ਸਰਕਾਰ ਦੀ ਸਖ਼ਤੀ
25 ਨਵੰਬਰ ਨੂੰ ਸੰਪਾਦਕੀ ‘ਕਿਸਾਨੀ ਅੰਦੋਲਨ ਤੇ ਸਖ਼ਤੀ’ ਪੜ੍ਹਿਆ। ਆਪਣੇ ਹੱਕਾਂ ਲਈ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਚਲਾ ਰਹੇ ਕਿਸਾਨਾਂ ਨਾਲ ਸਰਾਸਰ ਵਧੀਕੀ ਕੀਤੀ ਜਾ ਰਹੀ ਹੈ। ਹਰਿਆਣਾ ਸਰਕਾਰ ਦਾ ਪੰਜਾਬ ਨਾਲ ਲੱਗਦੀ ਹੱਦ ਸੀਲ ਕਰਨਾ ਗ਼ਲਤ ਫ਼ੈਸਲਾ ਹੈ। ਜਮਹੂਰੀਅਤ ਦੀ ਭਲਾਈ ਲਈ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਚੰਗੀ ਤਰ੍ਹਾਂ ਵਿਚਾਰ ਕਰ ਕੇ ਨਿਆਂ ਕਰਨਾ ਚਾਹੀਦਾ ਹੈ। ਕਿਸਾਨ ਜਥੇਬੰਦੀਆਂ ਦਾ ਅੰਦੋਲਨ ਦੇਸ਼ ਅਤੇ ਲੋਕਾਂ ਦੇ ਹਿੱਤਾਂ ਲਈ ਹੈ। 19 ਨਵੰਬਰ ਨੂੰ ਨਜ਼ਰੀਆ ਪੰਨੇ ਉਤੇ ਮੋਹਨ ਸ਼ਰਮਾ ਦਾ ਮਿਡਲ ‘ਚੌਰਾਹੇ ਵਿਚ ਜਗਦਾ ਦੀਵਾ’ ਪ੍ਰੇਰਨਾ ਤੇ ਸਿੱਖਿਆ ਦੇਣ ਵਾਲਾ ਸੀ। ਰਾਜਨੀਤੀ ਦੇ ਖੇਤਰ ਵਿਚ ਦੇਸ਼ ਦੀ ਰਹਿਨੁਮਾਈ ਕਰਨ ਵਾਲੇ ਜ਼ਿਆਦਾਤਰ ਲੋਕ ਹੁਣ ਬੇਈਮਾਨ, ਸਵਾਰਥੀ, ਰਿਸ਼ਵਤਖੋਰ ਹੀ ਮਿਲਦੇ ਹਨ। ਉਨ੍ਹਾਂ ਦਾ ਰਹਿਣ-ਸਹਿਣ, ਪਹਿਰਾਵਾ ਰਾਜੇ-ਮਹਾਰਾਜਿਆਂ ਵਾਂਗ ਹੁੰਦਾ ਹੈ। ਅੱਜ ਹੇਮਰਾਜ ਮਿੱਤਲ ਦੀ ਚਰਚਾ ਇਸੇ ਕਰ ਕੇ ਹੋ ਰਹੀ ਹੈ ਕਿਉਂਕਿ ਉਹ ਹਕੀਕੀ ਰੂਪ ਵਿਚ ਸਾਦਗੀ ਦੀ ਮੂਰਤ ਸਨ ਅਤੇ ਕਿਰਤੀ ਸਨ।
ਅਨਿਲ ਕੌਸ਼ਿਕ, ਪਿੰਡ ਕਿਉੜਕ (ਕੈਥਲ, ਹਰਿਆਣਾ)
ਮਨ ਉਦਾਸ ਹੋਇਆ
25 ਨਵੰਬਰ ਨੂੰ ਪਹਿਲੇ ਸਫ਼ੇ ਉੱਤੇ ਰਾਜੀਵ ਕੁਮਾਰ ਵੱਲੋਂ ਆਪਣੀ ਪਤਨੀ, ਪੁੱਤਰ, ਨੂੰਹ ਅਤੇ ਪੋਤਰੇ ਦਾ ਕਤਲ ਅਤੇ ਕਰਨਾਲ ਜ਼ਿਲ੍ਹੇ ਵਿਚ ਸੁਸ਼ੀਲ ਕੁਮਾਰ ਦਾ ਆਪਣੇ ਤਿੰਨ, ਪੰਜ ਅਤੇ ਸੱਤ ਸਾਲ ਦੇ ਮਾਸੂਮ ਬੱਚਿਆਂ ਨੂੰ ਨਹਿਰ ਵਿਚ ਸੁੱਟ ਕੇ ਮਾਰ ਦੇਣ ਦੀ ਖ਼ਬਰ ਪੜ੍ਹ ਕੇ ਮਨ ਬੜਾ ਉਦਾਸ ਹੋਇਆ। ਬਾਪ ਦੇ ਮਨ ਤੋਂ ਅਣਜਾਣ ਬੱਚੇ ਕਿੰਨੇ ਖੁਸ਼ ਹੋਣਗੇ ਕਿ ਉਹ ਕੁਝ ਖ਼ਰੀਦਣ ਜਾ ਰਹੇ ਹਨ। ਮਨੁੱਖ ਅੰਦਰ ਆਪਣੇ ਬੱਚਿਆਂ ਨੂੰ ਜਾਨੋਂ ਮਾਰਨ ਦੀ ਹਿੰਮਤ ਕਿਵੇਂ ਆ ਗਈ?