ਸੱਤਾਧਾਰੀਆਂ ਦੀਆਂ ਚਾਲਾਂ ਮਾਤ
19 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਰਜਿੰਦਰ ਸਿੰਘ ਦੀਪ ਸਿੰਘਵਾਲਾ ਦਾ ਲੇਖ ‘ਇਤਿਹਾਸਕ ਲਾਮਬੰਦੀ ਨਾਲ ਸਾਰੀਆਂ ਚਾਲਾਂ ਮਾਤ’ ਪੜ੍ਹਿਆ। ਅਸਲ ਵਿਚ ਘੋਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿੱਤ ਦਾ ਆਗਾਜ਼ ਕਰ ਚੁੱਕਿਆ ਹੈ। ਪਹਿਲੀ ਜਿੱਤ ਘੋਲ ਲੜਨ ਵਾਲੀਆਂ ਧਿਰਾਂ ਦਾ ਏਕਾ ਹੈ ਜੋ ਜਿੱਤ ਦਾ ਮੂਲ ਸਿਧਾਂਤ ਹੈ। ਅਗਲੀ ਜਿੱਤ ਹੈ ਮਨੁੱਖੀ ਭਾਈਚਾਰੇ ਦਾ ਏਕਾ, ਜਿਵੇਂ ਗੁਰਬਾਣੀ ਦਾ ਸਿਧਾਂਤ ਹੈ: ਸਭੇ ਸਾਂਝੀਵਾਲ ਸਦਾਇਨ। ਅੱਡ ਅੱਡ ਰੰਗ ਦੀਆਂ ਪੱਗਾਂ, ਅੱਡ ਅੱਡ ਝੰਡਿਆਂ ਦੇ ਰੰਗ ਪਰ ਲੜਾਈ ਦਾ ਮੁੱਦਾ ਇਕ। ਜੇ ਅਸੀਂ ਹੁਣ ਤਕ ਦੇ ਲੜੇ ਘੋਲਾਂ ਦਾ ਇਤਿਹਾਸ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਸਰਮਾਏਦਾਰੀ ਨੇ ਦੱਬੇ ਕੁਚਲੇ ਲੋਕਾਂ ਨੂੰ ਵੰਡਿਆ ਹੋਇਆ ਸੀ ਅਤੇ ਲੁੱਟਣ ਵਾਲੇ ਹਰ ਥਾਵੇਂ ਇਕੱਠੇ ਸਨ। ਹੁਣ ਇਸ ਘੋਲ ਨੇ ਆਪਣੀਆਂ ਮੰਗਾਂ ਨੂੰ ਕੇਂਦਰਿਤ ਕਰ ਕੇ, ਸਮੂਹ ਲੁੱਟੇ ਜਾਣ ਵਾਲੇ ਲੋਕਾਂ ਨੂੰ ਜਾਗ੍ਰਿਤ ਕਰ ਕੇ ਘੋਲ ਦਾ ਹਿੱਸਾ ਬਣਾ ਦਿੱਤਾ ਹੈ। ਹੁਣ ਪੰਜ ਵਿੱਘੇ ਅਤੇ 100 ਵਿੱਘੇ ਜ਼ਮੀਨ ਵਾਲਾ ਕਿਸਾਨ ਵੀ ਘੋਲ ਵਿਚ ਮੋਢੇ ਨਾਲ ਮੋਢਾ ਜੋੜ ਕੇ ਲੜ ਰਿਹਾ ਹੈ। ਅਗਲੀ ਵਿਲੱਖਣਤਾ ਘੋਲ ਵਿਚ ਮਾਵਾਂ ਭੈਣਾਂ ਦੀ ਸ਼ਮੂਲੀਅਤ ਦੀ ਹੈ।
ਸ਼ਮਸ਼ੇਰ ਸਿੰਘ ਬਦੇਸ਼ਾਂ, ਸੰਗਰੂਰ
ਥੁੱਕੀਂ ਬੜੇ ਪਕਾਉਣ ਵਾਲੀ ਨੀਤੀ
