ਸੁਪਰੀਮ ਕੋਰਟ ਦੀ ਜ਼ਿੰਮੇਵਾਰੀ
ਕੇਂਦਰ ਸਰਕਾਰ ਦੇ ਬਣਾਏ ਨਵੇਂ ਖੇਤੀ ਕਾਨੂੰਨਾਂ ਬਾਰੇ ਪਟੀਸ਼ਨ ’ਤੇ ਸੁਪਰੀਮ ਕੋਰਟ ਵੱਲੋਂ ਹਾਈ ਕੋਰਟ ਕੋਲ ਜਾਣ ਦੀ ਸਲਾਹ ਦੇਣਾ ਮੰਦਭਾਗਾ ਹੀ ਸੀ (ਪਹਿਲਾ ਪੰਨਾ, 20 ਨਵੰਬਰ)। ਲੋਕ ਸਭਾ ਵਿਚ ਬਹੁਮਤ ਦੀ ਭਾਜਪਾ ਨੇ ਦੁਰਵਰਤੋਂ ਕਰਦਿਆਂ ਰਾਜ ਸੂਚੀ ਦੇ ਖੇਤੀ, ਬਿਜਲੀ ਵਰਗੇ ਮਾਮਲਿਆਂ ਨੂੰ ਕੁਚਲਣਾ, ਭਾਵ ਸੰਵਿਧਾਨ ਦੀ ਉਲੰਘਣਾ ਰੋਕਣਾ ਸੁਪਰੀਮ ਕੋਰਟ ਦੀ ਹਾਈਕੋਰਟ ਨਾਲੋਂ ਵੱਧ ਜ਼ਿੰਮੇਵਾਰੀ ਹੈ।
ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਉਜਰਤਾਂ ਬਾਰੇ ਕੋਡ
20 ਨਵੰਬਰ ਨੂੰ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਉਜਰਤਾਂ ਕੋਡ-2020 ਦੀ ਅਸਲੀਅਤ’ ਪੜ੍ਹਿਆ। ਸੱਚਮੁੱਚ ਕੇਂਦਰ ਸਰਕਾਰ ਦੇ ਇਹ ਕੋਡ ਵੀ ਆਮ ਮਜ਼ਦੂਰਾਂ ਦੇ ਖ਼ਿਲਾਫ਼ ਅਤੇ ਪੂੰਜੀਪਤੀਆਂ ਦੇ ਹੱਕ ਵਿਚ ਹਨ; ਐਨ ਉਸੇ ਤਰ੍ਹਾਂ, ਜਿਵੇਂ ਖੇਤੀ ਕਾਨੂੰਨ ਕਿਸਾਨਾਂ ਦੇ ਖ਼਼ਿਲਾਫ਼ ਅਤੇ ਧਨਾਢ ਕਾਰਪੋਰੇਟਾਂ ਦੇ ਹੱਕ ਵਿਚ ਭੁਗਤਣ ਵਾਲੇ ਹਨ। ਹੁਣ ਮਜ਼ਦੂਰਾਂ ਨੂੰ ਵੀ ਉਜਰਤ ਕੋਡ ਖ਼ਿਲਾਫ਼ ਕਿਸਾਨਾਂ ਵਾਂਗ ਸੜਕਾਂ ਉੱਤੇ ਨਿਤਰਨਾ ਚਾਹੀਦਾ ਹੈ। ਇਹ ਅੱਜ ਦੇ ਸਮੇਂ ਦੀ ਲੋੜ ਹੈ। ਸਰਕਾਰ ਨੂੰ ਦੱਸਣਾ ਪਵੇਗਾ ਕਿ ਇਹ ਵਧੀਕੀਆਂ ਨਹੀਂ ਕਰ ਸਕਦੀ।
ਕਸ਼ਮੀਰ ਸਿੰਘ, ਜਲੰਧਰ
ਨਿਸ਼ਕਾਮ ਸੇਵਕ
19 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਮੋਹਨ ਸ਼ਰਮਾ ਦਾ ਮਿਡਲ ‘ਚੌਰਾਹੇ ਵਿਚ ਦੀਵਾ ਜਗਦਾ’ ਸਿੱਖਿਆਦਾਇਕ ਹੈ। ਹੇਮ ਰਾਜ ਮਿੱਤਲ ਵਰਗੇ ਪਾਤਰ ਹੀ ਸਮਾਜ ਵਿਚ ਇਮਾਨਦਾਰੀ ਅਤੇ ਨਿਰਸਵਾਰਥ ਸੇਵਾ ਦਾ ਦੀਵਾ ਜਗਾ ਕੇ ਹੋਰ ਲੋਕਾਂ ਨੂੰ ਅਜਿਹਾ ਜੀਵਨ ਬਿਤਾਉਣ ਲਈ ਉਤਸ਼ਾਹਿਤ ਕਰ ਸਕਦੇ ਹਨ ਪਰ ਸਮਾਜ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਹੀਰਿਆਂ ਦੀ ਸੰਭਾਲ ਕਰੇ। ਇਸੇ ਪੰਨੇ ’ਤੇ ਯੋਗੇਂਦਰ ਯਾਦਵ ਦਾ ਕਿਸਾਨ ਮੁਕਤੀ ਘੋਲ ਦਾ ਲੇਖ ਵਧੀਆ ਲੱਗਿਆ। ਲੇਖਕ ਨੇ ਵਿਸਥਾਰ ਵਿਚ ਉਨ੍ਹਾਂ ਸੱਤ ਬੰਦਿਸ਼ਾਂ ਅਤੇ ਕਿਸਾਨ ਏਕਤਾ ਦਾ ਜ਼ਿਕਰ ਕੀਤਾ ਹੈ ਜਿਹੜੀਆਂ ਡਰ ਬਣ ਕੇ ਕਿਸਾਨਾਂ ਦੇ ਸਾਹਮਣੇ ਖੜੋਤੀਆਂ ਹਨ। ਉਂਜ ਕਿਸਾਨ ਆਪਣੇ ਹੱਕ ਲੈਣੇ ਜਾਣਦੇ ਹਨ ਅਤੇ ਉਹ ਲੜ ਕੇ ਲੈ ਵੀ ਲੈਣਗੇ।
ਡਾ. ਤਰਲੋਚਨ ਕੌਰ, ਪਟਿਆਲਾ
(2)
ਮੋਹਨ ਸ਼ਰਮਾ ਦਾ ਲੇਖ ‘ਚੌਰਾਹੇ ਵਿਚ ਜਗਦਾ ਦੀਵਾ’ ਪੜ੍ਹਿਆ ਜਿਸ ਵਿਚ ਉਨ੍ਹਾਂ ਨੇ ਰਿਸ਼ਤਿਆਂ ਨੂੰ ਭੁਲਾ ਕੇ ਪਦਾਰਥਕ ਲੋੜਾਂ ਦੀ ਪੂਰਤੀ ਲਈ ਇਕ ਦੂਜੇ ਤੋਂ ਅਗਾਂਹ ਲੰਘਣ ਤੇ ਸਿਆਸਤਦਾਨਾਂ ਦੇ ਅਸਲ ਚਿਹਰਿਆਂ ਨੂੰ ਬਾਖ਼ੂਬੀ ਪੇਸ਼ ਕੀਤਾ ਹੈ। ਹੇਮ ਰਾਜ ਮਿੱਤਲ ਵਰਗੇ ਸਿਅਸਤਦਾਨ ਹੁਣ ਤਾਂ ਸ਼ਾਇਦ ਹੀ ਕਿਤੇ ਮਿਲਣਗੇ ਪਰ ਅਜੋਕੇ ਸਮੇਂ ਵਿਚ ਅਜਿਹੇ ਸਿਆਸਤਦਾਨਾਂ ਦੀ ਬਹੁਤ ਜ਼ਿਆਦਾ ਲੋੜ ਹੈ।
ਖੁਸ਼ਪਰੀਤ ਕੌਰ, ਈਮੇਲ
(3)
ਮੋਹਨ ਸ਼ਰਮਾ ਦਾ ਲੇਖ ‘ਚੌਰਾਹੇ ਵਿਚ ਜਗਦਾ ਦੀਵਾ’ ਜਿੱਥੇ ਪ੍ਰੇਰਨਾ ਦਾ ਸ੍ਰੋਤ ਹੈ, ਉੱਥੇ ਹੇਮ ਰਾਜ ਮਿੱਤਲ ਦੀ ਇਮਾਨਦਾਰੀ ਅਤੇ ਸਾਦਗੀ ਦਾ ਸਿਰਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦਾ ਵੀ ਪੂਰਕ ਹੈ, ਮਿੱਤਲ ਦਾ ਸੱਚਾ ਸੁੱਚਾ ਸਾਦਗੀ ਭਰਿਆ ਜੀਵਨ ਇਸ ਗੱਲ ਦੀ ਮਿਸਾਲ ਹੈ ਜਿਵੇਂ ਮਹਾਂਪੁਰਸ਼ਾਂ ਅਤੇ ਗ੍ਰੰਥਾਂ ਅਨੁਸਾਰ ਦੱਸਿਆ ਹੈ ਕਿ ਹਰ ਇਨਸਾਨ ਖਾਲੀ ਹੱਥ ਇਸ ਸੰਸਾਰ ਵਿਚ ਆਉਂਦਾ ਹੈ ਅਤੇ ਖਾਲੀ ਹੱਥ ਹੀ ਜਾਂਦਾ ਹੈ, ਫਿਰ ਵੀ ਆਪਣੇ ਪਰਿਵਾਰ ਲਈ ਸਾਰੀ ਉਮਰ ਦੂਸਰਿਆਂ ਨਾਲ ਠੱਗੀਆਂ, ਬੇਈਮਾਨੀਆਂ, ਧੋਖੇ ਕਰ ਕੇ ਧਨ, ਜਾਇਦਾਦ ਬਣਾਉਣ ਵਿਚ ਲੱਗਾ ਰਹਿੰਦਾ ਹੈ।
