ਅਦਾਲਤਾਂ ਤੋਂ ਲੋਕਾਂ ਦੀ ਉਮੀਦ
12 ਨਵੰਬਰ ਨੂੰ ਪਹਿਲੇ ਸਫ਼ੇ ਉੱਤੇ ਅਰਨਬ ਗੋਸਵਾਮੀ ਨੂੰ ਜ਼ਮਾਨਤ ਮਿਲਣ ਵਾਲੀ ਖ਼ਬਰ ਪੜ੍ਹੀ। ਸੁਪਰੀਮ ਕੋਰਟ ਦੇ ਦੋ ਜੱਜਾਂ ਦੇ ਬੈਂਚ ਨੇ ਅਰਨਬ ਗੋਸਵਾਮੀ ਦੇ ਅੰਤਰਿਮ ਜ਼ਮਾਨਤ ਮਾਮਲੇ ਵਿਚ ਜ਼ੋਰ ਦੇ ਕੇ ਕਿਹਾ ਹੈ ਕਿ ਜੇ ਰਾਜ ਸਰਕਾਰਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਤਾਂ ਉਨ੍ਹਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਨਾਗਰਿਕਾਂ ਦੀ ਆਜ਼ਾਦੀ ਦੀ ਰੱਖਿਆ ਲਈ ਸੁਪਰੀਮ ਕੋਰਟ ਹੈ, ਇਸ ਦੇ ਨਾਲ ਹੀ ਬੰਬੇ ਹਾਈਕੋਰਟ ਨੂੰ ਜ਼ਮਾਨਤ ਤੋਂ ਇਨਕਾਰ ਕਰਨ ਲਈ ਗ਼ਲਤ ਠਹਿਰਾਇਆ ਗਿਆ ਹੈ। ਸੁਪਰੀਮ ਕੋਰਟ ਨੇ ਸਹੀ ਕਿਹਾ ਹੈ ਕਿ ਨਿਆਂ ਲਈ ਲੋਕਤੰਤਰ ਵਿਚ ਉਹ ਆਖ਼ਰੀ ਰਾਹ ਹੈ ਪਰ ਜਦੋਂ ਪਹਿਲਾਂ ਕਿੰਨੀ ਵਾਰ ਲੋਕਤੰਤਰ ਖ਼ਤਰੇ ਵਿਚ ਆਇਆ ਤਾਂ ਸੁਪਰੀਮ ਕੋਰਟ ਕਿੱਥੇ ਸੀ ? ਸੀਏਏ, ਸ਼ਾਹੀਨ ਬਾਗ਼, ਦਿੱਲੀ ਦੰਗਿਆਂ ’ਤੇ ਕੋਰਟ ਨੇ ਲੋਕਤੰਤਰ ਨੂੰ ਬਚਾਉਣ ਲਈ ਕੁਝ ਨਹੀਂ ਕੀਤਾ। ਜਦੋਂ ਚੋਣ ਕਮਿਸ਼ਨ ਨੇ ਭਾਜਪਾ ਨੇਤਾਵਾਂ ਦੇ ਭੜਕਾਊ ਭਾਸ਼ਨਾਂ ’ਤੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਤਾਂ ਕੋਰਟ ਨੇ ਇਸ ਦਾ ਨੋਟਿਸ ਕਿਉਂ ਨਹੀਂ ਲਿਆ? ਜਦੋਂ ਸੁਪਰੀਮ ਕੋਰਟ ਕੋਲ ਆਪੇ ਕਾਰਵਾਈ ਕਰਨ ਦੀ ਸ਼ਕਤੀ ਹੈ ਤਾਂ ਫਿਰ ਕਿਉਂ ਨਹੀਂ ਉਹ ਇਸ ਦੀ ਵਰਤੋਂ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਅਤੇ ਨੈਤਿਕਤਾ ਬਚਾਉਣ ਲਈ ਕਰਦੀ? ਆਰਥਿਕ ਰਿਜ਼ਰਵੇਸ਼ਨ, ਧਾਰਾ 370 ਨੂੰ ਰੱਦ ਕਰਨਾ ਆਦਿ ਦੇ ਮਾਮਲੇ ਕੋਰਟ ਵਿਚ ਕਿਉਂ ਲਮਕ ਰਹੇ ਹਨ? ਕੋਵਿਡ-19 ਲੌਕਡਾਊਨ ਵਿਚ ਸੁਪਰੀਮ ਕੋਰਟ ਨੇ ਪਰਵਾਸੀ ਮਜ਼ਦੂਰਾਂ ਦੀ ਦੁਰਦਸ਼ਾ ਦਾ ਦੇਰ ਨਾਲ ਨੋਟਿਸ ਕਿਉਂ ਲਿਆ? ਜਦੋਂ ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਦੇ ਸਿਆਸੀ ਨੇਤਾਵਾਂ ਦੀ ਨਿੱਜੀ ਆਜ਼ਾਦੀ ’ਤੇ ਤੇਜ਼ੀ ਨਾਲ ਕਾਰਵਾਈ ਕਿਉਂ ਨਹੀਂ ਕੀਤੀ? ਇਉਂ ਨਿਆਂਪਾਲਿਕਾ ’ਤੇ ਅਜੇ ਵੀ ਬਹੁਤ ਸਾਰੇ ਸਵਾਲ ਹਨ ਅਤੇ ਜਿਨ੍ਹਾਂ ਦਾ ਜਵਾਬ ਸਿਰਫ਼ ਉਹੀ ਦੇ ਸਕਦੀ ਹੈ। ਲੋਕਾਂ ਨੂੰ ਨਿਆਂਪਾਲਿਕਾ ਤੋਂ ਬਹੁਤ ਉਮੀਦਾਂ ਹਨ।
ਵਿਸ਼ਵਜੀਤ ਸਿੰਘ, ਚੰਡੀਗੜ੍ਹ
ਦਰਦ ਦੀ ਦਾਸਤਾਨ
13 ਨਵੰਬਰ ਨੂੰ ਨਜ਼ਰੀਆ ਪੰਨੇ ਉਤੇ ਰਣਜੀਤ ਲਹਿਰਾ ਦਾ ਮਿਡਲ ‘ਹਨੇਰੀ ਗੁਫਾ ਵਿਚਲੀ ਲੜਾਈ’ ਅਸਲ ਵਿਚ ਇਕੋ ਵੇਲੇ ਕਈ ਦਰਦ ਬਿਆਨ ਕਰ ਗਿਆ ਹੈ। ਮਾਡਲ ਵਿਚਲਾ ਗਿਆਨੀ ਪਾਤਰ ਬਹੁਤ ਖਰਾ ਅਤੇ ਖਰੀਆਂ ਗੱਲਾਂ ਕਰਨ ਵਾਲਾ ਹੈ। ਅਜਿਹੇ ਪਾਤਰਾਂ ਦੀ ਬਦੌਲਤ ਹੀ ਇਨਕਲਾਬ ਦੀਆਂ ਜਾਗਾਂ ਲਗਦੀਆਂ ਹਨ।
ਜਸਦੇਵ ਸਿੰਘ ਸੰਘਾ, ਜਲੰਧਰ
ਵਦਾਣੀ ਸੱਟ
