ਮੁਲਕ ਮਜ਼ਾਕ ਹੋ ਗਿਆ!
ਰੋਸ ਪ੍ਰਦਰਸ਼ਨ ਕਰਨ ਵਾਲੇ ਸਿੱਖ ਸਰਕਾਰ ਲਈ ‘ਖਾਲਿਸਤਾਨੀ’ ਹਨ; ਮੁਸਲਮਾਨ ‘ਅਤਿਵਾਦੀ’ ਹਨ; ਜਿਹੜੇ ਹਿੰਦੂ ਸਰਕਾਰ ਦੇ ਖ਼ਿਲਾਫ਼ ਬੋਲਦੇ ਹਨ, ਉਹ ਅਪਰਾਧੀ ਹਨ। ਸਿਰਫ਼ ਉਹੀ ਹਿੰਦੂ ਦੇਸ਼ ਭਗਤ ਹਨ, ਜੋ ਸਰਕਾਰ ਖ਼ਿਲਾਫ਼ ਬੋਲਦੇ ਨਹੀਂ ਹਨ! … ਇਹ ਮੁਲਕ ਮਜ਼ਾਕ ਹੋ ਗਿਆ ਹੈ?
ਅਨਮੋਲ ਅਹੂਜਾ, ਪਟਿਆਲਾ
ਸਰਕਾਰ ਦਾ ਵਤੀਰਾ
ਕੇਂਦਰ ਸਰਕਾਰ ਦਾ ਕਿਸਾਨਾਂ ਪ੍ਰਤੀ ਬੇਰੁਖ਼ੀ ਵਾਲਾ ਵਤੀਰਾ ਇੰਝ ਜਾਪਦਾ ਹੈ, ਜਿਵੇਂ ਉਨ੍ਹਾਂ ਨੂੰ ਕੋਈ ਫ਼ਰਕ ਹੀ ਨਾ ਪੈਂਦਾ ਹੋਵੇ। ਇਹੋ ਜਿਹੇ ਵਤੀਰੇ ਨਾਲ ਨਾ ਕੇਵਲ ਕਿਸਾਨ, ਸਗੋਂ ਹਰ ਇਕ ਇਨਸਾਨ ਦਾ ਸਰਕਾਰਾਂ ਤੇ ਇਨ੍ਹਾਂ ਦੇ ਖੋਖਲੇ ਵਾਅਦਿਆਂ ਉੱਪਰੋਂ ਭਰੋਸਾ ਟੁੱਟਦਾ ਜਾ ਰਿਹਾ ਹੈ। ਮਾਮਲੇ ਨੂੰ ਹੋਰ ਵਧਾਉਣ ਨਾਲੋਂ ਚੰਗਾ ਕੇਂਦਰ ਸਰਕਾਰ ਨੂੰ ਜਲਦ ਹੀ ਕਿਸਾਨਾਂ ਦੇ ਹਿੱਤ ਵਿਚ ਫ਼ੈਸਲਾ ਲੈਣਾ ਚਾਹੀਦਾ ਹੈ।
ਮਨਮੀਸ਼ ਕੌਰ, ਰਾਜਪੁਰਾ
ਅਨੁਭਵ ਦੀ ਰੋਸ਼ਨੀ
ਕਰਨੈਲ ਸਿੰਘ ਸੋਮਲ ਦਾ ਲੇਖ ‘ਅਨੁਭਵ ਦੀ ਐਨਕ’ (ਸਤਰੰਗ 28 ਨਵੰਬਰ) ਪੜ੍ਹਦਿਆਂ ਇਉਂ ਮਹਿਸੂਸ ਹੋਇਆ, ਜਿਵੇਂ ਪੰਜਾਬੀ ਬੋਲੀ ਪੋਲੇ ਪੈਰੀਂ ਤੁਰਦੀ ਅਨੁਭਵ ਹੀ ਅਹਿਮੀਅਤ ਨੂੰ ਉਜਾਗਰ ਕਰ ਰਹੀ ਹੋਵੇ। ਭਾਰਤ ਵਿਚ ਪ੍ਰਚਲਿਤ ਕਹਾਣੀ ਵਿਚ ਅੱਖਾਂ ਦੀ ਰੋਸ਼ਨੀ ਤੋਂ ਮਹਿਰੂਮ ਛੇ ਵਿਅਕਤੀਆਂ ਨੂੰ ਕਿਹਾ ਜਾਂਦਾ ਹੈ ਕਿ ਉਹ ਹਾਥੀ ਬਾਰੇ ਆਪਣਾ ਅਨੁਭਵ ਦੱਸਣ। ਜਿਸ ਦੇ ਹੱਥ ਹਾਥੀ ਦੀ ਲੱਤ ’ਤੇ ਜਾਂਦੇ, ਉਹ ਹਾਥੀ ਨੂੰ ਥੰਮ੍ਹ ਵਰਗਾ; ਜਿਸ ਦੇ ਹੱਥ ਵੱਡੇ ਹਿੱਸੇ ਨੂੰ ਛੂੰਹਦੇ ਹਨ, ਉਹ ਉਸ ਨੂੰ ਦੀਵਾਰ ਵਰਗਾ; ਜਿਸ ਦੇ ਹੱਥ ਸੁੰਡ ਨੂੰ ਲੱਗਦੇ ਹਨ, ਉਹ ਉਸ ਨੂੰ ਸੱਪ ਵਰਗਾ; ਜਿਸ ਦੇ ਹੱਥ ਉਸ ਦੇ ਬਾਹਰਲੇ ਦੰਦਾਂ ਨੂੰ ਲੱਗਦੇ ਹਨ, ਉਸ ਲਈ ਉਹ ਨੇਜ਼ੇ ਵਰਗਾ ਅਤੇ ਜਿਸ ਦੇ ਹੱਥ ਪੂਛ ਨੂੰ ਲੱਗਦੇ ਹਨ, ਉਹ ਹਾਥੀ ਨੂੰ ਰੱਸੀ ਵਾਂਗ ਚਿਤਵਦਾ ਹੈ। ਸਾਰਿਆਂ ਦਾ ਅਨੁਭਵ ਆਪਣੇ ਆਪ ਵਿਚ ਤਾਂ ਠੀਕ ਹੈ ਪਰ ਮੁਕੰਮਲ ਨਹੀਂ। ਸੋ, ਅਨੁਭਵ ਦੀ ਵਿਸ਼ਾਲਤਾ ਨਾਲ ਹੀ ਤੰਗ ਦਿਲੀਆਂ ਤੋਂ ਖਹਿੜਾ ਛੁੱਟਦਾ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਮਾਨਸਿਕ ਸਿਹਤ : ਹੱਲ ਕੀ ਹੈ ?
27 ਨਵੰਬਰ ਨੂੰ ਸਿਹਤ ਤੇ ਸਿੱਖਿਆ ਪੰਨੇ ’ਤੇ ਛਪਿਆ ਡਾ. ਆਗਿਆਜੀਤ ਸਿੰਘ ਦਾ ਲੇਖ ‘ਮਾਨਸਿਕ ਸਿਹਤ’ ਵਿਚ ਥਿਊਰੀ ਉੱਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਲੇਖਕ ਨੇ ਮਾਨਸਿਕ ਸਿਹਤ ਦੇ ਨਿਘਾਰ ਦੇ ਮੌਜੂਦਾ ਕਾਰਨਾਂ ਦਾ ਵਰਨਣ ਨਹੀਂ ਕੀਤਾ। ਮਾਨਸਿਕ ਸਿਹਤ ਦੇ ਵਿਕਾਰਾਂ ਦੇ ਵਾਜਬਿ ਅਤੇ ਸੰਭਵ ਹੱਲ ਕੀ ਕਰਨੇ ਚਾਹੀਦੇ ਹਨ, ਦਾ ਜ਼ਿਕਰ ਜ਼ਰੂਰੀ ਸੀ। ਪਾਠਕਾਂ ਨੂੰ ਇਸ ਤੋਂ ਬਚਾਉਣ ਦੇ ਹੱਲਾਂ ਬਾਰੇ ਵੀ ਛਾਪਿਆ ਜਾਵੇ।
ਵਿਨੋਦ ਗਰਗ, ਬਰਨਾਲਾ
ਸਾਦਗੀ ਦੀ ਮੂਰਤ
19 ਨਵੰਬਰ ਨੂੰ ਨਜ਼ਰੀਆ ਪੰਨੇ ਉਤੇ ਮੋਹਨ ਸ਼ਰਮਾ ਦਾ ਮਿਡਲ ‘ਚੌਰਾਹੇ ਵਿਚ ਜਗਦਾ ਦੀਵਾ’ ਨੇ ਬਹੁਤ ਖ਼ੂਬਸੂਰਤ ਢੰਗ ਨਾਲ ਸਿਆਸਤਦਾਨਾਂ ਬਾਰੇ ਜਾਣੂ ਕਰਵਾਇਆ। ਅਜੋਕੇ ਯੁੱਗ ਵਿਚ ਸਮਾਜ ਨੂੰ ਹੇਮਰਾਜ ਮਿੱਤਲ ਵਰਗੇ ਆਗੂਆਂ ਦ ਲੋੜ ਹੈ।
ਅਮਨਪ੍ਰੀਤ ਕੌਰ ਬਲੱਗਣ, ਚਮਕੌਰ ਸਾਹਿਬ (ਰੋਪੜ)
