ਕਿਸਾਨ ਅੰਦੋਲਨ ਦੇ ਰੰਗ
7 ਦਸੰਬਰ ਨੂੰ ਨਜ਼ਰੀਆ ਪੰਨੇ ’ਤੇ ਪਰਗਟ ਸਿੰਘ ਸਤੌਜ ਦਾ ਮਿਡਲ ‘ਦਿੱਲੀ ਟੀਕਰੀ ਬਾਰਡਰ ਦੇ ਰੰਗ’ ਪੜ੍ਹਿਆ। ਲੇਖਕ ਨੇ ਕਿਸਾਨਾਂ ਬਾਰੇ ਹਕੀਕਤ ਬਿਆਨ ਕੀਤੀ ਹੈ। ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪੰਜਾਬ ਦੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤਕ ਦਿੱਲੀ ਧਰਨਾ ਲਾਈ ਬੈਠੇ ਹਨ। ਪੰਜਾਬ ਦੇ ਬੱਚੇ ਬੱਚੇ ਨੂੰ ਇਨ੍ਹਾਂ ਕਾਲੇ ਕਾਨੂੰਨਾਂ ਦਾ ਪਤਾ ਲੱਗ ਗਿਆ ਹੈ ਕਿ ਇਹ ਸਾਡੀ ਕਿਸਾਨੀ ਤਬਾਹ ਕਰ ਦੇਣਗੇ। ਕਿਸਾਨੀ ਅੰਦੋਲਨ ਵਿਚ ਬੈਠੇ ਕਈ ਲੋਕਾਂ ਦੀ ਮੌਤ ਵੀ ਹੋ ਗਈ। ਸਰਕਾਰ ਕਿਸਾਨਾਂ ’ਤੇ ਤਰਸ ਨਹੀਂ ਕਰ ਰਹੀ ਸਗੋਂ ਅੱਗੇ ਤੋਂ ਅੱਗੇ ਸਮਝੌਤੇ ਲਈ ਤਰੀਕਾਂ ਪਾ ਰਹੀ ਹੈ। ਇਨ੍ਹਾਂ ਸੰਘਰਸ਼ੀ ਕਿਸਾਨਾਂ ਅੱਗੇ ਸਿਰ ਝੁਕਦਾ ਹੈ।
ਸੁਖਦੇਵ ਸਿੱਧੂ ਕੁਸਲਾ, ਸਰਦੂਲਗੜ੍ਹ (ਮਾਨਸਾ)
(2)
ਮਿਡਲ ‘ਦਿੱਲੀ ਟੀਕਰੀ ਬਾਰਡਰ ਦੇ ਰੰਗ’ ਵਧੀਆ ਲੱਗਿਆ। ਲੇਖਕ ਨੇ ਬਹੁਤ ਹੀ ਸਰਲ ਤਰੀਕੇ ਨਾਲ ਦਿੱਲੀ ਦੇ ਬਾਰਡਰ ’ਤੇ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨ ਮਜ਼ਦੂਰ ਏਕਤਾ ਦਾ ਸਬੂਤ ਪੇਸ਼ ਕੀਤਾ ਹੈ। ਕੇਂਦਰ ਸਰਕਾਰ ਨੇ ਪਿਛਲੇ ਸਾਲਾਂ ਤੋਂ ਜੋ ਹਰ ਇਕ ਵਰਗ ਨਾਲ ਜੋ ਅੜੀਅਲ ਰਵੱਈਏ ਵਰਤਿਆ ਹੈ, ਉਸ ਕਾਰਨ ਹੀ ਅੱਜ ਸਾਰਾ ਦੇਸ਼ ਇਕਜੁੱਟ ਹੋ ਕੇ ਕਿਸਾਨੀ ਸੰਘਰਸ਼ ਦਾ ਹਿੱਸਾ ਬਣ ਕੇ ਖੜ ਗਿਆ ਹੈ।
ਮਨਮੋਹਨ ਸਿੰਘ, ਨਾਭਾ (ਪਟਿਆਲਾ)
ਕਿਸਾਨ-ਕੇਂਦਰ ਗੱਲਬਾਤ
7 ਦਸੰਬਰ ਦੀ ਸੰਪਾਦਕੀ ‘ਕਿਸਾਨ-ਕੇਂਦਰ ਗੱਲਬਾਤ’ ਖੇਤੀ ਕਾਨੂੰਨ ਵਾਪਸ ਲੈਣ ਲਈ ਕਿਸਾਨਾਂ ਦੀ ਸਰਕਾਰ ਨਾਲ ਚੱਲ ਰਹੀ ਗੱਲਬਾਤ ਤੇ ਕਿਸਾਨ ਅੰਦੋਲਨ ਦਾ ਵਿਸਥਾਰ ਨਾਲ ਵੇਰਵਾ ਸੀ। ਦੇਸ਼ ਦੇ ਆਰਥਿਕ ਵਿਕਾਸ ਵਿਚ ਧਰਤੀ ਪੁੱਤਰ ਦੀ ਅਹਿਮ ਭੂਮਿਕਾ ਹੈ। ਕੇਂਦਰ ਸਰਕਾਰ ਆਪਣੇ ਫ਼ੈਸਲੇ ’ਤੇ ਅੜੀ ਹੋਈ ਹੈ, ਜੋ ਤਾਨਸ਼ਾਹ ਰਵੱਈਆ ਹੈ ਤੇ ਇਹ ਦੇਸ਼ ਹਿੱਤ ਵਿਚ ਨਹੀਂ ਹੈ।
