ਉਜਾੜੇ ਦਾ ਖ਼ਤਰਾ
21 ਨਵੰਬਰ ਦੇ ਸਤਰੰਗ ਪੰਨੇ ’ਤੇ ਡਾ. ਬਲਵਿੰਦਰ ਸਿੰਘ ਲੱਖੋਵਾਲੀ ਦਾ ਲੇਖ ‘ਪੌਣਾਂ ’ਚੋਂ ਜ਼ਹਿਰ ਪੀ ਰਿਹਾ ਹਾਂ…’ ਜਿੱਥੇ ਦਿਨੋ-ਦਿਨ ਪ੍ਰਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਦਰਖ਼ਤਾਂ ਦੀ ਸਾਂਭ ਸੰਭਾਲ ’ਤੇ ਜ਼ੋਰ ਦਿੰਦਾ ਹੈ, ਉੱਥੇ ਮਨੁੱਖੀ ਜ਼ਿੰਦਗੀ ਵਿਚ ਰੁੱਖਾਂ ਦੀ ਅਹਿਮੀਅਤ ਦਰਸਾਉਂਦਾ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਇਨਸਾਨ ਹੋਰਨਾਂ ਜੀਵਾਂ ਦੇ ਮੁਕਾਬਲੇ ਗਿਆਨਵਾਨ ਹੋਣ ਦੇ ਬਾਵਜੂਦ ਮਨੁੱਖੀ ਜੀਵਨ ਵਿਚ ਰੁੱਖਾਂ ਦੀ ਅਹਿਮੀਅਤ ਸਮਝਣ ਦੀ ਬਜਾਏ ਆਪਣੀਆਂ ਸੁੱਖ ਸਹੂਲਤਾਂ ਲਈ ਜੰਗਲ ਸਾਫ਼ ਕਰ ਕੇ ਰੁੱਖਾਂ ਦਾ ਉਜਾੜਾ ਕਰ ਰਿਹਾ ਹੈ। ਇਹ ਜੀਵ ਜੰਤੂਆਂ ਦੇ ਨਾਲ ਨਾਲ ਖ਼ੁਦ ਦੀ ਹੋਂਦ ਨੂੰ ਖ਼ਤਰੇ ਵਿਚ ਪਾਉਣ ਦੇ ਰਾਹ ਤੁਰਿਆ ਹੋਇਆ ਹੈ।
ਮਨੋਹਰ ਸਿੰਘ ਸੱਗੂ, ਧੂਰੀ (ਸੰਗਰੂਰ)
ਸਵਾਲ ਦੀ ਪੈਦਾਇਸ਼
21 ਨਵੰਬਰ ਨੂੰ ਦਰਸ਼ਨ ਸਿੰਘ ਦਾ ਮਿਡਲ ਲੇਖ ‘ਸਵਾਲ ਸੁਣਦਿਆਂ’ ਮਾਣਿਆ। ਸਵਾਲ ਪੁੱਛਣ ਵਾਲੇ ਨੂੰ ਝਿੜਕਣਾ, ਡਾਂਟਣਾ ਜਾਂ ਉਸ ਨਾਲ ਰੁੱਖਾ ਵਰਤਾਓ ਨਹੀਂ ਕਰਨਾ ਚਾਹੀਦਾ। ਸਵਾਲ ਦੀ ਪੈਦਾਇਸ਼ ਪਿੱਛੇ ਕੁਝ ਨਾ ਕੁਝ ਲੁਕਿਆ ਹੁੰਦਾ ਹੈ। ਸਕੂਲ ਵਿਚ ਪਾਠ ਪੂਰਾ ਕਰਨ ਪਿੱਛੋਂ ਵਿਦਿਆਰਥੀਆਂ ਲਈ ਅਭਿਆਸ ਵਿਚ ਦਿੱਤੇ ਸਵਾਲਾਂ ਦੇ ਜਵਾਬ ਹੀ ਪਾਠ ਵਿਚਲੇ ਤੱਥਾਂ ਨੂੰ ਸਮਝਣ ਵਿਚ ਮਦਦ ਕਰਦੇ ਹਨ। ਉਂਜ, ਲੇਖ ਵਿਚ ਆਈ ਗੱਲ ਕਿ ਉਦੋਂ ਅੱਠਵੀਂ ਦੀ ਪ੍ਰੀਖਿਆ ਪੰਜਾਬ ਯੂਨੀਵਰਸਿਟੀ ਲੈਂਦੀ ਸੀ, ਸਹੀ ਨਹੀਂ ਹੈ। ਦਸਵੀਂ ਦੀ ਪ੍ਰੀਖਿਆ ਪੰਜਾਬ ਯੂਨੀਵਰਸਿਟੀ ਨੇ ਮਾਰਚ 1969 