ਕੀ ਹੋਰ ਕੋਈ ਰਾਹ ਨਹੀਂ ਸੀ? ਇਹ ਵੱਡੇ ਸਵਾਲ ਹਨ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਭਰੋਸੇਯੋਗਤਾ ’ਤੇ ਸਵਾਲ
24 ਨਵੰਬਰ ਨੂੰ ਸਫ਼ਾ ਤਿੰਨ ਉੱਤੇ ਖ਼ਬਰ ਛਪੀ ਹੈ: ‘ਸੱਤ ਫਾਰਮੇਸੀ ਕਾਲਜਾਂ ਨੂੰ ਪੁੱਠਾ ਪਿਆ ਨਕਲ ਦਾ ਨੁਸਖਾ’। ਇਹ ਖ਼ਬਰ ਵਿਦਿਅਕ ਸੰਸਥਾਵਾਂ ਦੀ ਭਰੋਸੇਯੋਗਤਾ ਉੱਤੇ ਉਂਗਲੀ ਚੁੱਕਦੀ ਹੈ। ਹੈਰਾਨੀ ਹੈ ਕਿ ਬੱਚਿਆਂ ਦਾ ਭਵਿੱਖ ਬਣਾਉਣ ਵਾਲਾ ਅਧਿਆਪਕ ਚੰਦ ਪੈਸਿਆਂ ਦੇ ਲਾਲਚ ਵਿਚ ਆ ਕੇ ਆਪਣੇ ਵਿਦਿਆਰਥੀਆਂ ਦੀਆਂ ਅੱਖਾਂ ਅੱਗੇ ਨਕਲ ਦੀ ਪੱਟੀ ਆਪ ਬੰਨ੍ਹਦਾ ਹੈ। ਇਹ ਘਟਨਾ ਪੰਜਾਬ ਸਰਕਾਰ ਦੇ ਉੱਤਮ ਵਿਦਿਅਕ ਦਾਅਵਿਆਂ ਦੀ ਪੋਲ ਵੀ ਖੋਲ੍ਹਦੀ ਹੈ। ਨਕਲ ਅਜਿਹੀ ਦਲਦਲ ਹੈ ਜਿਸ ਵਿਚ ਫਸਿਆ ਵਿਦਿਆਰਥੀ ਕਦੇ ਵੀ ਜ਼ਿੰਦਗੀ ਦੇ ਅਸਲ ਕਾਰਜ ਖੇਤਰ ਵਿਚ ਸਫ਼ਲ ਨਹੀਂ ਹੁੰਦਾ।
ਪੁਲਕਿਤ ਜੈਨ, ਬਨੂੜ (ਮੁਹਾਲੀ)
ਆਪ ਮੰਗਣੀ ਭਿਖਿਆ…
25 ਨਵੰਬਰ ਦੇ ਅੰਕ ’ਚ ਗੁਰਪ੍ਰੀਤ ਸਿੰਘ ਤੰਗੋਰੀ ਦਾ ਮਿਡਲ ‘ਲੇਖ ਦੀ ਕਮਾਈ ਅਤੇ ਅਮਲਾਂ ਦੇ ਨਬਿੇੜੇ’ ਸਿੱਖਿਆ ਭਰਪੂਰ ਹੈ। ਇਹ ਆਮ ਹੀ ਦੇਖਿਆ ਜਾਂਦਾ ਹੈ ਕਿ ਅਸੀਂ ਆਪਣੇ ਨਿੱਤ ਦੇ ਕਾਰ-ਵਿਹਾਰ ’ਚ ਕਹਿੰਦੇ ਕੁਝ ਹਾਂ ਅਤੇ ਕਰਦੇ ਇਸ ਦੇ ਬਿਲਕੁੱਲ ਉਲਟ ਹਾਂ। ਇਸ ਤਰ੍ਹਾਂ ਦੇ ਦੋਹਰੇ ਕਿਰਦਾਰ ਨਾਲ ਹੌਲੀ ਹੌਲੀ ਸਮਾਜ ਵਿਚ ਇੱਜ਼ਤ ਘਟਣ ਲੱਗਦੀ ਹੈ। ਇਹ ਵੀ ਦੇਖਿਆ ਜਾਂਦਾ ਹੈ ਕਿ ਘਰਾਂ ’ਚ ਵੀ ਬੱਚਿਆਂ ਸਾਹਮਣੇ ਮਾਪੇ ਮੋਬਾਇਲ ’ਤੇ ਗੱਲ ਕਰਦਿਆਂ ਝੂਠ ਬੋਲ ਦਿੰਦੇ ਹਨ ਜਦੋਂ ਕਿ ਬੱਚਿਆਂ ਨੂੰ ਸਿੱਖਿਆ ‘ਸੱਚ ਬੋਲਣ’ ਦੀ ਦਿੰਦੇ ਹਨ। ਇਹ ਵਿਹਾਰ ‘ਆਪ ਮੰਗਣੀ ਭਿਖਿਆ, ਹੋਰਾਂ ਨੂੰ ਸਿੱਖਿਆ’ ਅਖਾਣ ਜਿਹਾ ਹੀ ਹੈ। ਸਾਡੀ ਕਥਨੀ ਤੇ ਕਰਨੀ ’ਚ ਇਕਸਾਰਤਾ ਦਾ ਹੋਣਾ ਹੀ ਸੁਚੱਜੀ ਜੀਵਨ ਜਾਚ ਹੈ।
