ਦੀਵੇ ਦੀ ਲੋਅ ਤੋਂ ਮਸ਼ਾਲ ਬਣਿਆ ਕਿਸਾਨ ਅੰਦੋਲਨ
ਪੰਜਾਬ ਵਿਚ ਇਕ ਤਰ੍ਹਾਂ ‘ਦੀਵੇ ਦੀ ਲੋਅ’ ਤੋਂ ਸ਼ੁਰੂ ਹੋਇਆ ਕਿਸਾਨੀ ਸੰਘਰਸ਼ ਹੁਣ ਕੌਮੀ ਪੱਧਰ ’ਤੇ ‘ਮਸ਼ਾਲ’ ਬਣ ਗਿਆ ਹੈ, ਜਿਸ ਵਿਚ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਕੇਂਦਰ ਦੇ ਇਕਤਰਫ਼ਾ ਨਵੇਂ ਖੇਤੀ ਮੰਡੀਕਰਨ ਕਾਨੂੰਨਾਂ ਦੇ ਖ਼ਿਲਾਫ਼ ਯੋਗਦਾਨ ਪਾ ਰਿਹਾ ਹੈ। ਇਸੇ ਤਰ੍ਹਾਂ ਓਲੰਪਿਕ ਮੈਡਲ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਵੀ ਆਪਣਾ ਰਾਜੀਵ ਖੇਲ ਰਤਨ’ ਵਾਪਸ ਦੇਣ ਲਈ ਦਿੱਲੀ ਪੁੱਜੇ। ਉਨ੍ਹਾਂ ਕਿਹਾ ਕਿ, ‘‘ਮੈਂ ਵੀ ਪੰਜਾਬ ਦਾ ਅੰਨ ਪਾਣੀ ਖਾਧਾ ਹੈ, ਕੇਂਦਰ ਦੇ ਨਵੇਂ ਖੇਤੀ ਕਾਨੂੰਨ ਕਿਸਾਨ ਵਿਰੋਧੀ ਹਨ।’’ ਵਿਜੇਂਦਰ ਹੀ ਨਹੀਂ, ਕੌਮੀ ਪੱਧਰ ’ਤੇ ਹੋਰ ਵੀ ਬਹੁਤ ਸਾਰੀਆਂ ਸ਼ਖ਼ਸੀਅਤਾਂ ਸਰਕਾਰ ਵੱਲੋਂ ਦਿੱਤੇ ਸਨਮਾਨ ਚਿੰਨ੍ਹਾਂ ਨੂੰ ਵਾਪਸ ਕਰ ਕੇ ਕਿਸਾਨ ਅੰਦੋਲਨ ਦੀਆਂ ਸਰਗਰਮੀਆਂ ਵਿਚ ਹਿੱਸਾ ਪਾ ਰਹੀਆਂ ਹਨ।
ਕਵਰੀਨ ਕੌਰ, ਲੁਧਿਆਣਾ
ਗੁਰੂ ਨਾਨਕ ਤੇ ਲੰਗਰ ਦੀ ਰੀਤ
9 ਦਸੰਬਰ ਦੇ ਅੰਕ ਵਿਚ ਕਿਸਾਨੀ ਸੰਘਰਸ਼ ਉੱਪਰ ਡਾ. ਸਵਰਾਜਬੀਰ ਦੀ ਸੰਪਾਦਕੀ, ਡਾ. ਸੁੱਚਾ ਸਿੰਘ ਗਿੱਲ ਅਤੇ ਗੁਰਬਚਨ ਭੁੱਲਰ ਦੇ ਮੁੱਖ ਲੇਖ ਸਬੂਤ ਹਨ ਕਿ ‘ਪੰਜਾਬੀ ਟ੍ਰਿਬਿਊਨ’ ਇਸ ਘੋਲ ਪ੍ਰਤੀ ਪੂਰਨ ਸੰਜੀਦਗੀ ਨਾਲ ਆਪਣਾ ਫਰਜ਼ ਅਦਾ ਕਰ ਰਿਹਾ ਹੈ। ਸ੍ਰੀ ਭੁੱਲਰ ਨੇ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ 18 ਸਾਲ ਖੇਤੀ ਕੀਤੀ ਅਤੇ ਕਰਤਾਰਪੁਰ ਆਪਣੇ ਖੇਤ ਵਿਚ ਲੋੜ ਤੋਂ ਵਧੀਕ ਪੈਦਾ ਹੁੰਦਾ ਅੰਨ ਜ਼ਰੂਰਤਮੰਦਾਂ ਨੂੰ ਵਰਤਾਉਣ ਦੀ ਰੀਤ ਚਲਾਈ ਜਿਸ ਨੇ ਲੰਗਰ ਦਾ ਰੂਪ ਧਾਰਿਆ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ‘‘ਆਪਣੀ ਲੋੜ ਤੋਂ ਵਧੀਕ ਅੰਨ ਨਾਲ ਲੰਗਰ ਦੀ ਰੀਤ ਚਲਾਈ’ ਦਰੁਸਤ ਕਥਨ ਨਹੀਂ। ਕਰਤਾਰਪੁਰ ਗੁਰੂ ਜੀ ਦੇ ਘਰ ਵਿਚ ਪਰਿਵਾਰ ਅਤੇ ਸੰਗਤ ਵਾਸਤੇ ਇਕ ਚੁੱਲ੍ਹਾ ਭਖਦਾ ਸੀ, ਪਰਿਵਾਰ ਅਤੇ ਸੰਸਾਰ ਵੱਖ ਵੱਖ ਨਹੀਂ ਸਨ। ਸੰਸਾਰ ਉਨ੍ਹਾਂ ਦਾ ਪਰਿਵਾਰ ਸੀ। ਅਨਜਾਣ ਲੋਕ 20 ਰੁਪਈਆਂ ਦੇ ਭੋਜਨ ਤੋਂ ਲੰਗਰ ਦੀ ਸ਼ੁਰੂਆਤ ਆਖਦੇ ਹਨ। ਅਨੰਤਕਾਲ ਲਈ ਤੁਰਿਆ ਲੰਗਰ ਨਿਰਵਿਘਨ ਕਰਤਾਰਪੁਰੋਂ ਚੱਲਿਆ ਸੀ।
ਡਾ. ਹਰਪਾਲ ਸਿੰਘ ਪੰਨੂ, ਬਠਿੰਡਾ।
(2)
9 ਦਸੰਬਰ ਦੇ ਅੰਕ ਵਿਚ ਮੌਜੂਦਾ ਕਿਸਾਨੀ ਸੰਘਰਸ਼ ਸਬੰਧੀ ਛਪੇ ਦੋਵੇਂ ਆਰਟੀਕਲ ਵਡਮੁੱਲੀ ਜਾਣਕਾਰੀ ਤੇ ਪਾਠਕਾਂ ਨੂੰ ਸਹੀ ਸੇਧ ਦੇਣ ਵਾਲੇ ਹਨ। ਡਾ. ਸੁੱਚਾ ਸਿੰਘ ਦੇ ਲੇਖ ਕੇਂਦਰੀ ਖੇਤੀ ਕਾਨੂੰਨ ਤੁਰੰਤ ਵਾਪਸ ਕਰਨ ਦੇ ਬੁਨਿਆਦੀ ਕਾਰਨ ਬਹੁਤ ਹੀ ਪੁਖਤਾ ਜਾਣਕਾਰੀ ਅਤੇ ਠੋਸ ਦਲੀਲਾਂ ਦੇ ਆਧਾਰ ’ਤੇ ਲਿਖਿਆ ਗਿਆ ਹੈ। ਇਸ ਲਿਖਤ ਵਿਚ ਮੌਜੂਦਾ ਸੰਕਟ ਦੇ ਕਾਰਨ ਤਿੰਨ ਖੇਤੀ ਕਾਨੂੰਨਾਂ, ਬਿਜਲੀ ਸੋਧ ਕਾਨੂੰਨ ਅਤੇ ਪਰਾਲੀ ਕਾਨੂੰਨ ਤੁਰੰਤ ਰੱਦ ਕਰਨ ਅਤੇ ਅਤਿਅੰਤ ਢੁੱਕਵੇਂ ਆਧਾਰ ਪ੍ਰਸਤੁਤ ਕੀਤੇ ਗਏ ਹਨ। ਗੁਰਬਚਨ ਸਿੰਘ ਭੁੱਲਰ ਦਾ ਲੇਖ ‘ਕਿਸਾਨ ਮੋਰਚਾ : ਦੰਗ ਹੋ ਕੇ ਦੇਖ ਰਹੀ ਹੈ ਦੂਰ ਦੂਰ ਦੀ ਦੁਨੀਆ’ ਰੌਚਿਕਤਾ ਭਰਪੂਰ ਸ਼ੈਲੀ ਰਾਹੀਂ ਬਹੁਤ ਹੀ ਸੰਤੁਲਨ ਵਿਚ ਰਹਿੰਦਿਆਂ ਕਿਸਾਨ ਸੰਘਰਸ਼ ਦੇ ਅਨੁਸ਼ਾਸਨ, ਦ੍ਰਿੜ੍ਹਤਾ, ਸਪੱਸ਼ਟਤਾ ਅਤੇ ਨਿਸ਼ਚਿਤ ਜਿੱਤ ਨੂੰ ਬਿਆਨ ਕਰਨ ਵਾਲੀ ਪ੍ਰਸੰਸਾਯੋਗ ਲਿਖਤ ਹੈ ਤੇ ਸਰਕਾਰ ਨੂੰ ਕੰਧ ’ਤੇ ਲਿਖਿਆ ਪੜ੍ਹ ਲੈਣ ਦੀ ਸਪਸ਼ਟ ਨਸੀਹਤ ਹੈ।
ਡਾ. ਗੁਰਦੀਪ ਸਿੰਘ ਸੰਧੂ, ਪਟਿਆਲਾ
ਕਿਰਤ ਦੀ ਅਹਿਮੀਅਤ
9 ਦਸੰਬਰ ਦੇ ਨਜ਼ਰੀਆ ਸਫ਼ੇ ’ਤੇ ਸਵਰਾਜਬੀਰ ਦੀ ਸੰਪਾਦਕੀ ‘ਕਿਰਤ ਦੀ ਲੋਅ’ ਰਾਹੀਂ ਪਿਛਲੇ ਕਿੰਨੇ ਹੀ ਹਫ਼ਤਿਆਂ ਦੇ ਪੰਜਾਬ ਤੇ ਭਾਰਤੀ ਕਿਸਾਨਾਂ ਦੀ ਕਿਰਸਾਨੀ ਤੇ ਪਿੰਡਾਂ ਦੀ ਹੋਂਦ ਦੀ ਕਾਇਮੀ ਲਈ ਕੀਤੇ ਜਾ ਰਹੇ ਤਰਕਸੰਗਤ ਯਤਨਾਂ ਦੇ ਸੱਚ ਨੂੰ ਹੀ ਸਾਂਝਿਆਂ ਨਹੀਂ ਕੀਤਾ ਸਗੋਂ ਕਈ ਦਹਾਕਿਆਂ ਦੇ ਧਨਾਢੀ ਹਕੂਮਤਾਂ ਦੇ ਪਰਦੇ ਪਿਛਲੇ ਸੱਚ ਤੋਂ ਵੀ ਜਾਣੂ ਕਰਵਾਇਆ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਜੀਵਨ ਭਰ ਦੇ ਲੋਕਾਈ ਨੂੰ ਸੁਚੱਜੀ ਜੀਵਨ ਜਾਚ ਅਪਣਾਉਣ ਦੇ ਯਤਨਾਂ ਦੇ ਮਹੱਤਵ ਨਾਲ ਅਖ਼ੀਰੀ ਵਰ੍ਹਿਆਂ ’ਚ ਕਿਰਤ ਕੀਤੀ, ਹਲ ਵਾਹਿਆ ਤੇ ਲੋਕਾਈ ਨੂੰ ਕਿਰਤ ਕਰਨ ਦਾ ਸੁਨੇਹਾ ਦਿੱਤਾ।
ਡਾ. ਗਗਨਦੀਪ ਸਿੰਘ, ਸੰਗਰੂਰ
ਲਾਮਿਸਾਲ ਬੰਦ
8 ਦਸੰਬਰ ਦਾ ਕਿਸਾਨਾਂ ਵੱਲੋਂ ਕੀਤਾ ਬੰਦ ਲਾਮਿਸਾਲ ਹੋ ਨਬਿੜਿਆ ਹੈ। ਜ਼ਿੰਦਗੀ ਦੇ ਲਗਭੱਗ ਛੇ ਦਹਾਕਿਆਂ ਵਿਚ ਹਜ਼ਾਰਾਂ ਬੰਦ ਸਫ਼ਲ ਅਤੇ ਅਸਫ਼ਲ ਹੁੰਦੇ ਵੇਖੇ ਪਰ ਸਾਰਿਆਂ ਦਾ ਆਧਾਰ ਜ਼ੋਰ ਜ਼ਬਰਦਸਤੀ ਹੀ ਸੀ। ਦੁਨੀਆ ਦਾ ਸ਼ਾਇਦ ਇਹ ਪਹਿਲਾ ਬੰਦ ਹੈ ਜਿਸ ਵਿਚ ਸਬੰਧਿਤ ਧਿਰ ਵੱਲੋਂ ਇਹ ਹੋਕਾ ਦਿੱਤਾ ਗਿਆ ਕਿ ਕੋਈ ਜ਼ਬਰਦਸਤੀ ਨਹੀਂ ਹੋਵੇਗੀ। ਇਸ ਦੇ ਬਾਵਜੂਦ ਹਰ ਜਥੇਬੰਦੀ, ਭਾਜਪਾ ਨੂੰ ਛੱਡ ਹਰ ਪਾਰਟੀ ਅਤੇ ਹਰ ਵਿਅਕਤੀ ਨੇ ਇਸ ਧਰਨੇ ਵਿਚ ਸ਼ਾਮਲ ਹੋਣ ਦੀ ਅੱਗ ਵਧ ਕੇ ਹਾਮੀ ਭਰੀ। ਇਹ ਸਭ ਕਿਸਾਨਾਂ ਦੀ ਸੱਚਾਈ ਅਤੇ ਏਕੇ ਕਾਰਨ ਹੀ ਸੰਭਵ ਹੋਇਆ ਹੈ।
ਡਾ. ਤਰਲੋਚਨ ਕੌਰ, ਪਟਿਆਲਾ
ਪੇਂਡੂ ਸਾਂਝ ਦੀਆਂ ਰਵਾਇਤਾਂ
8 ਦਸੰਬਰ ਨੂੰ ਨਜ਼ਰੀਆ ਪੰਨੇ ’ਤੇ ਪਾਵੇਲ ਕੁੱਸਾ ਦਾ ਲੇਖ ‘ਦਿੱਲੀ ਮੋਰਚੇ ’ਤੇ ਨਿਵੇਕਲੀ ਸ਼ਹਾਦਤ ਦੇ ਅਰਥ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਅੱਜ ਦੇ ਡਿਜੀਟਲ ਯੁੱਗ ਵਿਚ ਵੀ ਪਿੰਡਾਂ ਵਿਚ ਪੁਰਾਣੀਆਂ ਸਵਾਰਥ ਰਹਿਤ ਰਵਾਇਤਾਂ ਜਿਉਂਦੀਆਂ ਹਨ। ਲੇਖ ਵਿਚਲਾ ਯੋਧਾ ਜਨਕ ਰਾਜ ਬਿਨਾਂ ਕਿਸੇ ਨਿੱਜੀ ਲਾਭ ਦੇ ਕਿਸਾਨ ਅੰਦੋਲਨ ਦੇ ਹਿੱਸਾ ਬਣ ਕੇ ਸ਼ਹਾਦਤ ਦਾ ਜਾਮ ਪੀ ਗਿਆ। ਅਜੇ ਕੁਝ ਕੁ ਵਰ੍ਹੇ ਪਹਿਲਾਂ ਦੀ ਹੀ ਗੱਲ ਹੈ ਜਦੋਂ ਖੂਹਾਂ ਦਾ ਜ਼ਮਾਨਾ ਹੁੰਦਾ ਸੀ ਤੇ ਪਿੰਡ ਵਿਚ ਕਿਸੇ ਨੂੰ ਖੂਹ ਲੁਆਉਣਾ ਹੁੰਦਾ ਸੀ ਤਾਂ ਪੂਰਾ ਪਿੰਡ ਖੁਦਾਈ ਵਾਲੀ ਥਾਂ ’ਤੇ ਬਿਨਾਂ ਬੁਲਾਏ ਹੀ ਪਹੁੰਚ ਜਾਂਦਾ ਤੇ ਹੱਥੋ-ਹੱਥੀ ਕੁਝ ਹੀ ਦਿਨਾਂ ਵਿਚ ਖੂਹ ਤਿਆਰ ਹੋ ਜਾਂਦਾ। ਅੱਜ ਜਨਕ ਰਾਜ ਦੀ ਸ਼ਹਾਦਤ ਨੇ ਮੁੜ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਪਿੰਡਾਂ ਵਿਚ ਅੱਜ ਵੀ ਉਹੋ ਜਿਹਾ ਭਾਈਚਾਰਾ ਕਾਇਮ ਹੈ।