ਤਕ ਲਈ, ਉਸ ਤੋਂ ਪਿੱਛੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਾਇਰੇ ਵਿਚ ਆ ਗਈ। ਅੱਠਵੀਂ ਦੀ ਪ੍ਰੀਖਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਲਈ ਜਾਂਦੀ ਸੀ। ਫਿਰ 1969 ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਸਕੂਲ ਪੱਧਰ ’ਤੇ ਹੋਈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
(2)
ਦਰਸ਼ਨ ਸਿੰਘ ਦਾ ਲੇਖ ‘ਸਵਾਲ ਸੁਣਦਿਆਂ’ ਪਾਠਕ ਦੀ ਸੋਚ ਨੂੰ ਟੁੰਬਦਾ ਹੈ ਅਤੇ ਆਪਣੇ ਪਿੱਛੇ ਬਹੁਤ ਸਾਰੇ ਸਵਾਲ ਛੱਡ ਜਾਂਦਾ ਹੈ। ਲੇਖਕ ਅਨੁਸਾਰ ਵੱਡਿਆਂ ਜਾਂ ਸਿਆਣਿਆਂ, ਖ਼ਾਸ ਕਰ ਅਧਿਆਪਕਾਂ ਨੂੰ ਯਥਾ-ਸ਼ਕਤੀ, ਬੱਚਿਆਂ ਦੁਆਰਾ ਕੀਤੇ ਗਏ ਸਵਾਲਾਂ ਦੇ ਜਵਾਬ ਜ਼ਰੂਰ ਦੇਣੇ ਚਾਹੀਦੇ ਹਨ।
ਬਿਕਰਮਜੀਤ ਨੂਰ, ਗਿੱਦੜਬਾਹਾ
ਨਿੱਘੀ ਰਚਨਾ
18 ਨਵੰਬਰ ਦੇ ਨਜ਼ਰੀਆ ਪੰਨੇ ਉੱਤੇ ਬਲਜੀਤ ਪਰਮਾਰ ਦੀ ਰਚਨਾ ‘ਸੋਨੇ ਦੇ ਬਟਨ’ ਪੜ੍ਹੀ। ਰਚਨਾ ਜਿੱਥੇ ਮਾਨਸਿਕ ਤੌਰ ’ਤੇ ਸਾਂਝ ਵਾਲਾ ਨਿੱਘ ਪਰੋਸਦੀ ਹੈ, ਉੱਥੇ ਮਾਂ ਦੇ ਸ਼ੌਂਕ ਤੇ ਸੱਧਰਾਂ ਦੇ ਫੁੱਲ ਚੜ੍ਹਾਉਣ ਮੌਕੇ ਮਾਂ ਦੇ ਅਸਹਿ ਵਿਛੋੜੇ ਦਾ ਚਿਤਰਨ ਕਰਕੇ ਭਾਵੁਕ ਵੀ ਕਰਦੀ ਹੈ। ਰਚਨਾ ਦਾ ਰੌਚਿਕ ਪੱਖ ਸੋਨੇ ਅਤੇ ਪੜ੍ਹਾਈ ਦੇ ਘੋਲ ਵਿਚ ਪਾੜ੍ਹਿਆਂ ਦੇ ਹੱਕ ਵਿਚ ਭੁਗਤਣਾ ਹੈ।
ਜਗਦੀਸ਼ ਸਿੰਘ ਜੱਗੀ, ਚੰਡੀਗੜ੍ਹ
ਗ਼ਦਰੀਆਂ ਦੀ ਵਡਿਆਈ