ਅਨਿਲ ਕੌਸ਼ਿਕ, ਕੈਥਲ (ਹਰਿਆਣਾ)
ਪੰਜਾਬ ਸਿਰ ਕਰਜ਼ੇ ਦਾ ਮਾਮਲਾ
7 ਦਸੰਬਰ ਨੂੰ ਸੁਖਦੇਵ ਸਿੰਘ ਭੁੱਲੜ ਦਾ ਇੰਦਰ ਕੁਮਾਰ ਗੁਜਰਾਲ ਵੱਲੋਂ ਪੰਜਾਬ ਸਿਰ ਚੜ੍ਹਿਆ 8500 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਨਾ ਕਰਨ ਬਾਰੇ ਸਵਾਲ ਕਰਨਾ ਉਨ੍ਹਾਂ ਦੀ ਅਗਿਆਨਤਾ ਹੈ। ਇਹ ਕਰਜ਼ਾ ਪੰਜਾਬ ਨੇ ਲਿਆ ਹੀ ਨਹੀਂ ਸੀ ਬਲਕਿ 1983 ਤੋਂ 1993 ਤਕ ਪੰਜਾਬ ’ਚ ਲਾਈਆਂ ਪੈਰਾਮਿਲਟਰੀ ਫੋਰਸਾਂ ਦੀਆਂ ਤਨਖ਼ਾਹਾਂ ਅਤੇ ਟਰਾਂਸਪੋਰਟ ਖ਼ਰਚ ਦੀ ਵਸੂਲੀ ਸੀ। ਇਹ ਰਕਮ ਮੁਆ਼ਫ਼ ਹੋਣ ਦੀ ਖੁਸ਼ੀ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਮੁਲਾਜ਼ਮਾਂ ਨੂੰ ਸਿਰਫ਼ ਇਕ ਸਾਲ 1997 ਵਿਚ ਨੌਨ ਪ੍ਰੋਡਕਟਿਵ ਬੋਨਸ (ਅੱਧਾ ਨਕਦ ਅੱਧਾ ਜੀਪੀਐਫ਼) ਦਿੱਤਾ ਸੀ। ਪੰਜਾਬ ਸਿਰ ਚੜ੍ਹੇ ਵਰਤਮਾਨ ਢਾਈ ਲੱਖ ਕਰੋੜ ਰੁਪਏ ਕਰਜ਼ ਨੂੰ ਖਾੜਕੂਵਾਦ ਦੇ ਖਾਤਮੇ ਲਈ ਵਰਤਣ ਵਾਲੀ ਰਕਮ 8500 ਕਰੋੜ ਰੁਪਏ ਨਾਲ ਅਤੇ ਗੁਜਰਾਲ ਨਾਲ ਜੋੜਨਾ ਵਾਜਬ ਨਹੀਂ। ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨੀ ਅੰਦੋਲਨ ਨੂੰ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਆਖਣਾ ਸ਼ਰਾਰਤ ਹੈ। 5 ਦਸੰਬਰ ਨੂੰ ਬਾਬਾ ਵਿਸਾਖਾ ਸਿੰਘ ਬਾਰੇ ਮਿਡਲ ਵਿਚ ‘ਪੜ੍ਹਿਆ’ ਸ਼ਬਦ ਵਿਚ ਤਿੰਨ ਵਾਰ ‘ੜ’ ਦੀ ਬਜਾਇ ‘ਅ’ ਨੂੰ ਸਿਹਾਰੀ ਲੱਗੀ ਹੈ, ਜੋ ਪਰੂ਼ਫ ਰੀਡਰ ਨੂੰ ਠੀਕ ਕਰਨੀ ਚਾਹੀਦੀ ਸੀ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਅਜ਼ੀਮ ਸ਼ਖ਼ਸੀਅਤ