ਰਣਜੀਤ ਸਿੰਘ ਘੁੰਮਣ ਨੇ ਆਪਣੇ ਲੇਖ ‘ਪੰਜਾਬ ’ਤੇ ਵਪਾਰ ਬੰਦੀ ਦੀ ਵਦਾਣੀ ਸੱਟ’ (12 ਨਵੰਬਰ) ’ਚ ਦਿਲ ਲੱਗਦੀ ਗੱਲ ਕੀਤੀ ਹੈ। ਸਰਕਾਰ ਦੀਆਂ ਨੀਤੀਆਂ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰ ਸਕਦੀਆਂ ਹਨ ਪਰ ਕਿਸੇ ਪਾਰਟੀ ਕੋਲ ਸ਼ਾਇਦ ਅਜਿਹੀ ਸਿਆਸੀ ਇੱਛਾ ਸ਼ਕਤੀ ਬਚੀ ਹੀ ਨਹੀਂ ਹੈ।
ਕੁਲਵੰਤ ਸਿੰਘ ਸੰਧੂ, ਲੁਧਿਆਣਾ
ਸਬਕ
12 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਪਾਲੀ ਰਾਮ ਬਾਂਸਲ ਦਾ ਮਿਡਲ ‘ਤੇ ਫਿਰ ਉਹ ਭੱਜ ਗਿਆ…’ ਦੋ ਗੱਲਾਂ ’ਤੇ ਚਾਨਣਾ ਪਾਉਂਦਾ ਹੈ। ਪਹਿਲੀ, ਜਦੋਂ ਕਦੇ ਵੀ ਅਸੀਂ ਕਿਸੇ ਭੀੜ ਭੜੱਕੇ ਵਾਲੀ ਥਾਂ ’ਤੇ ਜਾਂਦੇ ਹਾਂ ਤਾਂ ਸਾਨੂੰ ਆਪਣੇ ਨਾਲ ਲੈ ਕੇ ਗਏ ਛੋਟੇ ਬੱਚਿਆਂ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ। ਸਾਡੀ ਲਾਪ੍ਰਵਾਹੀ ਸਾਨੂੰ ਮੁਸੀਬਤ ਵਿਚ ਪਾ ਸਕਦੀ ਹੈ। ਦੂਜੀ ਗੱਲ, ਇਹ ਲੇਖ ਸਾਨੂੰ ਇਹ ਦੱਸਦਾ ਹੈ ਕਿ ਆਪਣੀ ਚਮੜੀ ਬਚਾਉਣ ਲਈ ਪੁਲੀਸ ਕੀ ਕੀ ਢੰਗ ਵਰਤ ਸਕਦੀ ਹੈ। ਕਿਸੇ ਸ਼ਾਂਤਮਈ ਅੰਦੋਲਨ ਨੂੰ ਦਬਾਉਣ ਲਈ ਧਮਕੀਆਂ ਤੋਂ ਲੈ ਕੇ ਅੰਦੋਲਨ ਨੂੰ ਕੁਰਾਹੇ ਪਾ ਕੇ ਇਸ ਨੂੰ ਹਿੰਸਕ ਰੂਪ ਦੇਣ ਦੀਆਂ ਚਾਲਾਂ ਚੱਲੀਆਂ ਜਾਂਦੀਆਂ ਹਨ ਤੇ ਅੰਦੋਲਨਕਾਰੀਆਂ ’ਤੇ ਹਿੰਸਾ ਫੈਲਾਉਣ ਵਰਗੇ ਕੇਸ ਪਾ ਕੇ ਉਨ੍ਹਾਂ ਨੂੰ ਅੰਦਰ ਕਰ ਦਿੱਤਾ ਜਾਂਦਾ ਹੈ ਤੇ ਅਸਲ ਮੁੱਦਾ ਇਕ ਪਾਸੇ ਹੀ ਰਹਿ ਜਾਂਦਾ ਹੈ।
ਫਕੀਰ ਸਿੰਘ, ਦਸੂਹਾ
