ਬੈਂਕ ਅਤੇ ਕੇਂਦਰ ਸਰਕਾਰ
24 ਨਵੰਬਰ ਦਾ ਸੰਪਾਦਕੀ ‘ਬੈਂਕਿੰਗ ਖੇਤਰ ਤੇ ਕਾਰਪੋਰੇਟ ਅਦਾਰੇ’ ਆਰਬੀਆਈ ਦੇ ਅੰਦਰੂਨੀ ਗਰੁੱਪ ਦੀ ਕੇਂਦਰ ਸਰਕਾਰ ਨੂੰ ਪੇਸ਼ ਕੀਤੀ ਰਿਪੋਰਟ ਬਾਰੇ ਟਿੱਪਣੀ ਹੈ। ਕਾਰਪੋਰੇਟ ਅਦਾਰਿਆਂ ਨੂੰ ਬੈਂਕ ਖੋਲ੍ਹਣ ਦੀ ਇਜਾਜ਼ਤ ਦੇਣ ਦੀ ਸਿਫ਼ਾਰਸ਼ ਕਰਨਾ ਸਚਮੁੱਚ ਬੜੀ ਮੰਦਭਾਗੀ ਹੈ। ਉੱਘੇ ਅਰਥ ਸ਼ਾਸਤਰੀਆਂ ਵੱਲੋਂ ਇਸ ਸਿਫ਼ਾਰਸ਼ ਨੂੰ ਬੰਬ ਧਮਾਕੇ ਨਾਲ ਤੁਲਨਾ ਕਰਨਾ, ਮੁੱਦੇ ਦੀ ਸੰਵੇਦਨਸ਼ੀਲਤਾ ਵੱਲ ਇਸ਼ਾਰਾ ਕਰਦੀ ਹੈ। ਲੋਕਾਂ ਦੀਆਂ ਬੱਚਤਾਂ ਨਾਲ ਕੰਮ ਕਰਦੇ ਬੈਂਕਾਂ ਤੋਂ ਕਰੋੜਾਂ ਦੇ ਕਰਜ਼ੇ ਲੈ ਕੇ ਭਗੌੜੇ ਹੋਏ ਲੋਕਾਂ ਨੂੰ ਅਤੇ ਕਈ ਅਮੀਰਾਂ ਦੇ ਕਰਜ਼ਿਆਂ ਦਾ ਮੁਆਫ਼ ਕੀਤਾ ਜਾਣਾ ਤਾਂ ਜੱਗ ਜ਼ਾਹਿਰ ਹੈ। ਸਰਕਾਰ ਇਨ੍ਹਾਂ ਸਿਫ਼ਾਰਸ਼ਾਂ ਨੂੰ ਦਰਕਿਨਾਰ ਕਰ ਕੇ ਮੌਜੂਦਾ ਬੈਂਕਿੰਗ ਪ੍ਰਣਾਲੀ ਦੀਆਂ ਊਣਤਾਈਆਂ ਦੂਰ ਕਰੇ।
ਹਰੀ ਕ੍ਰਿਸ਼ਨ ਮਾਇਰ, ਲੁਧਿਆਣਾ
ਸਮਾਜ ਝੰਜੋੜਿਆ
23 ਨਵੰਬਰ ਦੇ ਅੰਕ ਵਿਚ ਦੋ ਖ਼ਬਰਾਂ ਝੰਜੋੜਨ ਵਾਲੀਆਂ ਹਨ। ਸਫ਼ਾ 4 ’ਤੇ ਝਾਰਖੰਡ ਦੇ ਪਿੰਡ ਬਾਰਕਕਾਨਾ ਦੀ ਖ਼ਬਰ ਹੈ, ਜਿੱਥੇ 35 ਸਾਲਾ ਨੌਜਵਾਨ ਨੇ ਤਰਸ ਦੇ ਆਧਾਰ ’ਤੇ ਨੌਕਰੀ ਲੈਣ ਖਾਤਰ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਉਸ ਦਾ ਪਿਤਾ ਸੀਸੀਐੱਲ ਦੀ ਵਰਕਸ਼ਾਪ ਵਿਚ ਸੁਰੱਖਿਆ ਗਾਰਡ ਸੀ। ਦੂਸਰੀ ਖ਼ਬਰ ਦਿੱਲੀ ਦੰਗਿਆਂ ਬਾਰੇ ਹੈ। ਮੈਂ ਇਨ੍ਹਾਂ ਦੰਗਿਆਂ ਨੂੰ ਯੂਨੀਵਰਸਿਟੀਆਂ ’ਚ ਪੜ੍ਹਦੇ ਵਿਦਿਆਰਥੀਆਂ ’ਤੇ ਸਿਰੇ ਦਾ ਹਕੂਮਤੀ ਜਬਰ ਕਹਾਂਗਾ ਕਿਉਂਕਿ ਜੇਐੱਨਯੂ ਦੇ ਸਾਬਕਾ ਵਿਦਿਆਰਥੀ ਆਗੂ ਉਮਰ ਖਾਲਿਦ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਰਜੀਲ, ਦੋਹਾਂ ’ਤੇ ਯੂਏਪੀਏ ਐਕਟ ਤਹਿਤ ਦੋਸ਼ ਪੱਤਰ ਦਾਖ਼ਲ ਕੀਤੇ ਜਾ ਰਹੇ ਹਨ। ਪੜ੍ਹ ਰਹੇ ਬੱਚਿਆਂ ਦੇ ਵੀ ਸੁਫ਼ਨੇ ਹੁੰਦੇ ਹਨ ਪਰ ਇੱਥੇ ਤਾਂ ਉਲਟੀ ਗੰਗਾ ਵਹਿ ਰਹੀ ਹੈ। ਫ਼ੀਸਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਯੂਏਪੀਏ ਵਰਗੇ ਕਾਲੇ ਕਾਨੂੰਨਾਂ ਤਹਿਤ ਜੇਲ੍ਹੀਂ ਡੱਕਿਆ ਜਾ ਰਿਹਾ ਹੈ। ਸਰਕਾਰਾਂ ਲਈ ਇਹ ਸੋਚਣ, ਵਿਚਾਰਨ ਅਤੇ ਢੁੱਕਵੇਂ ਹੱਲ ਕੱਢਣ ਦਾ ਸਮਾਂ ਹੈ, ਨਹੀਂ ਤਾਂ ਮੁਲਕ ਵਿਚ ਅਰਾਜਕਤਾ ਫੈਲਣ ਦਾ ਡਰ ਹੈ।
ਭੋਲਾ ‘ਤਲਵੰਡੀ’, ਤਲਵੰਡੀ ਸਾਬੋ (ਬਠਿੰਡਾ)
ਆਨਲਾਈਨ ਪੜ੍ਹਾਈ ਦਾ ਸੱਚ
23 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਪ੍ਰਿੰਸੀਪਲ ਵਿਜੈ ਕੁਮਾਰ ਦਾ ਮਿਡਲ ‘ਲੰਗਰ ਵਾਲਾ ਮੋਬਾਇਲ’ ਪੜ੍ਹਿਆ ਜੋ ਆਨਲਾਈਨ ਪੜ੍ਹਾਈ ਦੀ ਸੱਚਾਈ ਬਿਆਨ ਕਰਦਾ ਹੈ। ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਪੜ੍ਹਾਈ ਲਈ ਮਹਿੰਗੇ ਮੋਬਾਇਲ ਲੈ ਕੇ ਦੇਣਾ ਬਹੁਤ ਮੁਸ਼ਕਿਲ ਹੈ। ਗ਼ਰੀਬ ਬੱਚਿਆਂ ਦੇ ਮਾਪੇ ਕਰਜ਼ੇ ਚੁੱਕ ਕੇ ਬੱਚਿਆਂ ਦੀ ਆਨਲਾਈਨ ਪੜ੍ਹਾਈ ਜਾਰੀ ਰੱਖਣ ਲਈ ਤਰੱਦਦ ਕਰ ਰਹੇ ਹਨ। ਗ਼ਰੀਬ ਲਈ ਤਾਂ ਰੋਟੀ ਦਾ ਜੁਗਾੜ ਕਰਨਾ ਹੀ ਮੁਸ਼ਕਿਲ ਹੈ। ਗ਼ਰੀਬਾਂ ਦਾ ਕਰੋਨਾ ਸੰਕਟ ਨੇ ਰੁਜ਼ਗਾਰ ਖੋਹ ਲਿਆ, ਉਦੋਂ ਅਜਿਹੀਆਂ ਔਕੜਾਂ ਨੇ ਘੇਰ ਲਿਆ ਹੈ। ਮਿਡਲ ਪੜ੍ਹ ਕੇ ਮੈਨੂੰ ਆਪਣਾ ਵਕਤ ਵੀ ਯਾਦ ਆ ਗਿਆ। ਜੇਕਰ ਮੇਰੇ ਅਧਿਆਪਕ- ਸਰੂਪ ਸਿੰਘ, ਐਮਐਮ ਸਿੰਘ, ਮਦਦ ਨਾ ਕਰਦੇ ਤਾਂ ਮੈਂ ਅੱਜ ਕਿਸੇ ਕਾਰਖਾਨੇ ਵਿਚ ਮਜ਼ਦੂਰ ਹੁੰਦਾ। ਇਸ ਲਿਖਤ ਦਾ ਇਹੀ ਸੁਨੇਹਾ ਹੈ ਕਿ ਲੋੜਵੰਦ ਦੀ ਮਦਦ ਕਰੋ।