17 ਨਵੰਬਰ ਦੇ ਵਿਰਾਸਤ ਪੰਨੇ ’ਤੇ ਅਮੋਲਕ ਸਿੰਘ ਨੇ ਗ਼ਦਰੀ ਸ਼ਹੀਦਾਂ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਹੈ ਅਤੇ ਗ਼ਦਰ ਲਹਿਰ ਦੇ ਉਦੇਸ਼ਾਂ ਅਤੇ ਅਕੀਦਿਆਂ ਨੂੰ ਸਮਕਾਲ ਨਾਲ ਜੋੜ ਕੇ ਗੱਲ ਕੀਤੀ ਹੈ। ਸੱਤ ਦੇਸ਼ ਭਗਤਾਂ ਨੂੰ ਇਕੋ ਸਮੇਂ ਫਾਂਸੀ ਦੇਣਾ ਸਚਮੁੱਚ ਝੰਜੋੜਨ ਵਾਲਾ ਵਰਤਾਰਾ ਸੀ। ਸ਼ਹੀਦ ਭਗਤ ਸਿੰਘ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਪੇਸ਼ ਕੀਤੇ ਵਿਚਾਰ ਪੜ੍ਹ ਕੇ ਨਵੀਂ ਜਾਣਕਾਰੀ ਹਾਸਿਲ ਹੁੰਦੀ ਹੈ। ਸ਼ਹੀਦ ਸਰਾਭਾ ਮਹਾਨ ਦੇਸ਼ ਭਗਤ ਹੋਣ ਦੇ ਨਾਲ ਨਾਲ ਸਿਰੜੀ, ਨਿਸ਼ਚਾਵਾਨ, ਪ੍ਰਤੀਬੱਧ ਅਤੇ ਕ੍ਰਾਂਤੀਕਾਰੀ ਪੱਤਰਕਾਰ ਵੀ ਸੀ।
ਮੇਘਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)
ਕੁੱਜੇ ਵਿਚ ਸਮੁੰਦਰ
17 ਨਵੰਬਰ ਦੇ ਅੰਕ ਵਿਚ ਲਾਲ ਚੰਦ ਸਿਰਸੀਵਾਲਾ ਦਾ ਮਿਡਲ ‘ਇਹ ਤਾਂ ਚਾਹੁੰਦੇ ਨੇ ਉਹ…’ ਇਉਂ ਸੀ, ਜਿਵੇਂ ਕੁੱਜੇ ਵਿਚ ਸਮੁੰਦਰ ਬੰਦ ਕਰ ਦਿੱਤਾ ਹੋਵੇ। ਇਕ ਕਿਤਾਬ ਨਹੀਂ, ਪਤਾ ਨਹੀਂ ਕਿੰਨੀਆਂ ਕੁ ਲਾਇਬ੍ਰੇਰੀਆਂ ਦਾ ਗਿਆਨ ਉਸ ਬਜ਼ੁਰਗ ਦੀਆਂ ਗੱਲਾਂ ਵਿਚ ਸੀ ਜਿਸ ਨੇ ਦੇਸ਼ ਵਿਚ ਚੱਲਦੇ ਕਲੇਸ਼ ਤੋਂ ਪਰਦਾ ਚੁੱਕਿਆ। ਅਸਲ ਵਿਚ ਅਸੀਂ ਇਹ ਕਦੇ ਦੇਖ ਜਾਂ ਸਮਝ ਹੀ ਨਹੀਂ ਸਕੇ ਕਿ ਕਾਣੀ ਵੰਡ ਕਿਉਂ ਹੈ। ਅਸੀਂ ਬਿਨਾ ਕਿਸੇ ਨਿਸ਼ਾਨੇ ਤੋਂ ਭੱਜ ਰਹੇ ਹਾਂ, ਸਾਨੂੰ ਹੌਂਕਣੀ ਚੜ੍ਹੀ ਹੋਈ ਹੈ। ਸੱਚੀ ਗੱਲ ਹੈ, ਇਹੀ ਤਾਂ ‘ਉਹ’ ਚਾਹੁੰਦੇ ਹਨ ਕਿ ਅਸੀਂ ਆਪਸ ਵਿਚ ਹੀ ਲੜਦੇ-ਭਿੜਦੇ ਰਹੀਏ ਤੇ ਉਨ੍ਹਾਂ ਵੱਲ ਕਿਸੇ ਦਾ ਧਿਆਨ ਹੀ ਨਾ ਜਾਵੇ।
ਕਰਮਜੀਤ ਸਕਰੁੱਲਾਂਪੁਰੀ, ਮੋਰਿੰਡਾ
(2)