(2)
ਪਾਲੀ ਰਾਮ ਬਾਂਸਲ ਦਾ ਲੇਖ ‘ਤੇ ਫਿਰ ਉਹ ਭੱਜ ਗਿਆ’ ਪੜ੍ਹਿਆ। ਲੇਖਕ ਨੇ ਸੱਚਮੁੱਚ ਸੁਚੱਜੇ ਤਰੀਕੇ ਨਾਲ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਸੰਘਰਸ਼ ਲੜਨ ਦੀ ਵਿਉਂਤ ’ਤੇ ਅਡਿਗ ਇਰਾਦਿਆਂ ਵਿਚ ਵਿਸ਼ਵਾਸ ਰੱਖਣ ਦੀ ਨਸੀਹਤ ਦਿੱਤੀ ਹੈ। ਨਾਲ ਹੀ ਸਮਾਜ ਵਿਚ ਆਪਣੀਆਂ ਕੋਝੀਆਂ ਚਾਲਾਂ ਵਾਲੇ ਅਨਸਰਾਂ ਤੋਂ ਵੀ ਸੁਚੇਤ ਹੋਣ ਦੀ ਗੱਲ ਆਖੀ ਹੈ।
ਜਸਵਿੰਦਰ ਕੌਰ, ਜੈਤੋ (ਫਰੀਦਕੋਟ)
ਬਿਜਲੀ ਖ਼ਰੀਦ ਸਮਝੌਤੇ
ਲੋਕ ਸੰਵਾਦ ਪੰਨੇ ’ਤੇ 10 ਨਵੰਬਰ ਨੂੰ ਛਪਿਆ ਹਮੀਰ ਸਿੰਘ ਦਾ ਲੇਖ ‘ਬਿਜਲੀ ਖ਼ਰੀਦ ਸਮਝੌਤਿਆਂ ਨੂੰ ਸਮਝਦਿਆਂ’ ਇਸ ਮਸਲੇ ਦੇ ਤਕਰੀਬਨ ਸਾਰੇ ਪਹਿਲੂਆਂ ’ਤੇ ਰੌਸ਼ਨੀ ਪਾਉਂਦਾ ਹੈ। ਇਹ ਪੰਜਾਬ ਨਾਲ ਧ੍ਰੋਹ ਹੀ ਹੈ ਕਿ ਲੋੜੋਂ ਵੱਧ ਅਤੇ ਮਹਿੰਗੀ ਬਿਜਲੀ ਉਨ੍ਹਾਂ ਦੇ ਗ਼ਲ ਪਾਈ ਗਈ। ਪੰਜਾਬ ਦੇ ਲੋਕਾਂ ਦੀਆਂ ਜੇਬਾਂ ਕੱਟਣ ਵਾਲੇ ਸਮਝੌਤਿਆਂ ਵਿਚ ਸ਼ਾਮਲ ਹਰ ਜ਼ਬਾਨੀ-ਕਲਾਮੀ ਤੇ ਕਲਮੀ ਹੁਕਮ ਕਰਨ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਹੁਣੇ ਹੁਣੇ ਸਰਕਾਰ ਨੇ ਖੇਤੀ ਕਾਨੂੰਨਾਂ ਬਾਰੇ ਦਲੇਰੀ ਦਿਖਾਈ ਹੈ, ਬਿਲਕੁਲ ਉਸੇ ਹੀ ਤਰਜ਼ ’ਤੇ ਸਮਝੌਤਿਆਂ ਤੋਂ ਵੀ ਨਿਜਾਤ ਪਾ ਲੈਣੀ ਚਾਹੀਦੀ ਹੈ।
ਇੰਜ. ਦਰਸ਼ਨ ਸਿੰਘ ਭੁੱਲਰ, ਬਠਿੰਡਾ
(2)
ਹਮੀਰ ਸਿੰਘ ਨੇ ਪ੍ਰਾਈਵੇਟ ਖੇਤਰ ਦੇ ਥਰਮਲ ਪਲਾਂਟ ਲਗਾਉਣ ਸਮੇਂ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਬਿਜਲੀ ਖ਼ਰੀਦ ਸਮਝੌਤਿਆਂ ਵਿਚਲੀਆਂ ਕਈ ਤਰੁੱਟੀਆਂ ’ਤੇ ਉਂਗਲ ਰੱਖੀ ਹੈ। ਇਹ ਪਲਾਂਟ ਲਾਉਣ ਦੇ ਫ਼ੈਸਲੇ ਕਾਹਲੀ ਵਿਚ ਕੀਤੇ ਗਏ ਹਨ। ਬਿਜਲੀ ਮਾਹਿਰਾਂ ਦੀ ਸਲਾਹ ਲੈਣਾ ਜ਼ਰੂਰੀ ਨਹੀਂ ਸਮਝਿਆ ਗਿਆ। ਅੱਜ ਪੰਜਾਬ ਇਸ ਇਤਿਹਾਸਕ ਭੁੱਲ ਕਾਰਨ ਵੱਡਾ ਨੁਕਸਾਨ ਝੱਲ ਰਿਹਾ ਹੈ। ਇਹ ਫ਼ੈਸਲੇ ਬਹੁਤ ਗ਼ੈਰ ਪੇਸ਼ਾਵਰਾਨਾ ਢੰਗ ਨਾਲ ਕੀਤੇ ਗਏ ਸਨ। ਫ਼ੈਸਲੇ ਕਰਨ ਵਾਲੀ ਕਮੇਟੀ ਦਾ ਮੁਖੀ ਕੋਈ ਟੈਕਨੋਕਰੈਟ ਨਹੀਂ ਸੀ। ਬਿਜਲੀ ਖੇਤਰ ਦੀ ਮਾਮੂਲੀ ਜਾਣਕਾਰੀ ਰੱਖਣ ਵਾਲੇ ਸਾਰੇ ਆਈਏਐੱਸ ਅਧਿਕਾਰੀ ਸਨ। ਆਮ ਤੌਰ ’ਤੇ ਬਿਜਲੀ ਅਤੇ ਹੋਰ ਅਦਾਰਿਆਂ ਦੀ ਨਿਗਰਾਨੀ ਕਰਨ ਲਈ ਲਾਏ ਜਾਂਦੇ ਆਈਏਐੱਸ ਅਧਿਕਾਰੀ ਨਾਲ ਨਾਲ ਹੋਰ ਵੀ ਕਈ ਸਰਕਾਰੀ ਵਿਭਾਗਾਂ ਦੇ ਇੰਚਾਰਜ ਹੁੰਦੇ ਹਨ। ਬਿਜਲੀ ਖੇਤਰ ਨਾਲ ਸਬੰਧਿਤ ਪੇਚੀਦਾ ਮੁੱਦਿਆਂ ਨੂੰ ਸਮਝਣ ਅਤੇ ਨਜਿੱਠਣ ਦਾ ਉਨ੍ਹਾਂ ਕੋਲ ਲੋੜੀਂਦਾ ਸਮਾਂ ਅਤੇ ਢੁੱਕਵਾਂ ਅਨੁਭਵ ਨਹੀਂ ਹੁੰਦਾ। ਅਜਿਹੇ ਜਿਹੜੇ ਅਫ਼ਸਰਾਂ ਨੂੰ MW ਅਤੇ MVA ਦਾ ਫ਼ਰਕ ਨਹੀਂ ਪਤਾ, ਉਨ੍ਹਾਂ ਦੁਆਰਾ ਬਿਜਲੀ ਖੇਤਰ ਨਾਲ ਸਬੰਧਿਤ ਕੀਤੇ ਵੱਡੇ ਫ਼ੈਸਲਿਆਂ ਦਾ ਸੂਬੇ ਦੇ ਲੋਕਾਂ ’ਤੇ ਦੂਰਗ਼ਾਮੀ ਦੁਰਪ੍ਰਭਾਵ ਪੈਣੇ ਕੁਦਰਤੀ ਹਨ।
ਜਸਬੀਰ ਸਿੰਘ, ਪਟਿਆਲਾ