4 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਡਾ. ਜਸਪਾਲ ਸਿੰਘ ਦਾ ਲੇਖ ‘ਅਜ਼ੀਮ ਸ਼ਖ਼ਸੀਅਤ ਇੰਦਰ ਕੁਮਾਰ ਗੁਜਰਾਲ ਪੜ੍ਹਿਆ। ਮਹਿਜ਼ ਦੋ ਦਹਾਕਿਆਂ ਵਿਚ ਭਾਰਤ ਦੀ ਸਿਆਸਤ ਵਿਚ ਕਿੰਨਾ ਵੱਡਾ ਬਦਲਾਓ ਆ ਗਿਆ ਹੈ: ਇੰਦਰ ਕੁਮਾਰ ਗੁਜਰਾਲ ਵਰਗੇ ਸੰਵੇਦਨਸ਼ੀਲ ਲੀਡਰ ਦੀ ਥਾਂ ਅੱਜ ਅਜਿਹਾ ਲੀਡਰ ਬਹਿ ਗਿਆ ਹੈ ਜਿਸ ਨੂੰ ਵੱਖ ਵੱਖ ਰਾਜਾਂ ਤੋਂ ਦਿੱਲੀ ਵਿਚ ਪੁੱਜੇ ਕਿਰਤੀ ਕਿਸਾਨਾਂ ਦੀ ਗੱਲ ਵੀ ਸੁਣਾਈ ਨਹੀਂ ਦੇ ਰਹੀ। ਗੁਜਰਾਲ ਵਰਗੇ ਲੀਡਰ ਹੁਣ ਸ਼ਾਇਦ ਬੀਤੇ ਦੀ ਬਾਤ ਬਣ ਗਏ ਹਨ।
ਰੇਸ਼ਮ ਸਿੰਘ, ਜਲੰਧਰ
(2)
4 ਦਸੰਬਰ ਦੇ ਮਿਡਲ ਵਿਚ ਭਾਰਤ ਦੇ ਬਾਰ੍ਹਵੇਂ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੀ ਸ਼ਖ਼ਸੀਅਤ ’ਤੇ ਡਾ. ਜਸਪਾਲ ਸਿੰਘ ਦਾ ਲੇਖ ਚੰਗਾ ਲੱਗਿਆ। ਇੰਦਰ ਕੁਮਾਰ ਗੁਜਰਾਲ ਜੋ ਅਪਰੈਲ 1997 ਤੋਂ ਮਾਰਚ 1998 ਤਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਰਹੇ। ਆਪਣੇ ਥੋੜ੍ਹੇ ਕਾਰਜਕਾਲ ਵਿਚ ਹੀ ਉਨ੍ਹਾਂ ਨੇ ਦੇਸ਼ ਦੀ ਵਾਗਡੋਰ ਬੜੇ ਸੁਚੱਜੇ ਤੇ ਸੁਹਿਰਦ ਢੰਗ ਨਾਲ ਸੰਭਾਲੀ।
ਮਾਸਟਰ ਹਰਭਿੰਦਰ ਮੁੱਲਾਂਪੁਰ (ਈਮੇਲ)
ਸ਼੍ਰੋਮਣੀ ਪੁਰਸਕਾਰ ’ਤੇ ਸਵਾਲ
3 ਦਸੰਬਰ ਨੂੰ ਸ਼੍ਰੋਮਣੀ ਪੁਰਸਕਾਰ ਦਾ ਐਲਾਨ ਕੀਤਾ ਗਿਆ। ਸਾਲ 2019 ਦਾ ਸ਼੍ਰੋਮਣੀ ਬਾਲ ਸਾਹਿਤਕਾਰ ਪੁਰਸਕਾਰ ਉਸ ਲੇਖਕ ਨੂੰ ਦਿੱਤਾ ਗਿਆ, ਜਿਸ ਦੀਆਂ ਸਿਰਫ਼ ਦੋ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ, ਉਹ ਵੀ ਸਾਲ 2019 ਵਿਚ। ਇਸ ਤੋਂ ਇਲਾਵਾ ਉਨ੍ਹਾਂ ਦੀ ਪੰਜਾਬੀ ਬਾਲ ਸਾਹਿਤ ਨੂੰ ਕੋਈ ਦੇਣ ਨਹੀਂ। ਮੈਂ 35 ਸਾਲ ਤੋਂ ਬਾਲ ਸਾਹਿਤ ਲਿਖ ਰਿਹਾ ਹਾਂ। ਮੇਰੀਆਂ 53 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਆਖ਼ਰ ਪੰਜਾਬੀ ਬਾਲ ਸਾਹਿਤ ਨਾਲ ਇਹ ਬੇਇਨਸਾਫ਼ੀ ਕਿਉਂ?