20 ਦਸੰਬਰ ਨੂੰ ਪਹਿਲੇ ਪੰਨੇ ਉੱਤੇ ਖ਼ਬਰ ‘ਪੰਜਾਬ ਵਿਚ ਅਗਲੀ ਸਰਕਾਰ ਭਾਜਪਾ ਦੀ ਬਣੇਗੀ: ਚੁੱਘ’ ਪੜ੍ਹੀ। ਇਸ ਤੋਂ ਭਾਜਪਾ ਦੇ ਥੁੱਕੀਂ ਬੜੇ ਪਕਾਉਣ ਦੀ ਨੀਤੀ ਨਜ਼ਰ ਆਈ। ਇਹ ਪਾਰਟੀ ਅਤੇ ਇਸ ਦੀਆਂ ਸਰਕਾਰਾਂ ਇੱਕੋ ਲੱਤ ’ਤੇ ਚੱਲ ਰਹੀਆਂ ਹਨ, ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦਰਕਿਨਾਰ ਕਰਦੇ ਹੋਏ। ਕੀ ਸਰਕਾਰਾਂ ਦੀ ਆਪਣੇ ਲੋਕਾਂ ਦੀ ਭਲਾਈ ਕਰਨੀ, ਸੰਵਿਧਾਨ ਅੰਦਰ ਰਹਿ ਕੇ ਉਨ੍ਹਾਂ ਦੀਆਂ ਆਸ਼ਾਵਾਂ ਦੀ ਪੂਰਤੀ ਕਰਨਾ ਜ਼ਿੰਮੇਵਾਰੀ ਨਹੀਂ ਹੁੰਦੀ? ਆਪਣੀ ਗਿਣਤੀ ਦੇ ਸਿਰ ’ਤੇ ਕੀ ਕੋਈ ਸਰਕਾਰ ਸੰਵਿਧਾਨ ਦੇ ਉਲਟ ਚੱਲ ਕੇ ਸਿਰਫ਼ ਤੇ ਸਿਰਫ਼ ਆਪਣੇ ਸੌੜੇ ਸਿਆਸੀ ਮੁਫ਼ਾਦਾਂ ਲਈ ਕੰਮ ਕਰ ਸਕਦੀ ਹੈ? ਜੀ ਨਹੀਂ, ਪਰ ਕੇਂਦਰੀ ਸਰਕਾਰ ਇਸ ਸਭ ਨੂੰ ਤਿਆਗ ਕੇ ਤਾਨਾਸ਼ਾਹ ਦੇ ਤੌਰ ’ਤੇ ਕੰਮ ਕਰ ਰਹੀ ਹੈ। ਕਿਸਾਨਾਂ ਲਈ ਬਣਾਏ ਤਿੰਨ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਬਾਰੇ ਸਰਕਾਰ ਦੀ ਮਨਸ਼ਾ ਹੈ ਕਿ ਇਹ ਸੰਘਰਸ਼ ਲਮਕ ਜਾਵੇ ਅਤੇ ਆਪਣੇ ਆਪ ਫੇਲ੍ਹ ਹੋ ਜਾਵੇ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ
ਕਿਸਾਨ ਮਜ਼ਦੂਰ ਦੇ ਹੱਕ
14 ਦਸੰਬਰ ਦੇ ਨਜ਼ਰੀਆ ਪੰਨੇ ’ਤੇ ਪੀ. ਸਾਈਨਾਥ ਦਾ ਲੇਖ ਪੜ੍ਹਿਆ ਜਿਸ ਵਿਚ ਉਨ੍ਹਾਂ ਭਾਰਤੀ ਸੰਵਿਧਾਨ ਦੇ ਮੂਲ ਢਾਂਚੇ ਬਾਰੇ ਗੱਲ ਕੀਤੀ ਹੈ। ਸਿੱਤਮ ਵਾਲੀ ਗੱਲ ਹੈ ਕਿ ਕਿਸਾਨ ਮਜ਼ਦੂਰ ਦੇ ਹੱਕਾਂ ਬਾਰੇ ਗੱਲ ਸੁਣਨ ਦੀ ਥਾਂ ਕਿਵੇਂ ਸਰਕਾਰ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਲਈ ਕਾਹਲੀ ਪੈ ਰਹੀ ਹੈ। ਲੇਖਕ ਨੇ ਵਧੀਆ ਢੰਗ ਨਾਲ ਖੇਤੀ, ਕਿਰਤ ਕਾਨੂੰਨਾਂ ਦੀ ਵਕਾਲਤ ਕੀਤੀ ਹੈ।
ਮਨਮੋਹਨ ਸਿੰਘ, ਨਾਭਾ
ਰਾਹ ਤੋਂ ਭਟਕੀ ਪਾਰਟੀ
14 ਦਸੰਬਰ ਨੂੰ ਸਵਰਾਜਬੀਰ ਦਾ ਸੰਪਾਦਕੀ ‘ਅਕਾਲੀ ਦਲ ਦੇ ਸੌ ਸਾਲ’ 14 ਦਸੰਬਰ, 1920 ਵਿਚ ਗੁਰਦੁਆਰਾ ਸੁਧਾਰ ਲਹਿਰ ਵਿਚ ਬਣੀ ਇਸ ਸਿਆਸੀ ਪਾਰਟੀ ਦਾ ਇਤਿਹਾਸ ਦੱਸਣ ਵਾਲਾ ਸੀ। ਇਸ ਨੇ ਸੁਤੰਤਰਤਾ ਅੰਦੋਲਨ ਅਤੇ ਕਿਸਾਨਾਂ-ਮਜ਼ਦੂਰਾਂ ਦੇ ਹੱਕ ਵਿਚ ਲੜਨ ਦਾ ਚੰਗਾ ਨਾਂ ਵੀ ਕਮਾਇਆ। ਆਜ਼ਾਦੀ ਤੋਂ ਬਾਅਦ ਇਸ ਪਾਰਟੀ ਨੇ ਪੰਜਾਬੀ ਸੂਬੇ ਦੀ ਮੰਗ ਕੀਤੀ ਜਿਹੜੀ ਪਹਿਲੀ ਨਵੰਬਰ 1966 ਵਿਚ ਮੰਨੀ ਗਈ। ਇਸ ਨੇ ਪੰਜਾਬ ਵਿਚ ਕਈ ਵਾਰ ਹਕੂਮਤ ਸੰਭਾਲੀ; ਲੇਕਿਨ ਇਸ ਦੀ ਹਕੂਮਤ ਦੌਰਾਨ ਪੰਜਾਬ ਵਿਚ ਨਸ਼ਾਖੋਰੀ ਅਤੇ ਰਿਸ਼ਵਤ ਸਿਖ਼ਰ ’ਤੇ ਪਹੁੰਚ ਗਏ। ਕੇਂਦਰ ਨੇ ਜਦੋਂ ਖੇਤੀ ਕਾਨੂੰਨ ਬਣਾਏ ਤਾਂ ਇਹ ਕੇਂਦਰ ਸਰਕਾਰ ਦੀ ਭਾਈਵਾਲ ਹੋਣ ਦੇ ਬਾਵਜੂਦ ਚੁੱਪ ਰਹੀ। ਹੁਣ ਇਹ ਕਿਸਾਨਾਂ ਦੀ ਹਿਤੈਸ਼ੀ ਬਣਨ ਦਾ ਜਿਹੜਾ ਨਾਟਕ ਕਰ ਰਹੀ ਹੈ, ਉਸ ਦਾ ਮੁੱਖ ਉਦੇਸ਼ 2022 ਦੀਆਂ ਚੋਣਾਂ ਹਨ। ਅਕਾਲੀ ਦਲ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ, ਸਮਝ ਨਹੀਂ ਆਉਂਦਾ ਕਿ ਇਹ ਆਪਣੀ ਰਾਹ ਤੋਂ ਭਟਕ ਕਿਉਂ ਗਈ ਹੈ?
ਪ੍ਰੋ. ਸ਼ਾਮ ਲਾਲ ਕੌਸ਼ਲ, ਰੋਹਤਕ
(2)
ਸਵਰਾਜਬੀਰ ਦੀ ਰਚਨਾ ‘ਅਕਾਲੀ ਦਲ ਦੇ 100 ਸਾਲ’ ਪੜ੍ਹੀ। ਅਕਾਲੀ ਦਲ ਦੇ ਸਾਰੇ ਧੜਿਆਂ ਨੂੰ ਇਕੱਠੇ ਹੋ ਕੇ ਸ਼ਤਾਬਦੀ ਮਨਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਚਾਰ ਰਾਹੀਂ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਜਥੇਬੰਦੀਆਂ ਦੇ ਅਜਿਹੇ ਸ਼ਤਾਬਦੀ ਸਮਾਗਮ ਤਾਂ ਹੀ ਕੋਈ ਮਾਇਨੇ ਰੱਖਦੇ ਹਨ ਜੇਕਰ ਲੋਕਾਂ ਅੰਦਰ ਜਾਗਰੂਕਤਾ ਪੈਦਾ ਹੋਵੇ।
ਗੁਰਮੀਤ ਸਿੰਘ, ਵੇਰਕਾ
ਸੂਹੀ ਸਵੇਰ ਨੂੰ ਸਲਾਮ
