ਇਨਸਾਫ਼ ਬਨਾਮ ਅਪੀਲ
ਸਿਆਣੇ ਕਹਿੰਦੇ ਹਨ ਇਨਸਾਫ਼ ਮਿਲਣਾ ਤਾਂ ਜ਼ਰੂਰੀ ਹੈ ਹੀ, ਲੱਗੇ ਵੀ ਕਿ ਇਨਸਾਫ਼ ਹੋਇਆ ਹੈ। ਚੰਗੀ ਪੜ੍ਹਾਈ ਪਿੱਛੋਂ ਵੀ ਮੇਰੇ ਮਿੱਤਰ ਨੂੰ ਨੌਕਰੀ ਨਾ ਮਿਲੀ। ਉਦਾਸੀ ਦੂਰ ਕਰਨ ਵਾਸਤੇ ਮੈਂ ਕਿਹਾ- ਹੌਸਲਾ ਰੱਖ, ਰੱਬ ਘਰ ਦੇਰ ਹੈ, ਹਨੇਰ ਨਹੀਂ। ਉਹ ਕਹਿੰਦਾ- ਦੇਰ ਸਭ ਤੋਂ ਵੱਡਾ ਹਨੇਰ ਹੈ।…ਅਦਾਲਤ ਨੇ ਮੁਜਰਮ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਉਸ ਨੇ ਬਾਦਸ਼ਾਹ ਪਾਸ ਰਹਿਮ ਦੀ ਅਪੀਲ ਕੀਤੀ। ਦਲੀਲਾਂ ਲੰਮੀਆਂ ਹੋ ਗਈਆਂ, ਸੁਣਦਾ ਸੁਣਦਾ ਬਾਦਸ਼ਾਹ ਸੌਂ ਗਿਆ। ਆਖ਼ਰ ਵਕੀਲ ਨੇ ਕਿਹਾ- ਹਜ਼ੂਰ ਸੁਣਾਓ ਫ਼ੈਸਲਾ। ਬਾਦਸ਼ਾਹ ਜਾਗਿਆ ਤੇ ਕਿਹਾ- ਅਪੀਲ ਨਾਮਨਜ਼ੂਰ। ਫਾਂਸੀ ਦੀ ਸਜ਼ਾ ਬਰਕਰਾਰ। ਮੁਜਰਮ ਉੱਚੀ ਆਵਾਜ਼ ਵਿਚ ਬੋਲਿਆ- ਮੈਂ ਇਸ ਫ਼ੈਸਲੇ ਵਿਰੁੱਧ ਉੱਚ ਅਦਾਲਤ ਵਿਚ ਅਪੀਲ ਕਰਾਂਗਾ। ਬਾਦਸ਼ਾਹ ਹੱਸ ਪਿਆ, ਕਿਹਾ- ਹੁਣ ਸਾਥੋਂ ਉੱਪਰਲੀ ਕਿਸ ਅਦਾਲਤ ਵਿਚ ਅਪੀਲ ਕਰੇਂਗਾ? ਮੁਜਰਮ ਬੋਲਿਆ- ਸੁੱਤੇ ਬਾਦਸ਼ਾਹ ਖ਼ਿਲਾਫ਼, ਮੈਂ ਜਾਗੇ ਹੋਏ ਬਾਦਸ਼ਾਹ ਅਗੇ ਅਪੀਲ ਕਰਾਂਗਾ। ਅਦਾਲਤ ਦੀ ਖ਼ੂਬੀ ਇਸ ਵਿਚ ਕਿ ਪਤਾ ਲੱਗੇ ਇਨਸਾਫ਼ ਹੋਇਆ ਹੈ। ਵਿਅੰਗ ਦੀ ਖ਼ੂਬੀ ਇਸ ਵਿਚ ਕਿ ਪਤਾ ਨਾ ਲੱਗੇ ਵਿਅੰਗ ਹੋ ਗਿਆ ਹੈ, ਪਤਾ ਨਾ ਲੱਗੇ ਕਿਸ ਖ਼ਿਲਾਫ਼ ਕੀ ਹੋ ਗਿਆ ਹੈ। ਐਸਪੀ ਸਿੰਘ (ਪਰਵਾਜ਼, 16 ਨਵੰਬਰ, ਮਜ਼ਾਹੀਆ ਕਲਾਕਾਰ ਦਾ ਮਾਮਲਾ) ਵਿਅੰਗ ਰਾਹੀਂ ਇਨਸਾਫ਼ ਕਰਦਾ ਹੈ।
ਹਰਪਾਲ ਸਿੰਘ ਪੰਨੂ, ਬਠਿੰਡਾ
ਸ਼੍ਰੋਮਣੀ ਕਮੇਟੀ ਸ਼ਤਾਬਦੀ ਵਰ੍ਹਾ