ਲਾਲ ਚੰਦ ਸਿਰਸੀਵਾਲਾ ਦਾ ਲੇਖ ‘ਇਹੀ ਤਾਂ ਚਾਹੁੰਦੇ ਨੇ ਉਹ’ ਪੜ੍ਹਿਆ। ਇਹ ਠੀਕ ਹੈ ਕਿ ਇਕ ਦੂਜੇ ਦਾ ਵਿਰੋਧ ਕਰਨ ਨਾਲੋਂ ਜੇ ਕਿਸੇ ਨੇ ਇਕੱਠੇ ਹੋ ਕੇ ਮੁਸ਼ਕਿਲਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਹੁੰਦੀ ਤਾਂ ਸਾਡੇ ਦੇਸ਼ ਦੇ ਵਿਕਾਸ ਦਾ ਪੱਧਰ ਨੀਵਾਂ ਨਾ ਹੁੰਦਾ। ਦੇਸ਼ ਨੂੰ ਰੋਜ਼ ਲੁੱਟਦੀਆਂ ਸਰਕਾਰਾਂ, ਅੰਨ੍ਹੇਵਾਹ ਕਰਜ਼ਾ ਚੁੱਕ ਫ਼ਜ਼ੂਲ ਖ਼ਰਚ ਕਰਨ ਵਾਲੇ ਲੋਕ, ਸਰਕਾਰੀ ਅਹੁਦਿਆਂ ’ਤੇ ਬੈਠੇ ਅਫ਼ਸਰ, ਮੁਲਾਜ਼ਮ, ਜੇਕਰ ਕੋਈ ਇਕ ਵੀ ਆਪਣੇ ਕੰਮ ਨੂੰ ਸਹੀ ਤਰੀਕੇ ਨਾਲ ਕਰਨਾ ਸ਼ੁਰੂ ਕਰ ਦੇਵੇ ਤਾਂ ਬਹੁਤ ਕੁਝ ਸੁਧਰ ਸਕਦਾ ਹੈ।
ਨਵਜੀਤ ਨੂਰ, ਹਮੀਦੀ (ਬਰਨਾਲਾ)
ਸਮਾਰਟ ਬਨਾਮ ਸਮਝਦਾਰ
20 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਕੁਲਮਿੰਦਰ ਕੌਰ ਦਾ ਲੇਖ ‘ਮਾਂ ਦਾ ਠੀਪਾ’ ਪੜ੍ਹਿਆ ਜਿਸ ਵਿਚ ਉਨ੍ਹਾਂ ਬਹੁਤ ਸੋਹਣੇ ਸ਼ਬਦਾਂ ਵਿਚ ਮੋਬਾਇਲ ਦੀ ਵਰਤੋਂ ਅਤੇ ਦੁਰਵਰਤੋਂ ਬਾਰੇ ਚਾਨਣਾ ਪਾਇਆ ਹੈ। ਅਜੋਕੇ ਯੁੱਗ ਵਿਚ ਮੋਬਾਇਲ ਜਿੱਥੇ ਸਾਡੀ ਜ਼ਿੰਦਗੀ ਦਾ ਅੰਗ ਬਣ ਗਿਆ ਹੈ, ਉੱਥੇ ਇਸ ਦੀ ਦੁਰਵਰਤੋਂ ਨਾਲ ਸਮੱਸਿਆਵਾਂ ਵੀ ਆ ਰਹੀਆਂ ਹਨ। ਸਮਾਰਟ ਫ਼ੋਨਾਂ ਨਾਲ ਅਸੀਂ ਸਮਾਰਟ (ਚੁਸਤ) ਤਾਂ ਹੋਏ ਹਾਂ ਪਰ ਅਸੀਂ ਪਰਿਵਾਰਾਂ ਨਾਲੋਂ ਨਿਖੜ ਗਏ ਹਾਂ। ਹੁਣ ਆਪੋ-ਆਪਣੇ ਫ਼ੋਨਾਂ ਵਿਚ ਰੁੱਝੇ ਹੋਣ ਕਰ ਕੇ ਕਿਸੇ ਕੋਲ ਬਜ਼ੁਰਗਾਂ ਕੋਲ ਬੈਠਣ ਦਾ ਸਮਾਂ ਨਹੀਂ ਰਿਹਾ। ਸਮਾਰਟ ਫੋਨਾਂ ਦੀ ਵਰਤੋਂ ਖ਼ਤਰਨਾਕ ਹੱਦ ਤੱਕ ਹੋ ਰਹੀ ਹੈ। ਠੀਕ ਹੈ, ਸਮਾਰਟ ਫ਼ੋਨ ਅੱਜ ਲੋੜ ਬਣ ਚੁੱਕਾ ਹੈ ਪਰ ਅਸੀਂ ਸਮਝਦਾਰ ਬਣੀਏ ਅਤੇ ਇਸ ਦੀ ਸਹੀ ਵਰਤੋਂ ਕਰਨਾ ਸਿੱਖੀਏ। ਜੇ ਅਸੀਂ ਹੁਣ ਵੀ ਨਾ ਸੰਭਲੇ ਤਾਂ ਸਮਾਜ ਅੰਦਰ ਹੋਰ ਨਿਘਾਰ ਆਵੇਗਾ।
ਕਮਲਪ੍ਰੀਤ ਕੌਰ ਜੰਗਪੁਰਾ, ਮੁਹਾਲੀ