ਫਕੀਰ ਸਿੰਘ, ਦਸੂਹਾ
ਸੁਖਦ ਸੁਨੇਹਾ
ਐਸਪੀ ਸਿੰਘ ਵੱਲੋਂ 7 ਦਸੰਬਰ ਨੂੰ ਲਿਖੇ ਲੇਖ ‘ਗੱਲਬਾਤ ਵਿਗਿਆਨ ਭਵਨ ਤੋਂ ਬਾਹਰ ਵੀ ਹੋ ਰਹੀ ਹੈ’ ਵਿਚ ਅੱਜ ਦੇ ਕਿਸਾਨੀ ਘੋਲ ਦੀਆਂ ਪ੍ਰਾਪਤੀਆਂ ਨੂੰ ਬਹੁਤ ਵਧੀਆ ਦਲੀਲਾਂ ਨਾਲ ਬਿਆਨ ਕੀਤਾ ਗਿਆ ਹੈ। ਇਸ ਸੰਘਰਸ਼ ਨੂੰ ਹਰ ਵਰਗ ਦਾ ਭਰਪੂਰ ਸਮਰਥਨ ਮਿਲਣਾ ਅੱਜਕੱਲ੍ਹ ਦੇ ਮਾਹੌਲ ਵਿਚ ਹੱਕ, ਸੱਚ, ਇਨਸਾਨੀਅਤ ਤੇ ਇਨਸਾਫ਼ ਦੇ ਝੰਡਾ ਬਰਦਾਰਾਂ ਲਈ ਸੁਖਦ ਸੁਨੇਹਾ ਹੈ। ਉਨ੍ਹਾਂ ਨੂੰ ਦੇਸ਼ਧ੍ਰੋਹੀ ਕਹਿਣ ਵਾਲਿਆਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਲੋਕਾਂ ਦੀ ਆਵਾਜ਼ ਨੂੰ ਜ਼ਿਆਦਾ ਦੇਰ ਤਕ ਦਬਾਇਆ ਨਹੀਂ ਜਾ ਸਕਦਾ।
ਸਾਧਨਾ ਸੈਣੀ, ਈਮੇਲ
(2)
ਐਸਪੀ ਸਿੰਘ ਦਾ ਲੇਖ ਪੜ੍ਹਿਆ ਜਿਸ ਵਿਚ ਕੇਂਦਰ ਦੇ ਬਣਾਏ ਤਿੰਨ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਚ ਕਿਸਾਨਾਂ ਵੱਲੋਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੇ ਪ੍ਰਦਰਸ਼ਨ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਲੇਖਕ ਦੁਆਰਾ ਬਹੁਤ ਹੀ ਵਧੀਆ ਸ਼ਬਦਾਵਲੀ ਰਾਹੀਂ ਸੰਘਰਸ਼ ਦੀ ਹਰ ਸਥਿਤੀ ਚਾਹੇ ਪੰਜਾਬ ਦੀ ਇਕਜੁੱਟਤਾ ਹੋਵੇ, ਔਰਤਾਂ ਦਾ ਬੁਲੰਦ ਹੌਸਲਾ, ਹੋਰ ਰਾਜਾਂ ਅਤੇ ਵਿਦੇਸ਼ਾਂ ਵੱਲੋਂ ਕਿਸਾਨਾਂ ਦਾ ਸਮਰਥਨ, ਦਲੀਲਬਾਜ਼ ਪੰਜਾਬੀ ਉੱਭਰ ਕੇ ਆਉਣ ਅਤੇ ਮੀਡੀਆ ਦੇ ਸੱਚ ਆਦਿ ਨੂੰ ਬਾਖ਼ੂਬੀ ਬਿਆਨਿਆ ਗਿਆ ਹੈ।
ਪਰਮਿੰਦਰ ਸੰਧੂ, ਈਮੇਲ