ਦਰਸ਼ਨ ਸਿੰਘ, ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ)
ਕਿਸਾਨ ਅੰਦੋਲਨ ਦਾ ਦਬਾਅ
ਕਿਸਾਨ ਅੰਦੋਲਨ ਨਾਲ ਸਬੰਧਿਤ ਨਿੱਤ ਨਵੀਆਂ ਖ਼ਬਰਾਂ ਅਤੇ ਲੇਖ ਪੜ੍ਹ ਰਹੇ ਹਾਂ। ਦੇਸ਼ ਦੇ ਨਵੇਂ ਬਣਾਏ ਅਖੌਤੀ ਕਿਸਾਨ-ਪੱਖੀ ਕਾਨੂੰਨਾਂ ਦਾ ਕਿਸਾਨ ਅਤੇ ਕਿਸਾਨੀ ਧੰਦੇ ਨਾਲ ਸਬੰਧਿਤ ਤੇ ਇਸ ਉੱਤੇ ਨਿਰਭਰ ਲੋਕ ਲੰਮੇ ਸਮੇਂ ਤੋਂ ਲੋਕਤੰਤਰਿਕ ਢੰਗ ਤਰੀਕਿਆਂ ਨਾਲ ਵਿਰੋਧ ਕਰ ਰਹੇ ਹਨ। ਸਰਕਾਰ ਖ਼ਿਲਾਫ਼ ਇਸ ਘੋਲ ਨੂੰ ਪੜਾਅਵਾਰ ਅੱਗੇ ਵਧਾਇਆ ਜਾ ਰਿਹਾ ਹੈ ਪਰ ਲੋਕਾਂ ਦੀ, ਲੋਕਾਂ ਵੱਲੋਂ ਅਤੇ ਲੋਕਾਂ ਲਈ ਚੁਣੀ ਸਰਕਾਰ ਨੇ ਆਪਣੇ ਹਿੱਤਾਂ ਦੀ ਪੂਰਤੀ ਲਈ ਸਬੰਧਿਤ ਧਿਰਾਂ ਨੂੰ ਪਾਸੇ ਰੱਖ ਕੇ, ਆਪਣੀ ਬਹੁਗਿਣਤੀ ਦੇ ਜ਼ੋਰ ਕਿਸਾਨ ਮਾਰੂ ਕਾਨੂੰਨ ਲੋਕਾਂ ’ਤੇ ਮੜ੍ਹ ਦਿੱਤੇ। ਪਹਿਲਾਂ ਇਸ ਸੰਘਰਸ਼ ਨੂੰ ਅਣਦੇਖਿਆ ਕੀਤਾ ਗਿਆ ਪਰ ਦਬਾਅ ਪੈਣ ’ਤੇ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ। ਹੁਣ ਸੰਘਰਸ਼ ਦਾ ਅਗਲਾ ਪੜਾਅ 26 ਤੇ 27 ਨਵੰਬਰ ਦੀ ਦਿੱਲੀ ਰੈਲੀ ਦਾ ਸੀ ਪਰ ਸਰਕਾਰ ਨੇ ਇਸ ਰੈਲੀ ਤੋਂ ਪਹਿਲਾਂ ਮੀਟਿੰਗ ਕਰਨ ਤੋਂ ਘੇਸਲ ਮਾਰ ਲਈ। ਨਾਲ ਹੀ ਮਾਹੌਲ ਨੂੰ ਸੁਚਾਰੂ ਰੱਖਣ ਦੀ ਥਾਂ ਸਰਕਾਰ ਨੇ ਹੱਥਕੰਡੇ ਵਰਤਣੇ ਸ਼ੁਰੂ ਕਰ ਦਿੱਤੇ ਹਨ। ਦਿੱਲੀ, ਹਰਿਆਣਾ ਤੇ ਯੂਪੀ ਦੇ ਬਾਰਡਰ ਐਨ ਮੌਕੇ ’ਤੇ ਬੰਦ ਕਰ ਕੇ ਸਦਭਾਵਨਾ ਵਾਲੇ ਮਾਹੌਲ ਨੂੰ ਖ਼ਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਇੰਜ. ਹਰਭਜਨ ਸਿੰਘ ਸਿੱਧੂ, ਬਠਿੰਡਾ