ਮੁਹੱਬਤ ਇਨਕਲਾਬੀ ਹੈ…
3 ਦਸੰਬਰ ਨੂੰ ਅਵੀਜੀਤ ਪਾਠਕ ਦਾ ਲੇਖ ‘ਲਵ ਜਹਾਦ ਅਤੇ ਪਿੱਤਰਸੱਤਾ ਦਾ ਜੋੜ’ ਪੜ੍ਹਿਆ। ਲੇਖਕ ਨੇ ਸੋਹਣੇ ਤਰੀਕੇ ਨਾਲ ਦੱਸਿਆ ਕਿ ਕਿਵੇਂ ਅਤੇ ਕਿਉਂ ਰੂੜੀਵਾਦੀ ਵਿਚਾਰਾਂ ਵਾਲੇ ਮੁਹੱਬਤ ਦਾ ਵਿਰੋਧ ਕਰਦੇ ਹਨ। ਇਹ ਸੱਚ ਹੈ ਕਿ ਮੁਹੱਬਤ ਇਨਕਲਾਬੀ ਹੈ, ਇਸ ਕਰ ਕੇ ਫਾਸ਼ੀਵਾਦੀ ਸੱਤਾ ਮੁਹੱਬਤ ਤੋਂ ਡਰਦੀ ਹੀ ਨਹੀਂ, ਸਮਾਜਿਕ ਰੀਤੀ ਰਿਵਾਜ਼ਾਂ ਤੇ ਪਰੰਪਰਾਵਾਂ ਦੀ ਆੜ ਹੇਠ ਇਸ ਨੂੰ ਦਫ਼ਨ ਕਰਨਾ ਚਾਹੁੰਦੀ ਹੈ। ਹੁਣ ਅੰਤਰ-ਜਾਤੀ ਵਿਆਹ ਤਾਂ ਪ੍ਰਵਾਨਿਤ ਹੋਣ ਲੱਗੇ ਹਨ ਪਰ ਅੰਤਰ-ਮਜ਼ਹਬੀ ਵਿਆਹਾਂ ਖ਼ਾਸ ਕਰ ਜਿਸ ’ਚ ਇਕ ਧਿਰ ਮੁਸਲਮਾਨ ਹੋਵੇ, ਸਮਾਜ ਦੇ ਮਿਡਲ ਤਬਕੇ ਨੂੰ ਪ੍ਰਵਾਨ ਨਹੀਂ ਹੋ ਰਹੀ। ਖ਼ੈਰ, ਕਿਉਂਕਿ ਮੁਹੱਬਤ ਤਾਂ ਇਨਕਲਾਬੀ ਹੈ, ਇਸ ਨੇ ਸਾਰੇ ਰੂੜੀਵਾਦੀ ਵਿਚਾਰਾਂ, ਰੋਕਾਂ ਨੂੰ ਤਾਂ ਪਾਰ ਕਰ ਜਾਣਾ ਹੈ ਪਰ ਅਸਲ ਮੁੱਦਾ ਇਹ ਹੈ ਕਿ ਜਦੋਂ ਪ੍ਰੇਮੀ ਵਿਆਹ ਤੋਂ ਬਾਅਦ ਸਥਾਪਤੀ ਦੀ ‘ਹਾਂ’ ਵਿਚ ‘ਹਾਂ’ ਮਿਲਾ ਲੈਂਦੇ ਹਨ ਤਾਂ ਸੱਤਾ ਅਤੇ ਪਰੰਪਰਾਵਾਂ ਮੁੜ ਤੋਂ ਤਾਕਤਵਰ ਬਣ ਜਾਂਦੀਆਂ ਹਨ।
ਕਰਮਜੀਤ ਸਕਰੁੱਲਾਂਪੁਰੀ, ਮੋਰਿੰਡਾ
ਵਿਕਾਸ ਮਾਡਲ ਅਤੇ ਸਰਕਾਰਾਂ
ਪਹਿਲੀ ਦਸੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਪਿਆਰਾ ਲਾਲ ਗਰਗ ਨੇ ਆਪਣੇ ਲੇਖ ‘ਕਿਸਾਨੀ ਸੰਘਰਸ਼ ਦੀ ਸਿਆਸੀ ਆਰਥਿਕਤਾ’ ਵਿਚ ਸਹੀ ਲਿਖਿਆ ਹੈ ਕਿ ਆਜ਼ਾਦੀ ਤੋਂ ਬਾਅਦ ਵੀ ਆਮ ਲੋਕਾਂ ਤੇ ਕਿਸਾਨ ਮਜ਼ਦੂਰਾਂ ਦੀ ਲੁੱਟ ਖਤਮ ਨਹੀਂ ਹੋਈ, ਭ੍ਰਿਸ਼ਟਾਚਾਰ ਤੇ ਕੁਨਬਾਪ੍ਰਸਤੀ ਨੇ ਪਿੜ ਮੱਲ ਲਿਆ ਪਰ ਉਨ੍ਹਾਂ ਦਾ ਇਹ ਕਹਿਣਾ ਠੀਕ ਨਹੀਂ ਕਿ ਇਸ ਦਾ ਜ਼ਿੰਮੇਵਾਰ ਸਮੇਂ ਦੀ ਸਰਕਾਰ ਨੂੰ ਮੰਨ ਕੇ ਸਰਕਾਰਾਂ ਬਦਲਾਈਆਂ ਜਾਂਦੀਆਂ ਰਹੀਆਂ। ਇਹ ਧਾਰਨਾ ਸਰਮਾਏਦਾਰ ਹਾਕਮ ਪਾਰਟੀਆਂ ਦੀ ਤਾਂ ਰਹੀ ਹੈ ਪਰ ਖੱਬੇ-ਪੱਖੀ ਹਮੇਸ਼ਾਂ ਹਾਕਮਾਂ ਦੇ ਲੋਕ ਵਿਰੋਧੀ ਵਿਕਾਸ ਮਾਡਲ ਨੂੰ ਹੀ ਇਸ ਦਾ ਕਾਰਨ ਮੰਨਦੇ ਅਤੇ ਪ੍ਰਚਾਰਦੇ ਰਹੇ ਹਨ। ਉਹ ਲੋਕਾਂ ਸਾਹਮਣੇ ਲੋਕਾਂ ਦਾ ਅਸਲੀ ਦੁਸ਼ਮਣ ਵੀ ਪੇਸ਼ ਕਰਦੇ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਧਰਮਾਂ, ਜਾਤਾਂ, ਫ਼ਿਰਕਿਆਂ, ਖਿੱਤਿਆਂ ਵਿਚ ਵੰਡੇ ਲੋਕਾਂ ਨੇ ਉਨ੍ਹਾਂ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ ਜਾਂ ਉਹ ਆਪਣੀ ਗੱਲ ਲੋਕਾਂ ਨੂੰ ਜਚਾ ਨਹੀਂ ਸਕੇ। ਇਸ ਦੀ ਸਭ ਤੋਂ ਉੱਘੜਵੀਂ ਮਿਸਾਲ ਹੈ : ਜਦੋਂ ਮਨਮੋਹਨ ਸਿੰਘ-ਨਰਸਿਮ੍ਹਾ ਰਾਓ ਜੋੜੀ ਨੇ ਆਲਮੀ ਬੈਂਕ, ਕੌਮਾਂਤਰੀ ਮੁਦਰਾ ਕੋਸ਼ ਤੇ ਸੰਸਾਰ ਵਪਾਰ ਸੰਸਥਾ ਦੀਆਂ ਨਿਰਦੇਸ਼ਤ ਨਿੱਜੀਕਰਨ, ਸੰਸਾਰੀਕਰਨ ਤੇ ਉਦਾਰੀਕਰਨ ਦੀਆਂ ਲੋਕ ਮਾਰੂ ਨੀਤੀਆਂ ਲਾਗੂ ਕੀਤੀਆਂ, ਉਦੋਂ ਦੇਸ਼ ਦੀਆਂ ਖੱਬੇ-ਪੱਖੀ ਪਾਰਟੀਆਂ ਨੇ ਆਪਣੀ ਸਮਰੱਥਾ ਅਨੁਸਾਰ ਇਨ੍ਹਾਂ ਦਾ ਬਣਦਾ ਵਿਰੋਧ ਕੀਤਾ ਸੀ। ਉਸ ਸਮੇਂ ਲੋਕਾਂ ਅਤੇ ਆਪਣੇ ਆਪ ਨੂੰ ‘ਨਿਰਪੱਖ’ ਕਹਾਉਂਦੇ ਬੁੱਧੀਜੀਵੀਆਂ ਨੇ ਖੱਬੇ-ਪੱਖ ਦਾ ਸਾਥ ਨਹੀਂ ਸੀ ਦਿੱਤਾ। ਉਸ ਸਮੇਂ ਇਹ ਲਾਣਾ ਹਾਕਮਾਂ ਦੇ ਕੰਧਾੜੇ ਚੜ੍ਹ ਕੇ ਸੱਤਾ ਦਾ ਸੁੱਖ ਮਾਣਦਾ ਰਿਹਾ। ਇੱਥੇ ਇਹ ਕਹਿਣਾ ਕੁਥਾਂ ਨਹੀਂ ਹੋਵੇਗਾ ਕਿ ਮੌਜੂਦਾ ਕਿਸਾਨੀ ਘੋਲ ਦੀ ਅਗਵਾਈ ਕਰਨ ਵਾਲਿਆਂ ਵਿਚ ਵੀ ਖੱਬੇ-ਪੱਖੀ ਕਿਸਾਨ ਜਥੇਬੰਦੀਆਂ ਮੋਹਰੀ ਹਨ।
ਡਾ. ਹਜ਼ਾਰਾ ਸਿੰਘ ਚੀਮਾ, ਚੰਡੀਗੜ੍ਹ
ਕਿਸਾਨੀ ਘੋਲ ਅਤੇ ਤਸਵੀਰਕਸ਼ੀ
30 ਨਵੰਬਰ ਦੇ ਅੰਕ ਵਿਚ ਐਸਪੀ ਸਿੰਘ ਨੇ ਕਿਸਾਨੀ ਘੋਲ ਦੇ ਉਦੇਸ਼ਾਂ ਦੀ ਤਸਵੀਰਕਸ਼ੀ ਕੀਤੀ ਹੈ। ਗੁਰੂ ਸਾਹਿਬਾਨ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ, ਮਿਸਲਾਂ, ਆਜ਼ਾਦੀ ਦੀ ਲੜਾਈ ਤਕ ਪੰਜਾਬੀਆਂ ਦਾ ਇਤਿਹਾਸ ਤੱਤਕਾਲੀਨ ਰਾਜਤੰਤਰ ਨੂੰ ਵੰਗਾਰਨ ਤੇ ਲੋਕ ਹਿੱਤਾਂ ਲਈ ਆਪਾ ਵਾਰਨ ਦਾ ਬੱਝਵਾਂ ਇਤਿਹਾਸ ਹੈ। ਵਰਤਮਾਨ ਕਿਸਾਨੀ ਘੋਲ ਦਾ ਸਬਰ ਤੇ ਸਿਦਕ, ਜੋਸ਼ ਤੇ ਹੋਸ਼, ਚਿੰਤਨ ਤੇ ਗਰਜ ਇਸੇ ਬੱਝਵੇਂ ਇਤਿਹਾਸ ਦੀ ਹੀ ਲੋਅ ਹੈ। ਸੋ, ਇਸ ਦਾ ਉਦੇਸ਼ ਕੇਵਲ ਆਰਥਿਕ ਪ੍ਰਾਪਤੀ ਤਕ ਹੀ ਸੀਮਤ ਨਹੀਂ ਸਗੋਂ ਇਹ ਵਰਤਮਾਨ ਹਾਕਮਾਂ ਵੱਲੋਂ ਪਿਛਲੇ ਸਮੇਂ ਤੋਂ ਲੋਕਾਂ ਦੇ ਖਾਣ-ਪਹਿਨਣ, ਰਹਿਣ-ਸਹਿਣ ਤੇ ਸੰਘਰਸ਼ੀ ਪਿੜਾਂ ਨੂੰ ਡੱਕਣ ਵਿਰੁੱਧ ਅਵਾਮ ਦੀ ਨੁਮਾਇੰਦਗੀ ਇਸ ਦਾ ਖਾਸਾ ਹੈ। ਇਸੇ ਲਈ ਇਸ ਨੂੰ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ, ਔਰਤਾਂ, ਦੇਸੀ ਤੇ ਵਿਦੇਸ਼ੀਆਂ ਦੀ ਸਹਿਮਤੀ ਮਿਲ ਰਹੀ ਹੈ।
ਡਾ. ਕੁਲਬੀਰ ਸਿੰਘ ਸੰਧੂ, ਪਿੰਡ ਕੋਹਾਰਵਾਲਾ (ਫਰੀਦਕੋਟ)
(2)
ਐਸਪੀ ਸਿੰਘ ਦਾ ਕਾਲਮ ਬਾਦਲੀਲ ਤੋਂ ਵੀ ਵਿਸ਼ਾਲ ਹੁੰਦਾ ਹੈ। ਲੇਖਕ ਮਸਲੇ ਦੀਆਂ ਪਾਤਾਲ ’ਚ ਲੱਗੀਆਂ ਜੜ੍ਹਾਂ ਅਤੇ ਅਸਮਾਨ ਤਕ ਫੈਲੇ ਅਸਰਾਂ ਦਾ ਵਿਸਥਾਰ ਸੰਖੇਪ ਸ਼ਬਦਾਂ ’ਚ ਕਰ ਜਾਂਦਾ ਹੈ। ਛੋਟੇ ਜਾਪਦੇ ਮਸਲਿਆਂ ਨਾਲ ਜੁੜੇ ਗੁੱਝੇ ਪੱਖ ਅਤੇ ਵੱਡੇ ਬਿਰਤਾਂਤ ਨੂੰ ਸੰਖੇਪ ਵਿਚ ਸਹਿਜ ਨਾਲ ਪੇਸ਼ ਕਰਨ ਦੀ ਕੌਸ਼ਲਤਾ ਕਮਾਲ ਹੈ। ਇਸੇ ਜੁਗਤ ਨਾਲ ਹੀ ਲੇਖਕ ਦਿਓ ਕੱਦ ਬਣੇ ਫਿਰਦੇ ਹੌਲੇ ਲੋਕਾਂ ਦਾ ਬੌਣਾਪਣ, ਫੰਨੇ ਖਾਂ ਸਮਾਜ ਦਾ ਖੋਖ਼ਲਾਪਣ ਉਜਾਗਰ ਕਰ ਜਾਂਦਾ ਹੈ। ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਛਿੜੇ ਕਿਸਾਨੀ ਸੰਘਰਸ਼ ਨੂੰ ਬਾਦਲੀਲ ਸ਼ੀਸ਼ੇ ਵਿਚ ਵੀ ਦੇਖਦਿਆਂ, ਇਸ ਨੂੰ ਧੱਕੜਸ਼ਾਹ ਹਾਕਮਾਂ ਦਾ ਗ਼ਰੂਰ ਤੋੜਨ ਵਾਲਾ, ਨਾਬਰਾਬਰੀਆਂ ਖ਼ਿਲਾਫ਼ ਜੰਗ ਦਾ ਬਿਗਲ ਅਤੇ ਨਾਗਰਿਕਾਂ ਦੀ ਹੋਂਦ ਦਾ ਸਵਾਲ ਕਹਿ ਮਸਲੇ ਦੇ ਜਿਸ ਵਿਰਾਟ ਰੂਪ ਦੇ ਦਰਸ਼ਨ ਕਰਾਏ ਹਨ, ਉਹ ਬਾਦਲੀਲ ਬਿਆਨੀਏ ਨਾਲੋਂ ਵੱਧ ਕੇ ਹੋਰ ਵੀ ਬਹੁਤ ਕੁਝ ਹੈ।
ਹਜ਼ਾਰਾ ਸਿੰਘ, ਮਿਸੀਸਾਗਾ (ਕੈਨੇਡਾ)