ਗੋਵਿੰਦਰ ਜੱਸਲ, ਸੰਗਰੂਰ
(2)
ਵਿਜੈ ਕੁਮਾਰ ਦਾ ਮਿਡਲ ‘ਲੰਗਰ ਵਾਲਾ ਮੋਬਾਇਲ’ ਪੜ੍ਹਿਆ। ਆਨਲਾਈਨ ਪੜ੍ਹਾਈ ਨੇ ਗ਼ਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਸਚਮੁੱਚ ਮਧੋਲ ਸੁੱਟਿਆ ਹੈ। ਉਨ੍ਹਾਂ ਦੇ ਪਰਿਵਾਰ ਵਾਲੇ 200-300 ਰੁਪਏ ਦਿਹਾੜੀ ਦਾ ਕਮਾ ਕੇ ਮਸਾਂ ਪਰਿਵਾਰ ਦਾ ਗੁਜ਼ਾਰਾ ਤੋਰਦੇ ਹਨ, ਫਿਰ ਅਜਿਹੇ ਨਵੇਂ ਖ਼ਰਚੇ ਕਿਵੇਂ ਕਰਨ? ਉਹ ਵੀ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾਈ ਕਰਵਾਉਣਾ ਚਾਹੁੰਦੇ ਹਨ। ਹੁਣ ਹਾਲ ਇਹ ਹੈ ਕਿ ਉਹ ਨਾ ਬੱਚਿਆਂ ਨੂੰ ਪੜ੍ਹਾ ਸਕਦੇ ਹਨ, ਨਾ ਹਟਾ ਸਕਦੇ ਹਨ। ਲਿਖਤ ਵਿਚ ਇਹੀ ਬੇਵਸੀ ਦਰਸਾਈ ਗਈ ਹੈ।
ਰੀਤੂ ਰਾਣੀ, ਯੂਨੀਵਰਸਿਟੀ ਕਾਲਜ, ਬੇਨੜਾ (ਧੂਰੀ)
ਕਿਸਾਨ ਅਤੇ ਸਰਕਾਰ ਦਾ ਵਿਹਾਰ
19 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਯੋਗੇਂਦਰ ਯਾਦਵ ਦਾ ਲੇਖ ‘ਇਤਿਹਾਸਕ ਕਿਸਾਨ ਮੁਕਤੀ ਘੋਲ ਦਾ ਬਿਗ਼ਲ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਵੇਂ ਦੇਸ਼ ਭਰ ਦੀਆਂ ਲਗਭਗ 500 ਕਿਸਾਨ ਜਥੇਬੰਦੀਆਂ ਇਕ ਪਲੇਟਫਾਰਮ ’ਤੇ ਇਕੱਠੀਆਂ ਹੋ ਗਈਆਂ ਹਨ। ਨਵੇਂ ਕਾਨੂੰਨਾਂ ਦੀ ਘੇਰਾਬੰਦੀ ਨਾਲ ਜੋ ਸੱਤ ਬੰਦਿਸ਼ਾਂ ਕਿਸਾਨ ਨੂੰ ਨਜ਼ਰ ਆ ਰਹੀਆਂ ਹਨ, ਉਹ ਬਿਲਕੁੱਲ ਸਹੀ ਜਾਪਦੀਆਂ ਹਨ। ਸਾਡੀ ਕੇਂਦਰੀ ਸਰਕਾਰ ਤਾਂ ਇਸ ਤਰ੍ਹਾਂ ਵਿਹਾਰ ਕਰ ਰਹੀ ਹੈ ਜਿਵੇਂ ਉਹ ਆਜ਼ਾਦੀ ਤੋਂ ਪਹਿਲਾਂ ਵਾਲੀ ਬਰਤਾਨਵੀ ਸਰਕਾਰ ਹੋਵੇ ਤੇ ਉਸ ਦਾ ਕਾਨੂੰਨ ਭਾਰਤੀਆਂ ਨੂੰ ਕੁਚਲਣ ਲਈ ਹੋਵੇ।
ਫ਼ਕੀਰ ਸਿੰਘ, ਦਸੂਹਾ