ਲੋਕ ਰੋਸ ਦਰਜ ਕਰਵਾਉਣ
ਪਹਿਲੀ ਦਸੰਬਰ ਨੂੰ ਡਾ. ਪਿਆਰਾ ਲਾਲ ਗਰਗ ਦਾ ਲੇਖ ‘ਕਿਸਾਨੀ ਸੰਘਰਸ਼ ਦੀ ਸਿਆਸੀ ਆਰਥਿਕਤਾ’ ਪੜ੍ਹਿਆ। ਲੇਖਕ ਨੇ ਸਮੁੱਚੇ ਸਮਾਜਿਕ ਅਤੇ ਆਰਥਿਕ ਪੱਖਾਂ ਦੀ ਚਰਚਾ ਕਰਦਿਆਂ ਸਮੁੱਚੇ ਰੂਪ ਵਿਚ ਸਮੱਸਿਆਵਾਂ ਦਾ ਮੂਲ ਕਾਰਨ ਕਾਰਪੋਰੇਟ ਅਦਾਰਿਆਂ ਦੀ ਵਧਦੀ ਲਾਲਸਾ ਦੱਸਿਆ ਹੈ। ਸਿਆਸਤ ਅਤੇ ਕਾਰਪੋਰੇਟਾਂ ਦੀ ਸਾਂਝ ਖ਼ਿਲਾਫ਼ ਸਮੂਹ ਲੋਕਾਈ ਨੂੰ ਆਪਣੇ ਵਿਰੋਧ ਦਰਜ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ।
ਸੁਖਦੇਵ ਸਿੰਘ ਪੰਜਰੁੱਖਾ, ਰੂਪਨਗਰ
ਜੁਝਾਰੂ ਜਿਊੜੇ
2 ਦਸੰਬਰ ਨੂੰ ਨਜ਼ਰੀਆ ਪੰਨੇ ਉੱਤੇ ਇੰਦਰਜੀਤ ਸਿੰਘ ਪੱਡਾ ਦਾ ਆਪਣੇ ਗਰਾਈਂ, ਇਨਕਲਾਬੀ ਸ਼ਾਇਰ ਅਤੇ ਸਿਆਸੀ ਕਾਰਕੁਨ ਜੈਮਲ ਪੱਡਾ ਬਾਰੇ ਲੇਖ ਪੜ੍ਹਿਆ। ਅਜਿਹੇ ਜਿਊੜਿਆਂ ਕਰ ਕੇ ਹੀ ਅੱਜ ਕਿਸਾਨੀ ਘੋਲ ਸਿਖ਼ਰਾਂ ਛੂਹ ਸਕਿਆ ਹੈ। ਜੈਮਲ ਪੱਡਾ ਵਰਗੇ ਕਾਰਕੁਨਾਂ ਨੇ ਪਤਾ ਨਹੀਂ ਕੀ ਕੀ ਮੁਸੀਬਤਾਂ ਝੱਲ ਕੇ ਲੋਕਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ।
ਹਰਬੰਸ ਸਿੰਘ ਸੇਖੋਂ, ਸੰਗਰੂਰ
ਓਪਰੇ ਸ਼ਬਦ?
2 ਦਸੰਬਰ ਨੂੰ ਇਕ ਪਾਠਕ ਦੀ ਟਿੱਪਣੀ ਛਪੀ ਹੈ ਜਿਹੜੀ 30 ਨਵੰਬਰ ਨੂੰ ਛਪੇ ਮੇਰੇ ਲੇਖ ‘ਇਹ ਲੜਾਈ ਬਹੁਤ ਵਿਸ਼ਾਲ ਹੈ’ ਬਾਰੇ ਹੈ। ਉਨ੍ਹਾਂ ਇਸ ਲੇਖ ਵਿਚੋਂ ਕੁਝ ਸ਼ਬਦ ਨੋਟ ਕਰ ਕੇ ਇਨ੍ਹਾਂ ਨੂੰ ਓਪਰਾ ਦੱਸਿਆ ਹੈ। ਇਹ ਸ਼ਬਦ ਉਸੇ ਭਾਸ਼ਾ ਵਿਚੋਂ ਹਨ ਜਿਸ ਵਿਚੋਂ ਮੇਜ਼, ਕੁਰਸੀ, ਅਖ਼ਬਾਰ ਜਾਂ ਦਫ਼ਤਰ ਆਉਂਦੇ ਹਨ। ਇਜ਼ਹਾਰ ਨੂੰ ਜ਼ਬਾਨ ਚਾਹੀਦੀ ਹੁੰਦੀ ਹੈ ਕਿਉਂਕਿ ਜ਼ਬਾਨ ਹੀ ਖਿਆਲ ਦਾ ਵਤਨ ਹੁੰਦੀ ਹੈ। ਜੇ ਜ਼ਿਹਨੀ ‘ਡਿਕਸ਼ਨਰੀ’ ਵਿਚੋਂ ਬਾਹਰ ਰਹੇ ਸ਼ਬਦ ਓਪਰੇ ਲੱਗਣ ਤਾਂ ਵਿਰਾਸਤੀ ‘ਲੁਗਤ’ ਵਿਚੋਂ ਲੱਭਣੇ ਚਾਹੀਦੇ ਹਨ। ਅੰਗਰੇਜ਼ੀ ਤੋਂ ‘ਸਿਲੇਬਸ’ ਮੰਗਣ ਦੀ ਥਾਂ ਆਪਣਾ ‘ਨਿਸਾਬ’ ਘੜਨਾ ਚੰਗੇਰਾ-ਆਖ਼ਿਰ ਪੰਜਾਬ ਨਾਲ ਉਰਦੂ ਤੋਂ ਗਹਿਰਾ ਅਜੇ ਅੰਗਰੇਜ਼ੀ ਦਾ ਤਾਂ ਨਹੀਂ ਬਣਿਆ। ਲੇਖਕ ਸਿਰਫ਼ ਲੇਖਣੀ ਦੇ ਪੱਧਰ ਦਾ ਹੀ ਹੁੰਦਾ ਹੈ।
ਐੱਸਪੀ ਸਿੰਘ, ਈਮੇਲ
ਕਲਾਕਾਰ ਅਤੇ ਸੰਵੇਦਨਸ਼ੀਲਤਾ
ਪਹਿਲੀ ਦਸੰਬਰ ਦੇ ਅੰਕ ’ਚ ਮੁੱਖ ਸਫ਼ੇ ਉੱਤੇ ਚਰਨਜੀਤ ਭੁੱਲਰ ਦੀ ਰਿਪੋਰਟ ‘ਤੇਰੇ ਇਕ ਲੱਗੇ ਤਾਂ ਜਾਣੇਂ…’ ਵਿਚ ਮੋਦੀ ਸਰਕਾਰ ਅਤੇ ਭਾਜਪਾ ਦੀ ਅੰਨ੍ਹੀ ਭਗਤ ਬਣੀ ਕੰਗਨਾ ਰਣੌਤ ਦੀ ਆਪਣੀ ਦਾਦੀ ਦੀ ਉਮਰ ਦੀ ਬਜ਼ੁਰਗ ਔਰਤ ਮਹਿੰਦਰ ਕੌਰ ਬਾਰੇ ਕੀਤੀ ਘਟੀਆ ਟਿੱਪਣੀ ਬਾਰੇ ਚਰਚਾ ਕੀਤੀ ਗਈ ਹੈ। ਸੁਹਿਰਦ ਅਤੇ ਜ਼ਿੰਮੇਵਾਰ ਕਲਾਕਾਰ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਹੋਰਨਾਂ ਦੇ ਮੁਕਾਬਲੇ ਸਮਾਜ ਤੇ ਵਰਤਾਰਿਆਂ ਬਾਰੇ ਜ਼ਿਆਦਾ ਸੰਵੇਦਨਸ਼ੀਲ ਹੋਵੇ ਅਤੇ ਜਬਰ-ਜ਼ੁਲਮ ਖ਼ਿਲਾਫ਼ ਅਤੇ ਪੀੜਤ ਧਿਰ ਦੇ ਹੱਕ ਵਿਚ ਆਵਾਜ਼ ਬੁਲੰਦ ਕਰੇ ਪਰ ਕੰਗਨਾ ਨੇ ਅੰਤਾਂ ਦੀ ਠੰਢ ਵਿਚ ਕਿਸਾਨ ਅੰਦੋਲਨ ਵਿਚ ਨਿਰਸਵਾਰਥ ਸੇਵਾ ਕਰ ਰਹੀ 80 ਸਾਲਾ ਬਜ਼ੁਰਗ ਬਾਰੇ ਅਨੈਤਿਕ ਸ਼ਬਦਾਵਲੀ ਵਰਤ ਕੇ ਨਾ ਸਿਰਫ਼ ਆਪਣੀ ਅਕਲ ਦਾ ਦਿਵਾਲਾ ਕੱਢਿਆ ਹੈ ਸਗੋਂ ਮਾਤਾ ਮਹਿੰਦਰ ਕੌਰ, ਉਸ ਦੇ ਪਰਿਵਾਰ ਅਤੇ ਲੱਖਾਂ ਕਿਸਾਨ ਅੰਦੋਲਨਕਾਰੀਆਂ ਨੂੰ ਦੁੱਖ ਪਹੁੰਚਾਉਣ ਦੇ ਨਾਲ ਨਾਲ ਮੌਜੂਦਾ ਇਨਕਲਾਬੀ ਸੰਘਰਸ਼ ਦਾ ਨਿਰਾਦਰ ਵੀ ਕੀਤਾ ਹੈ। ਇਸ ਮਾਣਹਾਨੀ ਲਈ ਉਸ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।
ਸੁਮੀਤ ਸਿੰਘ, ਅੰਮ੍ਰਿਤਸਰ