14 ਤੇ 16 ਨਵੰਬਰ ਦੇ ਅੰਕਾਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਬਾਰੇ ਗੁਰਦੇਵ ਸਿੰਘ ਸਿੱਧੂ ਦਾ ਲੇਖ ਜਾਣਕਾਰੀ ਭਰਪੂਰ ਸੀ। ਲੇਖਕ ਨੇ ਤਕਰੀਬਨ ਸਾਰੇ ਪੱਖਾਂ ’ਤੇ ਚਾਨਣਾ ਪਾਇਆ। ਸੋਹਨ ਸਿੰਘ ਜੋਸ਼ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਤ ਲੇਖ ਸ਼੍ਰੋਮਣੀ ਕਮੇਟੀ ਦੀ ਜਾਣ ਪਛਾਣ, ਕਮੇਟੀ ਦੀ ਸਥਾਪਨਾ ਤੇ ਪੁਜਾਰੀ ਵਰਗ ਦੇ ਰੋਲ ਨੂੰ ਬੇਬਾਕੀ ਨਾਲ ਬਿਆਨ ਕਰਦਾ ਹੈ।
ਸੁਖਦੇਵ ਸਿੰਘ ਭੁੱਲੜ, ਸੁਰਜੀਤ ਪੁਰਾ (ਬਠਿੰਡਾ)
ਡਾ. ਗੰਡਾ ਸਿੰਘ ਦੀ ਸ਼ਖ਼ਸੀਅਤ
14 ਨਵੰਬਰ ਦੇ ‘ਸਤਰੰਗ’ ਅੰਕ ਵਿਚ ਡਾ. ਮਹਿੰਦਰ ਸਿੰਘ ਦਾ ਲੇਖ ‘ਬਸਰੇ ਵਾਲਾ ਫ਼ੌਜੀ’ ਬਹੁਤ ਦਿਲਚਸਪ ਅਤੇ ਜਾਣਕਾਰੀ ਭਰਪੂਰ ਸੀ। ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਦੀ ਸ਼ਖ਼ਸੀਅਤ ਬਾਰੇ ਇਹ ਲੇਖ ਬੜੇ ਭਾਵਪੂਰਤ ਢੰਗ ਨਾਲ ਚਾਨਣਾ ਪਾਉਂਦਾ ਹੈ। ਉਨ੍ਹਾਂ ਦੇ ਜੀਵਨ ਵਿਚ ਮੌਜੂਦ ਸਾਦਗੀ, ਸੁਹਿਰਦਤਾ, ਸੂਰਬੀਰਤਾ, ਸਹਿਣਸ਼ੀਲਤਾ ਅਤੇ ਇਨਸਾਨੀਅਤ ਵਰਗੇ ਮਹਾਨ ਗੁਣਾਂ ਦੇ ਦਰਸ਼ਨ ਇਸ ਲੇਖ ਵਿਚੋਂ ਹੁੰਦੇ ਹਨ। ਸੱਚਮੁੱਚ ਹੀ ਉਨ੍ਹਾਂ ਦੀ ਇਤਿਹਾਸ ਪ੍ਰਤੀ ਖੋਜ ਬਹੁਤ ਵੱਡੀ ਹੈ।
ਸੁਖਦੇਵ ਸਿੰਘ ਸ਼ਾਂਤ, ਏਵਨ (ਇੰਡੀਆਨਾ, ਅਮਰੀਕਾ)
ਕਿਸਾਨਾਂ ਦੀ ਪਾਰਟੀ
14 ਨਵੰਬਰ ਦਾ ਸੰਪਾਦਕੀ ‘ਕੇਂਦਰ-ਕਿਸਾਨ ਗੱਲਬਾਤ ਬੇਸਿੱਟਾ’ ਪੜ੍ਹਿਆ। ਬਿਲਕੁਲ ਦਰੁਸਤ ਲਿਖਿਆ ਹੈ ਕਿ ਕੇਂਦਰ ਸਰਕਾਰ ਨੂੰ ਮੀਟਿੰਗ ਦੌਰਾਨ ਹਾਂ-ਪੱਖੀ ਕਦਮ ਉਠਾਉਣਾ ਚਾਹੀਦਾ ਸੀ। ਅਸਲ ਵਿਚ ਕਿਸਾਨਾਂ ਨੂੰ ਹੁਣ ਤਕ ਦੇ ਹੋਏ ਧੱਕੇ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਹਰ ਸਿਆਸਤਦਾਨ ਉਨ੍ਹਾਂ ਨਾਲ ਕੋਈ ਦਿਲੀ ਸਾਂਝ ਨਾ ਰੱਖ ਕੇ ਸਿਆਸਤ ਹੀ ਕਰਦਾ ਆਇਆ ਹੈ। ਇਹੋ ਕਾਰਨ ਹੈ ਕਿ ਹਰ ਸਿਆਸੀ ਪਾਰਟੀ ਅੱਜ ਵੀ ਕਿਸਾਨੀ ਮੁੱਦੇ ਉੱਪਰ ਵੋਟਾਂ ਭਾਲ ਰਹੀ ਹੈ। ਹੁਣ ਵੇਲਾ ਹੈ ਕਿ ਕਿਸਾਨ ਆਪਣੀ ਸਿਆਸੀ ਪਾਰਟੀ ਬਣਾ ਕੇ ਸਿਆਸਤ ਦੇ ਖੇਤਰ ਵਿਚ ਆਵੇ। ਇਸੇ ਦਿਨ ਸਤਰੰਗ ਅੰਕ ਵਿਚ ਡਾਕਟਰ ਮਹਿੰਦਰ ਸਿੰਘ ਦਾ ਲਿਖਿਆ ‘ਬਸਰੇ ਵਾਲਾ ਫ਼ੌਜੀ’ ਲੇਖ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਦੀ ਜ਼ਿੰਦਗੀ ਸਬੰਧੀ ਨਵੀਂ ਜਾਣਕਾਰੀ ਦੇਣ ਵਾਲਾ ਸੀ।
ਮਾਲਵਿੰਦਰ ਤਿਉਣਾ ਪੁਜਾਰੀਆ, ਬਠਿੰਡਾ
ਫ਼ਸਲੀ ਵੰਨ-ਸਵੰਨਤਾ
14 ਨਵੰਬਰ ਨੂੰ ਨੰਦ ਸਿੰਘ ਮਹਿਤਾ ਦਾ ਲੇਖ ‘ਫ਼ਸਲੀ ਵਿਭਿੰਨਤਾ ਬਣੇ ਕਿਸਾਨੀ ਸੰਘਰਸ਼ ਦਾ ਹਿੱਸਾ’ ਭਾਵਪੂਰਤ ਹੈ। ਸਾਨੂੰ ਉਨ੍ਹਾਂ ਫ਼ਸਲਾਂ ਨੂੰ ਹੀ ਪਹਿਲ ਦਿੱਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਦੀ ਸਾਡੇ ਸੂਬੇ ਦੇ ਲੋਕਾਂ ਨੂੰ ਲੋੜ ਹੈ, ਜਿਨ੍ਹਾਂ ਦੀ ਸੰਭਾਲ ਅਸੀਂ ਘਰਾਂ ਵਿਚ ਵੀ ਕਰ ਸਕੀਏ। ਦਾਲਾਂ ਦੀ ਸੰਭਾਲ ਘਰ ਵਿਚ ਕਰਨੀ ਕੋਈ ਔਖਾ ਕੰਮ ਨਹੀਂ। ਲੋੜ ਮੁਤਾਬਿਕ ਵੇਚੀ ਵੱਟੀ ਜਾ ਸਕਦੀ ਹੈ। ਖਾਦਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ ਤੇ ਹੋਰ ਡੂੰਘੇ ਹੁੰਦੇ ਜਾਂਦੇ ਪਾਣੀ ’ਤੇ ਹੋਣ ਵਾਲਾ ਖ਼ਰਚ ਤੋਂ ਵੀ ਬਚਿਆ ਜਾ ਸਕਦਾ ਹੈ। ਕਿਸਾਨੀ ਸੰਘਰਸ਼ ਵਿਚ ਹੁਣ ਖੁੱਲ੍ਹ ਕੇ ਕਿਸਾਨਾਂ ਨੂੰ ਫ਼ੋਕੀ ਸ਼ੁਹਰਤ ਦਾ ਗਿਲਾਫ਼ ਲਾਹ ਕੇ ਸੁੱਟ ਦੇਣਾ ਚਾਹੀਦਾ ਹੈ। ਛੋਟੇ ਕਿਸਾਨਾਂ ਨੂੰ ਆਪਣੀ ਫ਼ਸਲ ਆਪ ਵੇਚਣ ਦੀ ਸੰਗ ਲਾਹ ਕੇ ਆਪ ਮੁਨਾਫ਼ਾ ਕਮਾਉਣ ਦੀ ਜੁਅਰਤ ਕਰਨੀ ਚਾਹੀਦੀ ਹੈ। ਹੁਣ ਸੰਗਣ ਦੀ ਨਹੀਂ, ਸੱਚ ਪਛਾਣਨ ਦੀ ਲੋੜ ਹੈ।
ਬਹਾਦਰ ਸਿੰਘ ਸੰਧੂ, ਈਮੇਲ