ਅਵਤਾਰ ਸਿੰਘ ਸੰਧੂ, ਈਮੇਲ
ਵਿਗਿਆਨ ਭਵਨ ਤੋਂ ਬਾਹਰ ਹੋ ਰਹੀ ਗੱਲਬਾਤ
7 ਦਸੰਬਰ ਪਰਵਾਜ਼ ਪੰਨੇ ’ਤੇ ਐੱਸਪੀ ਸਿੰਘ ਦਾ ਲੇਖ ‘ਗੱਲਬਾਤ ਵਿਗਿਆਨ ਭਵਨ ਤੋਂ ਬਾਹਰ ਵੀ ਹੋ ਰਹੀ ਹੈ’ ਵਾਕਿਆ ਹੀ ਬਾਦਲੀਲ ਲਿਖਤ ਹੈ। ਲੇਖਕ ਨੇ ਕੇਂਦਰੀ ਖੇਤੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ ਦੀ ਸ਼ਬਦੀ ਤਸਵੀਰ ਉਕਰਦਿਆਂ ਸੰਘਰਸ਼ ਦੇ ਕਈ ਜੇਤੂ ਪੱਖਾਂ ਨੂੰ ਉਜਾਗਰ ਕੀਤਾ ਹੈ। ਲੇਖਕ ਅਨੁਸਾਰ ਭਾਵੇਂ ਕਿਸਾਨੀ ਸੰਘਰਸ਼ ਦੀ ਅਸਲ ਤੇ ਫ਼ੈਸਲਾਕੁਨ ਜਿੱਤ ਹੋਣੀ ਅਜੇ ਬਾਕੀ ਹੈ, ਪਰ ਇਸ ਸੰਘਰਸ਼ ਨੇ ਜਿੱਥੇ ਕੇਂਦਰ ਸਰਕਾਰ ਨੂੰ ਲੋਕਾਂ ਦੇ ਏਕੇ ਦਾ ਨਜ਼ਾਰਾ ਵਿਖਾ ਦਿੱਤਾ ਹੈ, ਉੱਥੇ ਸੰਘਰਸ਼ ਵਿਚ ਬੀਬੀਆਂ ਅਤੇ ਪਾੜ੍ਹਿਆਂ ਸਮੇਤ ਹਰ ਵਰਗ ਦੀ ਸ਼ਮੂਲੀਅਤ ਨੇ ਕੇਂਦਰ ਸਰਕਾਰ ਦੇ ਧੱਕੜ ਤੇ ਹੈਂਕੜਬਾਜ਼ ਵਤੀਰੇ ਨੂੰ ਵੀ ਰੋਕਣ ਦਾ ਰਾਹ ਰੁਸ਼ਨਾਉਂਦਿਆਂ ਸਰਕਾਰ ਦੀ ਗੋਦੀ ਵਿਚ ਬੈਠਣ ਵਾਲੇ ਮੀਡੀਆ ਨੂੰ ਸ਼ੀਸ਼ਾ ਦਿਖਾਇਆ ਹੈ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)