ਪੰਜਾਬੀ ਬਾਲ ਸਾਹਿਤ
3 ਸਤੰਬਰ ਦੇ ਸਤਰੰਗ ਅੰਕ ਵਿਚ ਡਾ. ਦਰਸ਼ਨ ਸਿੰਘ ਆਸ਼ਟ ਦਾ ਲੇਖ ‘ਪੰਜਾਬੀ ਬਾਲ ਸਾਹਿਤ ’ਤੇ ਛਾਏ ਸੰਕਟ ਦੇ ਬੱਦਲ’ ਬਹੁਤ ਸਾਰੇ ਪ੍ਰਸ਼ਨ ਖੜ੍ਹੇ ਕਰਦਾ ਹੈ। ਕੀ ਪੰਜਾਬੀ ਦੇ ਬਾਲ ਸਾਹਿਤਕਾਰਾਂ ਦਾ ਮਿਆਰ ਨੀਵਾਂ ਹੋ ਰਿਹਾ ਹੈ ਜਾਂ ਮਿਆਰ ਦੇ ਨਾਂ ’ਤੇ ਕੁਝ ਹੋਰ…? ਬਾਲ ਸਾਹਿਤ ਅਤੇ ਸਾਹਿਤਕ ਰਸਾਲਿਆਂ ਦੀ ਘਟਦੀ ਤਾਦਾਦ ਬਾਰੇ ਵਧੀਆ ਵਰਨਣ ਹੈ। ਬਾਲ ਸਭਾਵਾਂ ਦੇ ਘਟਦੇ ਅਤੇ ਬਦਲਦੇ ਰੂਪ ਨੂੰ ਮੈਂ ਬਹੁਤ ਨੇੜੇ ਤੋਂ ਮਹਿਸੂਸ ਕੀਤਾ ਹੈ ਜਿਸ ਦੇ ਅਨੇਕ ਲਾਇਲਾਜ ਕਾਰਨ ਹਨ। ਇਸ ਲਈ ਲੇਖਕ ਅਤੇ ਅਧਿਆਪਕ ਵਰਗ ਨੂੰ ਹੰਭਲਾ ਮਾਰਨ ਦੀ ਸਖ਼ਤ ਲੋੜ ਹੈ। ਇਹ ਲੇਖ ਪੰਜਾਬੀ ਮਾਤ ਭਾਸ਼ਾ ਅਤੇ ਬਚਪਨ ਨੂੰ ਪਿਆਰ ਕਰਨ ਵਾਲੇ ਹੋਰ ਸ਼ਖ਼ਸ ਨੂੰ ਸੋਚਣ ਲਈ ਮਜਬੂਰ ਕਰਦਾ ਹੈ।
ਸੁਖਵਿੰਦਰ ਕੌਰ ਸਿੱਧੂ, ਸਰੀ (ਕੈਨੇਡਾ)
ਕੁੜੀਆਂ ਵੱਲ ਰਵੱਈਆ
9 ਸਤੰਬਰ ਦਾ ਸੰਪਾਦਕੀ ‘ਰਸਾਤਲ ਵੱਲ ਵਧ ਰਿਹਾ ਸਮਾਜ’ ਪੜ੍ਹਿਆ। ਭਾਰਤੀ ਸਮਾਜ ਬੌਧਿਕ ਤੌਰ ’ਤੇ ਕਮਜ਼ੋਰ ਹੋ ਗਿਆ ਹੈ। ਅੱਜਕੱਲ੍ਹ ਦੇ ਯੁੱਗ ਵਿਚ ਕੁੜੀਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਔਰਤਾਂ, ਕੁੜੀਆਂ ਨਾਲ ਸਬੰਧਿਤ ਮੁੱਦਿਆਂ ਵਿਚ ਅਸੀਂ ਉਨ੍ਹਾਂ ਦੀ ਅਣਦੇਖੀ, ਘੱਟ ਵਿੱਦਿਆ, ਮਾਦਾ ਭਰੂਣ ਹੱਤਿਆ, ਨਵੀਆਂ ਜੰਮੀਆਂ ਕੁੜੀਆਂ ਦੀ ਹੱਤਿਆ, ਤੇਜ਼ਾਬ ਪਾਉਣਾ, ਘਟ ਰਿਹਾ ਲਿੰਗ ਅਨੁਪਾਤ, ਬਲਾਤਕਾਰ ਦੀਆਂ ਵਧ ਰਹੀਆਂ ਘਟਨਾਵਾਂ, ਦਹੇਜ ਪ੍ਰਥਾ ਆਦਿ ਸਮੱਸਿਆਵਾਂ ਨੂੰ ਲੈ ਸਕਦੇ ਹਾਂ। ਸਾਨੂੰ ਕੁੜੀਆਂ ਵੱਲ ਆਪਣਾ ਰਵੱਈਆ ਬਦਲਣਾ ਚਾਹੀਦਾ ਹੈ।
ਡਾ. ਨਰਿੰਦਰ ਭੱਪਰ ਝਬੇਲਵਾਲੀ (ਸ੍ਰੀ ਮੁਕਤਸਰ ਸਾਹਿਬ)
ਐੱਸਵਾਈਐੱਲ ਬਨਾਮ ਸੱਤਾ
ਅੱਠ ਸਤੰਬਰ ਦਾ ਸੰਪਾਦਕੀ ‘ਸਤਲੁਜ-ਯਮੁਨਾ ਲਿੰਕ ਨਹਿਰ’ ਐੱਸਵਾਈਐੱਲ ਦੇ ਮੁੱਦੇ ਬਾਰੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕਮਤ ਹੋ ਕੇ ਪੰਜਾਬ ਦੇ ਹਿਤਾਂ ਨੂੰ ਮਜ਼ਬੂਤੀ ਨਾਲ ਪੇਸ਼ ਕਰਨ ਦੀ ਪਹੁੰਚ ਅਪਣਾਉਣ ਲਈ ਕਹਿ ਰਿਹਾ ਹੈ ਪਰ ਇਸੇ ਅੰਕ ਵਿਚ ਸੁਖਬੀਰ ਬਾਦਲ ਦਾ ਬਿਆਨ ਇਸ ਸਲਾਹ ਦਾ ਮੂੰਹ ਚਿੜਾਉਂਦਾ ਜਾਪਦਾ ਹੈ। ਇਸ ਅਹਿਮ ਮੁੱਦੇ ’ਤੇ ਸੰਜੀਦਾ ਹੋਣ ਦੀ ਥਾਂ ਸੁਖਬੀਰ ਸਿੰਘ ਬਾਦਲ ਨੇ ਸ਼ਰੀਕਾਂ ਵਾਂਗ ਸੱਤਾਧਾਰੀ ਧਿਰ ‘ਆਪ’ ਦਾ ਭੰਡੀ ਪ੍ਰਚਾਰ ਹੀ ਕੀਤਾ ਹੈ। ਸੱਤਾਧਾਰੀਆਂ ਨੂੰ ਨਸੀਹਤਾਂ ਦੇਣ ਵੇਲੇ ਉਹ ਪਤਾ ਨਹੀਂ ਕਿਉਂ ਭੁੱਲ ਰਹੇ ਹਨ ਕਿ ਜਿਸ ਨਹਿਰ ਦੇ ਇਵਜ਼ ਵਜੋਂ ਉਨ੍ਹਾਂ ਦੇ ਪਿਤਾ ਨੇ ਮਰਹੂਮ ਦੇਵੀ ਲਾਲ ਤੋਂ ਕਰੋੜਾਂ ਦੇ ਚੈੱਕ ਵਸੂਲ ਕਰਕੇ ਨਹਿਰ ਦਾ ਪ੍ਰਾਜੈਕਟ ਪੂਰਾ ਕਰਨ ਦੀ ਬਤੌਰ ਮੁੱਖ ਮੰਤਰੀ ਹਾਮੀ ਭਰੀ ਸੀ। ਹੁਣ ਪੰਜਾਬ ਦੇ ਵੋਟਰਾਂ ਵੱਲੋਂ ਲਗਾਤਾਰ ਨਕਾਰੇ ਜਾਣ ਅਤੇ ਸੱਤਾ ਤੋਂ ਲਹਿਣ ਬਾਅਦ ਬਾਦਲਾਂ ਨੂੰ ਰਾਇਪੇਰੀਅਨ ਕਾਨੂੰਨ ਚੇਤੇ ਆ ਗਿਆ ਹੈ। ਇਸ ਤੋਂ ਪਹਿਲਾਂ 6 ਸਤੰਬਰ ਵਾਲੇ ਅੰਕ ਦੇ ਸਫ਼ਾ ਚਾਰ ਉੱਤੇ ਸਿੰਘ ਸਭਾ ਲਹਿਰ ਦੇ ਮੋਢੀਆਂ ’ਚੋਂ ਇਕ ਗਿਆਨੀ ਦਿੱਤ ਸਿੰਘ ਜੀ ਬਾਰੇ ਛਪੀ ਖ਼ਬਰ ਦੀ ਸੁਰਖ਼ੀ ਵਿਚ ਨਾਮ ਗ਼ਲਤ (ਗਿਆਨੀ ਗੁਰਦਿੱਤ ਸਿੰਘ) ਲਿਖਿਆ ਗਿਆ ਹੈ। ਗਿਆਨੀ ਗੁਰਦਿੱਤ ਸਿੰਘ ਲੇਖਕ ਤਾਂ ਸਨ ਪਰ ਉਹ ਸਿੰਘ ਸਭਾ ਲਹਿਰ ਦੇ ਮੋਢੀਆਂ ਵਿਚ ਸ਼ਾਮਲ ਨਹੀਂ ਸਨ ਕਿਉਂਕਿ ਉਨ੍ਹਾਂ ਦਾ ਤਾਂ ਜਨਮ ਹੀ ਬਾਅਦ ਦੇ ਸਮੇਂ ਦਾ ਹੈ। ਖ਼ਬਰ ਵਿਚ ਵੀ ਦਿੱਤ ਸਿੰਘ ਨੂੰ ‘ਗਿਆਨੀ ਗੁਰਦਿੱਤ ਸਿੰਘ’ ਹੀ ਲਿਖਿਆ ਗਿਆ ਹੈ।
ਤਰਲੋਚਨ ਸਿੰਘ ਦੁਪਾਲਪੁਰ, ਕੈਲੀਫੋਰਨੀਆ (ਅਮਰੀਕਾ)
ਗਹਿਰਾ ਵਿਅੰਗ
8 ਸਤੰਬਰ ਨੂੰ ਕਮਲਜੀਤ ਸਿੰਘ ਬਨਵੈਤ ਦਾ ਮਿਡਲ ‘ਕੋਟਾ’ ਅੱਜਕੱਲ੍ਹ ਦੀ ਸਕੂਲੀ ਸਿੱਖਿਆ ਉੱਤੇ ਗਹਿਰਾ ਵਿਅੰਗ ਹੈ। ਲੇਖਕ ਨੇ ਪੁਰਾਣੇ ਸਮੇਂ ਦੀ ਪੜ੍ਹਾਈ ਅਤੇ ਅੱਜਕਲ੍ਹ ਦੀ ਪੜ੍ਹਾਈ ਦੀ ਤੁਲਨਾ ਕਰਦਿਆਂ ਸਿੱਖਿਆ ਦੇ ਖੇਤਰ ਵਿਚ ਆ ਰਹੇ ਦਿਖਾਵੇ ਬਾਰੇ ਗਹਿਰੀ ਚਿੰਤਾ ਪ੍ਰਗਟ ਕੀਤੀ ਹੈ। ਵਿਦਿਆਰਥੀਆਂ ਨੂੰ ਅਸਲ ਸਿੱਖਿਆ ਦਿੱਤੀ ਜਾ ਰਹੀ ਹੈ ਜਾਂ ਨਹੀਂ, ਇਹ ਵੱਖਰਾ ਸਵਾਲ ਹੈ।
ਡਾ. ਸਰਬਜੀਤ ਸਿੰਘ ਮੁਕੇਰੀਆਂ, ਮੁਕੇਰੀਆਂ
(2)
ਕਮਲਜੀਤ ਸਿੰਘ ਬਨਵੈਤ ਦਾ ਮਿਡਲ ‘ਕੋਟਾ’ (8 ਸਤੰਬਰ) ਅੱਜ ਦੀ ਨਿੱਘਰ ਰਹੀ ਸਿੱਖਿਆ ਪ੍ਰਣਾਲੀ ਨੂੰ ਸ਼ੀਸ਼ਾ ਵਿਖਾਉਣ ਵਾਲਾ ਜਾਪਿਆ। ਇਕ ਪਾਸੇ ਜਿੱਥੇ ਸਰਕਾਰੀ ਸਕੂਲ ਹੁਣ ਚੋਣਾਂ ਦੇ ਮੁੱਦੇ ਤੋਂ ਵੱਧ ਕੇ ਕੁਝ ਨਹੀਂ ਰਹੇ, ਉਥੇ ਹੀ ਉੱਚ ਤੇ ਮੱਧ ਵਰਗ ਦਾ ਸਿੱਖਿਆ ਨੂੰ ਪਦਾਰਥਵਾਦ ਤੇ ਸਮਾਜਿਕ ਸ਼ਾਨ ਦੇ ਪ੍ਰਤੀਕ ਵਜੋਂ ਦੇਖਣਾ ਵੀ ਚਿੰਤਾ ਵਧਾਉਂਦਾ ਹੈ। ਸਿੱਖਿਆ ਦੇ ਮਿਆਰ ਨੂੰ ਹੁਣ ਸਕੂਲ ਦੇ ਏਅਰ ਕੰਡੀਸ਼ਨਡ ਕਮਰਿਆਂ ਅਤੇ ਵੱਡੇ ਵੱਡੇ ਆਡੀਟੋਰੀਅਮਾਂ ਨਾਲ ਨਾਪਿਆ ਜਾ ਰਿਹਾ ਹੈ। ਬੁੱਧੀਜੀਵੀਆਂ ਨੂੰ ਇਸ ਵੱਲ ਧਿਆਨ ਦੇ ਕੇ ਸਿੱਖਿਆ ਦੇ ਵਿਗੜ ਰਹੇ ਢਾਂਚੇ ਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ।
ਵਿਕਾਸ ਕਪਿਲਾ, ਈਮੇਲ
ਰਸਮੀ ਸਿੱਖਿਆ ਦਾ ਮਹੱਤਵ
8 ਸਤੰਬਰ ਦੇ ਨਜ਼ਰੀਆ ਪੰਨੇ ’ਤੇ ਡਾ. ਮਨੀਸ਼ਾ ਬੱਤਰਾ ਦਾ ਲੇਖ ‘ਸਾਖਰਤਾ ਅਤੇ ਮੁਲਕ ਦਾ ਵਿਕਾਸ’ ਰਸਮੀ ਸਿੱਖਿਆ ਦੇ ਮਹੱਤਵ ਨੂੰ ਦਰਸਾਉਂਦਾ ਹੈ। ਰਸਮੀ ਸਿੱਖਿਆ ਗ਼ਰੀਬੀ, ਹਿੰਸਾ, ਭੁੱਖਮਰੀ ਅਤੇ ਬਿਮਾਰੀ ਰਹਿਤ ਸੰਸਾਰ ਦੀ ਸਿਰਜਣਾ ਵਿਚ ਵਡਮੁੱਲਾ ਯੋਗਦਾਨ ਪਾਉਂਦੀ ਹੈ। ਰਸਮੀ ਸਿੱਖਿਆ ਨਾਲ ਮਨੁੱਖ ਹੁਨਰਮੰਦ ਅਤੇ ਕਾਬਲ ਬਣਦਾ ਹੈ। ਜਗਦੀਪ ਸਿੱਧੂ ਦਾ ਮਿਡਲ ‘ਮੈਥੋਂ ਬਸ ਇਹੀ ਹੋ ਸਕਣਾ ਸੀ’ (22 ਅਗਸਤ) ਉਨ੍ਹਾਂ ਲੋਕਾਂ ਦੀ ਕਹਾਣੀ ਬਿਆਨ ਕਰਦਾ ਹੈ ਜੋ ਬੇਵਕਤ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਮਨੁੱਖ ਇਸ ਧਰਤੀ ’ਤੇ ਮੁਸਾਫ਼ਿਰ ਵਾਂਗ ਹੈ ਜੋ ਆਪਣਾ ਸਫ਼ਰ ਪੂਰਾ ਹੋਣ ’ਤੇ ਚਲਿਆ ਜਾਂਦਾ ਹੈ ਪਰ ਕਈ ਮੁਸਾਫ਼ਿਰ ਅਜਿਹੇ ਹਨ ਜੋ ਆਪਣਾ ਸਫ਼ਰ ਅਧੂਰਾ ਛੱਡ ਕੇ ਚਲੇ ਜਾਂਦੇ ਹਨ।
ਕਮਲਜੀਤ ਕੌਰ, ਗੁੰਮਟੀ (ਬਰਨਾਲਾ)