ਭਰਪੂਰ ਸਿੰਘ, ਤਲਵੰਡੀ ਸਾਬੋ (ਬਠਿੰਡਾ)
(4)
ਮੋਹਨ ਸ਼ਰਮਾ ਦੇ ਲੇਖ ‘ਚੌਰਾਹੇ ਵਿਚ ਜਗਦਾ ਦੀਵਾ’ ਵਿਚ ਹੇਮ ਰਾਜ ਮਿੱਤਲ ਵਰਗੇ, ਲੋਕਾਂ ਦੇ ਹਮਦਰਦ ਸਿਆਸਤਦਾਨ ਦਾ ਸ਼ਲਾਘਾਯੋਗ ਹੈ। ਇਸ ਅਜੋਕੇ ਸਮੇਂ ਦੇ ਸਿਆਸਤਦਾਨਾਂ ਦੇ ਰਹਿਣ ਸਹਿਣ ਦੇ ਢੰਗਾਂ ਨੂੰ ਬਾਖ਼ੂਬੀ ਨੰਗਾ ਕੀਤਾ ਹੈ।
ਦੇਵਿੰਦਰ ਖੇਤਰਪਾਲ, ਨਾਭਾ
ਬੈਂਕਾਂ ਦੇ ਹਾਲਾਤ ਅਤੇ ਸਰਕਾਰ
19 ਨਵੰਬਰ ਦੇ ਸੰਪਾਦਕੀ ‘ਇਕ ਹੋਰ ਬੈਂਕ ਵਿੱਤੀ ਸੰਕਟ ’ਚ’ ਵਿਚ ਭਾਰਤੀ ਬੈਂਕਾਂ ਦੀ ਦਿਨ ਪ੍ਰਤੀ ਦਿਨ ਨਿੱਘਰ ਰਹੀ ਵਿੱਤੀ ਹਾਲਤ ਦੀ ਚਰਚਾ ਹੈ। ਵਰਤਮਾਨ ਸਰਕਾਰ ਦੇ ਵਾਰਤਾਕਾਰ ਬੈਂਕਾਂ ਦੀ ਇਸ ਹਾਲਤ ਲਈ ਦੇਸ਼ ਵਿਚ ਕਈ ਦਹਾਕੇ ਰਾਜ ਕਰਨ ਵਾਲੀ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। 2014 ਵਿਚ ਕਾਂਗਰਸ ਦੇ ਸਰਕਾਰ ਛੱਡਣ ਵੇਲੇ ਸਾਰੀਆਂ ਬੈਂਕਾਂ ਦਾ ਕੁਲ ਐੱਨਪੀਏ (ਬੈਂਕਾਂ ਦੀ ਵਿੱਤੀ ਹਾਲਤ ਦਾ ਸੂਚਕ) ਦੋ ਲੱਖ ਕਰੋੜ ਦੇ ਕਰੀਬ ਸੀ ਜੋ ਅੱਜ ਅੰਦਾਜ਼ਨ ਗਿਆਰਾਂ ਲੱਖ ਕਰੋੜ ਹੈ। ਬੈਂਕਾਂ ਦਾ ਕੋਈ ਵੀ ਰਿਣ ਖਾਤਾ ਜਿਸ ਦਾ ਵਿਆਜ ਜਾਂ ਮਾਸਿਕ ਕਿਸ਼ਤ ਛੇ ਮਹੀਨੇ ਲੇਟ ਹੋ ਜਾਵੇ ਤਾਂ ਉਹ ਐੱਨਪੀਏ ਹੋ ਜਾਂਦਾ ਹੈ, ਭਾਵ ਮਈ 2014 ਵਾਲੇ ਖੇਤਰ ਜੇਕਰ ਖਰਾਬ ਹੁੰਦੇ ਤਾਂ ਜ਼ਿਆਦਾ ਤੋਂ ਜ਼ਿਆਦਾ ਦਸੰਬਰ 2014 ਤਕ ਐੱਨਪੀਏ ਹੋ ਜਾਣੇ ਸਨ। ਜੇਕਰ ਵਰਤਮਾਨ ਸਰਕਾਰ ਵਾਜਬਿ ਕਦਮ ਚੁੱਕਦੀ ਤਾਂ ਅੱਜ ਐੱਨਪੀਏ ਦਾ ਅੰਕੜਾ ਦੋ ਲੱਖ ਕਰੋੜ ਤੋਂ ਘਟਣਾ ਚਾਹੀਦਾ ਸੀ। ਇਹ ਸਰਕਾਰ ਕਦੋਂ ਤਕ ਆਪਣੀਆਂ ਗ਼ਲਤੀਆਂ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੀ ਰਹੇਗੀ ?
ਜਗਦੇਵ ਸ਼ਰਮਾ ਬੁਗਰਾ, ਧੂਰੀ (ਸੰਗਰੂਰ)