ਟੈਂ ਨਾ ਮੰਨਣ ਕਿਸੇ ਦੀ…
29 ਨਵੰਬਰ ਨੂੰ ਚਰਨਜੀਤ ਭੁੱਲਰ ਦੀ ‘ਵਿਚਲੀ ਗੱਲ’ (ਅਸਾਂ ਨੀ ਕਨੌੜ ਝੱਲਣੀ) ਚੰਗੀ ਲੱਗੀ। ਸਲਾਮ ਹੈ ਉਨ੍ਹਾਂ ਕਿਸਾਨ ਵੀਰਾਂ ਤੇ ਭੈਣਾਂ ਨੂੰ ਜਿਨ੍ਹਾਂ ਨੇ ਨਾ ਸਿਰਫ਼ ਦਿੱਲੀ ਤੇ ਹਰਿਆਣਾ ਦੀ ਆਕੜ ਭੰਨੀ ਸਗੋਂ ਉਨ੍ਹਾਂ ਨੂੰ ਆਪਣੀ ਵਿਰਾਸਤ ਵੀ ਯਾਦ ਕਰਵਾ ਦਿੱਤੀ। ਅੱਜ ਸ਼ਾਇਰ ਪੂਰਨ ਸਿੰਘ ਦੀ ਯਾਦ ਆ ਗਈ ਜਿਸ ਨੇ ਕਿਹਾ ਸੀ : ਪਿਆਰ ਨਾਲ ਇਹ ਕਰਨ ਗੁਲਾਮੀ ਪਰ ਟੈਂ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾਂ ਮੋਢੇ ’ਤੇ ਉਲਾਰ ਕੇ।
ਡਾ. ਤਰਲੋਚਨ ਕੌਰ, ਪਟਿਆਲਾ
ਹਾਕਮ ਜਮਾਤਾਂ ਦਾ ਚਰਿੱਤਰ
28 ਨਵੰਬਰ ਦਾ ਸੰਪਾਦਕੀ ‘ਉੱਡਦੇ ਬਾਜ਼ਾਂ ਮਗਰ…’ ਕਿਸਾਨੀ ਦੇ ਸੰਘਰਸ਼ ਨੂੰ ਲੈ ਕੇ ਅਤੇ ਮੌਜੂਦਾ ਹਾਲਾਤ ਮੁਤਾਬਿਕ ਹਾਕਮ ਜਮਾਤਾਂ ਦੇ ਚਰਿੱਤਰ ਨੂੰ ਬਿਆਨ ਕਰਦਾ ਹੈ। ਕੇਂਦਰ ਵੱਲੋਂ ਖੇਤੀ ਨਾਲ ਸਬੰਧਿਤ ਪਾਸ ਕੀਤੇ ਤਿੰਨ ਕਾਨੂੰਨ ਕਿਸਾਨ ਮਾਰੂ ਹਨ। ਸੰਘਰਸ਼ ਹੁਣ ਭਖਿਆ ਹੋਇਆ ਹੈ, ਹੁਣ ਦੇਖਣਾ ਇਹ ਹੈ ਕਿ ਕਿਸਾਨ ਅਗਲਾ ਪੈਂਤੜਾ ਕੀ ਲੈਂਦੇ ਹਨ? ਕਿਸਾਨੀ ਦੇ ਇਸ ਸੰਘਰਸ਼ ਨੂੰ ਹਰ ਹਾਲਤ ਵਿਚ ਸਫ਼ਲ ਬਣਾਉਣਾ ਹੈ। ਮਜ਼ਦੂਰਾਂ ਤੇ ਹੋਰ ਮਿਹਨਤਕਸ਼ ਵਰਗ ਨੂੰ ਕਿਸਾਨੀ ਦੀ ਹਮਾਇਤ ਵਿਚ ਸੜਕਾਂ ’ਤੇ ਆਉਣਾ ਹੋਵੇਗਾ। ਇਹ ਵੀ ਦੇਖਣ ਵਾਲੀ ਗੱਲ ਹੈ ਕਿ ਜੇ ਮੌਜੂਦਾ ਕਿਸਾਨੀ ਦਾ ਘੋਲ ਕ੍ਰਾਂਤੀ ਨਹੀਂ ਤਾਂ ਕ੍ਰਾਂਤੀ ਦਾ ਅਭਿਆਸ ਜ਼ਰੂਰ ਹੈ। ਸਾਰੀਆਂ ਖੱਬੀਆਂ ਪਾਰਟੀਆਂ ਨੂੰ ਕਿਸਾਨੀ ਦੇ ਇਸ ਸੰਘਰਸ਼ ਵਿਚ ਬੜੀ ਸੰਜੀਦਗੀ ਨਾਲ ਲੈਣਾ ਚਾਹੀਦਾ ਹੈ ਅਤੇ ਇਸ ਨੂੰ ਲੋਕ ਜਮਹੂਰੀ ਇਨਕਲਾਬ ਦੇ ਪੜਾਅ ਵਜੋਂ ਦੇਖਿਆ ਜਾਵੇ।
ਪਵਨ ਕੁਮਾਰ ਕੌਸ਼ਲ, ਦੋਰਾਹਾ (ਲੁਧਿਆਣਾ)