ਬੇਲੋੜਾ ਫ਼ੈਸਲਾ
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਵਿਚ ਪਹਿਲੀ ਦਸੰਬਰ ਤੋਂ ਰਾਤ ਦਾ ਕਰਫਿਊ ਲਾਉਣ ਵਾਲਾ ਫ਼ੈਸਲਾ ਬਿਲਕੁਲ ਬੇਲੋੜਾ ਅਤੇ ਗ਼ੈਰ ਵਾਜਬਿ ਹੈ। ਕਰੋਨਾ ਦੇ ਬਚਾਅ ਦਾ ਕਰਫਿਊ ਨਾਲ ਦੂਰ ਦਾ ਵਾਸਤਾ ਵੀ ਨਹੀਂ। ਚੋਣਾਂ ’ਚ ਰੋਡ ਸ਼ੋਅ, ਕਿਸਾਨ ਰੈਲੀਆਂ ਆਦਿ ਵੇਲੇ ਹਜ਼ਾਰਾਂ-ਲੱਖਾਂ ਲੋਕਾਂ ਦੇ ਹੋ ਰਹੇ ਇਕੱਠਾਂ ਸਾਹਮਣੇ ਰਾਤ ਦੇ ਸਮੇਂ ਕਰਫਿਊ ਲਾਉਣ ਦਾ ਫ਼ੈਸਲਾ ਹਾਸੋਹੀਣਾ ਜਾਪਦਾ ਹੈ। ਇਹ ਕਰਫਿਊ ਪੰਜਾਬ ਦੇ ਲੋਕਾਂ ਲਈ ਹੀ ਨਹੀਂ ਸਗੋਂ ਹੋਰ ਸੂਬਿਆਂ ਤੋਂ ਪੰਜਾਬ ਵਿਚ ਰਾਤ ਨੂੰ ਆਉਣ-ਜਾਣ ਵਾਲੇ ਲੋਕਾਂ ਲਈ ਵੀ ਬੇਹੱਦ ਪ੍ਰੇਸ਼ਾਨ ਕਰਨ ਦਾ ਕਾਰਨ ਬਣੇਗਾ।
ਸੋਹਣ ਲਾਲ ਗੁਪਤਾ, ਪਟਿਆਲਾ
ਖੇਤੀ ਬਨਾਮ ਵਾਤਾਵਰਨ
28 ਨਵੰਬਰ ਨੂੰ ਨਜ਼ਰੀਆ ਪੰਨੇ ਉੱਤੇ ਸੁੱਚਾ ਸਿੰਘ ਗਿੱਲ ਦਾ ਲੇਖ ‘ਪੰਜਾਬ ਦੀ ਖੇਤੀ ਤੇ ਵਾਤਾਵਰਨ ਨੂੰ ਕਿਵੇਂ ਬਚਾਇਆ ਜਾਵੇ?’ ਪੜ੍ਹਿਆ। ਲੇਖ ਦੱਸਦਾ ਹੈ ਕਿ ਪੰਜਾਬ ਦੀ ਖੇਤੀ ਵਿਚ ਕਿਸ ਤਰ੍ਹਾਂ ਵਿਕਾਸ ਲਿਆਂਦਾ ਜਾ ਸਕਦਾ ਹੈ ਤੇ ਆਪਣੇ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ। ਲੇਖਕ ਕਿਸਾਨੀ ਨੂੰ ਲੈ ਕੇ ਬਣਿਆ ਮਾਹੌਲ ਵੀ ਬਿਆਨ ਕਰਦਾ ਹੋਇਆ ਸਰਕਾਰਾਂ ਦੀਆਂ ਖ਼ਾਮੀਆਂ ਜ਼ਾਹਿਰ ਕਰਦਾ ਹੈ। ਦੱਸਿਆ ਗਿਆ ਹੈ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਆਮਦ ਵਧਾਉਣ ਲਈ ਚੁੱਕੇ ਕਦਮ ਗ਼ਲਤ ਹਨ ਜਿਨ੍ਹਾਂ ਦਾ ਕਿਸਾਨ ਇਕੱਠੇ ਹੋ ਕੇ ਵਿਰੋਧ ਕਰ ਰਹੇ ਹਨ।
ਨਵਜੋਤ ਸਿੰਘ ਸੰਧੂ, ਅੰਮ੍ਰਿਤਸਰ