15 ਦਸੰਬਰ ਨੂੰ ਨਜ਼ਰੀਆ ਪੰਨੇ ’ਤੇ ਸ਼ਿਵੰਦਰ ਕੌਰ ਦਾ ਲੇਖ ‘ਸੂਹੀ ਸਵੇਰ’ ਪੜ੍ਹਿਆ, ਜਿਸ ਵਿਚ ਚੱਲ ਰਹੇ ਕਿਸਾਨ ਘੋਲ ਦੌਰਾਨ ਔਰਤਾਂ ਦੀ ਸਰਗਰਮੀ ਨੂੰ ਸੂਹੀ ਸਵੇਰ ਨਾਲ ਜੋੜਿਆ ਗਿਆ ਹੈ। ਪਹਿਲਾਂ ਜਦੋਂ ਔਰਤ ਘਰ ਤੋਂ ਬਾਹਰ ਜਾਂਦੀ ਸੀ, ਉਸ ਨਾਲ ਕੋਈ ਨਾ ਕੋਈ ਉਸ ਦਾ ਸਹਾਰਾ ਜ਼ਰੂਰ ਹੁੰਦਾ ਸੀ ਪਰ ਹੁਣ ਤਾਂ ਔਰਤਾਂ ਦਿੱਲੀ ਤੱਕ ਵੀ ਇਕੱਲੀਆਂ ਜਾ ਰਹੀਆਂ ਹਨ। ਬਜ਼ੁਰਗ ਬੀਬੀਆਂ ਆਪਣੇ ਪਰਿਵਾਰਾਂ ਨੂੰ ਛੱਡ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਲਈ ਸਹੀ ਰਾਹ ਬਣ ਸਕੇ। ਇਸ ਸੂਹੀ ਸਵੇਰ ਨੂੰ ਸਲਾਮ ਹੈ।
ਰੁਪਿੰਦਰ ਧਾਲੀਵਾਲ, ਈ-ਮੇਲ
ਵਿਕੀਪੀਡੀਆ ਦੇ ਰੰਗ
11 ਦਸੰਬਰ ਨੂੰ ਸਿਹਤ ਤੇ ਸਿੱਖਿਆ ਪੰਨੇ ਉੱਤੇ ਮੁਲਖ ਸਿੰਘ ਦਾ ਲੇਖ ‘ਕਿਵੇਂ ਪਾਈਏ ਵਿਕੀਪੀਡੀਆ ’ਤੇ ਯੋਗਦਾਨ’ ਪੜ੍ਹਿਆ। ਪੜ੍ਹ ਕੇ ਵਿਕੀਪੀਡੀਆ ਦੀ ਵਿਸ਼ਾਲਤਾ ਦਾ ਗਿਆਨ ਹੋਇਆ ਅਤੇ ਜਾਣਕਾਰੀ ਮਿਲੀ ਕਿ ਅਸੀਂ ਉਸ ਵਿਚ ਕੀ ਅਤੇ ਕਿਵੇਂ ਯੋਗਦਾਨ ਪਾ ਸਕਦੇ ਹਾਂ। ਵਿਕੀਪੀਡੀਆ ਦੁਆਰਾ ਕਰਵਾਏ ਜਾਂਦੇ ਸੈਮੀਨਾਰਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਈ।
ਕੁਲਦੀਪ ਸਿਰਸਾ, ਈਮੇਲ
ਅੰਦੋਲਨ ਦੀ ਜਿੱਤ ਦੂਰ ਨਹੀਂ
ਦਿੱਲੀ ਦੀਆਂ ਹੱਦਾਂ ’ਤੇ ਕਿਸਾਨਾਂ ਦਾ ਸੰਘਰਸ਼ ਮਘਿਆ ਹੋਇਆ ਹੈ। ਅੜੀਅਲ ਸਰਕਾਰ ਨੂੰ ਗੱਲਬਾਤ ਦੀ ਟੇਬਲ ’ਤੇ ਖਿੱਚ ਕੇ ਲਿਆਉਣਾ ਸੰਘਰਸ਼ ਦੀ ਪਹਿਲੀ ਜਿੱਤ ਹੈ। ਸਰਕਾਰ ਵੱਲੋਂ ਤਜਵੀਜ਼ਾਂ ਲੈ ਕੇ ਆਉਣਾ ਦੂਜੀ ਜਿੱਤ ਹੈ। ਕਿਸਾਨਾਂ ਦੇ ਜਜ਼ਬੇ ਅੱਗੇ ਅਸਲ ਜਿੱਤ ਦੂਰ ਨਹੀਂ। ਅੰਨਦਾਤਾ ਸਬਰ ਅਤੇ ਸੰਤੋਖ ਨਾਲ ਭਰਿਆ ਹੈ ਅਤੇ ਸਰਕਾਰਾਂ ਪਾਰੇ ਵਾਂਗ ਡੋਲ ਰਹੀਆਂ ਹਨ।
ਮਨੀਸ਼ਾ ਉੱਭਾਵਾਲ (ਸੰਗਰੂਰ)