ਨੀਤੀਆਂ ਲਾਗੂ ਕਰਨ ਦੇ ਲੋਕ ਵਿਰੋਧੀ ਫੈਸਲੇ ਕੀਤੇ ਹਨ ਅਤੇ ਇਨ੍ਹਾਂ ਦਾ ਵਿਰੋਧ ਕਰਨ ਵਾਲੇ ਬੁੱਧੀਜੀਵੀਆਂ, ਲੇਖਕਾਂ, ਵਕੀਲਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਦੇਸ਼ ਧ੍ਰੋਹ ਦੇ ਝੂਠੇ ਕੇਸਾਂ ਤਹਿਤ ਪਿਛਲੇ ਢਾਈ ਸਾਲਾਂ ਤੋਂ ਬਿਨਾਂ ਸੁਣਵਾਈ ਦੇ ਜੇਲ੍ਹਾਂ ਵਿਚ ਨਜ਼ਰਬੰਦ ਕੀਤਾ ਗਿਆ ਹੈ। ਹੁਣ ਵੀ ਮੋਦੀ ਸਰਕਾਰ ਨੂੰ ਯਕੀਨ ਸੀ ਕਿ ਖੇਤੀ ਵਿਰੋਧੀ ਕਾਨੂੰਨ ਵੀ ਬਿਨਾਂ ਕਿਸੇ ਵਿਰੋਧ ਦੇ ਧੱਕੇ ਨਾਲ ਲਾਗੂ ਕਰ ਦਿੱਤੇ ਜਾਣਗੇ ਪਰ ਪੰਜਾਬ ਅਤੇ ਹੋਰਨਾਂ ਸੂਬਿਆਂ ਦੇ ਕਿਸਾਨਾਂ ਸਮੇਤ ਸਮਾਜ ਦੇ ਸਮੂਹ ਵਰਗਾਂ ਨੇ ਦਿੱਲੀ ਦੀ ਸਰਹੱਦ ਉਤੇ ਸਾਰੇ ਪਾਸਿਓਂ ਵਿਸ਼ਾਲ ਧਰਨੇ ਲਾ ਕੇ ਮੋਦੀ ਸਰਕਾਰ ਨੂੰ ਆਪਣੇ ਫਾਸ਼ੀਵਾਦੀ ਏਜੰਡੇ ਤੋਂ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਹੈ।
ਸੁਮੀਤ ਸਿੰਘ, ਅੰਮ੍ਰਿਤਸਰ
ਰੂਹ ਰੁਸ਼ਨਾਉਂਦੀ ਲਿਖਤ
19 ਦਸੰਬਰ ਨੂੰ ਖੇਤੀ ਪੰਨੇ ਉੱਤੇ ਲਛਮਣ ਸਿੰਘ ਸੇਵੇਵਾਲਾ ਦਾ ਲੇਖ ‘ਕਿਸਾਨ ਔਰਤਾਂ ਦੀ ਵਿਕਸਤ ਹੋ ਰਹੀ ਸੋਝੀ ਦੇ ਝਲਕਾਰੇ’ ਪੜ੍ਹਿਆ। ਲੇਖ ਧੁਰ ਅੰਦਰ ਤਕ ਝੰਜੋੜਦਾ ਹੈ ਅਤੇ ਰੁਸ਼ਨਾਉਂਦਾ ਵੀ ਹੈ। ਕਿਸਾਨ ਸੰਘਰਸ਼ ਵਿਚ ਔਰਤਾਂ ਦੀ ਇੰਨੀ ਵੱਡੀ ਗਿਣਤੀ ਵਿਚ ਹਾਜ਼ਰੀ ਕਿਸਾਨ ਘੋਲ ਦੇ ਸੁਨਹਿਰੀ ਭਵਿੱਖ ਵੱਲ ਸੰਕੇਤ ਹੈ। ਧਰਨੇ ਵਿਚ ਔਰਤਾਂ ਜਥੇਬੰਦੀ ਦਾ ਕੰਮ ਸੰਭਾਲ ਰਹੀਆਂ ਹਨ ਅਤੇ ਮਰਦ ਚੁੱਲ੍ਹਾ ਚੌਂਕਾ ਕਰਦੇ ਹਨ। ਇਸ ਦੇ ਲਈ ਲੀਡਰਸ਼ਿਪ ਸ਼ਾਬਾਸ਼ ਦੀ ਹੱਕਦਾਰ ਹੈ ਜਿਸ ਨੇ ਔਰਤਾਂ ਨੂੰ ਚੁੱਲ੍ਹੇ ਚੌਂਕੇ ਤੋਂ ਮੁਕਤ ਕਰ ਕੇ ਜਥੇਬੰਦੀ ਤੇ ਸਮਾਜ ਅੰਦਰ ਕਦਮ-ਬ-ਕਦਮ ਮਰਦਾਂ ਦੇ ਬਰਾਬਰ ਹੈਸੀਅਤ ਸਥਾਪਤ ਕਰਨ ਵੱਲ ਚੇਤਨ ਉਪਰਾਲਾ ਕੀਤਾ ਹੈ। ਲੇਖਕ ਇਹ ਵੀ ਦੱਸਦਾ ਹੈ ਕਿ ਲੀਡਰਸ਼ਿਪ ਨੂੰ ਆਪਣੇ ਕੱਪੜੇ ਆਪ ਧੋਣ ਦੀ ਆਦਤ ਹੈ। ਇਹ ਗੱਲ ਵੀ ਜਥੇਬੰਦੀ ਅੰਦਰ ਔਰਤ-ਮਰਦ ਦੀ ਬਰਾਬਰੀ ਦਾ ਹੀ ਪ੍ਰਤੀਕ ਹੈ। ਕਿਸਾਨਾਂ ਨੂੰ ਅੰਤਾਂ ਦੀ ਠੰਢ ਵਿਚ ਆ ਰਹੀਆਂ ਮੁਸ਼ਕਿਲਾਂ, ਹਰਿਆਣੇ ਵਾਲਿਆਂ ਦਾ ਬੇਮਿਸਾਲ ਸਹਿਯੋਗ ਤੇ ਪੰਜਾਬੀਆਂ ਨਾਲ ਗੂੜ੍ਹੇ ਮੋਹ-ਪਿਆਰ ਨੂੰ ਵੀ ਲੇਖਕ ਨੇ ਚਿਤਰਿਆ ਹੈ।
ਜਸਵਿੰਦਰ ਜਸ, ਈਮੇਲ
(2)
ਲਛਮਣ ਸਿੰਘ ਸੇਵੇਵਾਲਾ ਦਾ ਲੇਖ ‘ਕਿਸਾਨ ਔਰਤਾਂ ਦੀ ਵਿਕਸਤ ਹੋ ਰਹੀ ਸੋਝੀ ਦੇ ਝਲਕਾਰੇ’ ਕਿਸਾਨੀ ਸੰਘਰਸ਼ ਬਾਰੇ ਵਧੀਆ ਪੇਸ਼ਕਾਰੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਵਿਸ਼ੇਸ਼ ਔਰਤ ਵਿੰਗ ਖੜ੍ਹਾ ਕਰਨਾ ਔਰਤਾਂ ਨੂੰ ਸਮਾਜਿਕ ਤੌਰ ’ਤੇ ਬਰਾਬਰ ਦਾ ਰੁਤਬਾ ਦੇਣ ਲਈ ਯਤਨ ਸ਼ਲਾਘਾਯੋਗ ਹੈ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦੀ ਸਮੁੱਚੀ ਲੀਡਰਸ਼ਿਪ ਕਿਸਾਨ ਘੋਲ ਨੂੰ ਸੰਜਮ, ਸਿਆਣਪ ਅਤੇ ਅਨੁਸ਼ਾਸਨ ਨਾਲ ਚਲਾ ਰਹੀ ਹੈ। ਇਸ ਵਿਚ ਇਸਤਰੀ ਵਿੰਗ ਦੀ ਆਗੂ ਹਰਿੰਦਰ ਬਿੰਦੂ ਦੁਆਰਾ ਔਰਤਾਂ ਵਿਚ ਚੇਤਨਾ ਦਾ ਪਸਾਰ ਕਰਨ ਲਈ ਪਾਏ ਗਏ ਰੋਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਪਰ ਹੋਰ ਬਹੁਤ ਸਾਰੀਆਂ ਔਰਤ ਆਗੂ ਵੀ ਕਿਸੇ ਗੱਲੋਂ ਘੱਟ ਨਹੀਂ ਹਨ। ਹਰਿਆਣਾ ਦੇ ਕਿਸਾਨਾਂ ਵੱਲੋਂ ਨਿਭਾਏ ਕਿਸਾਨ ਘੋਲ ਪੱਖੀ ਰੋਲ ਬਾਰੇ ਲੇਖਕ ਹੱਡੀਂ ਹੰਡਾਈ ਵਾਰਤਾ ਦੱਸ ਕੇ ਹਰਿਆਣਾ ਦੇ ਲੋਕਾਂ ਵਿਚ ਕਿਸਾਨ ਘੋਲ ਲਈ ਹਾਂ-ਪੱਖੀ ਰੋਲ ਨੂੰ ਆਪਣੀ ਕਲਮ ਨਾਲ ਬਿਆਨ ਕਰਦਾ ਹੈ।
ਸੁਰਿੰਦਰ ਰਾਮ ਕੁੱਸਾ, ਈਮੇਲ